ਆਰਮੀ ਤੋਂ ਇਲਾਵਾ ਪੰਜਾਬ ਸਰਕਾਰ ਨੇ ਨਹੀਂ ਲਈ ਕੋਈ ਸਾਰ- ਬੀਬੀ ਪਾਲ ਕੌਰ ਮਾਹਲ
ਕਾਰਗਿਲ ਦੇ ਸ਼ਹੀਦ ਦੇ ਨਾਮ ਤੇ ਆਸਾਮ ਵਿੱਚ ਬਣਾਇਆ ਗਿਆ ਕਸ਼ਮੀਰ ਸਿੰਘ ਮਾਰਗ
ਕਰਤਾਰਪੁਰ 27 ਜੁਲਾਈ (ਭੁਪਿੰਦਰ ਸਿੰਘ ਮਾਹੀ): ਸ਼ਹੀਦ ਕਸ਼ਮੀਰ ਸਿੰਘ ਦੀ ਪਤਨੀ ਬੀਬੀ ਪਾਲ ਕੌਰ ਮਾਹਲ ਵਾਸੀ ਪਿੰਡ ਰੱਜਬ, ਕਰਤਾਰਪੁਰ ਨੇ ਕਿਹਾ ਕਿ ਮੇਰੇ ਪਤੀ ਦੀ ਸ਼ਹੀਦੀ ਕਾਰਗਿਲ ਜੰਗ ਦੌਰਾਨ ਹੋਈ ਸੀ। ਜੋ ਪੰਜਾਬ ਸਰਕਾਰ ਨੇ ਕਾਰਗਿਲ ਦੇ ਸ਼ਹੀਦਾਂ ਪ੍ਰਤੀ ਸ਼ਹੀਦਾਂ ਨੂੰ ਸਨਮਾਨ ਦਿੰਦਿਆਂ ਐਲਾਨ ਕੀਤੇ ਸਨ ਉਨ੍ਹਾਂ ਐਲਾਨਾਂ ਪ੍ਰਤੀ ਰਾਜ ਸਰਕਾਰ ਵੱਲੋਂ ਸਾਨੂੰ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਬਾਕੀ ਸੂਬਿਆਂ ਵਿੱਚ ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਣ ਸਤਿਕਾਰ ਬਖਸ਼ਿਆ ਗਿਆ ਹੈ ਉਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸਾਡੇ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਗਈ। ਉਹਨਾਂ ਕਿਹਾ ਕਿ ਮੇਰੇ ਪਤੀ 14 ਸਤੰਬਰ 1998 ਨੂੰ 36 ਸਾਲ ਦੀ ਉਮਰ ਵਿੱਚ ਹੀ ਕਾਰਗਿਲ ਦੀ ਲੜਾਈ ਦੋਰਾਨ ਸ਼ਹੀਦ ਹੋ ਗਏ ਸੀ। ਉਸ ਸਮੇਂ ਸਾਡਾ ਇਕ 6 ਸਾਲ ਦਾ ਲੜਕਾ ਅੰਮ੍ਰਿਤਪਾਲ ਸਿੰਘ ਸੀ। ਜਿਸਨੂੰ ਮੈਂ ਬਹੁਤ ਹੀ ਮੁਸ਼ਕਿਲ ਨਾਲ ਪਾਲਿਆ ਅਤੇ ਆਪਣੇ ਸੱਸ ਸੋਹਰੇ ਦੀ ਸੇਵਾ ਜਿਵੇਂ ਹੋ ਸਕਿਆ ਮੈਂ ਕੀਤੀ। ਉਹਨਾਂ ਕਿਹਾ ਕਿ ਮੇਰੇ ਸੋਹਰਾ ਸ. ਸੋਹਣ ਸਿੰਘ ਅਤੇ ਮੇਰੇ ਪਤੀ ਨੇ ਦੇਸ਼ ਦੀ ਸੇਵਾ ਕੀਤੀ।
ਮੇਰੇ ਪਤੀ ਹਮੇਸ਼ਾ ਹੀ ਕਹਿੰਦੇ ਸਨ ਕਿ ਆਪਣੇ ਬੇਟੇ ਨੂੰ ਵੀ ਆਪਾਂ ਦੇਸ਼ ਦੀ ਸੇਵਾ ਵਿੱਚ ਲਗਾਉਣਾ ਹੈ ਪਰ ਸਰਕਾਰਾਂ ਵੱਲੋਂ ਅਣਦੇਖਿਆ ਕਰਨ ਤੇ ਮੈਂ ਆਪਣੇ ਬੇਟੇ ਨੂੰ ਦੇਸ਼ ਦੀ ਸੇਵਾ ਵਿੱਚ ਨਹੀਂ ਭੇਜ ਸਕੀ। ਉਹਨਾਂ ਕਿਹਾ ਕਿ ਆਰਮੀ ਅਫ਼ਸਰਾਂ ਵੱਲੋਂ ਤਾਂ ਮਹੀਨੇ ਦੋ ਮਹੀਨੇ ਬਾਅਦ ਸਾਡੇ ਘਰ ਆ ਕੇ ਸਾਡੀ ਸਾਰ ਵੀ ਲਈ ਜਾਂਦੀ ਹੈ ਤੇ ਹਰੇਕ ਸ਼ਹੀਦਾਂ ਦੇ ਪਰਿਵਾਰਾਂ ਦੇ ਸਮਾਗਮਾਂ ਮੌਕੇ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਜਿਸ ਕਰਕੇ ਅਸੀਂ ਸਾਰੀ ਜਿੰਦਗੀ ਆਰਮੀ ਵਾਲੇ ਅਫ਼ਸਰਾਂ ਦੇ ਧੰਨਵਾਦੀ ਰਹਾਂਗੇ। ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮੇਰੇ ਤੇ ਜੋ ਕਰਜਾ ਹੈ ਉਸਨੂੰ ਮਾਫ ਕੀਤਾ ਜਾਵੇ ਅਤੇ ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਜੋ ਮਾਣ ਸਨਮਾਨ ਮਿਲਦਾ ਹੈ ਉਹ ਸਾਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਇਹ ਅਨਾਊਂਸ ਕੀਤਾ ਗਿਆ ਸੀ ਕਿ ਜੋ ਕਾਰਗਿਲ ਵਿਚ ਸ਼ਹੀਦ ਹੋਏ ਹਨ ਉਨ੍ਹਾਂ ਦੇ ਨਾਮ ਉੱਪਰ ਪਿੰਡਾਂ ਦੇ ਸਕੂਲਾਂ ਦੇ ਨਾਮ ਰੱਖੇ ਜਾਣਗੇ ਪਰ ਸਾਨੂੰ ਨਾ ਹੀ ਕੋਈ ਰਾਜ ਸਰਕਾਰ ਵੱਲੋਂ ਕੋਈ ਸਹਾਇਤਾ ਮਿਲੀ ਅਤੇ ਨਾ ਹੀ ਕੋਈ ਮਾਣ ਸਨਮਾਨ ਮਿਲਿਆ। ਇਸ ਮੌਕੇ ਉਨ੍ਹਾਂ ਰਾਜ ਸਰਕਾਰ ਨਾਲ ਗਿਲਾ ਕਰਦਿਆਂ ਹੋਇਆਂ ਕਿਹਾ ਕਿ ਤਾਮੁਲਪੁਰ ਵਿਖੇ ਅਸਾਮ ਸਰਕਾਰ ਅਤੇ 108 ਮੀਡੀਅਮ ਰੈਜ਼ੀਮੈਂਟ ਆਰਮੀ ਦੇ ਉੱਚ ਅਧਿਕਾਰੀਆਂ ਵਲੋਂ ਮੇਰੇ ਸ਼ਹੀਦ ਹੋਏ ਪਤੀ ਦੇ ਨਾਮ ਤੇ ਕਸ਼ਮੀਰ ਸਿੰਘ ਮਾਰਗ ਬਣਾ ਕੇ ਜੋ ਸਾਨੂੰ ਮਾਣ ਸਤਿਕਾਰ ਬਖਸ਼ਿਆ ਹੈ ਉਸ ਲਈ ਅਸੀਂ ਹਮੇਸ਼ਾ ਅਸਾਮ ਸਰਕਾਰ ਅਤੇ ਫੌਜ ਦੇ ਰਿਣੀ ਰਹਾਂਗੇ।
Author: Gurbhej Singh Anandpuri
ਮੁੱਖ ਸੰਪਾਦਕ