ਸੀਨੀਅਰ ਅਕਾਲੀ ਆਗੂਆਂ ਵਲੋਂ ਹਲਕਾ ਸੁਲਤਾਨਪੁਰ ਲੋਧੀ ਸਬੰਧੀ ਸੁਖਬੀਰ ਸਿੰਘ ਬਾਦਲ ਨੂੰ ਅਪੀਲ

13

ਸੁਲਤਾਨਪੁਰ ਲੋਧੀ 10 ਅਗਸਤ (ਨਜ਼ਰਾਨਾ ਬਿਉਰੋ) ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਧਰਤੀ ਹੈ ਅਤੇ ਇਥੋਂ ਦੀ ਸੰਗਤ ਪ੍ਰਮੁੱਖ ਰੂਪ ਵਿਚ ਪੰਥ-ਪ੍ਰਸਤ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਨੂੰ ਮਾਂ-ਪਾਰਟੀ ਦੇ ਰੂਪ ਵਿਚ ਸਵੀਕਾਰ ਕਰਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਚਿਤਵਦੇ ਹਨ। ਇਸ ਸਾਰੇ ਪਿਛੋਕੜ ਦੇ ਪ੍ਰਸੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੀ ਮੰਗ ਕਰ ਰਹੇ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਉਮੀਦਵਾਰਾਂ ਨੇ 9 ਅਗਸਤ 2021 ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਇਕੱਤਰਤਾ ਕੀਤੀ ਅਤੇ ਫੈਸਲਾ ਕੀਤਾ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਚੜ੍ਹਦੀ ਕਲਾ ਲਈ ਇਕਮੁੱਠਤਾ ਦਾ ਪ੍ਰਗਟਾਵਾ ਕਰਦੇ ਹਨ ਅਤੇ ਪਾਰਟੀ ਪ੍ਰਧਾਨ ਮਾਨਯੋਗ ਸ ਸੁਖਬੀਰ ਸਿੰਘ ਬਾਦਲ ਨੂੰ ਸਨਿਮਰ ਬੇਨਤੀ ਕਰਦੇ ਹਨ ਕਿ ਉਹ ਇਹਨਾਂ ਉਮੀਦਵਾਰਾਂ ਵਿਚੋਂ ਜਿਸ ਨੂੰ ਯੋਗ ਅਤੇ ਸਮਰੱਥ ਸਮਝਣ, ਪਾਰਟੀ ਦੀ ਟਿਕਟ ਦਾ ਮਾਣ ਦੇਣ। ਬਾਕੀ ਸਾਰੇ ਉਸਨੂੰ ਤਨ, ਮਨ ਅਤੇ ਧਨ ਨਾਲ ਪੂਰਨ ਸਹਿਯੋਗ ਦੇ ਕੇ ਉਸਦੀ ਵੱਡੀ ਜਿੱਤ ਲਈ ਕਾਰਜ ਕਰਨਗੇ।
ਇਹਨਾਂ ਸਾਰੇ ਉਮੀਦਵਾਰਾਂ ਨੇ ਇਹ ਵੀ ਪੂਰਨ ਨਿਮਰਤਾ ਨਾਲ ਸਪਸ਼ਟ ਕੀਤਾ ਅਤੇ ਪਾਰਟੀ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਉਹ ਹਲਕੇ ਤੋਂ ਬਾਹਰਲੇ ਜਾਂ ਕਾਂਗਰਸ ਪਿਛੋਕੜ ਵਾਲੇ ਕਿਸੇ ਵੀ ਅਜਿਹੇ ਉਮੀਦਵਾਰ ਜੋ ਅੱਜ ਵੀ ਕਾਂਗਰਸ ਵਿਚ ਹੈ, ਨੂੰ ਮੂੰਹ ਨਾ ਲਾਉਣ ਜੋ ਸ਼ੁਰੂ ਤੋਂ ਆਪਣੇ ਪਰਿਵਾਰ ਸਮੇਤ ਕਾਂਗਰਸ ਨਾਲ ਜੁੜਿਆ ਹੋਇਆ ਹੈ ਅਤੇ ਅੱਜ ਵੀ ਕਾਂਗਰਸ ਦਾ ਮੁਦੱਈ ਹੈ ਅਤੇ ਜਿਸਦੀ ਇਲਾਕੇ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਦੇਣ ਨਹੀਂ ਹੈ। ਉਨ੍ਹਾਂ ਪ੍ਰਧਾਨ ਸਾਹਿਬ ਨੂੰ ਸਨਿਮਰ ਬੇਨਤੀ ਕੀਤੀ ਕਿ ਉਹ ਖਾਲਸ ਅਕਾਲੀ ਕਿਰਦਾਰ, ਅਕਾਲੀ ਪਿਛੋਕੜ ਅਤੇ ਸੇਵਾ ਵਾਲੇ ਉਮੀਦਵਾਰਾਂ ਨੂੰ ਇਸ ਸੰਦਰਭ ਵਿਚ ਵਿਚਾਰ ਕੇ ਕਿਸੇ ਇੱਕ ਨੂੰ ਮਾਣ ਦੇਣ। ਇਸ ਇਕੱਤਰਤਾ ਵਿੱਚ ਇੰਜੀ. ਸ ਸਵਰਨ ਸਿੰਘ, ਸ ਸੁਰਜੀਤ ਸਿੰਘ ਢਿੱਲੋਂ, ਸ ਹਰਜਿੰਦਰ ਸਿੰਘ ਵਿਰਕ, ਸ ਸੁਖਦੇਵ ਸਿੰਘ ਨਾਨਕਪੁਰ ਅਤੇ ਸ ਸਤਿਬੀਰ ਸਿੰਘ ਬਿੱਟੂ ਖੀਰਾਂਵਾਲੀ ਸ਼ਾਮਿਲ ਸਨ। ਇਸ ਇਕੱਤਰਤਾ ਵਿਚ ਇਹ ਵੀ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਉਹ 10 ਅਗਸਤ ਨੂੰ ਸਵੇਰੇ ਡਾ ਉਪਿੰਦਰਜੀਤ ਕੌਰ, ਸੀਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਅਤੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਨਾਲ ਇਸ ਸਬੰਧੀ ਮੀਟਿੰਗ ਕਰਨਗੇ ਅਤੇ ਪ੍ਰਧਾਨ ਸਾਹਿਬ ਨੂੰ ਇਸ ਸਬੰਧੀ ਬੇਨਤੀ ਕਰਕੇ ਜਾਣੂ ਕਰਵਾਇਆ ਜਾਵੇਗਾ।
ਇਸ ਫੈਸਲੇ ਨੂੰ ਅਮਲ ਵਿੱਚ ਲਿਆਉਂਦੇ ਹੋਏ ਅੱਜ ਡਾ ਉਪਿੰਦਰਜੀਤ ਕੌਰ ਜੀ ਦੇ ਗ੍ਰਹਿ ਵਿਖੇ ਇਹਨਾਂ ਸਾਰੇ ਉਮੀਦਵਾਰਾਂ ਦੀ ਇਕੱਤਰਤਾ ਹੋਈ ਜਿਸ ਵਿੱਚ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ। ਇਸ ਸਮੇਂ ਇੰਜੀ. ਸ ਸਵਰਨ ਸਿੰਘ, ਸ ਸੁਰਜੀਤ ਸਿੰਘ ਢਿੱਲੋਂ, ਸ ਹਰਜਿੰਦਰ ਸਿੰਘ ਵਿਰਕ, ਸ ਸਤਿਬੀਰ ਸਿੰਘ ਬਿੱਟੂ ਖੀਰਾਂਵਾਲੀ, ਸ ਸੁਖਦੇਵ ਸਿੰਘ ਨਾਨਕਪੁਰ, ਸ ਕਾਰਜ ਸਿੰਘ ਤਕੀਆ ਅਤੇ ਸ ਕਰਨਜੀਤ ਸਿੰਘ ਆਹਲੀ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?