ਪਠਾਨਕੋਟ: ਸ਼ਹਿਰ ਦੇ ਨੇੜੇ ਭਾਰਤੀ ਫੌਜ ਦੀ ਟ੍ਰੇਨਿੰਗ ਦੌਰਾਨ ਇਕ ਜਵਾਨ ਦੀ ਮੌਤ ਹੋ ਗਈ ਤੇ ਚਾਰ ਹੋਰ ਜਵਾਨ ਬਿਮਾਰ ਹੋ ਗਏ। ਗਰਮੀ ਕਾਰਨ ਕਰੀਬ ਦੋ ਦਰਜਨ ਜਵਾਨ ਇਸ ਟ੍ਰੇਨਿੰਗ ਦੌਰਾਨ ਬੇਹੋਸ਼ ਹੋ ਗਏ ਸਨ। ਟ੍ਰੇਨਿੰਗ ‘ਚ ਕੁੱਲ 11 ਅਫਸਰ, 11 ਜੇਸੀਓ ਤੇ 120 ਜਵਾਨ ਸ਼ਾਮਲ ਸਨ। ਕੁੱਲ 10 ਜਵਾਨ ਅਜੇ ਵੀ ਹਸਪਤਾਲ ‘ਚ ਭਰਤੀ ਹਨ।
ਭਾਰਤੀ ਫੌਜ ਦੀ ਚੰਡੀਮੰਦਰ ਸਥਿਤ ਪੱਛਮੀ ਕਮਾਨ ਨੇ ਬਿਆਨ ਜਾਰੀ ਕਰਕੇ ਦੱਸਿਆ, ‘ਖਰਾਬ ਮੌਸਮ ਕਾਰਨ ਪਠਾਨਕੋਟ ਦੇ ਕਰੀਬ ਇਕ ਜਵਾਨ ਦੀ ਮੌਤ ਹੋ ਗਈ। ਜਦਕਿ ਕਈ ਹੋਰ ਬਿਮਾਰ ਜਵਾਨਾਂ ਨੂੰ ਮਿਲਟਰੀ ਹਸਪਤਾਲ ਭਰਤੀ ਕਰਵਾਇਆ। ਬਿਮਾਰ ਜਵਾਨਾਂ ਨੂੰ ਲੋੜੀਂਦਾ ਇਲਾਜ ਦਿੱਤਾ ਜਾ ਰਿਹਾ ਹੈ
ਹਾਲਾਂਕਿ ਭਾਰਤੀ ਫੌਜ ਨੇ ਆਪਣੇ ਬਿਆਨ ‘ਚ ਇਹ ਨਹੀਂ ਦੱਸਿਆ ਕਿ ਆਖਿਰ ਕਿਸ ਤਰ੍ਹਾਂ ਦੀ ਟ੍ਰੇਨਿੰਗ ਚੱਲ ਰਹੀ ਸੀ। ਜਾਣਕਾਰੀ ਮੁਤਾਬਕ ਜਵਾਨਾਂ ਨੂੰ ਦਸ ਕਿਲੋਮੀਟਰ ਦੀ ਦੌੜ ‘ਚ ਹਿੱਸਾ ਲੈਣ ਦੇ ਹੁਕਮ ਦਿੱਤੇ ਗਏ ਸਨ। ਇਹ ਦੌੜ ਫੌਜ ਦੀ ਟ੍ਰੇਨਿੰਗ ਦਾ ਹਿੱਸਾ ਸੀ ਤੇ ਉਨ੍ਹਾਂ ਦੀ ਸਮਰੱਥਾ ਦੇਖਣ ਲਈ ਕੀਤੀ ਕਰਵਾਈ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਦੇ ਸਰੀਰ ‘ਤੇ ਹਥਿਆਰ ਤੇ ਦੂਜੇ ਫੌਜੀ ਸਾਜੋ ਸਮਾਨ ਵੀ ਸੀ। ਬੇਹੱਦ ਗਰਮੀ ਤੇ ਹਿਊਮਿਡ ਮੌਸਮ ਦੇ ਚੱਲਦਿਆਂ ਕਰੀਬ ਦੋ ਦਰਜਨ ਜਵਾਨ ਬੇਹੋਸ਼ ਹੋ ਗਏ। ਜਿਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ ਤੇ ਚਾਰ ਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਭਾਰਤੀ ਫੌਜ ਦੀ ਪੱਛਮੀ ਕਮਾਨ ਦੇ ਅੰਤਰਗਤ ਨੌਵੀਂ ਕੋਰ ਨੇ ਇਸ ਟ੍ਰੇਨਿੰਗ ਦਾ ਆਯੋਜਨ ਕੀਤਾ ਸੀ। ਨੌਵੀਂ ਕੋਰ ਨੂੰ ਰਾਇਜਿੰਗ ਕੋਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਤੇ ਇਸ ਦਾ ਹੈੱਡ ਕੁਆਰਟਰ ਹਿਮਾਚਲ ਪ੍ਰਦੇਸ਼ ਦੇ ਯੋਲ ‘ਚ ਹੈ। ਪਠਾਨਕੋਟ ਦੇ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਇਸ ਕੋਰ ਦੇ ਅੰਤਰਗਤ ਆਉਂਦੀ ਹੈ।
Author: Gurbhej Singh Anandpuri
ਮੁੱਖ ਸੰਪਾਦਕ