Home » ਅੰਤਰਰਾਸ਼ਟਰੀ » ਗੁਰਬਾਣੀ ਪ੍ਰਸਾਰਣ ਬਨਾਮ ਰਾਜਨੀਤੀ

ਗੁਰਬਾਣੀ ਪ੍ਰਸਾਰਣ ਬਨਾਮ ਰਾਜਨੀਤੀ

47

 

ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਰੂਹਾਨੀ ਗਿਆਨ ਨੂੰ ਸੰਸਾਰ ਵਿੱਚ ਪ੍ਰਚਾਰਨ/ਪ੍ਰਸਾਰਨ ਦੀ ਰੂਪ ਰੇਖਾ ਦੇ ਨਾਮ ਉਪਰ ਰਾਜਨੀਤੀ ਦੀ ਅਤਿ ਘਿਨਾਉਣੀ ਖੇਡ ਖੇਡੀ ਜਾ ਰਹੀ ਹੈ। ਬਾਦਲ ਪ੍ਰਵਾਰ ਨੇ ਇਸ ਰਾਜਨੀਤਕ ਖੇਡ ਦੀ ਸ਼ੁਰੂਆਤ ਕੀਤੀ ਸੀ ਤੇ ਅਪਣੇ ਆਪ ਦੇ ਜਗਤ ਜੇਤੂ ਹੋਣ ਦੇ ਭਰਮ ਨੂੰ ਖੂਬ ਪਾਲਿਆ ਸੀ। ਨਤੀਜਾ ਸਾਨੂੰ ਸਭ ਨੂੰ ਨਜ਼ਰ ਆ ਰਿਹਾ ਹੈ।
ਭਗਵੰਤ ਮਾਨ ਜੋ ਕੁੱਝ ਕਰਨ ਲੱਗਾ ਹੈ ਇਸ ਵਿੱਚ ਇਲਾਹੀ ਬਾਣੀ ਦਾ ਸਤਿਕਾਰ ਅਤੇ ਇਸਦੇ ਇਲਾਹੀ ਸ਼ੰਦੇਸ਼ ਨੂੰ ਸੰਸਾਰ ਦੇ ਹਰ ਕੋਨੇ ਵਿੱਚ ਪਹੁੰਚਾਉਣ ਦੀ ਰੰਚਕ ਮਾਤਰ ਵੀ ਨੇਕ ਭਾਵਨਾ ਨਹੀਂ ।ਭਗਵੰਤ ਮਾਨ ਨਿਰੋਲ ਰਾਜਨੀਤਕ ਤੇ ਅਤਿਅੰਤ ਖ਼ਤਰਨਾਕ ਦਾਅ ਖੇਡ ਰਿਹਾ ਹੈ। ਭਗਵੰਤ ਮਾਨ ਸਿੱਖ ਧਰਮ ਨੂੰ ਬੁਨਿਆਦੀ ਤੌਰ ਵੱਡਾ ਨੁਕਸਾਨ ਪਹੁੰਚਾਉਣ ਦੀ ਨੀਂਹ ਧਰ ਰਿਹਾ ਹੈ। ਅੱਗੇ ਜਾ ਕੇ ਜਦੋਂ ਭਗਵੰਤ ਮਾਨ ਦੀ ਸਿੱਖ ਗੁਰਦੁਆਰਾ ਐਕਟ ਦੀ ਸੋਧ ਦੀ ਬੁਨਿਆਦ ਉਪਰ ਹੋਰ ਸੋਧਾਂ ਦੇ ਰੂਪ ਵਿੱਚ ਗੈਰ ਸਿੱਖ ਸਰਕਾਰਾਂ ਵੱਲੋਂ ਸਿੱਖ ਗੁਰਦੁਆਰਾ ਐਕਟ ਵਿੱਚ ਸਿੱਖ ਧਰਮ ਵਿਰੋਧੀ ਸੋਧਾਂ ਦੀ ਉਸਾਰੀ ਹੋਵੇਗੀ ਫਿਰ ਉਦੋਂ ਭਗਵੰਤ ਮਾਨ ਅਪਣੇ ਕੀਤੇ ਤੇ ਕੇਵਲ ਪਛਤਾ ਹੀ ਸਕੇਗਾ। ਸਰਕਾਰੀ ਅਹੁਦਾ ਭਗਵੰਤ ਮਾਨ ਕੋਲ ਨਹੀਂ ਹੋਵੇਗਾ। ਭਗਵੰਤ ਮਾਨ ਨੂੰ ਆਪ ਤੋਂ ਪਹਿਲਾਂ ਬਣੇ ਰਹੇ ਜੀਵਤ ਤੇ ਗੁਜ਼ਰ ਚੁੱਕੇ ਮੁੱਖ-ਮੰਤਰੀਆਂ ਨੂੰ ਪੈ ਰਹੀਆਂ ਲਾਹਣਤਾਂ ਵਲ ਝਾਤੀ ਮਾਰ ਲੈਣੀ ਚਾਹੀਦੀ ਹੈ।
ਚੰਗਾ ਹੁੰਦਾ ਜੇ ਭਗਵੰਤ ਮਾਨ ਸਿੱਖ ਧਰਮ ਦੀ ਡੂੰਘੀ ਸਮਝ ਰਖਣ ਵਾਲੇ ਦੇਸ ਵਿਦੇਸ਼ ਵਿੱਚ ਵਸਣ ਵਾਲੇ ਸੰਸਾਰ ਪ੍ਰਸਿੱਧ ਸਰਵ ਪ੍ਰਵਾਨਿਤ ਪੰਜਾਹ ਕੁ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਬਣਾ ਕੇ ਉਨ੍ਹਾਂ ਦੀ ਨੇਕ ਸਲਾਹ ਲੈ ਕੇ ਸਿੱਖ ਗੁਰਦੁਆਰਾ ਐਕਟ ਵਿਚ ਕਿਸੇ ਹੋਰ ਵਾਧੇ ਦੀ ਗੁੰਜਾਇਸ਼ ਬਾਬਤ ਫੈਸਲਾ ਲੈਂਦਾ। ਸੱਤਾ ਦੀ ਇਹ ਕਮਜ਼ੋਰੀ ਹੈ ਕਿ ਅਪਣੇ ਬਾਦਸ਼ਾਹੀ ਕਾਰਜਕਾਲ ਵਿੱਚ ਇਹ ਕਿਸੇ ਦੀ ਨੇਕ ਸਲਾਹ ਸੁਨਣ ਲਈ ਵੀ ਰਾਜ਼ੀ ਨਹੀਂ ਹੁੰਦੀ। ਰਾਜਨੀਤੀ ਜੀ ਸਦਕੇ ਕਰੋ ਪਰ ਗੁਰਬਾਣੀ ਦੇ ਪ੍ਰਚਾਰ, ਪ੍ਰਸਾਰ ਦੀ ਆੜ ਹੇਠ ਨਹੀਂ। ਰਾਜਗੱਦੀ ਦਾ ਤਖਤ ਸਦੀਵੀ ਨਹੀਂ ਹੁੰਦਾ। ਜਸ ਖੱਟਣਾ ਜਾਂ ਅਪਜਸ ਪੱਲੇ ਪੁਆਉਣਾ ਕੇਵਲ ਉਸ ਸਮੇਂ ਦਾ ਹੀ ਫੈਸਲਾ ਹੁੰਦਾ ਹੈ ਜਦੋਂ ਤੁਹਾਡੇ ਕੋਲ ਰਾਜਸੀ ਤਖ਼ਤ ਹੁੰਦਾ ਹੈ। ਜੇਕਰ ਭਗਵੰਤ ਮਾਨ ਕਿਸੇ ਵੀ ਸਿੱਖ ਬੁੱਧੀਜੀਵੀ ਨੂੰ ਅਪਣੇ ਬਰਾਬਰ ਦਾ ਸਿਆਣਾ ਨਹੀਂ ਮੰਨਦਾ ਤਾਂ ਉਸ ਨੂੰ ਅਪਣੇ ਐਮ ਐਲ ਏਜ਼ ਵਿੱਚੋਂ ਸਿੱਖ ਧਰਮ ਵਿੱਚ ਵਿਸ਼ਵਾਸ਼ ਰਖਣ ਵਾਲੇ ਮੈਂਬਰਾ ਦਾ ਇੱਕ ਵਫਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਗੁਰਬਾਣੀ ਦੇ ਪਰਚਾਰ/ਪ੍ਰਸਾਰ ਦੀ ਸਰਬ ਪ੍ਰਵਾਨਿਤ ਨਿਰਪੱਖ ਨੀਤੀ ਬਣਾਉਣ ਲਈ ਸਲਾਹ ਮਸ਼ਵਰਾ ਕਰਨ ਲਈ ਭੇਜਣਾ ਚਾਹੀਦਾ ਸੀ। ਇਹ ਫੈਸਲਾ ਬਹੁਤ ਸੋਚ ਵਿਚਾਰ ਕੇ ਕਰਨ ਵਾਲਾ ਸੀ। ਜਿੰਨੀ ਕਾਹਲ ਨਾਲ ਸਿੱਖ ਗੁਰਦੁਆਰਾ ਐਕਟ ਵਿੱਚ ਵਾਧੇ ਦਾ ਫੈਸਲਾ ਭਗਵੰਤ ਮਾਨ ਕਰ ਰਿਹਾ ਉਸ ਤੋਂ ਜਾਪਦਾ ਹੈ ਦਾਲ ਵਿੱਚ ਕੁੱਝ ਕਾਲਾ ਹੀ ਨਹੀ ਸਗੋਂ ਸਾਰੀ ਦਾਲ ਹੀ ਕਾਲੀ ਹੈ।

ਇਲਾਹੀ ਗੁਰਬਾਣੀ ਦੇ ਪ੍ਰਸਾਰ ਦੀ ਆੜ ਹੇਠ ਜੋ ਫੈਸਲਾ ਭਗਵੰਤ ਮਾਨ ਕਰ ਰਿਹਾ ਹੈ ਮੈਂ ਇੱਕ ਸਿੱਖ ਹੋਣ ਦੇ ਨਾਤੇ ਇਸ ਦੇ ਵਿਰੋਧ ਵਿੱਚ ਅਪਣੀ ਰਾਇ ਦਰਜ਼ ਕਰਵਾ ਰਿਹਾ ਹਾਂ।

ਤਰਲੋਚਨ ਸਿੰਘ ਭਮੱਦੀ ( ਢਾਡੀ)
+91 98147-00348

Taranjot Singh
Author: Taranjot Singh

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?