ਕਰਮਜੀਤ ਸਿੰਘ ਚੰਡੀਗੜ੍ਹ
99150-91063
ਸਾਡੇ ਇਸ ਖਿੱਤੇ ਵਿੱਚ ਵੱਡੀਆਂ,ਬਹੁਤ ਹੀ ਵੱਡੀਆਂ ਘਟਨਾਵਾਂ ਵਾਪਰਨ ਦੇ ਆਸਾਰ ਨਜ਼ਰ ਆ ਰਹੇ ਹਨ।
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਹਕੂਮਤ ਦੁਨੀਆਂ ਵਿਚ ਅਤੇ ਵਿਸ਼ੇਸ਼ ਕਰ ਕੇ ਇਸ ਖਿੱਤੇ ਵਿੱਚ ਨਵੇਂ ਰਾਜਨੀਤਿਕ ਸੰਦੇਸ਼ ਲੈ ਕੇ ਆਈ ਹੈ।ਪਰ ਇਹ ਸੰਦੇਸ਼ ਕਿਹੋ ਜਿਹੇ ਹਨ? ਇਸ ਦੀ ਰੂਪ ਰੇਖਾ ਕੀ ਹੋਵੇਗੀ? ਜਾਂ ਕੀ ਹੋ ਸਕਦੀ ਹੈ? ਇਸ ਦੇ ਦੂਰ ਰਸ ਨਤੀਜੇ ਕੀ ਨਿਕਲਣਗੇ? ਇਨ੍ਹਾਂ ਸਵਾਲਾਂ ਬਾਰੇ ਅਜੇ ਪੱਕੀ ਰਾਇ ਨਹੀਂ ਬਣਾਈ ਜਾ ਸਕਦੀ।
ਪਰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਤਾਲਿਬਾਨ ਦੇ ਆਉਣ ਨਾਲ ਪੰਜਾਬ ਦੇ ਭਵਿੱਖ ਉੱਤੇ ਕੀ ਅਸਰ ਪੈ ਸਕਦਾ ਹੈ,ਇਸ ਦੀ ਰਾਜਨੀਤੀ ਕਿਹੜਾ ਕਰਵਟ ਲੈ ਸਕਦੀ ਹੈ, ਸਿੱਖਾਂ ਦੀ ਤਕਦੀਰ ਨਾਲ ਇਸ ਘਟਨਾ ਦਾ ਕੀ ਸੰਬੰਧ ਹੋਵੇਗਾ,ਇਨ੍ਹਾਂ ਬਾਰੇ ਅੰਤਰਰਾਸ਼ਟਰੀ ਨਜ਼ਰੀਆ ਰੱਖਣ ਵਾਲੇ ਕੁਝ ਵਿਦਵਾਨ ਵੀਰਾਂ ਨੇ ਜੋ ਵਿਚਾਰ ਪ੍ਰਗਟ ਕੀਤੇ ਹਨ ਉਹ ਦਿਲਚਸਪ ਵੀ ਹਨ, ਮਹੱਤਵਪੂਰਨ ਵੀ ਹਨ ਅਤੇ ਜਿਸ ਕਿਸੇ ਨੂੰ ਵੀ ਆਪਣੇ ਪੰਜਾਬ ਨਾਲ ਪਿਆਰ ਹੈ ਅਤੇ ਗੁਰਾਂ ਦੇ ਨਾਂ ਤੇ ਵੱਸਦੇ ਇਸ ਪੰਜਾਬ ਨੂੰ ਦੁਨੀਆਂ ਦੇ ਨਕਸ਼ੇ ਉੱਤੇ ਦੇਖਣਾ ਚਾਹੁੰਦੇ ਹਨ,ਉਹ ਸਾਰੇ ਵੀਰ ਇਨ੍ਹਾਂ ਵਿਦਵਾਨਾਂ ਨੂੰ ਗਹੁ ਨਾਲ ਪੜ੍ਹਨ ਅਤੇ ਆਪਣੇ ਵਿਚਾਰ ਵੀ ਪ੍ਰਗਟ ਕਰਨ ਜਿਨ੍ਹਾਂ ਵਿੱਚ ਸੰਜੀਦਗੀ ਹੋਵੇ, ਗਹਿਰਾਈ ਹੋਵੇ ਤੇ ਦੁਨੀਆਂ ਨੂੰ ਜਾਨਣ-ਬੁਝਣ ਦੀ ਡੂੰਘੀ ਜਗਿਆਸਾ ਵੀ ਹੋਵੇ।
ਪਰ ਇਕ ਗੱਲ ਜਾਣ ਲੈਣੀ ਜ਼ਰੂਰੀ ਹੈ ਕਿ ਸਾਨੂੰ ਇਕ ਪਾਸੜ ਰਾਏ ਅਜੇ ਨਹੀਂ ਬਣਾਉਣੀ ਚਾਹੀਦੀ ਕਿਉਂਕਿ ਹਾਲਾਤ ਗੁੰਝਲਦਾਰ ਹਨ, ਬਹੁਪਰਤੀ ਹਨ ਅਤੇ ਗੰਭੀਰ ਅਧਿਐਨ ਦੀ ਮੰਗ ਕਰਦੇ ਹਨ।
ਜਿਨ੍ਹਾਂ ਦਾਨਸ਼ਵਰ ਵੀਰਾਂ ਨੇ ਪਹਿਲਕਦਮੀ ਕੀਤੀ ਹੈ ਉਨ੍ਹਾਂ ਵਿੱਚ ਅਜੈਪਾਲ ਸਿੰਘ, ਸੁਖਦੀਪ ਸਿੰਘ ਮੋਗਾ, ਸੁਖਦੀਪ ਸਿੰਘ ਬਰਨਾਲਾ, ਜਸਪਾਲ ਸਿੰਘ ਹੇਰਾਂ, ਅੰਮ੍ਰਿਤਪਾਲ ਸਿੰਘ,ਸੁਖਦੇਵ ਸਿੰਘ, ਗੁਰਸੇਵਕ ਸਿੰਘ ਚਹਿਲ, ਗੁਰਿੰਦਰਪਾਲ ਸਿੰਘ ਧਨੌਲਾ, ਕੇ ਐੱਸ ਚੱਠਾ, ਜਸਪਾਲ ਸਿੰਘ ਮੰਝਪੁਰ, ਗੋਲਡੀ ਦਿਉਲ,ਤੇਜਸ਼ਵਦੀਪ ਸਿੰਘ ਜਗਰੂਪ ਕੌਰ, ਪ੍ਰਭਸ਼ਰਨਦੀਪ ਸਿੰਘ,ਮਨਜੀਤ ਸਿੰਘ ਟਿਵਾਣਾ, ਅਤੇ ਪ੍ਰੋ ਬਲਵਿੰਦਰਪਾਲ ਸਿੰਘ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈ ਪੋਸਟਾਂ ਉੱਤੇ ਗੰਭੀਰ ਟਿੱਪਣੀਆਂ ਵੀ ਦੇਖਣ ਵਿੱਚ ਆਈਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਸੱਚਮੁੱਚ “ਪੜ੍ਹਨ-ਲਿਖਣ- ਸੋਚਣ-ਮਹਿਸੂਸ” ਕਰਨ ਦੇ ਸ਼ਗਨਾਂ ਭਰੇ ਦੌਰ ਵਿੱਚ ਦਾਖ਼ਲ ਹੋ ਰਹੇ ਹਾਂ।
ਤੀਜੇ ਘੱਲੂਘਾਰੇ ਪਿੱਛੋਂ ਸੋਚਣ ਦਾ ਇਹ ਦੌਰ ਹੋਰ ਤਿੱਖਾ ਹੋਇਆ ਹੈ, ਹੋਰ ਬਹੁ ਦਿਸ਼ਾਈ ਹੋਇਆ ਹੈ। ਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਭਾਵੇਂ ਅਸੀਂ ਸਹਿਮਤ ਹੋਈਏ ਤੇ ਭਾਵੇਂ ਨਾ ਹੋਈਏ ਪਰ ਇਸ ਦੌਰ ਨੂੰ ਨਵੇਂ ਰੰਗ ਦੇਣ ਵਿਚ ਜੁਝਾਰੂ ਲਹਿਰ ਅਤੇ ਸੰਤ ਜਰਨੈਲ ਸਿੰਘ ਦਾ ਲੁਕਵਾਂ ਤੇ ਪ੍ਰਤੱਖ ਰੋਲ ਅਤੇ ਕੁਰਬਾਨੀਆਂ ਸ਼ਾਮਲ ਹਨ।
ਦਲ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਨੂੰ ਇਸ ਵਰਤਾਰੇ ਨੂੰ ਅਗਵਾਈ ਦੇ ਰੂਪ ਵਿੱਚ ਲੈਣਾ ਚਾਹੀਦਾ ਹੈ। ਜਿੱਥੋਂ ਤੱਕ ਅਕਾਲੀ ਦਲ ਬਾਦਲ ਦਾ ਸਬੰਧ ਹੈ ਉਸ ਦੀ ਲੀਡਰਸ਼ਿਪ ਹਾਲ ਦੀ ਘੜੀ ਡੈੱਡ ਅਤੇ ਮਰੀਅਲ ਜਾਪਦੀ ਹੈ ਪਰ ਇਸ ਦੇ ਕੇਡਰ ਨੂੰ ਇਸ ਅਤਿ ਮਹੱਤਵਪੂਰਨ ਵਰਤਾਰੇ ਵਿੱਚ ਡੂੰਘੀ ਦਿਲਚਸਪੀ ਲੈਣ ਦੀ ਲੋੜ ਹੈ ਅਤੇ ਕੇਡਰ ਨੂੰ ਆਪਣੀ ਲੀਡਰਸ਼ਿਪ ਉੱਤੇ ਲਗਾਤਾਰ ਦਬਾਅ ਪਾਉਣ ਦੀ ਕਵਾਇਦ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਹੋਰ ਅਕਾਲੀ ਗਰੁੱਪਾਂ ਨੂੰ ਵੀ ਇਸ ਵਰਤਾਰੇ ਉੱਤੇ ਬਾਜ਼ ਨਿਗ੍ਹਾ ਰੱਖਣੀ ਚਾਹੀਦੀ ਹੈ।
ਪੰਜਾਬ ਨੂੰ ਪਿਆਰ ਕਰਨ ਵਾਲੇ ਵਿਦਵਾਨਾਂ ਨੂੰ ਜਾਗਣ ਦੀ ਲੋੜ ਹੈ ਕਿਉਂਕਿ ਗੁਰੂ ਦੀ ਬਖਸ਼ਿਸ਼ ਨਾਲ ਉਸ ਥਾਂ ਤੇ ਅਸੀਂ ਸਥਿਤ ਹਾਂ, ਵੱਸਦੇ ਹਾਂ ਜੋ ਸਟਰੈਟਿਜਿਕ ਤੌਰ ਤੇ ਬਹੁਤ ਹੀ ਮਹੱਤਵਪੂਰਨ ਖਿੱਤਾ ਬਣਦਾ ਜਾ ਰਿਹਾ ਹੈ ਜੋ ਇਸ ਉਪ ਮਹਾਂਦੀਪ ਨੂੰ ਸਥਾਈ ਅਮਨ ਅਤੇ ਸਥਿਰਤਾ ਦੇਣ ਵਿੱਚ ਇਤਿਹਾਸਕ ਰੋਲ ਅਦਾ ਕਰ ਸਕਦਾ ਹੈ।ਇਹ ਤਾਂ ਹੀ ਹੋ ਸਕੇਗਾ,ਜੇਕਰ ਪੰਜਾਬ ਵਿਚ ਰਾਜਨੀਤਕ ਵਿਦਵਤਾ ਦਾ ਇਕ ਹੜ ਆਵੇ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਇਸ ਵਿਦਵਤਾ ਦਾ ਸਰਸਬਜ਼ ਚਸ਼ਮਾ ਹੋਵੇ ਜਿਵੇਂ ਕਿ ਸੱਭਿਆਤਾਵਾਂ ਦੇ ਚੜ੍ਹਦੇ-ਲਹਿੰਦੇ ਸੂਰਜਾਂ ਦੇ ਮਹਾਨ ਇਤਿਹਾਸਕਾਰ ਆਰਨਲਡ ਟਾਇਨਬੀ ਨੇ ਕਈ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਤੇ ਭਵਿੱਖ ਵਿੱਚ ਇਸ ਮਹਾਨ ਗਰੰਥ ਵੱਲੋਂ ਅਪਣਾਏ ਜਾਣ ਬਾਰੇ ਰੋਲ ਬਾਰੇ ਭਵਿੱਖਬਾਣੀ ਕੀਤੀ ਸੀ।
Author: Gurbhej Singh Anandpuri
ਮੁੱਖ ਸੰਪਾਦਕ