ਮੌਂਟਰੀਆਲ/ ਕੈਨੇਡਾ 4 ਅਗਸਤ ( ਭੁਪਿੰਦਰ ਸਿੰਘ ਮਾਹੀ ) ਪਿਛਲੇ ਸਾਲ ਮਈ 2022 ਵਿੱਚ ਭਾਈ ਅਮਰੀਕ ਸਿੰਘ ਮੋਰਾਂਵਾਲੀ ਅਤੇ ਉਹਨਾਂ ਦੇ ਸਾਥੀ ਭਾਈ ਜਗਦੀਸ਼ ਸਿੰਘ ਤੇ ਤਬਲਾਵਾਦਕ ਭਾਈ ਮਨਵੀਰ ਸਿੰਘ ਅਲਾਚੌਰ ਵਾਲਿਆਂ ਨੇ ਗੁਰਦੁਆਰਾ ਸਾਹਿਬ ਗਰੇਟਰ ਮੌਂਟਰੀਆਲ (ਡੀ.ਡੀ.ਓ.) ਵਿਖੇ ਆਪਣੀ ਕੀਰਤਨ ਦੀ ਸੇਵਾ ਅਰੰਭ ਕੀਤੀ। ਜਿਸਦੇ ਚਲਦਿਆਂ ਉਹਨਾਂ ਦੀ ਰਸਭਿੰਨੀ ਰਸਨਾ ਤੋਂ ਸੰਗਤਾਂ ਗੁਰਬਾਨੀ ਕੀਰਤਨ ਸੁਣ ਕੇ ਨਿਹਾਲ ਹੋ ਜਾਂਦੀਆਂ ਸਨ ਤੇ ਸੰਗਤਾਂ ਦਾ ਬਹੁਤ ਪਿਆਰ ਮਿਲਦਾ ਰਿਹਾ। ਉਹਨਾਂ ਦੀਆਂ ਸੇਵਾਵਾਂ ਪ੍ਰਤੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਵੀ ਖੂਬ ਸ਼ਲਾਘਾ ਕੀਤੀ। ਇਸ ਜੱਥੇ ਨੂੰ 6 ਮਹੀਨੇ ਲਈ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦੀ ਸੇਵਾ ਲਈ ਬੁਲਾਇਆ ਗਿਆ ਸੀ ਪਰ ਸੰਗਤਾਂ ਦੀ ਮੰਗ ਤੇ ਇਹਨਾਂ ਦਾ ਵੀਜ਼ਾ ਇਕ ਸਾਲ ਦਾ ਹੋਰ ਵਧਾਇਆ ਗਿਆ। ਇਸ ਦੌਰਾਨ ਇਸ ਜੱਥੇ ਵੱਲੋਂ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਕੀਰਤਨ ਅਤੇ ਗੁਰਬਾਣੀ ਸੰਥਿਆ ਦੀ ਸਿਖਲਾਈ ਦਿੱਤੀ ਗਈ। ਕਾਫੀ ਲੰਮਾਂ ਸਮਾਂ ਸੇਵਾ ਨਿਭਾਉਣ ਤੋਂ ਬਾਅਦ ਵਾਪਿਸ ਪੰਜਾਬ ਜਾਣ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਇਸ ਜੱਥੇ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਦੀਆਂ ਅੱਖਾਂ ਨਮ ਸੀ। ਸੰਗਤਾਂ ਦੇ ਪਿਆਰ ਦਾ ਸਬੂਤ ਇਹ ਵੀ ਵੇਖਣ ਨੂੰ ਮਿਲਿਆ ਕਿ ਬਹੁਗਿਣਤੀ ਸੰਗਤਾਂ ਇਸ ਜਥੇ ਨੂੰ ਏਅਰਪੋਰਟ ਤੱਕ ਛੱਡਣ ਲਈ ਗਈਆਂ ਤੇ ਇਨਾਂ ਪਿਆਰ ਸਤਿਕਾਰ ਵੇਖ ਕਿ ਇਸ ਜਥੇ ਦੀਆਂ ਵੀ ਅੱਖਾਂ ਨਮ ਹੋ ਗਈਆਂ। ਇਸ ਮੌਕੇ ਭਾਈ ਅਮਰੀਕ ਸਿੰਘ, ਭਾਈ ਜਗਦੀਸ਼ ਸਿੰਘ ਅਤੇ ਭਾਈ ਮਨਵੀਰ ਸਿੰਘ ਨੇ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਤੋਂ ਮਿਲੇ ਪਿਆਰ ਲਈ ਤਹਿਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਆਪ ਸਭ ਦਾ ਇਹ ਪਿਆਰ ਕਦੇ ਨਹੀਂ ਭੁਲਾ ਸਕਦੇ। ਇਸ ਮੌਕੇ ਚੇਅਰਮੈਨ ਸੁਰਿੰਦਰ ਸਿੰਘ ਬੈਂਸ, ਪ੍ਰਧਾਨ ਸ. ਕੇਵਲ ਸਿੰਘ, ਸਟੇਜ ਸੈਕਟਰੀ ਬਾਬਾ ਜਸਪਾਲ ਸਿੰਘ ਆਹਲੂਵਾਲੀਆ, ਹਰਦੀਪ ਸਿੰਘ ਘੁੰਮਣ, ਭਾਈ ਰਜਿੰਦਰ ਸਿੰਘ ਰਹਿਪਾ ਗ੍ਰੰਥੀ, ਕਿਰਪਾਲ ਸਿੰਘ ਭੰਡਾਲ, ਰਾਜਬੀਰ ਸਿੰਘ ਭੰਡਾਲ, ਜਗਜੀਤ ਸਿੰਘ, ਬਲਦੇਵ ਸਿੰਘ, ਬੰਦਨ ਸਿੰਘ, ਪਵਿੱਤਰ ਸਿੰਘ, ਸੁਰਿੰਦਰ ਸਿੰਘ ਸਰੋਆ, ਗੁਰਮੇਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਿਰ ਸਨ।