ਕੈਨੇਡਾ 27 ਜੂਨ ( ਤਰਨਜੋਤ ਸਿੰਘ ) ਬੀਤੇ ਦਿਨੀਂ ਕੈਨੇਡਾ ਦੇ ਸਰੀ ਵਿਖੇ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾਦੇ ਪ੍ਰਧਾਨ ਅਤੇ ਸਿੱਖਸ ਫ਼ਾਰ ਜਸਟਿਸ ਦੇ ਮੋਹਰਲੀ ਕਤਾਰ ਦੇ ਜੁਝਾਰੂ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਸ਼ਹੀਦ ਕਰ ਦਿਤਾ ਗਿਆ ਸੀ। ਉਹਨਾਂ ਦੇ ਸ਼ਹੀਦੀ ਜਾਮ ਪੀਣ ਦੇ ਬਾਦ ਤੋਂ ਹੀ ਕੈਨੇਡਾ ਦੀ ਸਿੱਖ ਸੰਗਤਾਂ ਵਿੱਚ ਭਾਰਤੀ ਸਿੱਖ ਵਿਰੋਧੀ ਏਜੰਸੀਆਂ ਨਿਸ਼ਾਨੇ ਤੇ ਸਨ ਅਤੇ ਉਹ ਲਗਾਤਾਰ ਦੋਸ਼ੀਆਂ ਨੂੰ ਜਲਦ ਫੜਣ ਦਾ ਦਬਾਅ ਬਣਾ ਰਹੇ ਸੀ।
ਅੱਜ ਸ਼ਹੀਦ ਹਰਦੀਪ ਸਿੰਘ ਨਿੱਝਰ ਦੀ ਅੰਤਿਮ ਅਰਦਾਸ ਦੌਰਾਨ ਸੰਗਤ ਵਿੱਚ ਬੈਠੇ ਇਕ ਸ਼ੱਕੀ ਵਿਅਕਤੀ ਨੂੰ ਸਿੰਘਾਂ ਨੇ ਕਾਬੂ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਦੇ ਮੋਬਾਇਲ ਚੋਂ ਭੋਗ ਮੌਕੇ ਦੀ ਵੀਡੀਓ ਅਤੇ ਤਸਵੀਰਾਂ ਭਾਰਤ ਦੇ ਪੰਜਾਬ ਵਿਚਲੇ ਪੁਲਿਸ ਅਫਸਰਾਂ ਨਾਲ ਸਾਂਝੀਆਂ ਕੀਤੀਆਂ ਦੇਖੀਆਂ ਗਈਆਂ । ਜਿਸ ਤੋਂ ਬਾਦ ਮੌਕੇ ਤੇ ਹਾਜ਼ਰ ਸੰਗਤ ਨੇ ਉਕਤ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰਦਿਆਂ ਉਸਨੂੰ ਭਾਰਤੀ ਏਜੰਸੀਆਂ ਦਾ ਭੇਜਿਆ ਜਾਸੂਸ ਦਸਦਿਆਂ ਸ਼ਹੀਦ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ ਵੀ ਦਰਜ ਕਰਨ ਬਾਰੇ ਕਿਹਾ।
ਕੈਨੇਡਾ ਵਿੱਚ ਜਾਸੂਸੀ ਕਰਦਾ ਫੜਿਆ ਹਰਪਾਲ ਅਟਵਾਲ ਪਿੰਡ ਖੁਰਦਪੁਰ ਨਾਲ ਸੰਬੰਧਿਤ
ਆਦਮਪੁਰ ( ਤਰਨਜੋਤ ਸਿੰਘ ) ਕੈਨੇਡਾ ਵਿਖੇ ਸ਼ਹੀਦ ਹਰਦੀਪ ਸਿੰਘ ਨਿੱਝਰ ਦੀ ਅੰਤਿਮ ਅਰਦਾਸ ਵਿੱਚ ਵੀਡੀਓ ਅਤੇ ਤਸਵੀਰਾਂ ਖਿੱਚ ਕੇ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਭੇਜਦਿਆਂ ਜਾਸੂਸੀ ਕਰਦਾ ਸੰਗਤ ਵੱਲੋਂ ਕਾਬੂ ਕੀਤਾ ਹਰਪਾਲ ਸਿੰਘ ਅਟਵਾਲ ਉਰਫ ਫੌਜੀ ਜੋ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਸੂਤਰਾਂ ਤੋਂ ਪ੍ਰਾਪਤ ਜਾਨਕਰੀ ਅਨੁਸਾਰ ਉਹ ਫੌਜ ਦੀ ਨੌਕਰੀ ਛੱਡ ਕੇ ਆਇਆ ਹੋਇਆ ਹੈ,ਭਾਰਤ ਵਿੱਚ ਉਸਨੇ ਹੁਣ ਤਕ ਤਿੰਨ ਵਿਆਹ ਕਰਵਾਏ ਹਨ ਅਤੇ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਲਈ ਉਹ ਟਾਊਟਪੁਣਾ ਕਰਦਾ ਅਕਸਰ ਦੇਖਿਆ ਜਾਂਦਾ ਸੀ ਜਿਸ ਕਰਕੇ ਘਰ ਅਤੇ ਪਿੰਡ ਵਿੱਚ ਉਸਦੀ ਕੋਈ ਬਹੁਤੀ ਪੁੱਛ ਪੜਤਾਲ ਨਹੀਂ ਸੀ ।
ਖੁਰਦਪੁਰ ਪਿੰਡ ਬੱਬਰ ਸ਼ਹੀਦਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ – ਡਾ. ਅਮਨਦੀਪ ਸਿੰਘ
ਖੁਰਦਪੁਰ ( ਤਰਨਜੋਤ ਸਿੰਘ ) ਡਾ ਅਮਨਦੀਪ ਸਿੰਘ ਜੋ ਕਿ ਪਿੰਡ ਦੇ ਵਸਨੀਕ ਹਨ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਖੁਰਦਪੁਰ ਬੱਬਰ ਸ਼ਹੀਦਾਂ ਅਤੇ ਭਾਰਤ ਦੀਆਂ ਫੌਜੀ ਜੰਗਾਂ ਵਿੱਚ ਸ਼ਹੀਦ ਹੋਣ ਵਾਲੇ ਸੂਰਮਿਆਂ ਦਾ ਪਿੰਡ ਹੈ । ਇਸ ਲਈ ਇਕ ਵਿਅਕਤੀ ਵਿਸ਼ੇਸ਼ ਵਲੋਂ ਕੀਤੀ ਕਿਸੇ ਵੀ ਤਰ੍ਹਾਂ ਦੀ ਹਰਕਤ ਲਈ ਸ਼ਹੀਦਾਂ ਦੇ ਪਿੰਡ ਨੂੰ ਮਾੜਾ ਕਹਿਣਾ ਚੰਗੀ ਗੱਲ ਨਹੀਂ ਹੈ ਉਹਨਾਂ ਸੋਸ਼ਲ ਮੀਡੀਆ ਤੇ ਭਦੀ ਸ਼ਬਦਾਵਲੀ ਵਰਤਣ ਵਾਲਿਆਂ ਨੂੰ ਆਪਣੀ ਭਾਸ਼ਾ ਸਹੀ ਕਰਨ ਦੀ ਅਪੀਲ ਕੀਤੀ।