
ਹਰਦੇਵ ਸਿੰਘ ਜੰਮੂ
ਪੱਛਮ ਨੇ ਸੰਸਾਰ ਦੇ ਹੋਰ ਸਮਾਜਾਂ ਵਿਚ ਬਹੁਤ ਯੋਗਦਾਨ ਪਾਇਆ ਹੈ। ਇਹ ਵੀ ਕਹਿਆ ਜਾ ਸਕਦਾ ਹੈ ਕਿ ਪਿੱਛਲਿਆਂ ਕੁੱਝ ਸਦਿਆਂ ਤੋਂ ਪੱਛਮੀ ਸਮਾਜ ਦੇ ਵਿਕਾਸ ਅਤੇ ਆਕਰਸ਼ਣ ਨੇ ਹੋਰ ਸਮਾਜਾਂ ਨੂੰ ਮਜ਼ਬੂਰ ਕਰ ਦਿੱਤਾ ਹੈ ਕਿ ਉਹ ਕਈਂ ਪੱਖੋਂ ਪੱਛਮ ਦਾ ਅਨੁਸਰਣ ਕਰਨ ਦੀ ਸਥਿਤੀ ਵਿਚ ਵਿਚਰ ਰਹੇ ਹਨ।
ਪੱਛਮੀ ਸਮਾਜ ਦੇ ਚਿੰਤਕ, ਸਾਡੇ ਸਮਾਜਕ ਚਿੰਤਕਾਂ-ਟਿੱਪਣੀਕਾਰਾਂ ਨਾਲੋਂ ਅੱਗੇ ਦੀ ਸੋਚ ਰੱਖਦੇ ਹਨ। ਉਹ ਆਪਣੇ ਸਾ੍ਹਮਣੇ ਆਉਣ ਵਾਲੇ ਖ਼ਤਰੇ ਨੂੰ ਸਾਡੇ ਨਾਲੋਂ ਜ਼ਿਆਦਾ ਪਹਿਲਾਂ ਭਾਂਪ ਲੇਂਦੇ ਹਨ। ਇਸ ਪੱਖੋਂ ਅਸੀਂ ਉਨ੍ਹਾਂ ਤੋਂ ਪਿੱਛੜੇ ਹੋਏ ਹਾਂ ਅਤੇ ਉਨ੍ਹਾਂ ਦੀ ਨਕਲ ਕਰਨ ਤੋਂ ਅਸਮਰਥ ਹਾਂ।
ਚੰਗੀ ਗਲ ਨੂੰ ਅਪਨਾਉਣਾ ਚਾਹੀਦਾ ਹੈ, ਪਰ ਅਸੀਂ ਕਈਂ ਥਾਂ ਉਨ੍ਹਾਂ ਦੀ ਨਕਲ ਦੇ ਨਸ਼ੇ ਵਿਚ ਇਤਨਾ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਪੱਛਮ ਆਪਣੇ ਜਿਨ੍ਹਾਂ ਸਮਾਜਕ ਦ੍ਰਿਸ਼ਟੀਕੋਣਾਂ ਕਾਰਣ ਚਿੰਤਤ ਹੈ ਉਹ ਆਖ਼ਰਕਾਰ ਸਾਡੇ ਲਈ ਲਾਹੇਵੰਦ ਕਿਵੇਂ ਹੋ ਨਿਭੜ ਸਕਣਗੇ? ਇਹੀ ਸਾਡਾ ਪਿੱਛਆਪਨ ਹੈ।
ਮਿਸਾਲ ਦੇ ਤੋਰ ਤੇ ਸੱਭਿਯਤਾਵਾਂ ਤੇ ਸੰਘਰਸ਼ਕਾਲ ਵਿਚ ਪੱਛਮ ਦੇ ਕੁੱਝ ਉੱਗੇ ਚਿੰਤਕ, ਪੱਛਮ ‘ਪਰਿਵਾਰਕ ਵਿਵਸਥਾ’ ਦੇ ਸਬੰਧ ਵਿਚ, ਇਸ ਗਲ ਨੂੰ ਸਵੀਕਾਰ ਕਰ ਰਹੇ ਹਨ ਕਿ ਪੱਛਮ ਇਸ ਵੇਲੇ ਸੱਭਿਯਤਾਵਾਂ ਦੇ ਲੰਭੇ ਸੰਘਰਸ਼ ਦੇ ਸਭ ਤੋਂ ਢਹੰਦੀ ਕਲਾ ਵਾਲੇ ਦੌਰ ਵਿਚੋਂ ਨਿਕਲ ਰਿਹਾ ਹੈ। ਉਨ੍ਹਾਂ ਦੇ ਮੁਤਾਬਕ ਅੱਜੇ ਇਹ ਇਕ ਵੱਡੇ ਸਮਾਜਕ ਸੰਘਰਸ਼ ਦੀ ਸ਼ੁਰੂਆਤ ਹੈ, ਜਿਹੜੀ ਨਾ ਸਿਰਫ਼ ਪਰਿਵਾਰਕ ਬੁਣਤਰ ਦੀ ਹੋਂਦ, ਬਲਕਿ ਆਧੁਨਿਕ ਸਟੇਟ ਨਾਲ ਜੁੜੇ ਮੂਲਭੂਤ ਅਧਾਰਾਂ ਦਾ ਭਵਿੱਖ ਵੀ ਤੈਅ ਕਰੇਗੀ। ਉਥੇ ਟੁੱਟਦੀ ਜਾ ਰਹੀ ਪਰਿਵਾਰਕ ਵਿਵਸਥਾ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਪੱਛਮੀ ਦੇਸ਼ ਇਸ ਰੂਝਾਨ ਨੂੰ ਇਕ ‘ਮਹਾਮਾਰੀ’ ਦੇ ਰੂਪ ਵਿਚ ਦੇਖ ਰਹੇ ਹਨ। ਇਹ ਮਹਾਮਾਰੀ ਕੇਵਲ ਇੰਗਲੇਂਡ ਵਿਚ ਹੀ ਟੈਕਸ ਦੇਣ ਵਾਲਿਆਂ ਦੇ ੪੪ ਬਿਲਿਅਨ ਪਾਉਂਡ (ਸਾਲਾਨਾ) ਨਿਗਲ ਰਹੀ ਹੈ ਅਤੇ ਇਕ ਰਕਮ ਇੰਗਲੇਂਡ ਦੇ ਸੁਰਖਿਆ ਬਜਟ ਨਾਲੋਂ ਵੀ ਵੱਧ ਹੈ।
ਪੱਛਮੀ ਵਿਦਵਾਨ ਸਵੀਕਾਰ ਕਰ ਚੁੱਕੇ ਹਨ ਕਿ ਅਜਿਹਾ ਪਰਿਵਾਰਕ ਬਿਖਰਾਵ ਆਧੁਨਿਕ ਅਤੇ ਸਮਾਜ ਦੇ ਵਿਕਾਸ ਦਾ ਜ਼ਰੂਰੀ ਅੰਗ ਕਰਕੇ ਨਹੀਂ ਦੇਖਿਆ ਜਾ ਸਕਦਾ।
ਪਰ ਸਾਡੇ ਇੱਥੇ, ਆਪਣੇ ਨੂੰ ਅਗਾਂਹਵਧੂ ਸਮਝਣ ਵਾਲੇ ਕੁੱਝ ਸੱਜਣ, ਪੱਛਮ ਦੀ ਇਸ ਆਧੂਨਿਕ ਸੋਚ ਤੋਂ ਬੇਖ਼ਬਰ ਪੱਛਮ ਦੀ ਪਿੱਛੜੀ ਹੋਈ ਸੋਚ ਦੀ ਨਕਲ ਨੂੰ ਆਪਣਾ ਆਧੁਨਿਕ ਗੁਣ ਸਮਝ ਰਹੇ ਹਨ। ਉਹ ਗੱਪਾਂ ਮਾਰਦੇ ਦੂਜਿਆਂ ਨੂੰ ਇਹ ਨਸੀਹਤਾਂ ਦਿੰਦੇ ਹਨ ਕਿ ਪਤੀ-ਪਤਨੀ ਆਦਿ ਪਰਿਵਾਰ ਸਬੰਧਾਂ ਨੂੰ ਪੱਛਮ ਦੀ ਉਸ ਤਰਜ਼ ਤੇ ਚਲਾਇਆ ਜਾਣਾ ਚਾਹੀਦਾ ਹੈ ਜਿਹੜੀ ਕਿ ਹੁਣ ਖ਼ੂਦ ਪੱਛਮ ਦੀ ਨਿਗਾਹ ਵਿਚ ਇਕ ਮਹਾਮਾਰੀ ਸਾਬਤ ਹੋ ਰਹੀ ਹੈ। ਸੱਚ ਹੈ ਕਿ ਸਾਡੇ ਕੁੱਝ ਭਾਈਆਂ ਨੂੰ ਨਕਲ ਤੋਂ ਪਹਿਲਾਂ ਅਕਲ ਕਰ ਲੇਣੀ ਚਾਹੀਦੀ ਹੈ।
ਹਰਦੇਵ ਸਿੰਘ- (ਜੰਮੂ)