ਕਦੇ ਗੁਰਦੁਆਰਾ ਸਾਹਿਬਾਨ ਵਿੱਚ ਝਗੜੇ ਤੇ ਕਦੀਂ ਹੋਟਲਾਂ,ਮੈਰਿਜ ਪੈਲਸਾਂ ਵਿੱਚ ਹੋ ਰਿਹਾ ਹੈ ਆਨੰਦ ਕਾਰਜ
*ਇਟਲੀ ਦੀਆਂ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਫਿਰ ਵੱਜੀ ਡੂੰਘੀ ਸੱਟ*
ਰੋਮ (ਨਜ਼ਰਾਨਾ ਨਿਊਜ ਬਿਊਰੋ) 16 ਮਾਰਚ 1998 ਈ:ਨੂੰ ਸਿੱਖ ਕੌਮ ਦੇ ਸਰਵਉੱਚ ਤ਼ਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਜਿਹੜਾ ਉਸ ਸਮੇਂ ਦੇ ਜੱਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਸੀ ਉਸ ਹੁਕਮਨਾਮੇ ਅਨੁਸਾਰ ਕੋਈ ਵੀ ਸਖਸ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਆਨੰਦ ਕਾਰਜ ਕਰਵਾਉਣ ਲਈ ਮੈਰਿਜ ਪੈਲਸ ਜਾਂ ਹੋਟਲਾਂ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਨੂੰ ਰੋਕਣ ਅਤੇ ਗੁਰੂ ਸਾਹਿਬ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦੇ ਨਹੀਂ ਲਿਜਾ ਸਕਦਾ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੈਰਿਜ ਪੈਲਸਾਂ ਜਾਂ ਹੋਟਲਾਂ ਵਿੱਚ ਹੁੰਦੀ ਬੇਅਦਬੀ ਨੂੰ ਰੋਕਣ ਲਈ ਗ੍ਰੰਥੀ ਸਿੰਘਾਂ,ਰਾਗੀ ਸਿੰਘਾਂ ਤੇ ਪ੍ਰਬੰਧਕਾਂ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਸਖ਼ਤ ਹਦਾਇਤ ਕੀਤੀ ਗਈ।
ਪੰਥ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਵੱਲੋਂ ਜਾਰੀ ਇਹ ਹੁਕਮਨਾਮਾ ਦੁਨੀਆਂ ਭਰ ਦੀ ਸਿੱਖ ਸੰਗਤ ਲਈ ਹੈ ਪਰ ਅਫ਼ਸੋਸ ਇਟਲੀ ਵਿੱਚ ਅੱਜ ਵੀ ਕੁਝ ਸਿੱਖ ਸਮਾਜ ਦੇ ਲੋਕ ਇਸ ਹੁਕਮਨਾਮੇ ਨੂੰ ਮੰਨਣ ਤੋਂ ਮੁੱਨਕਰ ਹੀ ਨਹੀਂ ਸਗੋ ਸਿੱਖ ਮਰਿਆਦਾ ਦੀਆਂ ਬਿਨ੍ਹਾਂ ਗੁਰੂ ਦੇ ਭੈਅ ਤੋਂ ਧੱਜੀਆਂ ਉੱਡਾ ਰਹੇ ਹਨ ਜਿਸ ਦੀਆਂ ਬੇਸ਼ੱਕ ਕਿ ਇਟਲੀ ਵਿੱਚ ਕਈ ਉਦਹਾਰਣਾ ਬੀਤੇ ਸਮੇਂ ਦੀਆਂ ਮਿਲ ਜਾਣਗੀਆਂ ਪਰ ਅੱਜ ਗੱਲ ਸਿਰਫ਼ ਅਸੀਂ ਉਸ ਤਾਜ਼ੀ ਘਟਨਾ ਦੀ ਕਰ ਰਹੇ ਹਾਂ ਜਿਸ ਵਿੱਚ ਇਟਲੀ ਦੇ ਕੁਝ ਸਿੰਘਾਂ ਨੇ ਇੰਗਲੈਂਡ ਤੋਂ ਆਏ ਸਿੱਖ ਪਰਿਵਾਰ ਦਾ ਵਿਆਹ ਅਧੂਰੀ ਸਿੱਖ ਮਰਿਆਦਾ ਅਨੁਸਾਰ ਕਰਵਾਇਆ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਪੋਥੀ ਸਾਹਿਬ ਨਾਲ ਆਨੰਦ ਕਾਰਜ ਕਰਵਾਉਣ ਦੀ ਘਟਨਾ ਸਾਹਮ੍ਹਣੇ ਆ ਰਹੀ ਹੈ।
ਇਸ ਘਟਨਾ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ ਦਾ ਪ੍ਰਕਾਸ਼ ਇੱਕ ਨਦੀ ਕਿਨਾਰੇ ਕੀਤਾ ਗਿਆ ਪਰ ਇਸ ਮੌਕੇ ਤੇ ਜੋ ਮਾਹੌਲ ਕੈਮਰੇ ਦੀ ਅੱਖ ਤੋਂ ਸਾਹਮ੍ਹਣੇ ਆਇਆ ਉਸ ਤੋਂ ਸਾਫ਼ ਇਹ ਲੱਗ ਰਿਹਾ ਸੀ ਕਿ ਕਿ ਪ੍ਰਬੰਧਕਾਂ ਤੇ ਵਿਆਹ ਵਾਲੇ ਪਰਿਵਾਰਾਂ ਨੂੰ ਗੁਰੂ ਸਾਹਿਬ ਦੇ ਅਦਬ ਸਤਿਕਾਰ ਦਾ ਕੋਈ ਫਿਕਰ ਨਹੀਂ।ਪ੍ਰਕਾਸ਼ਮਾਨ ਬਾਣੀ ਦੀ ਸੇਵਾ ਲਈ ਕੋਈ ਸਿੰਘ ਨਜ਼ਰ ਨਹੀ ਆ ਰਿਹਾ ਸੀ ਤੇ ਲੋਕ ਆਲੇ-ਦੁਆਲੇ ਨੰਗੇ ਸਿਰ,ਜੁੱਤੀਆਂ ਪਾ ਸਿਗਰਟਾਂ ਆਦਿ ਪੀ ਰਹੇ ਸਨ ਜਿਹੜਾ ਕਿ ਸਿੱਖੀ ਸਿਧਾਂਤ ਤੇ ਮਰਿਆਦਾ ਨੂੰ ਛਿੰਕੇ ਟੰਗ ਬੇਅਦਬੀ ਦੀ ਨਿੰਦਣਯੋਗ ਕਾਰਵਾਈ ਹੈ।ਇਸ ਘਟਨਾ ਸੰਬਧੀ ਬੇਸ਼ੱਕ ਕਿ ਮੌਜੂਦਾ ਗ੍ਰੰਥੀ ਸਿੰਘ ਨੇ ਇੱਕ ਆਡੀਓ ਵਿੱਚ ਇਟਲੀ ਦੀਆਂ ਸਿਰਮੌਰ ਜੱਥੇਬੰਦੀਆਂ ਦੇ ਸਿਰਮੌਰ ਆਗੂਆਂ ਤੋਂ ਮਾਫ਼ੀ ਮੰਗ ਭੁੱਲ ਬਖਸਾਉਣ ਦੀ ਵੀ ਕੋਸਿ਼ਸ ਕੀਤੀ ਗਈ ਹੈ।ਪਾਠੀ ਸਿੰਘ ਸਾਹਿਬ ਨੇ ਮਾਫ਼ੀਨਾਮਾ ਆਡੀਓ ਵਿੱਚ ਕਿਹਾ ਹੈ ਕਿ ਉਸ ਨੂੰ ਕਿਸੇ ਜਾਣਕਾਰ ਨੇ ਫੋਨ ਕਰਕੇ ਆਨੰਦ ਕਾਰਜ਼ ਕਰਵਾਉਣ ਦੀ ਸੇਵਾ ਕਰਨ ਨੂੰ ਕਿਹਾ ਜਿਸ ਨੂੰ ਉਹਨਾਂ ਪ੍ਰਵਾਨ ਵੀ ਕਰ ਲਿਆ ਪਰ ਜਦੋਂ ਉਹ ਪੰਡਾਲ ਵਿੱਚ ਗਏ ਤਾਂ ਪਤਾ ਲੱਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸਗੋਂ ਪੋਥੀ ਸਾਹਿਬ ਹੈ ਜਿਸ ਦੁਆਰਾ ਆਨੰਦ ਕਾਰਜ ਕਰਵਾਉਣਾ ਹੈ।ਪਾਠੀ ਸਿੰਘ ਦੋਚਿੱਤੀ ਵਿੱਚ ਫਸ ਗਿਆ ਤੇ ਮਜ਼ਬੂਰੀ ਵੱਸ ਉਸ ਨੂੰ ਆਨੰਦ ਕਾਰਜ ਕਰਵਾਉਣਾ ਪਿਆ।
ਇਸ ਘਟਨਾ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਇਟਲੀ ਦੀਆਂ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੁਰਬਾਣੀ ਦੀ ਬੇਅਦਬੀ ਨਾਲ ਡੂੰਘੀ ਸੱਟ ਵੱਜੀ ਹੈ ਪਰ ਅਫਸੋਸ ਕੀਤਾ ਕੀ ਜਾਵੇ ਜਦੋਂ ਕਿ ਇਟਲੀ ਦੀਆਂ ਇੱਕਾ-ਦੁੱਕਾ ਸੰਸਥਾਵਾਂ ਨੇ ਇਸ ਘਟਨਾ ਦੀ ਗੋਂਗਲੂ ਝਾੜ ਵਾਂਗਰ ਨਿਖੇਧੀ ਕਰਦਿਆਂ ਜਿੰਮੇਵਾਰ ਸਖ਼ਸਾਂ ਨੂੰ ਸਿਰਫ਼ ਇਸ ਕਾਰਨ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ ਕਰਨ ਨੂੰ ਕਿਹਾ ਕਿਉਂਕਿ ਜਿੰਮੇਵਾਰ ਲੋਕ ਇਹਨਾਂ ਸੰਸਥਾਵਾਂ ਦੇ ਕਿਸੇ ਨਾ ਕਿਸੇ ਰੂਪ ਵਿੱਚ ਹਮਾਇਤੀ ਹਨ ਜੇਕਰ ਇਹ ਲੋਕ ਇਹਨਾਂ ਸੰਸਥਾਵਾਂ ਦੇ ਹਮਾਇਤੀ ਨਾ ਹੁੰਦੇ ਤਾਂ ਇਹ ਸੰਸਥਾਵਾਂ ਦੇ ਕੁਝ ਆਗੂਆਂ ਤਾਂ ਲਾਮ ਲਸ਼ੱਕਰ ਲੈ ਕਾਗਜ਼ੀ ਪਹਿਲਵਾਨ ਬਣ ਹਵਾ ਵਿੱਚ ਇਸ ਤਰ੍ਹਾਂ ਉੱਡਣਾ ਸੀ ਜਿਵੇਂ ਕਿ ਉਹਨਾਂ ਨੇ ਆਪ ਕਦੇਂ ਵੀ ਮਰਿਆਦਾ ਭੰਗ ਨਹੀਂ ਕੀਤੀ ਪਰ ਗੁਰੂ ਦੇ ਅਦਬ ਦਾ ਫਿੱਕਰ ਵਿਰਲੀਆਂ ਰੂਹਾਂ ਨੂੰ ਹੀ ਹੈ ਜਿਹੜੀਆਂ ਕਿ ਗੁਰੂ ਸਾਹਿਬ ਦੇ ਮਾਣ-ਸਾਨਮਾਨ ਲਈ ਆਪਾਂ ਵਾਰਨ ਲਈ ਤਿਆਰ-ਬਰ-ਤਿਆਰ ਰਹਿੰਦੀਆਂ ਹਨ ।ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਇਟਲੀ ਦੇ ਬਹੁਤੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਨੰਦ ਕਾਰਜ ਕਰਵਾਉਣ ਲਈ ਹੋਟਲਾਂ ਜਾਂ ਮੈਰਿਜ ਪੈਲਸਾਂ ਵਿੱਚ ਨਹੀਂ ਲੈਕੇ ਜਾ ਰਹੀਆਂ ਪਰ ਫਿਰ ਵੀ ਕੁਝ ਸੁਆਰਥੀ ਤੇ ਲੋਭੀ ਬਿਰਤੀ ਵਾਲੇ ਲੋਕ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਨਹੀਂ ਡਰਦੇ ਜਦੋਂ ਕਿ ਦੂਜੇ ਪਾਸੇ ਇੱਕ ਅਜਿਹੀ ਟੀਮ ਹੈ ਜੋ ਪੂਰੀ ਇਟਲੀ ਵਿੱਚ ਕੰਮ ਕਰ ਰਹੀਆਂ ਜੋ ਕਿ ਬਾਹਰੋਂ ਆਉਣੇ ਵਾਲੇ ਸਿੱਖ ਪਰਿਵਾਰਾਂ ਦਾ ਇਟਲੀ ਵਿੱਚ ਆਨੰਦ ਕਾਰਜ ਕਰਵਾਉਂਦੇ ਹਨ ਇਹ ਟੀਮ ਪਰਿਵਾਰਾਂ ਨੂੰ ਦੱਸੇ ਬਿਨ੍ਹਾਂ ਹੀ ਗੁਰੂ ਸਾਹਿਬ ਦੀ ਬਾਣੀ ਦੀ ਪੋਥੀ ਨਾਲ ਹੀ ਆਨੰਦ ਕਾਰਜ ਕਰਵਾ ਰਹੇ ਹਨ ਜਦੋਂ ਕਿ ਅਜਿਹਾ ਕਰਨਾ ਵੀ ਸਿੱਖ ਮਰਿਆਦਾ ਦੇ ਵਿਰੁੱਧ ਹੈ ਪਰ ਫਿਰ ਵੀ ਇਹ ਗੌਰਖ ਧੰਦਾ ਕੁਝ ਸਿੱਖ ਆਗੂਆਂ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ
ਜਿਹੜੇ ਸਿੱਖ ਪਰਿਵਾਰ ਇੰਗਲੈਂਡ ਜਾਂ ਹੋਰ ਬਾਹਰੋਂ ਆਕੇ ਇਟਲੀ ਵਿੱਚ ਆਪਣੇ ਬੱਚਿਆਂ ਦਾ ਆਨੰਦ ਕਾਰਜ ਦੁਆਰਾ ਵਿਆਹ ਕਰਵਾਉਣਾ ਚਾਹੁੰਦੇ ਹਨ ਉਹਨਾਂ ਨੂੰ ਵੀ ਰੱਤੀ ਭਰ ਪਤਾ ਨਹੀਂ ਹੁੰਦਾ ਕਿ ਆਨੰਦ ਕਾਰਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਹੋਇਆ ਹੈ ਜਾਂ ਫਿਰ ਪੋਥੀ ਸਾਹਿਬ ਨਾਲ,ਸੰਬਧਤ ਪਰਿਵਾਰ ਤਾਂ ਸਿਰਫ਼ ਪਾਠੀ ਸਿੰਘਾਂ ਦੀ ਬਾਣੀ ਤੇ ਬਾਣਾ ਹੀ ਦੇਖ ਖੁਸ਼ ਹੋ ਜਾਂਦੇ ਹਨ ਕਿ ਆਨੰਦ ਕਾਰਜ ਸੰਪੂਰਨ ਹੈ ।ਇਸ ਮਹਾ ਕੁਤਾਹੀ ਲਈ ਜਿੰਮੇਵਾਰ ਕੌਣ ਹੈ ਕੀ ਇਸ ਤਰ੍ਹਾਂ ਹੀ ਇਟਲੀ ਵਿੱਚ ਗੁਰੂ ਨਾਨਕ ਦੇ ਘਰ ਦੇ ਸ਼ਰਧਾਵਾਨ ਸਿੱਖ ਪਰਿਵਾਰਾਂ ਨਾਲ ਵਿਸ਼ਵਾਸਘਾਤ ਤੇ ਧੋਖਾ ਹੁੰਦਾ ਰਹੇਗਾ ਜਾਂ ਫਿਰ ਕੋਈ ਜਾਗਦੀ ਜਮੀਰ ਵਾਲੀਆਂ ਸਿੱਖ ਸੰਸਥਾਵਾਂ ਅੱਗੇ ਜਾ ਗੁਰੂ ਸਾਹਿਬ ਦੀ ਬੇਅਦਬੀ ਤੇ ਭੰਗ ਹੋ ਰਹੀ ਸਿੱਖ ਮਰਿਆਦਾ ਨੂੰ ਬਚਾਉਣਗੀਆਂ।ਇਹ ਸਵਾਲ ਸੰਗਤ ਦੀ ਜੁਬਾਨ ਤੇ ਹਨ ਜਿਸ ਦਾ ਜਵਾਬ ਕੌਣ ਦਵੇਗਾ ਪਤਾ ਨਹੀਂ,,,,,,,,?