
ਦਾਅਵਾ ਕੀਤਾ ਜਾਂਦਾ ਹੈ ਕਿ ਆਧੁਨਿਕ ਦੌਰ ਦੀ ਸਿੱਖਿਆ ਮਨੁੱਖ ਨੂੰ ਵਧੇਰੇ ਸੱਭਿਅਕ ਬਣਾਉਂਦੀ ਹੈ, ਪਰ ਇਹ ਦਾਅਵਾ ਨਿਰਾ ਖੋਖਲਾ ਹੈ। ਇਸ ਬਾਰੇ ਬਹੁਤ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ ਪਰ ਅਸੀਂ ਗੱਲ ਕਰਾਂਗੇ ਓਲੰਪਿਕ ਖੇਡਾਂ ਦੀ। ਖੇਡਾਂ ਵਿਚ ਔਰਤਾਂ ਨਾਲ ਸੋਸ਼ਣ ਦੀਆਂ ਆਮ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਹ ਵਰਤਾਰਾ ਓਲੰਪਿਕਸ ਵਰਗੇ ਮਹਾਨ ਖੇਡ ਮੁਕਾਬਲੇ ਵਿਚ ਵੀ ਲਗਾਤਾਰ ਵਾਪਰਦਾ ਆ ਰਿਹਾ ਹੈ। ਕੋਚਾਂ ਵੱਲੋਂ ਔਰਤ ਖਿਡਾਰੀਆਂ ਦੇ ਸੋਸ਼ਣ ਤੋਂ ਲੈ ਕੇ ਔਰਤਾਂ ਦੇ ਖੇਡ ਪਹਿਰਾਵੇ ਰਾਹੀਂ ਸੋਸ਼ਣ ਕੀਤਾ ਜਾਂਦਾ ਹੈ। ਖੇਡ ਪਹਿਰਾਵੇ ਰਾਹੀਂ ਹੁੰਦੇ ਸੋਸ਼ਣ ਖਿਲਾਫ ਅਵਾਜ਼ ਚੁੱਕਦਿਆਂ ਜਰਮਨੀ ਦੀਆਂ ਜਿਮਨਾਸਟ ਖਿਡਾਰਨਾਂ ਨੇ ਐਲਾਨ ਕੀਤਾ ਹੈ ਕਿ ਉਹ ਆਮ ਤੌਰ ‘ਤੇ ਚਲਦੇ ਛੋਟੇ ਕੱਪੜਿਆਂ ਦੀ ਥਾਂ ਪੂਰੇ ਸ਼ਰੀਰ ਨੂੰ ਢਕ ਕੇ ਖੇਡਾਂ ਵਿਚ ਭਾਗ ਲੈਣਗੀਆਂ। ਇਹਨਾਂ ਖਿਡਾਰਨਾਂ ਦਾ ਕਹਿਣਾ ਹੈ ਕਿ ਉਹ ਦੁਨੀਆ ਨੂੰ ਆਪਣੀ ਖੇਡ ਦਿਖਾਉਣਾ ਚਾਹੁੰਦੀਆਂ ਹਨ, ਨਾ ਕਿ ਆਪਣੇ ਜਿਸਮ ਦੀ ਨੁਮਾਇਸ਼ ਲਾਉਣਾ ਚਾਹੁੰਦੀਆਂ ਹਨ। ੳੇੁਹਨਾਂ ਆਪਣੇ ਕੌੜੇ ਤਜ਼ਰਬਿਆਂ ਦਾ ਵੀ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਉਹਨਾਂ ਦੀਆਂ ਖੇਡ ਵਰਦੀਆਂ ਵਿਚ ਦਿਸਦੇ ਉਹਨਾਂ ਦੇ ਜਿਸਮ ਬਾਰੇ ਭੱਦੀਆਂ ਟਿੱਪਣੀਆਂ ਕਰਕੇ ਲੋਕ ਉਹਨਾਂ ਦਾ ਸੋਸ਼ਣ ਕਰਦੇ ਹਨ।