ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਕਮੇਟੀ ਵੱਲੋਂ ਕੀਤਾ ਸਨਮਾਨਤ
ਆਕਲੈਂਡ 7 ਅਗਸਤ ( ਨਜ਼ਰਾਨਾ ਨਿਊਜ ਨੈੱਟਵਰਕ ) ਗਿਆਨੀ ਜਗਦੇਵ ਸਿੰਘ ਮੁੱਖ ਪ੍ਰਚਾਰਕ ਜੋ ਪਿਛਲੇ ਦੋ ਮਹੀਨਿਆਂ ਤੋਂ ਗੁਰਦਵਾਰਾ ਸ਼੍ਰੀ ਦਸਮੇਸ਼ ਦਰਬਾਰ ਅਤੇ ਨਿਊਜ਼ੀਲੈਂਡ ਦੇ ਵੱਖ ਵੱਖ ਹੋਰਨਾਂ ਗੁਰੂ ਘਰਾਂ ਵਿੱਚ ਸੰਗਤਾਂ ਨੂੰ ਜਿੱਥੇ ਗੁਰਬਾਣੀ ਕਥਾ ਨਾਲ ਨਿਹਾਲ ਕਰਦੇ ਰਹੇ, ਉਥੇ ਵਿਗਿਆਨਿਕ ਨਜ਼ਰਿਏ ਤੋਂ ਗਿਆਨ ਵਰਧਕ ਸ਼ਰਧਾ ਯੁਕਤ ਕਥਾ ਕਰਦਿਆਂ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਦੇ ਖਾਸ ਕਰ ਧਾਰਮਿਕ, ਸਮਾਜਿਕ, ਵਿਗਿਆਨਿਕ ਜਾਗ੍ਰਿਤੀ ਲਿਆਉਂਦੇ ਰਹੇ ; ਨੂੰ ਅੱਜ ਐਤਵਾਰ ਦੇ ਹਫਤਾਵਾਰੀ ਸਮਾਗਮਾਂ ਵਿੱਚ ਦਸਮੇਸ਼ ਦਰਬਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕਰਦਿਆਂ ਨਿਊਜ਼ੀਲੈਂਡ ਤੋਂ ਨਿੱਘੀ ਵਿਦਾਇਗੀ ਦਿੱਤੀ ਗਈ । ਜਿੱਥੋਂ ਉਹ ਕੱਲ੍ਹ ਸੋਮਵਾਰ ਸੁਵੱਖਤੇ ਆਸਟ੍ਰੇਲੀਆ ਲਈ ਰਵਾਨਾ ਹੋ ਰਹੇ ਹਨ । ਆਸਟ੍ਰੇਲੀਆ ਵਿਖੇ ਵੀ ਉਹ ਸੰਗਤਾਂ ਨਾਲ ਕਥਾ ਕਰਦਿਆਂ ਸਾਂਝ ਪਾਉਣਗੇ ! ਅੱਜ ਦੇ ਅਖੰਡ ਪਾਠ ਭੋਗ ਪੰਜਾਬ ਵਿੱਚ ਆਏ ਹੜਾਂ ਤੋਂ ਨਿਜਾਤ ਦਿਵਾਉਣ ਅਤੇ ਲੋਕਾਂ ਦੀ ਸੁੱਖ ਸਲਾਮਤੀ ਦੀ ਕਾਮਨਾ ਕਰਦਿਆਂ ਪਵਾਏ ਗਏ ਜਿਸ ਵਿੱਚ ਕਮੇਟੀ ਤੇ ਸਿੱਖ ਸੰਗਤਾਂ ਵਲੋਂ ਹੜ ਪੀੜਤਾਂ ਨੂੰ ਭੇਜਣ ਲਈ ਫੰਡ ਵੀ ਕਾਇਮ ਅਤੇ ਇਕੱਠਾ ਕੀਤਾ ਗਿਆ । ਹਜ਼ੂਰੀ ਰਾਗੀ ਗੁਰਦਿੱਤ ਸਿੰਘ ਹਜ਼ਾਰਾ ਸਿੰਘ ਤੇ ਸੁਖਜੀਤ ਸਿੰਘ ਨੇ ਰਸਭਿੰਨਾ ਗੁਰਬਾਣੀ ਕੀਰਤਨ ਕੀਤਾ ! ਸੁਰਜੀਤ ਸਿੰਘ ਸੱਚਦੇਵਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਇਸ ਫੰਡ ਵਿੱਚ ਆਪਣਾ ਯੋਗਦਾਨ ਪਾਉਣ ਦੀ ਬੇਨਤੀ ਕੀਤੀ । ਇਸ ਮੌਕੇ ਕਮੇਟੀ ਚੇਅਰਮੈਨ ਸਰਦਾਰ ਪ੍ਰਿਥੀਪਾਲ ਸਿੰਘ ਬਸਰਾ ਨੇ ਗਿਆਨੀ ਜਗਦੇਵ ਸਿੰਘ ਦੀ ਨਿਮ੍ਰਤਾ , ਸੂਝਵਾਨਤਾ, ਸਿਆਣਪ, ਸਹਿਣਸ਼ੀਲਤਾ, ਸਪਸ਼ਟਤਾ ਦੀ ਤਾਰੀਫ ਕਰਦਿਆਂ ਉਹਨਾਂ ਨੂੰ ਦੁਬਾਰਾ ਕਥਾ ਕਰਨ ਲਈ ਆਉਣ ਦੀ ਬੇਨਤੀ ਕੀਤੀ ! ਇਸ ਮੌਕੇ ਰਾਹੁਲ ਚੋਪੜਾ ਜੋ ਕਿ ਆਉਂਦੀਆਂ ਚੋਣਾਂ ਵਿੱਚ ਉਮੀਦਵਾਰ ਹਨ, ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਦੇਸ਼ ਵਿੱਚ ਵੱਧ ਰਹੇ ਕਰਾਇਮ ਅਤੇ ਮਹਿੰਗਾਈ ਨੂੰ ਠੱਲ ਪਾਉਣ ਲਈ ਉਨ੍ਹਾਂ ਦੀ ਪਾਰਟੀ ਤੇ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ । ਇਸ ਮੌਕੇ ਚੇਅਰਮੈਨ ਪ੍ਰਿਥੀਪਾਲ ਸਿੰਘ ਬਸਰਾ, ਉਪ ਚੇਅਰਮੈਨ ਬੇਅੰਤ ਸਿੰਘ ਜਡੌਰ, ਪ੍ਰਧਾਨ ਮਨਜੀਤ ਸਿੰਘ ਬਾਠ, ਸਾਬਕਾ ਪ੍ਰਧਾਨ ਰੇਸ਼ਮ ਸਿੰਘ, ਕੈਸ਼ੀਅਰ ਕੁਲਵਿੰਦਰ ਸਿੰਘ ਬਾਠ, ਮੈਨੇਜਰ ਹਰਮਿੰਦਰ ਸਿੰਘ ਬਰਾੜ ਤੇ ਡਾ ਹਰਗੋਬਿੰਦ ਸਿੰਘ ਸ਼ੇਖਪੁਰੀਆ, ਸਾਬਕਾ ਐਮ ਪੀ ਮਹੇਸ਼ ਬਿੰਦ੍ਰਾ, ਡਾਕਟਰ ਪ੍ਰਦੀਪ ਖੁੱਲਰ, ਰਵੀ ਇੰਦਰ ਸਿੰਘ ਰਵੀ, ਪ੍ਰਮੋਧ ਖੁੱਲਰ, ਅਜੀਤ ਸਿੰਘ ਪ੍ਰਮਾਰ, ਅਜੀਤ ਸਿੰਘ ਸਤੌਰ, ਬਲਬੀਰ ਸਿੰਘ ਬਸਰਾ, ਹਰਦੀਪ ਸਿੰਘ ਬਸਰਾ, ਰਣਜੀਤ ਸਿੰਘ, ਗ੍ਰੰਥੀ ਕਸ਼ਮੀਰਾ ਸਿੰਘ ਚਮਨ ਆਦਿ ਪਤਵੰਤੇ ਹਾਜ਼ਰ ਸਨ ! ਜਦੋਂ ਕਿ ਕਮੇਟੀ ਰੂਮ ਵਿੱਚ ਸੁਨੀਲ ਕੁਮਾਰ ਨੇ ਗਿਆਨੀ ਜਗਦੇਵ ਸਿੰਘ ਮੁੱਖ ਪ੍ਰਚਾਰਕ ਅਤੇ ਚੇਅਰਮੈਨ ਸਰਦਾਰ ਬਸਰਾ ਦੇ ਕਰ ਕਮਲਾਂ ਤੋਂ ਲੈਪਟਾਪ ਵੰਡਾਏ !