ਚੌਂਕ ਮਹਿਤਾ,10 ਅਗਸਤ(ਬਿਓਰੋ ਰਿਪੋਰਟ )-ਪਿੰਡ ਦਿਆਲਗੜ੍ਹ ਵਿਖੇ ਇੱਕ ਡੇਰੇ ‘ਤੇ ਹੋਏ ਸਮਾਗਮ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਲਗਾਏ ਅਖਾੜੇ ‘ਚ ਕਲਾਕਾਰ ਕੁਲਦੀਪ ਰੰਧਾਵੇ ਵੱਲੋਂ ਸਾਰੀਆਂ ਹੱਦਾਂ ਬੰਨੇ ਟੱਪ ਕਿ ਸਿੱਖਾਂ ਦੇ ਕੇਂਦਰੀ ਅਸਥਾਨ ਸੱਚ-ਖੰਡ ਸ੍ਰੀ ਦਰਬਾਰ ਜੀ ਨੂੰ ਹੀ ਚੁਣੌਤੀ ਦਿੰਦਿਆਂ ਬੋਲੇ ਗਏ ਅਪਸ਼ਦਾਂ ਦਾ ਗੰਭੀਰ ਨੋਟਿਸ ਲੈਂਦਿਆ ਦਮਦਮੀ ਟਕਸਾਲ ਅਜਨਾਲਾ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਅਜਨਾਲਾ, ਗੁਰੂ ਗ੍ਰੰਥ ਸਹਿਬ ਸਤਿਕਾਰ ਕਮੇਟੀ ਗੱਗੋਬੂਹਾ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ, ਭਾਈ ਸਰੂਪ ਸਿੰਘ ਭੁੱਚਰ, ਭਾਈ ਕੁਲਦੀਪ ਸਿੰਘ ਮੋਂਦੇ ਆਦਿ ਨੇ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਤੇ ਓਕਤ ਕਲਾਕਾਰ ਖਿਲਾਫ ਬੁੱਟਰ ਚੌਂਕੀ ਥਾਣਾ ਮਹਿਤਾ ਵਿਖੇ ਆਈ.ਪੀ.ਸੀ. ਦੀ ਧਾਰਾ 295 ਦੇ ਤਹਿਤ ਮਾਮਲਾ ਦਰਜ ਕਰਾ ਦਿੱਤਾ ਹੈ।ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਭਾਈ ਅਜਨਾਲਾ ਤੇ ਭਾਈ ਸੋਹਲ ਨੇ ਕਿਹਾ ਕਿ ਕਲਾਕਾਰ ਕੁਲਦੀਪ ਸਿੰਘ ਰੰਧਾਵਾ ਵੱਲੋਂ ਸ੍ਰੀ ਦਰਬਾਰ ਸਹਿਬ ਜੀ ਨੂੰ ਚੁਣੌਤੀ ਦੇਣ ਦੇ ਨਾਲ-ਨਾਲ ਇਸ ਨੇ ਪੰਜ ਪਿਆਰਿਆਂ ਦੇ ਉਲਟ ਕੁਝ ਮਰਿਆਦਾ ਦੇ ਖਿਲਾਫ਼ ਵੀ ਬੋਲਿਆ ਹੈ, ਜਿਸਦੇ ਪੱਕੇ ਸਬੂਤ ਉਨ੍ਹਾਂ ਕੋਲ ਹਨ।ਇਸ ਨੂੰ ਲੈ ਕੇ ਉਨ੍ਹਾਂ ਵੱਲੋਂ ਚੌਂਕੀ ਬੁੱਟਰਕਲਾਂ ਵਿਖੇ ਲਿਖਤੀ ਸ਼ਿਕਾਇਤ ਕੀਤੀ ਗਈ ਸੀ,ਜਿਸਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਕਰਦਿਆਂ ਗਾਇਕ ਕੁਲਦੀਪ ਰੰਧਾਵਾ ,ਗੁਰਦਵਾਰੇ ਦੀ ਕਮੇਟੀ ਦੇ ਪ੍ਰਧਾਨ ਗੁਲਜ਼ਾਰ ਸਿੰਘ ਟਪਿਆਲਾ, ਸਟੇਜ ਸੈਕਟਰੀ ਸਤਨਾਮ ਸਿੰਘ ਦਿਆਲਗੜ ਸਮੇਤ ਕੁਝ ਹੋਰ ਮੈਂਬਰਾਂ ‘ਤੇ ਮਾਮਲਾ ਦਰਜ ਕਰ ਲਿਆ ਹੈ।ਉਨ੍ਹਾਂ ਕਿਹਾ ਕਿ ਬੀਤੀ 4 ਅਗਸਤ ਨੂੰ ਵਾਪਰੀ ਇਸ ਘਟਨਾ ਦਾ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਨੋਟਿਸ ਲਿਆ ਹੈ ਤੇ ਨਾ ਹੀ ਸ੍ਰੀ ਅਕਾਲ ਤਖਤ ਸਹਿਬ ਜੀ ਦੇ ਜੱਥੇਦਾਰ ਨੇ। ਊਨ੍ਹਾਂ ਕਿਹਾ ਕੀ ਸ਼੍ਰੋਮਣੀ ਕਮੇਟੀ ਨੇ ਲੱਠਮਾਰਾਂ ਦੀ ਫੌਜ ਗੁਰਸਿੱਖਾਂ ਦੀਆਂ ਦਸਤਾਰਾਂ ਰੋਲਣ ਨੂੰ ਹੀ ਰੱਖੀ ਹੈ,ਜਦਕਿ ਉਸ ਹਲਕੇ ਦੇ ਸਬੰਧਤ ਮੈਂਬਰ ਨੇ ਕਿਸੇ ਨੂੰ ਪੁੱਛਣ ਤੱਕ ਦਾ ਹੀਆ ਵੀ ਨਹੀਂ ਕੀਤਾ। ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਰ ਪੰਥਕ ਮੁੱਦੇ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ‘ਚ ਆਉਂਦਾ ਦੱਸਦੇ ਹਨ ਪਰ ਕੀ ਸ੍ਰੀ ਦਰਬਾਰ ਸਹਿਬ ਜੀ ਦੀ ਮਰਿਆਦਾ ਨੂੰ ਚੁਣੌਤੀ ਦੇਣ ਵਾਲੇ ਮੁੱਦੇ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਚ ਨਹੀਂ ਆਉਂਦੇ?ਕੀ ਏਨਾ ਦੇ ਅਧਿਕਾਰ ‘ਚ ਸਿਰਫ ਗੋਲਕਾਂ ਹੀ ਆਉਂਦੀਆਂ ਹਨ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਕੋਲ ਵੀ ਪੰਥਕ ਜੱਥੇਬੰਦੀਆਂ ਨੂੰ ਭੰਡਣ ਦਾ ਕੰਮ ਹੀ ਰਹਿ ਗਿਆ ਹੈ। ਪ੍ਰਧਾਨ ਬੀਬੀ ਸਿਰਫ ਸਿਆਸੀ ਸ਼ਗੂਫੇ ਛੱਡ ਸਕਦੀ ਹੈ ਜਾਂ ਸਿਆਸੀ ਆਗੂਆਂ ਦੀ ਚੌਕੀਦਾਰੀ ਹੀ ਕਰ ਸਕਦੀ ਹੈ, ਪੰਥਕ ਸਰੋਕਾਰਾਂ ਨਾਲ ਏਨਾ ਦਾ ਕੋਈ ਲੈਣ ਦੇਣਾ ਨਹੀਂ।ਇਸ ਮੌਕੇ ਭਾਈ ਸਾਹਿਬ ਸਿੰਘ ਬੱਚੀਵਿੰਡ, ਭਾਈ ਕੈਪਟਨ ਸਿੰਘ ਮੋਦੇ,ਭਾਈ ਗੁਰਭੇਜ ਸਿੰਘ ਮਾਹਵਾ ਆਦਿ ਸੇਵਾਦਾਰ ਹਾਜ਼ਰ ਸਨ।