ਕਾਬੁਲ (ਬਿਊਰੋ): ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਮਗਰੋਂ ਤਾਲਿਬਾਨ ਇਕ ਪਾਸੇ ਜਿੱਥੇ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟਿਆ ਹੋਇਆ ਹੈ ਤਾਂ ਉੱਥੇ ਦੂਜੇ ਪਾਸੇ ਉਸ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਤਾਲਿਬਾਨ ਵੱਲੋਂ ਸਲੀਮਾ ਮਜ਼ਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਲੀਮਾ ਅਫ਼ਗਾਨਿਸਤਾਨ ਦੀ ਪਹਿਲੀ ਗਵਰਨਰ ਬੀਬੀ ਹੈ ਜਿਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਤਾਲਿਬਾਨ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਲੀਮਾ ਮਜ਼ਾਰੀ ਨੇ ਤਾਲਿਬਾਨੀਆਂ ਨਾਲ ਲੜਨ ਲਈ ਹਥਿਆਰ ਚੁੱਕਣ ਦਾ ਵੀ ਫ਼ੈਸਲਾ ਕੀਤਾ ਸੀ। ਜਾਣਕਾਰੀ ਮੁਤਾਬਕ ਆਖਰੀ ਸਮੇਂ ਤੱਕ ਸਲੀਮਾ ਤਾਲਿਬਾਨ ਖ਼ਿਲਾਫ਼ ਲੜਦੀ ਰਹੀ।
ਜਦੋਂ ਅਫ਼ਗਾਨਿਸਤਾਨ ਦੇ ਹੋਰ ਨੇਤਾ ਦੇਸ਼ ਛੱਡ ਕੇ ਭੱਜ ਰਹੇ ਸਨ ਉਦੋਂ ਵੀ ਮਜ਼ਾਰੀ ਇਕੱਲੇ ਹੀ ਆਪਣੇ ਸਮਰਥਕਾਂ ਨਾਲ ਤਾਲਿਬਾਨ ਖ਼ਿਲਾਫ਼ ਖੜ੍ਹੀ ਸੀ। ਅਫਗਾਨਿਸਤਾਨ ਦਾ ਬਲਖ ਸੂਬਾ ਜਦੋਂ ਤਾਲਿਬਾਨ ਦੇ ਕਬਜ਼ੇ ਵਿਚ ਆਇਆ ਉਦੋਂ ਉੱਥੋਂ ਦੇ ਜ਼ਿਲ੍ਹੇ ਚਾਹਰ ਵਿਚ ਸਲੀਮਾ ਮਜ਼ਾਰੀ ਤਾਲਿਬਾਨ ਦੀ ਪਕੜ ਵਿਚ ਆ ਗਈ। ਇੱਥੇ ਦੱਸ ਦਈਏ ਕਿ ਅਫ਼ਗਾਨਿਸਤਾਨ ਵਿਚ ਕੁੱਲ ਤਿੰਨ ਗਵਰਨਰ ਬੀਬੀਆਂ ਵਿਚੋਂ ਸਲੀਮਾ ਪਹਿਲੀ ਸੀ। ਉਹਨਾਂ ਦੇ ਇਲਾਕੇ ਚਾਹਰ ਵਿਚ ਕੁੱਲ 32 ਹਜ਼ਾਰ ਤੋਂ ਵੱਧ ਦੀ ਆਬਾਦੀ ਹੈ।
ਉਹਨਾਂ ਨੇ ਆਖਰੀ ਸਮੇਂ ਤੱਕ ਤਾਲਿਬਾਨ ਨੂੰ ਆਪਣੇ ਇਲਾਕੇ ਦਾ ਕਬਜ਼ਾ ਨਹੀਂ ਲੈਣ ਦਿੱਤਾ। ਤਾਲਿਬਾਨ ਨੂੰ ਇੱਥੋਂ ਦਾ ਕਬਜ਼ਾ ਲੈਣ ਲਈ ਕਾਫੀ ਮਿਹਨਤ ਕਰਨੀ ਪਈ। ਸਲੀਮਾ ਮਜ਼ਾਰੀ ਦਾ ਜਨਮ ਉਂਝ ਤਾਂ ਈਰਾਨ ਵਿਚ ਹੋਇਆ ਸੀ ਪਰ ਸੋਵੀਅਤ ਯੁੱਧ ਦੇ ਸਮੇਂ ਉਹ ਅਫ਼ਗਾਨਿਸਤਾਨ ਵਿਚ ਆਈ ਸੀ। ਉਹਨਾਂ ਨੇ ਤੇਹਰਾਨ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਪਰ ਬਾਅਦ ਵਿਚ ਅਫ਼ਗਾਨਿਸਤਾਨ ਲਈ ਉਹਨਾਂ ਨੇ ਰਾਜਨੀਤੀ ਦਾ ਰੁੱਖ਼ ਕੀਤਾ ਅਤੇ ਫਿਰ ਤਾਲਿਬਾਨ ਨਾਲ ਲੜਨ ਲਈ ਬੰਦੂਕ ਵੀ ਚੁੱਕੀ।
ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਮਗਰੋਂ ਹੁਣ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਕ ਪਾਸੇ ਤਾਂ ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੇ ਸ਼ਾਸਨ ਵਿਚ ਬੀਬੀਆਂ ਨੂੰ ਆਜ਼ਾਦੀ ਮਿਲੇਗੀ ਪਰ ਇਹ ਸ਼ਰੀਆ ਕਾਨੂੰਨ ਦੇ ਤਹਿਤ ਹੋਵੇਗੀ। ਇੰਨਾ ਹੀ ਨਹੀਂ ਇਸ ਵਾਰ ਤਾਲਿਬਾਨ ਨੇ ਬੀਬੀਆਂ ਨੂੰ ਸਰਕਾਰ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਪਰ ਅਜਿਹੇ ਵਾਅਦਿਆਂ ਤੋਂ ਇਕ ਪਾਸੇ ਤਾਲਿਬਾਨ ਵੱਲੋਂ ਸਲੀਮਾ ਮਜ਼ਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।