ਮੌਤ ਇਕ ਅਟੱਲ ਸੱਚ ਹੈ, ਦੁਨੀਆਂ ‘ਚ ਜਨਮ ਲੈਣ ਵਾਲੇ ਹਰ ਇਨਸਾਨ ਨੂੰ ਇਕ ਦਿਨ ਸਦਾ ਲਈ ਦੁਨੀਆਂ ਛੱਡ ਕੇ ਜ਼ਰੂਰ ਜਾਣਾ ਪੈਂਦਾ ਹੈ, ਪਰ ਸੰਸਾਰ ‘ਚ ਕੁਝ ਅਜਿਹੀਆਂ ਪਵਿੱਤਰ ਆਤਮਾਵਾਂ ਵੀ ਜਨਮ ਲੈਂਦੀਆਂ ਹਨ, ਜੋ ਜਾਣ ਮਗਰੋਂ ਵੀ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਯਾਦਾਂ ਬਣ ਤਾਜ਼ਾ ਰਹਿੰਦੀਆਂ ਹਨ। ਇਸੇ ਸ਼੍ਰੇਣੀ ‘ਚ ਇੱਕ ਸ਼ਾਮਲ ਨਾਂਅ ਹੈ ਨਿਮਰਤਾ ਦੀ ਮੂਰਤ ਮਾਤਾ ਪਰਵਿੰਦਰ ਕੌਰ ਜੀ। ਜੋ ਕਿ ਸਿੱਖ ਪੰਥ ਦੇ ਪ੍ਰਸਿੱਧ ਵਿਆਖਿਆਕਾਰ, ਕਥਾਵਾਚਕ, ਗੁਰਮਤਿ ਪ੍ਰਚਾਰਕ ਅਤੇ ਧਾਰਮਿਕ ਜੀਵਨ ਵਾਲੇ ਗੁਰਸਿੱਖ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਤਿਕਾਰਯੋਗ ਮਾਤਾ ਜੀ ਸਨ।
ਮਾਤਾ ਪਰਵਿੰਦਰ ਕੌਰ ਦਾ ਜਨਮ ਪਿੰਡ ਅਤਾਲਾਂ (ਪਾਤੜਾਂ) ਵਿਖੇ ਪਿਤਾ ਸਵ. ਅਜੀਤ ਸਿੰਘ ਦੇ ਘਰ ਮਾਤਾ ਸੰਤ ਕੌਰ ਦੀ ਕੁੱਖੋਂ ਹੋਇਆ। ਮਾਤਾ ਜੀ ਬਚਪਨ ਤੋਂ ਹੀ ਧਾਰਮਿਕ ਖਿਆਲਾਂ ਦੇ ਅਤੇ ਨਿੱਘੇ ਸੁਭਾਅ ਦੇ ਮਾਲਿਕ ਸਨ। ਉਨ੍ਹਾਂ ਦਾ ਵਿਆਹ ਸਰਦਾਰ ਸੰਪੂਰਨ ਸਿੰਘ ਜੀ ਪਿੰਡ ਢੱਡਰੀਆਂ (ਸੰਗਰੂਰ) ਨਾਲ ਸਾਲ 1981 ਵਿੱਚ ਹੋਇਆ ਅਤੇ ਉਨ੍ਹਾਂ ਦੇ ਘਰ ਦੋ ਸਪੁੱਤਰਾਂ ਭਾਈ ਸਾਹਿਬ ਰਣਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਜਨਮ ਲਿਆ।
ਧਾਰਮਿਕ ਬਿਰਤੀ, ਮਿਲਾਪੜਾ ਸੁਭਾਅ, ਚੰਗੀ ਸੋਚ ਅਤੇ ਚੰਗੇ ਕਰਮ ਹਰ ਇੱਕ ਦੇ ਹਿੱਸੇ ਨਹੀਂ ਆਉਂਦੇ ਇਹ ਵੀ ਇੱਕ ਦੁਨਿਆਵੀ ਸਚਾਈ ਹੈ।ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ, ਧਾਰਮਿਕ ਖਿਆਲਾਂ ਦੇ ਧਨੀ ਬਨਾਉਣਾ, ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਤੇ ਚਲਾਉਣਾ ਅਤੇ ਸਮਾਜ ਸੇਵਾ ਪ੍ਰਤੀ ਪ੍ਰੇਰਨਾ ਦੇਣਾ ਆਦਿ ਨੇਕ ਕਾਰਜ ਮਾਤਾ ਪਰਵਿੰਦਰ ਕੌਰ ਜੀ ਦੇ ਹਿੱਸੇ ਆਏ ਹਨ।ਮਾਤਾ ਜੀ ਦੇ ਵੱਡੇ ਸਪੁੱਤਰ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ਸਿੱਖ ਪੰਥ ਦੇ ਪ੍ਰਸਿੱਧ ਵਿਆਖਿਆਕਾਰ, ਕਥਾਵਾਚਕ, ਗੁਰਮਤਿ ਪ੍ਰਚਾਰਕ ਅਤੇ ਧਾਰਮਿਕ ਜੀਵਨ ਵਾਲੇ ਗੁਰਸਿੱਖ ਹਨ ਜੋ ਕਿ 15 ਸਾਲ ਦੀ ਉਮਰ ਅਤੇ ਪਿਛਲੇ 25 ਸਾਲਾਂ ਤੋਂ ਸਿੱਖੀ ਦੇ ਪ੍ਰਚਾਰ ‘ਚ ਲੱਗੇ ਹੋਏ ਹਨ ਅਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰਾ (ਪਟਿਆਲਾ-ਸੰਗਰੂਰ ਮੁੱਖ ਮਾਰਗ ਤੇ ਸਥਿਤ) ਗੁਰਦੁਆਰਾ ਸਾਹਿਬ ਪ੍ਰਮੇਸ਼ਵਰ ਦੁਆਰ ਵਿਖੇ ਮਹੀਨਾਵਾਰ ਗੁਰਮਿਤ ਸਮਾਗਮਾਂ ਰਾਹੀਂ ਆਪਣੀਆਂ ਸਿੱਖ ਧਰਮ ਪ੍ਰਤੀ ਸੇਵਾਵਾਂ ਨਿਭਾਅ ਰਹੇ ਹਨ। ਜ਼ਿਕਰਯੋਗ ਹੈ ਕਿ ਭਾਈ ਸਾਹਿਬ ਵਲੋਂ ਪੰਜਾਬ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ‘ਚ ਜਾ ਕੇ ਵੀ ਉੱਥੇ ਦੇ ਲੋਕਾਂ ਨੂੰ ਸਿੱਖੀ ਨਾਲ ਜੁੜਣ, ਗੁਰਬਾਣੀ ਨੂੰ ਪੜ੍ਹਨ ਅਤੇ ਸਮਝਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਆ ਰਿਹਾ ਹੈ ਅਤੇ ਹੁਣ ਤੱਕ ਉਨ੍ਹਾਂ ਵਲੋਂ 12 ਲੱਖ ਦੇ ਕਰੀਬ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾ ਚੁੱਕਾ ਹੈ।
ਕੁਦਰਤ ਦੇ ਬਣਾਏ ਨਿਯਮ ਅਨੁਸਾਰ ਮਾਤਾ ਜੀ ਬੀਤੀ 6 ਸਤੰਬਰ ਨੂੰ ਇਸ ਫ਼ਾਨੀ ਸੰਸਾਰ ਤੋਂ ਹਮੇਸ਼ਾ ਲਈ ਰੁਖ਼ਸਤ ਹੋ ਗਏ ਹਨ।ਮਾਤਾ ਜੀ ਦਾ ਤੁਰ ਜਾਣਾ ਸਮੂਹ ਪਰਿਵਾਰ ਅਤੇ ਸਕੇ ਸਬੰਧੀਆਂ ਲਈ ਹਮੇਸ਼ਾ ਹੀ ਵੱਡਾ ਘਾਟਾ ਰਹੇਗਾ ਜੋ ਕਿਸੇ ਵੀ ਕੀਮਤ ਤੇ ਪੂਰਾ ਨਹੀਂ ਕੀਤਾ ਜਾ ਸਕਦਾ। ਪਰ ਮਾਤਾ ਜੀ ਦੇ ਚੰਗੇ ਵਿਚਾਰ, ਚੰਗਾ ਵਿਵਹਾਰ, ਦਿੱਤੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੀ ਨੇਕੀ ਹਮੇਸ਼ਾ ਹੀ ਪਰਿਵਾਰ ਲਈ ਅਸ਼ੀਰਵਾਦ ਦਾ ਕੰਮ ਕਰਦੀ ਰਹੇਗੀ।
ਮਾਤਾ ਜੀ ਦੇ ਵਿਛੋੜੇ ਤੇ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਕਲਾ ਖ਼ੇਤਰ ਦੀਆਂ ਨਾਮੀ ਸ਼ਖਸੀਅਤਾਂ ਵਲੋਂ ਭਾਈ ਸਾਹਿਬ ਰਣਜੀਤ ਸਿੰਘ ਅਤੇ ਉਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਮਾਤਾ ਪਰਵਿੰਦਰ ਕੌਰ ਜੀ ਨਮਿੱਤ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ਮਿਤੀ 17 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਪ੍ਰਮੇਸ਼ਵਰ ਦੁਆਰ ਸ਼ੇਖੂਪੁਰ ਵਿਖੇ 11.00 ਤੋਂ ਦੁਪਿਹਰ 2.00 ਵਜੇ ਤੱਕ ਹੋਵੇਗਾ। ਸਭ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ।
ਹਰਜਿੰਦਰ ਸਿੰਘ ਜਵੰਦਾ ਸਮਾਣਾ 9463828000