ਕੁਲਜੀਤ ਦੀ ਬੇਵਕਤ ਮੌਤ ਮੀਡੀਆ ਖੇਤਰ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ
ਟੌਰੰਟੋ 12 ਸਤੰਬਰ ( ਭੁਪਿੰਦਰ ਸਿੰਘ ਮਾਹੀ ) ਕੈਨੇਡਾ ਦੇ ਮੀਡੀਆ ਹਲਕਿਆਂ ਵਿੱਚ ਇਹ ਖ਼ਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਰੇਡੀਓ ਅਤੇ ਟੀ ਵੀ ਰਿਪੋਰਟਰ ਬੀਬੀ ਕੁਲਜੀਤ ਕੌਰ ਕੈਲਾ ਬੀਤੇ ਦਿਨ ਗੁਜ਼ਰ ਗਈ ਹੈ। ਉਹ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸੀ ਅਤੇ ਬੀਤੇ ਕੁਝ ਸਮੇਂ ਤੋਂ ਜ਼ੇਰੇ ਇਲਾਜ ਸੀ। ਕੈਨੇਡੀਅਨ ਜੰਪਲ ਕੁਲਜੀਤ ਕੈਲਾ ਨੇ ਆਪਣਾ ਪੜਾਈ ਦਾ ਸਫ਼ਰ ਮਕੈਂਜ਼ੀ ਸ਼ਹਿਰ ਤੋਂ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਮੀਡੀਆ ਖੇਤਰ ਵਿੱਚ ਉੱਚ ਵਿੱਦਿਆ ਹਾਸਿਲ ਕੀਤੀ। ਮਗਰੋਂ ਕੁਲਜੀਤ ਨੇ ਸੀ ਬੀ ਸੀ ਰੇਡਿਓ ਅਤੇ ਟੈਲੀਵਿਜ਼ਨ ‘ਤੇ ਸੇਵਾਵਾਂ ਨਿਭਾਈਆਂ। ਕੁਲਵੀਰ ਸਿੰਘ ਅਤੇ ਸੰਗੀਤਾ ਕੈਲਾ ਦੀ ਹੋਣਹਾਰ ਧੀ ਕੁਲਜੀਤ ਕੌਰ ਕੈਨੇਡਾ ਦੇ ਮੁੱਖ ਧਾਰਾ ਮੀਡੀਏ ਵਿੱਚ ਚੰਗੀ ਪਛਾਣ ਬਣਾ ਚੁੱਕੀ ਸੀ, ਪਰ ਇਸੇ ਦੌਰਾਨ ਉਹ ਕੈਂਸਰ ਦਾ ਸ਼ਿਕਾਰ ਹੋ ਗਈ ਤੇ ਭਿਆਨਕ ਬਿਮਾਰੀ ਜਾਨਲੇਵਾ ਸਾਬਤ ਹੋਈ। ਪੰਜਾਬੀ ਮੀਡੀਆ ਵੱਲੋਂ ਕੁਲਜੀਤ ਕੌਰ ਕੈਲਾ ਦੇ ਵਿਛੋੜੇ ‘ਤੇ ਡੂੰਘੀ ਹਮਦਰਦੀ ਦਾ ਇਜ਼ਹਾਰ ਹੈ ਤੇ ਉਸ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ ਹੈ।