**ਘਰ ਦੇ ਅੰਦਰ ਅਤੇ ਬਾਹਰ ਘਰੇਲੂ ਸਮਾਨ ਨੂੰ ਅੱਗ ਲਗਾ ਦਿੱਤੀ ਗਈ *** ਦੋਸ਼ੀ ਗ੍ਰਿਫਤਾਰ
ਨੂਰਮਹਿਲ 14 ਸਤੰਬਰ ( ਤਰਨਜੋਤ ਸਿੰਘ ) ਨੂਰਮਹਿਲ ਦੇ ਪਿੰਡ ਸਿੱਧਮ ਹਰੀ ਸਿੰਘ ਵਿਖੇ ਇਕ ਨੌਜਵਾਨ ਵਲੋਂ ਘਰੇਲੂ ਕਲੇਸ਼ ਦੇ ਚਲਦਿਆਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਦੁਖਦਾਈ ਖਬਰ ਮਿਲੀ ਹੈ।
ਡੀਐਸਪੀ ਸਤਪਾਲ ਸਿੰਘ , SHO ਨਕੋਦਰ ਗੁਰਿੰਦਰਜੀਤ ਸਿੰਘ ਨਾਗਰਾ ਥਾਣਾ ਸਦਰ ਅਤੇ SHO ਸਤਪਾਲ ਸਿੰਘ ਥਾਣਾ ਸਿਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਸਤੰਬਰ ਦੀ ਰਾਤ ਨੂੰ ਮੁਲਜ਼ਮ ਅਮਰਪ੍ਰੀਤ ਸਿੰਘ ਪੁੱਤਰ ਸੀਤਲ ਸਿੰਘ ਵਾਸੀ ਸਿੱਧਮ ਹਰੀ ਸਿੰਘ ਦੀ ਆਪਣੀ ਮਾਤਾ ਨਾਲ ਲੜਾਈ ਹੋ ਗਈ ਜਿਸ ਦੌਰਾਨ ਦੋਸ਼ੀ ਨੇ ਗੁਟਕਾ ਸਾਹਿਬ ਦੀ ਬੇਅਦਬੀ ਕਰਦਿਆਂ ਗੁਟਕਾ ਸਾਹਿਬ ਦੇ ਅੰਗ ਪਾੜਨ ਦੀ ਵੀਡੀਓ ਵੀ ਬਣਾ ਲਈ ਅਤੇ ਘਰ ਦੇ ਸਮਾਨ ਨੂੰ ਵੀ ਘਰੋਂ ਬਾਹਰ ਸੁੱਟ ਕੇ ਅੱਗ ਲਗਾ ਦਿੱਤੀ। ਰੇਸ਼ਮ ਸਿੰਘ ਪੁੱਤਰ ਬਖਸ਼ੀਸ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਨੇ ਤੁਰੰਤ ਥਾਣਾ ਨੂਰਮਹਿਲ ਨੂੰ ਸੂਚਨਾ ਦਿੱਤੀ। ਜਿਸ ਤੇ ਸਬ-ਇੰਸਪੈਕਟਰ ਮਨਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਦੋਸ਼ੀ ਅਮਨਪ੍ਰੀਤ ਸਿੰਘ ਉਰਫ ਪੀਤਾ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਮੁਲਜ਼ਮ ਦੀ ਮਾਤਾ ਗੁਰਬਖਸ਼ ਕੌਰ ਨੇ ਦੱਸਿਆ ਕਿ ਮੇਰਾ ਲੜਕਾ ਮੇਰੇ ਨਾਲ ਆਏ ਦਿਨ ਕੁੱਟਮਾਰ ਕਰਦਾ ਹੈ। ਉਹ ਮੇਰੇ ਖੂਹ ‘ਤੇ ਬੰਨ੍ਹੇ ਲਵੇਰਿਆਂ ਨੂੰ ਵੀ ਕੁੱਟਦਾ ਹੈ। ਇੱਕ ਮਹੀਨਾ ਪਹਿਲਾਂ ਜਦੋਂ ਮੈਂ ਆਪਣੀ ਭੈਣ ਦੇ ਪਿੰਡ ਰਾਮਪੁਰ ਗਈ ਸੀ ਤਾਂ ਵੀ ਉਸ ਨੇ ਮੇਰੀ ਕੁੱਟਮਾਰ ਕੀਤੀ। ਉਹ ਕਈ ਵਾਰ ਥਾਣਾ ਨੂਰਮਹਿਲ ਵਿਖੇ ਮੁਆਫੀ ਮੰਗ ਰਾਜੀਨਾਮਾ ਕਰ ਚੁੱਕਾ ਹੈ ਪਰ ਫਿਰ ਕੁੱਟਣਾ ਸ਼ੁਰੂ ਕਰ ਦਿੰਦਾ ਹੈ।ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।