ਆਦਮਪੁਰ 12 ਜੂਨ ( ਤਰਨਜੋਤ ਸਿੰਘ ) ਗੁਰਦੁਆਰਾ ਸ਼ਹੀਦ ਬਾਬਾ ਮਤੀ ਡਰੋਲੀ ਕਲਾਂ , ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗਤਕਾ ਅਖਾੜਾ ਅਤੇ ਗੁਰੂ ਨਾਨਕ ਸਭਾ ਆਦਮਪੁਰ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਵੱਲੋਂ ਲਗਾਏ ਦਸ ਰੋਜ਼ਾ ਦਸਤਾਰ ਸਿਖਲਾਈ ਕੈਂਪ ਦੌਰਾਨ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਹਰਸਿਮਰਨ ਸਿੰਘ ਡਰੋਲੀ ਖੁਰਦ ਨੇ ਪਹਿਲਾ, ਹਰਜੋਤ ਸਿੰਘ ਡਰੋਲੀ ਕਲਾਂ ਨੇ ਦੂਸਰਾ ਅਤੇ ਹਰਪ੍ਰੀਤ ਸਿੰਘ ਨੰਗਲ ਨੇ ਤੀਸਰਾ ਸਥਾਨ ਹਾਸਿਲ ਕੀਤਾ । ਜਿਹਨਾਂ ਨੂੰ ਮੁੱਖ ਮਹਿਮਾਨ ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜੱਥੇਦਾਰ ਮਨੋਹਰ ਸਿੰਘ ਨੇ ਸਪੈਸ਼ਲ ਇਨਾਮ ਦੇ ਕੇ ਸਨਮਾਨਿਤ ਕੀਤਾ। ਭਾਈ ਸੁਖਜੀਤ ਸਿੰਘ ਨੇ ਦਸਿਆ ਕਿ ਬਾਕੀ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਵੀ ਹੋਂਸਲਾ ਅਫ਼ਜ਼ਾਈ ਵੱਜੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।
ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਨੇ ਕਿਹਾ ਕਿ ਸੁਸਾਇਟੀ ਵੱਖ ਵੱਖ ਖੇਤਰਾਂ ਵਿੱਚ ਸੰਗਤ ਦੇ ਸਹਿਯੋਗ ਨਾਲ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ । ਗੁਰੂ ਨਾਨਕ ਸਭਾ ਦੇ ਪ੍ਰਧਾਨ ਮਨਦੀਪ ਸਿੰਘ ਸਿਆਣ ਨੇ ਕਿਹਾ ਕਿ ਅਸੀਂ ਪਿਛਲੇ 16 ਸਾਲਾਂ ਤੋਂ ਸਮਗਤਾਂ ਦੇ ਸਹਿਯੋਗ ਨਾਲ ਆਦਮਪੁਰ ਅਤੇ ਨੇੜਲੇ ਪਿੰਡਾਂ ਵਿੱਚ ਸੰਗਤਾਂ ਦੇ ਸੱਦੇ ਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਪਤਿਤਪੁਣੇ ਨੂੰ ਠੱਲ ਪਾਉਣ ਦੇ ਉਦੇਸ਼ ਨਾਲ ਦਸਤਾਰ ਸਿਖਲਾਈ ਕੈਂਪ ਲਗਾਕੇ ਨਵੀਂ ਪਨੀਰੀ ਨੂੰ ਸਾਂਭਣ ਦਾ ਯਤਨ ਕਰ ਰਹੇ ਹਾਂ ਜੋ ਨਿਰੰਤਰ ਜਾਰੀ ਰਹੇਗਾ।ਇਸ ਮੌਕੇ ਹਰਵਿੰਦਰ ਸਿੰਘ ਸੋਨੂੰ , ਹਰਜਿੰਦਰ ਸਿੰਘ ਸੂਰੀ , ਕੁਲਜੀਤ ਸਿੰਘ ਭੁਈ ਅਤੇ ਹੋਰ ਸੰਗਤਾਂ ਹਾਜ਼ਰ ਸਨ।