ਸ਼ਹੀਦ ਅਵਤਾਰ ਸਿੰਘ ਖੰਡਾ ਅਤੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਕੇ ਆਏ ਨਿਸ਼ਾਨੇ ‘ਤੇ
ਆਦਮਪੁਰ/ਹੁਸ਼ਿਆਰਪੁਰ 1 ਅਗਸਤ ( ਤਰਨਜੋਤ ਸਿੰਘ) ਕੇਂਦਰੀ ਜਾਂਚ ਏਜੰਸੀ (ਐਨ.ਆਈ.ਏ.) ਦੀ ਟੀਮ ਨੇ ਅੱਜ ਤੜਕਸਾਰ ਪੰਜਾਬ ਭਰ ਵਿਚ ਸਵੇਰੇ ਕਰੀਬ 5 ਵਜੇ ਵੱਖ ਵੱਖ ਟੀਮਾਂ ਬਣਾਕੇ ਗਰਮ ਸਿੱਖ ਸਿਆਸਤ ਨਾਲ ਜੁੜੇ ਲੋਕਾਂ ਤੋਂ ਇਲਾਵਾ ਬੀਤੇ ਸਮੇਂ ਦੌਰਾਨ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਕੇ ਆਏ ਸਿੱਖ ਸ਼ਰਧਾਲੂਆਂ ਨੂੰ ਵੀ ਨਿਸ਼ਾਨੇ ਤੇ ਲੈਂਦਿਆਂ ਛਾਪੇਮਾਰੀ ਕਰ ਉਹਨਾਂ ਤੋਂ ਘਰ ਵਿੱਚ ਹੀ ਪੁੱਛਗਿੱਛ ਕੀਤੀ ਅਤੇ ਲੋੜ ਪੈਣ ਤੇ ਦਿੱਲੀ ਦਫਤਰ ਪੁੱਜਣ ਦੀਆਂ ਹਦਾਇਤਾਂ ਦੇ ਕੇ ਚਲੇ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਜਲੰਧਰ ਦੇ ਕਿਸ਼ਨਗੜ੍ਹ ਦੇ ਨਾਲ ਲੱਗਦੇ ਪਿੰਡ ਦੌਲਤਪੁਰ ਦੇ ਸਾਬਕਾ ਸਰਪੰਚ ਅਤੇ ਅਕਾਲੀ ਦਲ ਦੇ ਸਰਕਲ ਜਥੇਦਾਰ ਮਲਕੀਤ ਸਿੰਘ ਦੌਲਤਪੁਰ ਦੇ ਘਰ ਛਾਪਾ ਮਾਰਿਆ।
ਸਰਕਲ ਜਥੇਦਾਰ ਮਲਕੀਤ ਸਿੰਘ ਦੌਲਤਪੁਰ ਜਾਣਕਾਰੀ ਦਿੰਦੇ ਹੋਏ।
ਜੱਥੇਦਾਰ ਦੌਲਤਪੁਰ ਨੇ ਦਸਿਆ ਕਿ ਜਾਂਚ ਏਜੰਸੀ ਦੇ ਮੈਂਬਰਾਂ ਨੇ ਪੂਰੇ ਘਰ ਨੂੰ ਸੀਲ ਕਰ ਦਿੱਤਾ ਅਤੇ ਕਿਸੇ ਨੂੰ ਵੀ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਅਤੇ ਨਾ ਹੀ ਕਿਸੇ ਨੂੰ ਬਾਹਰੋਂ ਅੰਦਰ ਆਉਣ ਦਿੱਤਾ। ਜਥੇਦਾਰ ਮਲਕੀਤ ਸਿੰਘ ਦੌਲਤਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਜਗਜੀਤ ਸਿੰਘ ਜੀਤਾ ਕਿਸਾਨ ਅੰਦੋਲਨ, ਜੋ ਕਿ ਯੂਕੇ ਵਿੱਚ ਵਸੇ ਹੋਏ ਹਨ ਅਤੇ ਇੱਕ ਟੀਵੀ ਚੈਨਲ ਚਲਾਉਂਦੇ ਸਨ । ਜਿਸ ਵਿੱਚ ਦਿੱਲੀ ਵਿੱਚ ਕਿਸਾਨ ਅੰਦੋਲਨ ਦੀ ਲਾਈਵ ਕਵਰੇਜ ਕੀਤੀ ਜਾਂਦੀ ਸੀ। ਜਿਸ ਤੋਂ ਬਾਅਦ ਸਰਕਾਰ ਨੇ ਚੈਨਲ ਨੂੰ ਬੰਦ ਕਰਵਾ ਦਿੱਤਾ। ਐਨਆਈਏ ਟੀਮ ਨੇ ਉਸ ਦੇ ਭਰਾ ਵਲੋਂ ਯੂਕੇ ਵਿੱਚ ਹੁਣ ਪੀਬੀਸੀ ਚੈਨਲ ਚਲਾਏ ਜਾਣ ਬਾਰੇ ਵੀ ਪੁੱਛਗਿੱਛ ਕੀਤੀ।ਉਹਨਾਂ ਦੱਸਿਆ ਕਿ ਅਵਤਾਰ ਸਿੰਘ ਖੰਡਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਮੇਰੇ ਭਰਾ ਨਾਲ ਪਰਿਵਾਰਕ ਸੰਬੰਧ ਸਨ।
ਅਵਤਾਰ ਸਿੰਘ ਖੰਡਾ ਦੀ ਫਾਈਲ ਫੋਟੋ ਜੋ ਇੰਗਲੈਂਡ ਵਿੱਚ ਅਕਾਲ ਚਲਾਣਾ ਕਰ ਗਏ ਸਨ।
ਭਾਈ ਅਵਤਾਰ ਸਿੰਘ ਖੰਡਾ ਸਿੱਖ ਲਹਿਰ ਨਾਲ ਜੁੜੇ ਹੋਏ ਸਨ।ਇਸ ਦੌਰਾਨ NIA ਦੀ ਟੀਮ ਨੇ ਘਰ ਦੀ ਤਲਾਸ਼ੀ ਲਈ। 17 ਮੈਂਬਰੀ ਕੇਂਦਰੀ ਜਾਂਚ ਏਜੰਸੀ ਦੇ ਮੈਂਬਰਾਂ ਨੇ ਉਸ ਤੋਂ ਸਾਢੇ 10 ਵਜੇ ਤੱਕ ਪੁੱਛਗਿੱਛ ਕੀਤੀ। ਉਹਨਾਂ ਨਾਲ ਸੀਆਈਏ ਸਟਾਫ ਦੇ ਵੀ ਕੁਝ ਮੈਂਬਰ ਹੋਣ ਦੀ ਚਰਚਾ ਹੈ। ਐਨਆਈਏ ਦੀ 17 ਮੈਂਬਰੀ ਟੀਮ ਨੇ ਛਾਪੇਮਾਰੀ ਕੀਤੀ ਤਾਂ ਉਨ੍ਹਾਂ ਦੇ ਨਾਲ ਸੀਆਈ ਸਟਾਫ਼ ਦੇ ਮੌਜੂਦ ਹੋਣ ਦੀ ਚਰਚਾ ਹੈ। ਇਸ ਤੋਂ ਇਲਾਵਾ ਐਨਆਈਏ ਦੀਆਂ ਟੀਮਾਂ ਨੇ ਹੁਸ਼ਿਆਰਪੁਰ ਦੇ ਗੜਸ਼ੰਕਰ ਦੇ ਨਜ਼ਦੀਕ ਪੈਂਦੇ ਪਿੰਡ ਧਮਾਈ ਵਿਖੇ ਜਸਵੰਤ ਸਿੰਘ ਨਾਮ ਦੇ ਵਿਅਕਤੀ ਦੇ ਘਰ ਸਵੇਰੇ ਤੜਕਸਾਰ ਰੇਡ ਮਾਰੀ ਹੈ ਜਿਸ ਵਿੱਚ ਜਸਵੰਤ ਸਿੰਘ ਬੀਜਾਂ ਅਤੇ ਕੀੜੇਮਾਰ ਦਵਾਈਆਂ ਦੀ ਦੁਕਾਨ ਕਰਦਾ ਹੈ,ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਉਸ ਦਾ ਸਬੰਧ ਕਿਹੜੇ ਕੇਸਾਂ ਨਾਲ ਹੈ। ਟੀਮ ਨੇ ਹੁਸ਼ਿਆਰਪੁਰ ਖੇਤਰ ਵਿੱਚ ਦੂਸਰੀ ਰੇਡ ਕਸਬਾ ਹਰਿਆਣਾ ਵਿਖੇ ਸਰਬਜੋਤ ਸਿੰਘ ਨਾਮ ਦੇ ਵਿਅਕਤੀ ਦੇ ਘਰ ਮਾਰੀ ਜੋ ਕਿ ਹਰਿਆਣਾ ਵਿਖੇ ਹੀ ਮੋਬਾਇਲਾਂ ਦੀ ਦੁਕਾਨ ਕਰਦਾ ਹੈ।ਸਰਬਜੋਤ ਰਿਟਾਇਰਡ ਅਧਿਆਪਕ ਦਾ ਪੁੱਤਰ ਹੈ ਅਤੇ ਪਿਛਲੇ ਦਿਨੀਂ ਇਹ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਗਿਆ ਸੀ। ਐੱਨਈਏ ਨੇ ਯਾਤਰਾ ਸਬੰਧੀ ਜ਼ਰੂਰ ਪੁੱਛ-ਗਿੱਛ ਕੀਤੀ ਹੈ। ਇਹ ਪਤਾ ਲੱਗਿਆ ਹੈ ਕਿ ਐਨਆਈਏ ਇਹਨਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਗਈ । ਇਹਨਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਤਿੰਨ ਅਗਸਤ ਨੂੰ ਦਿੱਲੀ ਬੁਲਾ ਲਿਆ ਹੈ। ਇੱਥੇ ਇਹ ਜਿਕਰਯੋਗ ਹੈ ਕਿ ਐਨਆਈਏ ਮਾਲਵਾ ਖੇਤਰ ਵਿੱਚ ਪੈਂਦੇ ਜਿਲ੍ਹੇ ਮੁਕਤਸਰ ਅਤੇ ਮੋਗਾ ਦੇ ਪਿੰਡਾਂ ਵਿੱਚ ਵੀ ਛਾਪੇਮਾਰੀ ਕਰ ਰਹੀ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਛਾਪੇਮਾਰੀ ਗੈਂਗਸਟਰਾ ਜਾਂ ਫਿਰ ਅੱਤਵਾਦ ਨਾਲ ਸਬੰਧਿਤ ਕਿਸੇ ਮਾਮਲੇ ਵਿਚ ਕਾਰਵਾਈ ਕੀਤੀ ਗਈ ਹੈ।