ਮਲੰਗਾਂ ਵਾਂਗ ਤੁਰਿਆ ਫਿਰਦਾ ਨਸ਼ੇੜੀ ਰੋਡੇ ਸ਼ਾਹ ਪੰਜਾਬ ਵੰਡ ਦੇ ਦਿਨਾਂ ਵਿਚ ਜ਼ਿਲਾ ਸ਼ੇਖ਼ੂਪੁਰ ਦੇ ਪਿੰਡ ਝਾਮਕੇ ਵਿਚ ਰਹਿੰਦਾ ਸੀ । ਇਹ ਪਿੰਡ ਮੇਰੇ ਦਾਦਾ ਜੀ ਦਾ ਸੀ, ਵੰਡ ਤੋਂ ਬਾਅਦ ਪਿੰਡ ਦੇ ਸਿੱਖ ਜਦੋਂ ਚੜ੍ਹਦੇ ਪੰਜਾਬ ਵੱਲ ਤੁਰੇ ਤਾਂ ਰੋਡਾ ਵੀ ਉਸ ਕਾਫ਼ਲੇ ਦੇ ਨਾਲ ਹੀ ਆ ਗਿਆ ਤੇ ਜ਼ਿਲਾ ਜੀਂਦ ਦੇ ਪਿੰਡ ਦੁੜਾਣੇ ਵਿਚ ਰਹਿਣ ਲੱਗ ਗਿਆ ਜਿੱਥੇ ਪੱਕੇ ਤੌਰ ਤੇ ਕਾਫ਼ਲਾ ਰੁਕਿਆ ਸੀ ।
ਰੋਡਾ ਆਮ ਤੌਰ ਤੇ ਕਾਲ਼ੇ ਰੰਗ ਦੇ ਕੱਪੜੇ ਪਹਿਨਦਾ ਤੇ ਅਮਲ਼ੀਆਂ ਨਾਲ ਯਾਰੀ ਰੱਖਦਾ ਸੀ ਜੋ ਉਹਦੀ ਸ਼ਰਾਬ ਅਤੇ ਅਫ਼ੀਮ ਦੀ ਲਲਕ ਪੂਰੀ ਕਰਦੇ ਸਨ, ਜ਼ੁਬਾਨ ਦਾ ਐਨਾ ਮਾੜਾ ਕਿ ਬੱਤੀ ਮਾਨ ਦੇ ਲਾਡੀ ਸ਼ਾਹ ਨੂੰ ਵੀ ਮਾਤ ਪਾਉਂਦਾ ਸੀ । ਧੀਆਂ ਭੈਣਾ ਤੇ ਮਾਂਵਾਂ ਪ੍ਰਤੀ ਰੋਡੇ ਦੀ ਬਦ ਜ਼ੁਬਾਨੀ ਨੂੰ ਅਕਲ ਦੇ ਅੰਨ੍ਹੇ ਲੋਕ ਉਹਦੀ ਬਖ਼ਸ਼ਿਸ਼ ਸਮਝਦੇ ਸਨ, ਫੇਰ ਰੋਡੇ ਨੂੰ ਲਕਵੇ ਦੀ ਬੀਮਾਰੀ ਪੈ ਗਈ ਤੇ ਉਹ ਬਹੁਤਾ ਤੁਰਨ ਫਿਰਨ ਜੋਗਾ ਨਾ ਰਿਹਾ, ਆਖ਼ਰੀ ਸਾਲਾਂ ਵਿਚ ਉਹਨੇ ਨਰਕ ਵਰਗੀ ਜ਼ਿੰਦਗੀ ਭੋਗੀ, ਆਖ਼ਰੀ ਦਿਨਾਂ ਵਿਚ ਉਹਨੇ ਪਿੰਡ ‘ਚ ਰਹਿੰਦੇ ਬਾਬਾ ਜੰਗਾ ਸਿੰਘ ਨੂੰ ਸੁਨੇਹਾ ਭੇਜਿਆ ਕਿ ਇਕ ਵਾਰ ਮੈਨੂੰ ਮਿਲ ਕੇ ਜਾਣ, ਜਦੋਂ ਬਾਬਾ ਜੰਗਾ ਸਿੰਘ ਮਿਲਣ ਗਏ ਤਾਂ ਰੋਡੇ ਨੇ ਹੱਥ ਜੋੜ ਕੇ ਕਿਹਾ ਕਿ ਮੇਰੀ ਜਾਨ ਸੂਲ਼ੀ ਤੇ ਟੰਗੀ ਹੋਈ ਹੈ ਦੁੱਖ ਸਹਿਣ ਨਹੀਂ ਹੋ ਰਿਹਾ ਬਾਬਾ ਜੀ ਅਰਦਾਸ ਕਰੋ ਸਰੀਰ ਵਿੱਚੋਂ ਜਾਨ ਨਿਕਲ ਜਾਵੇ ਤੇ ਮੇਰਾ ਛੁਟਕਾਰਾ ਹੋਵੇ, ਬਾਬਾ ਜੰਗਾ ਸਿੰਘ ਨੇ ਇਹ ਕਹਿੰਦਿਆਂ ਹੋਇਆਂ ਨਾਂਹ ਕਰ ਦਿੱਤੀ ਕਿ ਸਾਰੀ ਜ਼ਿੰਦਗੀ ਤੂੰ ਨਸ਼ਿਆਂ ਵਿਚ ਬਰਬਾਦ ਕਰ ਦਿੱਤੀ ਹੈ ਨਾ ਕਦੇ ਬਾਣੀ ਪੜ੍ਹੀ ਨਾ ਕੋਈ ਬੰਦਗੀ ਕੀਤੀ ਮੈਂ ਕਿਹੜੇ ਮੂੰਹ ਨਾਲ ਤੇਰੇ ਭਲੇ ਦੀ ਅਰਦਾਸ ਕਰਾਂ ? ਕੁਝ ਦਿਨ ਲੰਘੇ ਤਾਂ ਰੋਡੇ ਨੇ ਫਿਰ ਸੁਨੇਹਾ ਘੱਲਿਆ ਕਿ ਬਾਬਾ ਜੀ ਬਸ ਆਖ਼ਰੀ ਵਾਰ ਮਿਲ ਜਾਓ, ਬਾਬਾ ਜੰਗਾ ਸਿੰਘ ਫਿਰ ਮਿਲਣ ਗਏ ਤਾਂ ਰੋਡੇ ਨੇ ਬਾਬਾ ਜੰਗਾ ਸਿੰਘ ਦੇ ਪੈਰ ਫੜ ਲਏ ਅਤੇ ਤਰਲੇ ਮਿੰਨਤਾਂ ਕਰਨ ਲੱਗ ਗਿਆ… ਬਾਬਾ ਜੰਗਾ ਸਿੰਘ ਦੇ ਮਨ ਵਿਚ ਦਇਆ ਆਈ ਤੇ ਉਨ੍ਹਾਂ ਪਿੰਡ ਵਿੱਚੋਂ ਭਾਈ ਮਾਨ ਸਿੰਘ, ਕੇਸਰ ਸਿੰਘ, ਜੋਧ ਸਿੰਘ ਤੇ ਸ਼ਿੰਗਾਰਾ ਸਿੰਘ ਚਾਰ ਸਿੱਖਾਂ ਨੂੰ ਨਾਲ ਲੈ ਕੇ ਪੰਜਾਂ ਨੇ ਗੁਰੂ ਘਰ ਜਾ ਕੇ ਅਰਦਾਸ ਕਰ ਦਿੱਤੀ, ਪਿੰਡ ਦੇ ਬਜ਼ੁਰਗ ਦੱਸਦੇ ਨੇ ਕਿ ਓਸੇ ਰਾਤ ਮਿਤੀ ੩ ਸਾਵਣ ੧੮ ਜੁਲਾਈ ੧੯੫੭ ਨੂੰ ਰੋਡੇ ਦੀ ਮੌਤ ਹੋ ਗਈ । ਰੋਡੇ ਸ਼ਾਹ ਦੀ ਮੌਤ ਤੋਂ ਬਾਅਦ ਉਹਦੇ ਸ਼ਰਾਬੀ ਚੇਲਿਆਂ ਨੇ ਦੁੜਾਣੇ ਪਿੰਡ ਵਿਚ ਉਹਦੀ ਮੜ੍ਹੀ ਉੱਤੇ ਮੇਲਾ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਮੇਲੇ ਨੂੰ ਧਾਰਮਿਕ ਰੰਗਤ ਦੇਣ ਲਈ ਹੌਲੀ ਹੌਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਸ਼ੁਰੂ ਹੋ ਗਈ ਜਿਸ ਕਰਕੇ ਸਾਰਾ ਪਿੰਡ ਰੋਡੇ ਦਾ ਸ਼ਰਧਾਲੂ ਬਣ ਗਿਆ ਤੇ ਇਲਾਕਾ ਵੀ ਜੁੜ ਗਿਆ, ਲੇਕਿਨ ਸ਼ਰਾਬੀਆਂ ਨੇ ਸ਼ਰਾਬ ਪੀਣ ਚੜ੍ਹਾਉਣ ਦਾ ਕੁਕਰਮ ਵੀ ਜਾਰੀ ਰੱਖਿਆ ।
ਇਸ ਪਿੰਡ ਵਿਚ ਇਕ ਹੀ ਗੁਰੂ ਘਰ ਹੈ ਜਿੱਥੇ ਹੁਣ ਭਾਈ ਬਲਜੀਤ ਸਿੰਘ ਝਾਮਕੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਅ ਰਿਹਾ ਹੈ ਤੇ ਰੋਜ਼ਾਨਾ ਮੁਖਵਾਕ ਸਾਹਿਬ ਦੀ ਕਥਾ ਕਰਦਾ ਹੈ । ਸਾਰਾ ਪਿੰਡ ਰੋਡੇ ਦਾ ਅੰਨ੍ਹਾ ਸ਼ਰਧਾਲੂ ਹੋਣ ਕਾਰਨ ਭਾਈ ਬਲਜੀਤ ਸਿੰਘ ਬੀਤੇ ਛੇ ਸਾਲਾਂ ਤੋਂ ਬੜੇ ਪਿਆਰ ਨਾਲ ਸਮਝਾਉਂਦਾ ਆ ਰਿਹਾ ਹੈ ਕਿ ਇਸ ਤਰਾਂ ਗੁਰੂ ਸਾਹਿਬ ਦਾ ਨਿਰਾਦਰ ਕਰਨਾ ਬੰਦ ਕਰੋ.. ਪਿੰਡ ਦੇ ਨੌਜਵਾਨਾਂ ਨੇ ਇਸ ਵਿਚ ਕੁਝ ਸੁਧਾਰ ਵੀ ਕੀਤਾ ਸੀ, ਧਾਰਮਿਕ ਸਮਾਗਮ ਦੀ ਸਮਾਪਤੀ ਤੋਂ ਬਾਅਦ ਅਮਲੀਆਂ ਦਾ ਸਮਾਂ ਰੱਖ ਦਿੱਤਾ ਸੀ, ਲੇਕਿਨ ਨੌਜਵਾਨਾਂ ਦੇ ਬਾਹਰ ਚਲੇ ਜਾਣ ਤੋਂ ਬਾਅਦ ਪਿੰਡ ਦੇ ਅੱਧ ਬੁੱਢਿਆਂ ਨੇ ਇਸ ਵਾਰ ਫਿਰ ਉਹੀ ਕੁਕਰਮ ਸ਼ੁਰੂ ਕਰ ਦਿੱਤਾ ਹੈ । ਭਾਈ ਬਲਜੀਤ ਸਿੰਘ ਨੇ ਵੀ ਇਹ ਮਾਮਲਾ ਸਿੱਖ ਜਗਤ ਦੇ ਸਾਹਮਣੇ ਰੱਖ ਦਿੱਤਾ ਹੈ ਕਿ ਦੁੜਾਣਾ ਵਾਸੀਆਂ ਲਈ ਰੋਡਾ ਹੀ ਗੁਰੂ ਹੈ ਤੇ ਜੋ ਗੁਰੂ ਹਨ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਉਹ ਕੁਝ ਵੀ ਨਹੀਂ ਹਨ, ਪਿੰਡ ਵਾਲਿਆਂ ਨੇ ਗੁਰੂ ਸਾਹਿਬ ਦੀ ਤਾਬਿਆ ਬੈਠੇ ਭਾਈ ਬਲਜੀਤ ਸਿੰਘ ਨਾਲ ਬਦਸਲੂਕੀ ਕੀਤੀ ਹੈ ਤੇ ਬਾਅਦ ਵਿਚ ਬਾਈਕਾਟ ਕਰ ਦਿੱਤਾ ਹੈ । ਇਹ ਘਟਨਾ ੧੮ ਜੁਲਾਈ ਦੀ ਹੈ । ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਸਿੱਖ ਭਾਈ ਮੰਝ ਜੀ ਦਾ ਵੀ ਸਖੀ ਸਰਵਰ ਦੇ ਖ਼ਿਲਾਫ਼ ਹੋਣ ਕਰਕੇ ਸਾਰੇ ਕੰਗ ਮਾਈ ਪਿੰਡ ਨੇ ਬਾਈਕਾਟ ਕਰ ਦਿੱਤਾ ਸੀ ਪਰ ਭਾਈ ਮੰਝ ਜੀ ਗੁਰੂ ਸਾਹਿਬ ਦੀ ਬਖ਼ਸ਼ਿਸ਼ ਦੇ ਪਾਤਰ ਬਣੇ ਅਤੇ ਬਾਈਕਾਟ ਕਰਨ ਵਾਲਿਆਂ ਨੂੰ ਇਤਿਹਾਸ ਨੇ ਸਦੀਵੀਂ ਲਾਹਣਤਾਂ ਪਾਈਆਂ ਹਨ । ਪਿੰਡ ਵਾਲਿਆਂ ਨੂੰ ਪਿਆਰ ਨਾਲ ਬਹੁਤ ਸਮਝਾ ਕੇ ਵੇਖ ਲਿਆ ਹੈ, ਅਗਲੇ ਸਾਲ ਦੋ ਟੁੱਕ ਫੈਸਲਾ ਹੋਵੇਗਾ ਜਾਂ ਸ਼ਰਾਬ ਬੰਦ ਹੋਵੇਗਾ ਜਾ ਅਖੰਡ ਪਾਠ ਬੰਦ ਹੋਣਗੇ, ਬਸ ਹੁਣ ਹੋਰ ਸਹਿਣ ਨਹੀਂ ਹੋਵੇਗਾ ।
– ਹਰੀ ਸਿੰਘ ਝਾਮਕੇ Hari Singh Jhamke