ਮੋਹਾਲੀ (ਨਜ਼ਰਾਨਾ ਨਿਊਜ਼ ਨੈੱਟਵਰਕ ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਨਵਾਂ ਫ਼ਰਮਾਨ ਜਾਰੀ ਕੀਤਾ ਹੈ, ਜਿਸ ਕਾਰਨ ਸੂਬੇ ਦੇ ਲੱਖਾਂ ਵਿਦਿਆਰਥੀਆਂ ‘ਤੇ ਬੋਝ ਪਿਆ ਹੈ। ਦਰਅਸਲ ਪੰਜਾਬ ਬੋਰਡ ਵੱਲੋਂ ਕਿਹਾ ਗਿਆ ਹੈ ਕਿ ਜੇਕਰ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਸਰਟੀਫਿਕੇਟ ਦੀ ਹਾਰਡ ਕਾਪੀ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 300 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ।
ਇਸ ਫ਼ਰਮਾਨ ਸਬੰਧੀ ਵਿਦਿਆਰਥੀਆਂ ਦੇ ਗਰੀਬ ਮਾਪਿਆਂ ਦਾ ਕਹਿਣਾ ਹੈ ਕਿ ਬੋਰਡ ਨੇ ਹੁਣ ਸਰਟੀਫਿਕੇਟਾਂ (ਡੀ. ਐਮ. ਸੀ./ਡਿਗਰੀ) ਦਾ ਵੀ ਮੁੱਲ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਸਭ ਕੁੱਝ ਪ੍ਰੀਖਿਆ ਫ਼ੀਸ ‘ਚ ਹੀ ਸ਼ਾਮਲ ਹੁੰਦਾ ਸੀ। ਜ਼ਿਕਰਯੋਗ ਹੈ ਕਿ ਇਸ ਵਾਰ 10ਵੀਂ ਜਮਾਤ ਦੇ ਕਰੀਬ 3.32 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਫ਼ੀਸ ਭਰੀ ਸੀ, ਜੋ ਕਰੀਬ 40 ਕਰੋੜ ਰੁਪਏ ਬਣਦੀ ਹੈ। ਇਸੇ ਤਰ੍ਹਾਂ 12ਵੀਂ ਜਮਾਤ ਦੇ ਕਰੀਬ 3.06 ਲੱਖ ਵਿਦਿਆਰਥੀਆਂ ਨੇ ਕਰੀਬ 49 ਕਰੋੜ ਰੁਪਏ ਦੀ ਪ੍ਰੀਖਿਆ ਫ਼ੀਸ ਭਰੀ ਸੀ।
ਗਰੀਬ ਮਾਪੇ ਇਸ ਗੱਲ ਤੋਂ ਹੈਰਾਨ ਹਨ ਕਿ ਪਹਿਲਾਂ ਪ੍ਰੀਖਿਆ ਫ਼ੀਸ ਦੇ ਨਾਂ ‘ਤੇ ਉਨ੍ਹਾਂ ਨੂੰ ਲੁੱਟਿਆ ਗਿਆ ਕਿਉਂਕਿ ਕੋਰੋਨਾ ਮਹਾਮਾਰੀ ਕਾਰਨ 10ਵੀਂ ਅਤੇ 12ਵੀਂ ਦੇ ਪ੍ਰਸ਼ਨ ਪੱਤਰ ਨਾ ਸਕੂਲਾਂ ‘ਚ ਪੁੱਜੇ ਅਤੇ ਨਾ ਹੀ ਪ੍ਰੀਖਿਆਵਾਂ ਹੋਈਆਂ ਹਨ ਤਾਂ ਫਿਰ ਪ੍ਰੀਖਿਆ ਫ਼ੀਸ ਕਿਸ ਗੱਲ ਦੀ ਲਈ ਹੈ। ਗਰੀਬ ਮਾਪਿਆਂ ਦਾ ਕਹਿਣਾ ਹੈ ਕਿ ਹੁਣ ਹਾਰਡ ਕਾਪੀ ਵਾਲਾ ਨਵਾਂ ਬੋਝ ਪਾ ਦਿੱਤਾ ਗਿਆ ਹੈ।
ਇਸ ਬਾਰੇ ਜਦੋਂ ਕੁੱਝ ਸਕੂਲਾਂ ਦੇ ਮੁਖੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਹ ਬੱਚਿਆਂ ਤੋਂ 300 ਰੁਪਏ ਮੰਗਦੇ ਹਨ ਤਾਂ ਮਾਪੇ ਉਨ੍ਹਾਂ ਨਾਲ ਔਖੇ-ਭਾਰੇ ਹੁੰਦੇ ਹਨ ਕਿਉਂਕਿ ਸਰਕਾਰੀ ਸਕੂਲਾਂ ‘ਚ ਗਰੀਬ ਘਰਾਂ ਦੇ ਬੱਚੇ ਹੀ ਪੜ੍ਹਦੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਪੰਜਾਬ ਬੋਰਡ ਉਨ੍ਹਾਂ ‘ਤੇ ਬੋਝ ਪਾਈ ਜਾ ਰਿਹਾ ਹੈ, ਜਦੋਂ ਕਿ ਸਰਕਾਰ ਮੁਫ਼ਤ ਵਿੱਦਿਆ ਦਾ ਢਿੰਡੋਰਾ ਪਿੱਟਦੀ ਨਹੀਂ ਹਟ ਰਹੀ।
Author: Gurbhej Singh Anandpuri
ਮੁੱਖ ਸੰਪਾਦਕ