ਨਵੀਂ ਦਿੱਲੀ 21 ਜੂਨ ( ਤਰਨਜੋਤ ਸਿੰਘ ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਵਿੰਗ ਦੇ ਸਹਿਯੋਗ ਨਾਲ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ 5 ਜੂਨ ਤੋਂ ਸ਼ੁਰੂ ਕੀਤੇ ਗੁਰਮਤਿ ਕੈਂਪ ਆਪਣੇ ਸਿਖਰਾਂ ਤੇ ਹਨ । ਉਕਤ ਸ਼ਬਦ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਮੈਂਬਰ ਗੁਰਦੇਵ ਸਿੰਘ ਨੇ ਵੱਖ ਗੁਰੂ ਘਰਾਂ ਵਿੱਚ ਚੱਲ ਰਹੇ ਗੁਰਮਤਿ ਕੈਂਪਾਂ ਦਾ ਦੌਰਾ ਕਰਦਿਆਂ ਨਜ਼ਰਾਨਾ ਟੀਵੀ ਦੀ ਟੀਮ ਨਾਲ ਗੱਲ ਕਰਦਿਆਂ ਕਹੇ।
ਉਹਨਾਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਸਿੰਘ ਸਭਾ ਰਮੇਸ਼ ਨਗਰ ਵਿਖੇ ਇਸਤਰੀ ਸੇਵਕ ਜੱਥਾ , ਇਸਤਰੀ ਸਤਿਸੰਗ ਸਭਾ ਅਤੇ ਅਕਾਲ ਸੇਵਕ ਜੱਥੇ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਏ ਗੁਰਮਤਿ ਕੈਂਪ ਨੂੰ ਬੱਚਿਆਂ ਨੇ ਸ਼ਮੂਲੀਅਤ ਕਰਕੇ ਵੱਡਾ ਹੁੰਗਾਰਾ ਦਿੱਤਾ ਹੈ ਜਿਸ ਨਾਲ ਸਾਡਾ ਹੋਂਸਲਾ ਹੋਰ ਵੀ ਵੱਧ ਗਿਆ ਹੈ ਅਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਵੀ ਬਲ ਮਿਲਿਆ ਹੈ।
ਉਹਨਾਂ ਦੱਸਿਆ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕ੍ਰਿਸ਼ਨਾ ਪਾਰਕ, ਤਿਲਕ ਨਗਰ ਵਿਖੇ ਚਲ ਰਹੇ ਗੁਰਮਤਿ ਕੈਂਪ ਤੋਂ ਪ੍ਰੇਰਨਾ ਲੈਂਦੇ ਹੋਏ ਜਿੱਥੇ ਬੱਚਿਆਂ ਨੇ ਸਿੱਖੀ ਸਿਧਾਂਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਹੈ ਉਥੇ ਵੱਡੀ ਗਿਣਤੀ ਵਿੱਚ ਬੱਚੇ ਖੰਡੇ ਦੀ ਪਾਹੁਲ ਲੈਕੇ ਗੁਰੂ ਵਾਲੇ ਵੀ ਬਣੇ ਹਨ । ਉਹਨਾਂ ਦਸਿਆ ਕਿ ਦਿੱਲੀ ਕਮੇਟੀ ਵਲੋਂ ਇਸ ਵਾਰ 100 ਦੇ ਕਰੀਬ ਗੁਰਮਤਿ ਕੈਂਪ ਲਗਾਏ ਗਏ ਹਨ । ਜਿਹਨਾਂ ਨੂੰ ਮਿਲੇ ਭਰਪੂਰ ਹੁੰਗਾਰੇ ਸਦਕਾ ਆਉਣ ਵਾਲੇ ਸਮੇਂ ਵਿੱਚ ਕੈਂਪਾਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਬੱਚੇ ਗੁਰਬਾਣੀ ਨਾਲ ਜੁੜ ਸਕਣ। ਇਸ ਦੌਰਾਨ ਉਹਨਾਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ।