ਆਉਣ ਵਾਲੀ ਹੈ ਤੁਹਾਡੀ ਰੱਖੜੀ…
ਹਜਾਰਾਂ ਸਾਲਾਂ ਤੋਂ ਔਰਤ ਨੂੰ ਗੁਲਾਮ ਹੀ ਬਣਾਕੇ ਰੱਖਿਆ ਗਿਆ ਪੁਜਾਰੀ ਵਰਗ ਵੱਲੋਂ ਅਤੇ ਅੱਜ ਵੀ ਇਸ ਨੂੰ ਮਾਨਸਿਕ ਤੌਰ ਤੇ ਅਜਾਦੀ ਨਹੀਂ ਸਾਡੇ ਕਈ ਧਰਮਾਂ ਵਿੱਚ। ਇਹ ਤੇ ਕੁਰਬਾਨ ਜਾਉ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਤੇ ਜਿਹਨਾਂ ਨੇ ਆਪਣੇ ਸੱਚ ਧਰਮ ਰਾਂਹੀ ਔਰਤ ਨੂੰ ਵੀ ਮਹਾਨ ਹੋਣ ਦਾ ਦਰਜਾ ਦਿੱਤਾ। ਔਰਤ ਧਰਮੀ ਬਣਨਾ ਤੇ ਕੀ ਧਰਮ ਦੀ ਗੱਲ ਤੱਕ ਨਹੀਂ ਸੀ ਕਰ ਸਕਦੀ। ਸਭ ਤੋਂ ਪਹਿਲਾਂ ਬਾਬੇ ਨਾਨਕ ਸਾਹਿਬ ਜੀ ਨੇ ਆਪਣੇ ਘਰ ਤੋਂ ਸ਼ੁਰੂਆਤ ਕੀਤੀ ਭੈਣ ਨਾਨਕੀ ਨੂੰ ਸੱਚ ਧਰਮ ਨਾਲ ਜੋੜਿਆ। ਵਾਹਿ ਗੁਰੂ ਵਾਹਿ ਨਾਨਕ ਸਾਹਿਬ ਜੀ ਜਦੋਂ ਤੁਸੀਂ ਔਰਤ ਦੇ ਹੱਕ ਚ ਆਖਿਆ ਹੋਣਾ ਕਿ ਪੰਡਤ ਜੀ ਇਹ ਧਾਗਾ (ਜਨੇਊ) ਪਹਿਲਾਂ ਮੇਰੀ ਭੈਣ ਦੇ ਕਿਉਂ ਨਹੀਂ ਪਾਇਆ, ਉਹ ਮੇਰੇ ਤੋਂ ਪੰਜ ਸਾਲ ਵੱਡੀ ਹੈ…? ਉਹ ਧਰਮੀਂ ਕਿਉਂ ਨਹੀਂ ਬਣ ਸਕਦੀ…? ਮੇਰੀ ਮਾਂ ਦਾ ਦੁੱਧ ਚੁੰਗਿਆ ਹੈ ਮੈ, ਉਸ ਦੇ ਸਰੀਰ ਤੇ ਜਨੇਊ ਨਜਰ ਕਿਉਂ ਨਹੀਂ ਆਇਆ ਮੈਨੂੰ…? ਉਦੋਂ ਹੀ ਪੰਡਤ ਦੀ ਬੋਦੀ ਤੇ ਖੁਰਕ ਹੋਈ ਹੋਣੀ ਤੇ ਪਸੀਨੋ ਪਸੀਨੀ ਵੀ ਹੋ ਗਿਆ ਹੋਣਾ। ਉਹ ਸਮਝ ਗਿਆ ਹੋਣਾ ਕਿ ਹੁਣ ਸਾਡੇ ਧਰਮ ਤੇ ਸਵਾਲ ਖੜੇ ਕਰਨ ਵਾਲਾ ਆਗਿਆ ਹੈ, ਮੱਥੇ ਤੇ ਤਿਉੜੀ ਪੈ ਗਈ ਹੋਣੀ ਅਤੇ ਉਠਕੇ ਤੁਰ ਗਿਆ ਹੋਣਾ ਬਾਬੇ ਨਾਨਕ ਦੇ ਘਰ ਤੋਂ।
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਦੀ ਵੀਚਾਰ ਸੁਣਕੇ ਲੋਕ ਹੈਰਾਨ ਹੋ ਗਏ। ਇਹ ਧਰਮ ਅਨੇਕਾਂ ਹੀ ਮਹਾਨ ਔਰਤਾਂ ਜਿਵੇਂ ਬੇਬੇ ਨਾਨਕੀ ਦਾ ਪਿਆਰ ਮਾਤਾ ਖੀਵੀ ਜੀ ਦੀ ਚਲਾਈ ਹੋਈ ਮਿੱਠੀ ਖੀਰ, ਮਾਤਾ ਗੁਜਰ ਕੌਰ ਜੀ ਦੇ ਲਾਡ ਫਰਜ, ਮਾਤਾ ਭਾਗ ਕੌਰ ਜੀ ਦੀ ਕਿਰਪਾਨ ਦੇ ਸਿਧਾਂਤ ਆਪਣੇ ਵਿੱਚ ਸਮੋਈ ਬੈਠਾ ਹੈ। ਸਮਾਂ ਆਪਣੀ ਚਾਲ ਚੱਲਦਾ ਗਿਆ ਬਾਬੇ ਨਾਨਕ ਦੇ ਦਰ (ਗੁਰੂ ਅਮਰਦਾਸ ਸਾਹਿਬ ਜੀ) ਨੇ ਸਤੀ ਪ੍ਰਥਾ ( ਜਿਸ ਵਿੱਚ ਜਦੋਂ ਮਰਦ ਦੀ ਮੌਤ ਹੋ ਜਾਂਦੀ ਸੀ ਇਸ ਔਰਤ ਨੂੰ ਨਾਲ ਚਿਖਾ ਤੇ ਪਾਕੇ ਜਿਉਂਦੀ ਨੂੰ ਹੀ ਅੱਗ ਲਾ ਦਿੱਤੀ ਜਾਂਦੀ ) ਬੰਦ ਕਰਾ ਦਿੱਤੀ।
ਹੁਣ ਅੱਖਾਂ ਅੱਗੇ ਲੈਕੇ ਆਉ ਉਹ ਸਮਾਂ ਜਦੋਂ ਅਹਿਮਦ ਸ਼ਾਹ ਅਬਦਾਲੀ ਹਜ਼ਾਰਾਂ ਹਿੰਦੂ ਔਰਤਾਂ ਨੂੰ ਚੁੱਕ ਕੇ ਲੈ ਜਾਂਦਾ ਸੀ ਤਾਂ ਜਿਨਾਂ ਹਿੰਦੂ ਵੀਰਾਂ ਦੇ ਹੱਥਾਂ ਤੇ ਉਹਨਾਂ ਦੀਆਂ ਭੈਣਾਂ ਨੇ ਰੱਖੜੀਆਂ ਬੰਨੀਆਂ ਸਨ ਉਹ ਹਿੰਦੂ ਵੀਰ ਭੈਣ ਦੀ ਰੱਖਿਆ ਕਰਨ ਦੇ ਕੀਤੇ ਵਾਅਦੇ ਕਿਉਂ ਭੁੱਲ ਜਾਂਦੇ ਸਨ…? ਯਾਦ ਰੱਖਣਾ ਕੜੇ ਅਤੇ ਕ੍ਰਿਪਾਨਾਂ ਵਾਲੇ ਸਿੰਘ ਸੂਰਮੇ (ਜਿਨਾਂ ਨੇ ਰੱਖੜੀਆਂ ਨਹੀਂ ਸਨ ਬਨਾਈਆਂ) ਸੈਂਕੜੇ ਹਿੰਦੂ ਲੜਕੀਆਂ, ਦੁਸ਼ਮਣਾਂ ਤੋਂ ਬਚਾ ਕੇ ਉਹਨਾਂ ਦੇ ਘਰੇ ਪਹੁੰਚਾਉਂਦੇ ਰਹੇ ਹਨ। ਉਧਰ ਰੱਖੜੀ ਬਨ੍ਹਾਉਣ ਵਾਲੇ ਹਿੰਦੂ ਵੀਰਾਂ ਦੀ ਹਾਲਤ ਦੇਖੋ ਉਨ੍ਹਾਂ ਨੇ ਆਪਣੀਆਂ ਇਨ੍ਹਾਂ ਭੈਣਾਂ ਨੂੰ ਆਪਣੇ ਹੀ ਘਰਾਂ ਚ ਨਾਂ ਵੜਨ ਦਿੱਤਾ ਕਿ ਹੁਣ ਇਹ ਮੁਸਲਮਾਨਾਂ ਦਾ ਸੰਗ ਕਰਕੇ ਭਿੱਟੀਆਂ ਗਈਆਂ ਹਨ। ਕੀ ਰੱਖੜੀ ਦੀ ਰਸਮ ਇਹ ਹੀ ਸਿਖਾਉਂਦੀ ਹੈ ਕਿ ਜੇ ਕਿਤੇ ਬਦਕਿਸਮਤੀ ਨਾਲ ਤੁਹਾਡੀਆਂ ਭੈਣਾਂ ਦੁਸ਼ਮਣਾਂ ਦੇ ਹੱਥਾਂ ਵਿੱਚ ਆ ਜਾਣ ਤਾਂ ਤੁਸੀਂ ਉਨ੍ਹਾਂ ਨੂੰ ਬਚਾਉਣਾ ਤਾਂ ਕੀ ਸਗੋਂ ਜੇ ਕੋਈ ਬਹਾਦਰ ਉਨ੍ਹਾਂ ਨੂੰ ਬਚਾ ਕੇ ਤੁਹਾਡੇ ਘਰ ਛੱਡਣ ਆਵੇ ਤੇ ਤੁਸੀਂ ਭਿੱਟੀਆਂ ਗਈਆਂ ਕਹਿ ਕੇ ਉਨ੍ਹਾਂ ਦੀ ਤੌਹੀਨ ਕਰਕੇ ਉਨ੍ਹਾਂ ਨੂੰ ਘਰ ਹੀ ਨਾਂ ਵੜਨ ਦਿਉਂ…?
ਅੱਜ ਵੀ ਰੱਖੜੀ,ਵਰਤਾਂ,ਟਿੱਕਾ ਭਾਈ ਦੂਜ ਜਿਹੇ ਤਿਉਹਾਰਾਂ ਚ ਉਲਝਾਕੇ ਔਰਤ ਨੂੰ ਕਮਜੋਰ ਸਾਬਤ ਕੀਤਾ ਜਾ ਰਿਹਾ ਹੈ। ਕੀ ਅੱਜ ਭੈਣ ਇੰਨੀ ਕਮਜੋਰ ਹੋ ਗਈ ਕਿ ਆਪਣੀ ਰੱਖਿਆ ਵੀ ਆਪ ਨੀ ਕਰ ਸਕਦੀ…? ਕੀ ਮੇਰੀ ਮਾਂ ਦੀ ਕੁੱਖ ਚੋਂ ਜੰਮੀ ਹੀ ਮੇਰੀ ਭੈਣ ਹੈ…? ਸ਼ੜਕ ਤੇ ਬਦਮਾਸ਼ਾਂ ਤੋਂ ਘਿਰੀ ਭੈਣ ਦੀ ਰੱਖਿਆ ਕੀ ਅਸੀਂ ਸਿੱਖ ਹੋਕੇ ਨਹੀਂ ਕਰਨੀ ਜਿਸ ਕੋਲੋਂ ਤੁਸੀਂ ਕਦੇ ਰੱਖੜੀ ਵੀ ਨਾ ਬਨਾਈ ਹੋਵੇ…? ਈਸਾਈ,ਬੋਧੀ,ਯਹੂਦੀ ਮੁਸਲਮਾਨ ਇਹ ਤਿਉਹਾਰ ਨਹੀਂ ਮਨਾਉਂਦੇ ਕੀ ਉਹਨਾਂ ਦਾ ਆਪਣੀਆਂ ਭੈਣਾਂ ਨਾਲ ਪਿਆਰ ਨਹੀਂ…? ਹੁਣ ਤਾਂ ਲਾਇਸੰਸ ਵੀ ਵੀਹ ਵੀਹ ਸਾਲ ਦੇ ਬਣਦੇ ਹਨ, ਫਿਰ ਇਹ ਰੱਖੜੀ ਦਾ ਤਿਉਹਾਰ ਸਾਲ ਚ ਹੀ ਕਿਉਂ ਪੁਰਾਣਾ ਹੋ ਜਾਂਦਾ ਹੈ…?
ਹੁਣ ਕਈ ਆਖਣਗੇ ਲੈ ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਆ ਰੱਖੜੀ ਬਨਾਉਦਿਆਂ ਦੀ ਤੁਸੀਂ ਜਿਆਦਾ ਸਿਆਣੇ ਹੋ ਗਏ। ਇਹ ਮਨਘੜਤ ਫੋਟੋਆਂ ਵੀ ਗੁਰੂ ਸਾਹਿਬ ਜੀ ਦੀ ਸਿਖਿਆ ਨੂੰ ਨਾ ਜਾਨਣ ਵਾਲੇ ਲੋਕਾਂ ਨੇ ਆਪਣੇ ਕੋਲੋਂ ਹੀ ਬਣਾਈਆਂ ਹਨ। ਅਸਲ ਤਸਵੀਰ ਹੈ ਗੁਰਬਾਣੀ, ਕੁਝ ਪ੍ਰਮਾਣ ਲਿਖ ਰਿਹਾ ਹਾਂ, ਪਤਾ ਲਗਾ ਲੈਣਾ ਕਿ ਸਾਡੀ ਰੱਖਿਆ ਕਰਨ ਵਾਲਾ ਕੌਣ ਹੈ।
ਕੱਚਾ ਧਾਗਾ ਜਾਂ ਅਕਾਲ ਪੁਰਖ ਪਰਮਾਤਮਾ ਦਾ ਸਿਧਾਂਤ…?
1- ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥ (103)
2- ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ॥ (816)
3- ਰਾਖਾ ਏਕੁ ਹਮਾਰਾ ਸੁਆਮੀ॥ (1136)
✍ ਅਮਰਪ੍ਰੀਤ ਸਿੰਘ ਗੁੱਜਰਵਾਲ