Home » ਜੀਵਨ ਸ਼ੈਲੀ » ਸਿਹਤ » ਹੱਸਣਾ ਤੇ ਕੂਕਣਾ (ਲੇਖ) : ਪ੍ਰਿੰਸੀਪਲ ਤੇਜਾ ਸਿੰਘ

ਹੱਸਣਾ ਤੇ ਕੂਕਣਾ (ਲੇਖ) : ਪ੍ਰਿੰਸੀਪਲ ਤੇਜਾ ਸਿੰਘ

104

*ਹੱਸਣਾ ਤੇ ਕੂਕਣਾ (ਲੇਖ) : ਪ੍ਰਿੰਸੀਪਲ ਤੇਜਾ ਸਿੰਘ*

ਜਿਉਂ ਜਿਉਂ ਨਵੀਂ ਤਹਿਜ਼ੀਬ ਵਧ ਰਹੀ ਹੈ, ਖੁਸ਼ੀ ਦੇ ਪੁਰਾਣੇ ਢੰਗ ਬਦਲ ਰਹੇ ਹਨ। ਦਿਲ ਦੀ ਖੁਸ਼ੀ ਮੂੰਹ ਨਾਲ ਜ਼ਾਹਰ ਕਰਨ ਦੇ ਬਹੁਤ ਸਾਦੇ ਤ੍ਰਿਕੇ ਦੋ ਹੀ ਹੁੰਦੇ ਸਨ: ਇਕ ਖਿੜ-ਖਿੜਾ ਕੇ ਹੱਸਣਾ ਤੇ ਦੂਜਾ ਉੱਚਾ ਕੂਕਣਾ;ਪਰ ਨਵੀਂ ਰੌਸ਼ਨੀ ਵਾਲੇ ਲੋਕ ਇਨ੍ਹਾਂ ਦੋਹਾਂ ਤੋਂ ਕੰਨੀ ਕਤਰਾਂਦੇ ਹਨ।

ਜਦ ਦਿਲ ਵਿਚ ਖੁਸ਼ੀ ਦੀ ਤਰੰਗ ਆਈ ਤਾਂ ਸਿੱਧੇ ਸਾਦੇ ਲੋਕ ਜ਼ੋਰ ਨਾਲ ਬਾਛਾਂ ਖੋਲ੍ਹ ਕੇ ਖਹਿ ਖਹਿ ਕਰ ਕੇ ਹੱਸਦੇ ਸਨ, ਜਿਹਦੇ ਨਾਲ ਫਿਫੜਿਆਂ ਦੀ ਖ਼ੂਬ ਕਸਰਤ ਹੁੰਦੀ ਸੀ, ਸਗੋਂ ਸਾਰਾ ਜੁੱਸਾ ਹਿਲ ਜਾਂਦਾ ਸੀ ਤੇ ਮੂੰਹ ਉਤੇ ਤ੍ਰੇਲੀ ਆ ਜਾਂਦੀ ਸੀ; ਵੇਖਣ ਤੇ ਸੁਣਨ ਵਾਲੇ ਦੀ ਭੀ ਤਬੀਅਤ ਸਾਫ਼ ਹੋ ਜਾਂਦੀ ਸੀ, ਅਤੇ ਖੜੋਤੇ ਮਨ ਵਿਚ ਇਕ ਲਹਿਰ ਜਿਹੀ ਫਿਰ ਜਾਂਦੀ ਸੀ; ਇਕ ਦਾ ਹਾਸਾ ਸਾਰੀ ਸੰਗਤ ਨੂੰ ਖੁਸ਼ੀ ਦਾ ਹੁਲਾਰਾ ਦੇ ਜਾਂਦਾ ਸੀ।

ਪਰ ਇਹੋ ਜਿਹਾ ਹਾਸਾ ਅੱਜ ਕੱਲ ਬੇਤਮੀਜ਼ੀ ਤੇ ਗਵਾਰਪੁਣੇ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਜੇ ਸਕੂਲ ਵਿਚ ਕਿਸੇ ਮੁੰਡੇ ਨੂੰ ਖੁੱਲ੍ਹ ਕੇ ਹਾਸਾ ਆ ਜਾਵੇ, ਤਾਂ ਮਾਸਟਰ ਝੱਟ ਬੋਲ ਉੱਠਦਾ ਹੈ, “ਓਏ! ਹਿਣਕਦਾ ਕਿਉਂ ਹੈਂ?” ਮਾਸਟਰ ਹੋਰਾਂ ਨੂੰ ਇਹ ਨਹੀਂ ਪਤਾ ਕਿ ਹਿਣਕਣਾ ਅਤੇ ਹੱਸਣਾ ਇੱਕੋ ਸ਼ਬਦ ਹਨ। ਦਫ਼ਤਰਾਂ ਕਚਹਿਰੀਆਂ ਵਿਚ ਅਫ਼ਸਰ ਲੋਕ ਹਾਸੇ ਨੂੰ ਬੜੀ ਗੁਸਤਾਖ਼ੀ ਖ਼ਿਆਲ ਕਰਦੇ ਹਨ। ਇਹ ਵੇਖਿਆ ਗਿਆ ਹੈ ਕਿ ਬਹੁਤ ਹਾਸਾ ਬਚਪਨ ਤੇ ਜਵਾਨੀ ਵਿਚ ਆਉਂਦਾ ਹੈ। ਫਿਰ ਜਿਉਂ ਜਿਉਂ ਉਮਰ ਵਧਦੀ ਜਾਂਦੀ ਹੈ ਤੇ ਮੂੰਹ ਤੇ ਝੁਰੜੀਆਂ ਆਉਣ ਲੱਗਦੀਆਂ ਹਨ,ਤਿਉਂ ਤਿਉਂ ਹੜਵਾਠਿਆਂ ਦੇ ਪੇਚ ਢਿੱਲੇ ਪੈਂਦੇ ਜਾਂਦੇ ਹਨ ਅਤੇ ਹਾਸੇ ਦੀ ਥਾਂ ਮੁਸਕ੍ਰਾਹਟ ਫੜ ਲੈਂਦੀ ਹੈ। ਜਿਵੇਂ ਸਮੁੰਦਰ ਦੇ ਵਿਚਕਾਰ ਬੜੀਆਂ ਬੜੀਆਂ ਸ਼ੂਕਦੀਆਂ ਲਹਿਰਾਂ ਦੇ ਉਛਾਲੇ ਆਉਂਦੇ ਹਨ, ਪਰ ਕੰਢੇ ਕੋਲ ਆ ਕੇ ਓਹੋ ਉਛਾਲੇ ਕੇਵਲ ਨਿੱਕੇ ਨਿੱਕੇ ਪਾਣੀ ਦੇ ਵੱਟ ਜਿਹੇ ਰਹਿ ਜਾਂਦੇ ਹਨ, ਤਿਵੇਂ ਹੀ ਮਨੁੱਖ ਜਵਾਨੀ ਵਿਚ ਗੱਜ ਕੇ ਹੱਸਦਾ ਹੈ, ਪਰ ਜਿਉਂ ਜਿਉਂ ਉਸ ਦੀ ਉਮਰ ਮੌਤ ਦੇ ਕੰਢੇ ਵਲ ਵਧਦੀ ਹੈ, ਤਿਉਂ ਤਿਉਂ ਉਸ ਦਾ ਹਾਸਾ ਲੋਪ ਹੋ ਹੋ ਕੇ ਕੇਵਲ ਹੋਠਾਂ ਅਤੇ ਅੱਖਾਂ ਦੀਆਂ ਗੁੱਠਾਂ ਵਿਚ ਮਾੜੇ ਮਾੜੇ ਵੱਟ ਜਿਹੇ ਰਹਿ ਜਾਂਦੇ ਹਨ। ਸੰਸਾਰ ਦੇ ਇਤਿਹਾਸ ਵਿਚ ਭੀ ਸ਼ੁਰੂ ਸ਼ੁਰੂ ਵਿਚ ਹਾਸਾ ਵਧੇਰੇ ਸੀ, ਪਰ ਹੁਣ ਜਿਉਂ ਜਿਉਂ ਸਮਾਂ ਗੁਜ਼ਰਦਾ ਜਾਂਦਾ ਹੈ, ਤਿਉਂ ਤਿਉਂ ਹਾਸੇ ਦੀ ਥਾਂ ਕੇਵਲ ਮੁਸਕ੍ਰਾਣਾ ਹੀ ਰਹਿ ਗਿਆ ਹੈ।

ਲੇਖਕ : ਪ੍ਰਿੰਸੀਪਲ ਤੇਜਾ ਸਿੰਘ*

ਲੋਕੀ ਪਾਰਟੀਆਂ ਉੱਤੇ ਮਿਲਦੇ ਹਨ ਤਾਂ ਮੁਸਕ੍ਰਾਉਂਦੇ ਹਨ, ਸਗੋਂ ਮਸਕ੍ਰਾਉਣਾ ਇੰਨਾ ਵਧ ਗਿਆ ਹੈ ਕਿ ਬਹੁਤ ਸਾਰਾ ਤਾਂ ਦੰਭ ਹੀ ਹੁੰਦਾ ਹੈ। ਦਿੱਲੋਂ ਭਾਵੇਂ ਆਦਮੀ ਕੁੜ੍ਹਦਾ ਹੀ ਹੋਵੇ, ਪਰ ਮਿਲਣ ਵੇਲੇ ਐਊਂ ਦੰਦੀਆਂ ਕੱਢ ਕੇ ਮਿਲਦਾ ਹੈ ਕਿ ਸਿੱਧੇ ਸਾਦੇ ਆਦਮੀ ਨੂੰ ਵੇਖ ਕੇ ਹਾਸਾ ਹੀ ਆ ਜਾਂਦਾ ਹੈ, ਪਰ ਵਿਚਾਰਾ ਆਸ ਪਾਸ ਵੇਖ ਕੇ ਡਰਦੇ ਮਾਰਿਆਂ ਅਵਾਜ਼ ਨਹੀਂ ਕੱਢਦਾ ਕਿ ਕਿਤੇ ਲੋਕੀ ਮੂਰਖ ਨਾ ਆਖਣ। ਪਾਰਟੀਆਂ ਵਿਚ ਤਾਂ ਭਲਾ ਬਹੁਤ ਆਦਮੀ ਹੁੰਦੇ ਹਨ, ਇਸ ਲਈ ਉੱਚਾ ਹੱਸਣਾ ਮਨ੍ਹਾਂ ਹੀ ਸਹੀ, ਪਰ ਅਨਰਥ ਇਹ ਹੈ ਕਿ ਬਾਹਰ ਬਜ਼ਾਰ ਵਿਚ, ਜਾਂ ਰਾਹ ਪੈਂਡੇ ਜਿੱਥੇ ਇਕ ਦੋ ਸੱਜਣ ਅਪਣੇ ਮੇਲੀ ਮਿੱਤਰ ਹੀ ਮਿਲਣ, ਉੱਥੇ ਭੀ ਖਿੜ ਖਿੜਾ ਕੇ ਹੱਸਣੋਂ ਰੁਕਦੇ ਹਨ।

ਇਸ ਦੇ ਦੋ ਕਾਰਣ ਹਨ: ਇੱਕ ਤਾਂ ਇਹ ਕਿ ਲੋਕਾਂ ਦੇ ਦਿਮਾਗ਼ ਇਤਨੇ ਕਮਜ਼ੋਰ ਹੋ ਗਏ ਹਨ ਕਿ ਉੱਚੀ ਅਵਾਜ਼ ਸਹਿ ਨਹੀਂ ਸਕਦੇ; ਦੂਜੇ ਇਹ ਕਿ ਮੁਸਕ੍ਰਾਉਣਾ ਸਿਆਣਪ ਦੀ ਨਿਸ਼ਾਨੀ ਗਿਣਿਆ ਜਾਂਦਾ ਹੈ। ਜਦ ਗੁਰੂ ਨਾਨਕ ਸਾਹਿਬ ਨੂੰ ਉਨ੍ਹਾਂ ਦਾ ਭਣਵੱਈਆ, ਭਾਈ ਜੈਰਾਮ, ਲੋਦੀ ਨਵਾਬ ਪਾਸ ਨੌਕਰੀ ਦਿਵਾਣ ਲਈ ਲਿਆਇਆ ਤਾਂ ਸਾਖੀ ਵਿਚ ਲਿਖਿਆ ਹੈ ਕਿ ਗੁਰੁ ਜੀ ਮੁਸਕ੍ਰਾਏ। ਇਹ ਵੇਖ ਕੇ ਨਵਾਬ ਕਹਿਣ ਲੱਗਾ, “ਨਾਨਕ ਭਲਾ ਤੇ ਸਿਆਣਾ ਮਲੂਮ ਹੁੰਦਾ ਹੈ।” ਹੋਰ ਭੀ ਵੱਡੇ ਵੱਡੇ ਪੀਰ ਪੈਗੰਬਰ ਲੋਕਾਂ ਦੀ ਮੂਰਖਤਾ ਨੂੰ ਵੇਖ ਕੇ ਜਾਂ ਮਨ ਦੀਆਂ ਡੂੰਘਿਆਈਆਂ ਤੋਂ ਨਿਕਲੇ ਹੋਏ ਗੁੱਝੇ ਵਿਗਾਸ ਦੇ ਕਾਰਣ ਮੁਸਕ੍ਰਾਉਂਦੇ ਦੱਸੇ ਗਏ ਹਨ; ਇਸ ਲਈ ਲੋਕੀ ਭੀ ਸਿਆਣਾ ਤੇ ਗੰਭੀਰ ਅਖਵਾਣ ਦੇ ਚਾ ਵਿਚ ਮੁਸਕ੍ਰਾਣ ਦੀ ਆਦਤ ਪਾ ਰਹੇ ਹਨ। ਕੋਈ ਦਿਨ ਆਵੇਗਾ ਕਿ ਹਾਸਾ ਸੰਸਾਰ ਤੋਂ ਬਿਲਕੁਲ ਲੋਪ ਹੋ ਜਾਵੇਗਾ। ਇਸ ਦੇ ਨਾਲ ਨਾਲ ਸਾਡੀ ਰਹਿਣੀ ਬਹਿਣੀ ਤੇ ਸਾਹਿੱਤ ਵਿੱਚੋਂ ਉੱਚੀ ਉੱਚੀ ਹਸਾਣ ਵਾਲੇ ਠੱਠੇ ਤੇ ਮਖੌਲ ਭੀ ਉੱਡ ਰਹੇ ਹਨ; ਨਿਰੀਆਂ ਬ੍ਰੀਕ ਬ੍ਰੀਕ ਮੁਸਕ੍ਰਾਣ ਵਾਲੀਆਂ ਗੱਲਾਂ ਵਧ ਰਹੀਆਂ ਹਨ।

 

ਹਾਸੇ ਦੇ ਨਾਲ ਨਾਲ ਉੱਚਾ ਕੂਕਣ ਦੀ ਆਦਤ ਭੀ ਜਾਂਦੀ ਰਹੀ ਹੈ। ਤੁਸਾਂ ਪਿੰਡਾਂ ਵਿਚ ਵੇਖਿਆ ਹੋਣਾ ਹੈ ਕਿ ਕਿਵੇਂ ਇਕ ਬੱਕਰੀਆਂ ਚਾਰਨ ਵਾਲਾ ਆਜੜੀ ਇਕ ਢੱਕੀ ਉੱਤੇ ਖਲੋਤਾ ਹੋਇਆ ਦੂਜੀ ਢਕੀ ਉਤੇ ਭੱਜੀ ਜਾਂਦੀ ਬੱਕਰੀ ਦੇ ਪਿੱਛੇ ਵੱਟਾ ਵਾਹ ਕੇ ਜ਼ੋਰ ਦੀ ਚੀਕ ਲਾਂਦਾ ਹੈ। ਉਸ ਨੂੰ ਆਪਣੀ ਅਵਾਜ਼ ਉੱਤੇ ਬੜਾ ਮਾਣ ਹੈ। ਜਦ ਉਹ ਆਪਣੇ ਸਾਥੀ ਨੂੰ (ਜੋ ਜ਼ਰਾ ਪਰ੍ਹੇ ਖੜੋਤਾ ਹੁੰਦਾ ਹੈ) ਅਵਾਜ਼ ਮਾਰਦਾ ਹੈ, ਤਾਂ ਭੀ ਲੋੜ ਤੋਂ ਵਧੀਕ ਉੱਚੀ ਚੀਕ ਕੱਢਦਾ ਹੈ। ਉਸ ਨੂੰ ਪਤਾ ਹੈ ਕਿ ਥੋੜੀ ਅਵਾਜ਼ ਭੀ ਪਹੁੰਚ ਜਾਵੇਗੀ, ਪਰ ਉਸ ਨੂੰ ਤਾਂ ਆਪਣੀ ਕੂਕ ਉੱਤੇ ਫ਼ਖ਼ਰ ਹੈ, ਅਤੇ ਉਸ ਨੂੰ ਜ਼ੋਰ ਦੀ ਅਵਾਜ਼ ਵਿਚ ਇਕ ਅਣੋਖਾ ਰਸ ਲੱਭਦਾ ਹੈ, ਜੋ ਕਮਰਿਆਂ ਦੇ ਅੰਦਰ ਬਹਿ ਕੇ ਘੁਸਮੁਸ ਕਰਨ ਵਾਲਿਆਂ ਨੂੰ ਮਲੂਮ ਨਹੀਂ ਹੋ ਸਕਦਾ। ਇਹ ਸਿੱਧੇ ਸਾਦੇ ਲੋਕ ਜਦ ਆਪਸ ਵਿਚ ਮਿਲਦੇ ਜਾਂ ਗੱਲਾਂ ਕਰਦੇ ਹਨ ਤਾਂ ਭੀ ਓਨਾ ਹੀ ਉੱਚਾ ਬੋਲਦੇ ਹਨ, ਜਿੰਨੀ ਘੁੱਟ ਕੇ ਜੱਫੀ ਪਾਂਦੇ ਹਨ।

ਪਰ ਤਹਿਜ਼ੀਬ ਇਸ ਦੇ ਉਲਟ ਹੈ। ਨਵੀਂ ਰੌਸ਼ਨੀ ਦੇ ਵਧਣ ਨਾਲ ਮਨੁੱਖਾਂ ਦੀ ਅਵਾਜ਼ ਮੱਧਮ ਪੈ ਰਹੀ ਹੈ। ਡਾਕਟਰ ਟੈਗੋਰ ਨਾਲ ਗੱਲਾਂ ਕਰੋ ਤਾਂ ਬੜਾ ਹੌਲੀ ਹੌਲੀ “ਸਪਤ ਪਾਤਾਲ ਕੀ ਬਾਣੀ” ਵਤ ਅਵਾਜ਼ ਕੱਢੇਗਾ। ਇਹੋ ਉਸ ਦੇ ਸਿਆਣੇ ਤੇ ਤਹਿਜ਼ੀਬ ਦੇ ਮਾਲਕ ਹੋਣ ਦੀ ਨਿਸ਼ਾਨੀ ਹੈ। ਕਾਲਜਾਂ, ਦਫ਼ਤਰਾਂ, ਕਲੱਬਾਂ ਵਿਚ ਜਿੱਨਾ ਚੁੱਪ ਰਹਿਣ ਤੇ ਜਾਂ ਹੌਲੀ ਬੋਲਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਓਨਾ ਕਿਸੇ ਹੋਰ ਗੱਲ ਉੱਤੇ ਨਹੀਂ। ਜਿਉਂ ਜਿਉਂ ਸੰਸਾਰ ਤ੍ਰੱਕੀ ਕਰੀ ਜਾਂਦਾ ਹੈ ਤਿਉਂ ਤਿਉਂ ਮਨੁੱਖ ਦੀ ਅਵਾਜ਼ ਮੱਧਮ ਪੈਂਦੀ ਜਾਂਦੀ ਹੈ। ਪੜ੍ਹਿਆਂ ਹੋਇਆਂ ਸਿੱਖਾਂ ਨੂੰ ਕਹੋ ਖਾਂ ਜ਼ਰਾ ‘ਸਤਿ ਸ੍ਰੀ ਅਕਾਲ’ ਦਾ ਜੈਕਾਰਾ ਤਾਂ ਛੱਡਣ! ਦੰਦਾਂ ਤੋਂ ਬਾਹਰ ਅਵਾਜ਼ ਨਹੀਂ ਨਿਕਲੇਗੀ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਜੈਕਾਰਿਆਂ ਦੇ ਜ਼ੋਰ ਨਾਲ ਥੋੜ੍ਹੇ ਜਿਹੇ ਸਿੱਖਾਂ ਨੇ ਦੁਸ਼ਮਣਾਂ ਦੀਆਂ ਠਾਠਾਂ ਮਾਰਦੀਆਂ ਫੌਜਾਂ ਨੂੰ ਕਈ ਘੰਟਿਆਂ ਤੱਕ ਰੋਕੀ ਰੱਖਿਆ ਸੀ। ਹੁਣ ਭੀ ਜੇ ਕਿਸੇ ਔਕੜ ਵਿਚ ਪਏ ਹੋਵੀਏ ਤਾਂ ਜਿਸ ਵੇਲੇ ਸਾਰੇ ਰੱਲ ਕੇ ਜ਼ੋਰ ਦਾ ਜੈਕਾਰਾ ਛੱਡਦੇ ਹਾਂ ਤਾਂ ਉਸ ਵਿਚ ਸਾਰੇ ਸਿੱਖ ਇਤਿਹਾਸ ਦੀ ਅਕਾਲੀ ਗੂੰਜ ਸੁਣਾਈ ਦੇਂਦੀ ਹੈ ਜੋ ਕੰਬਦੇ ਦਿਲਾਂ ਨੂੰ ਤਕੜਾ ਕਰਦੀ ਤੇ ਢਹਿੰਦੀਆਂ ਕਲਾਂ ਤੋਂ ਚੜ੍ਹਦੀਆਂ ਕਲਾਂ ਵਿਚ ਬਦਲ ਦੇਂਦੀ ਹੈ।

Taranjot Singh
Author: Taranjot Singh

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?