ਸਤਿਕਾਰਯੋਗ ਸ੍ਰ ਬਲਬੀਰ ਸਿੰਘ ਰਾਜੇਵਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪ੍ਰਧਾਨ ਜੀ 17 ਜੁਲਾਈ ਦੀ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਤੁਹਾਡੇ ਵੱਲੋਂ ਲਿਖਿਆ ਲੇਖ “ਕਿਸਾਨ ਅੰਦੋਲਨ ਲੇਖਾ ਜੋਖਾ ਅਤੇ ਭਵਿੱਖ” ਪੜਿਆ।ਉਸ ਲੇਖ ਵਿੱਚ ਤੁਸੀਂ ਆਪਣੀਆਂ ਸਿਫ਼ਤਾਂ ਦੇ ਬਹੁਤ ਪੁੱਲ ਬੰਨ੍ਹੇ ,ਠੀਕ ਹੈ ਤੁਸੀਂ ਇਹ ਕਰ ਸਕਦੇ ਹੋ ਇਹ ਤੁਹਾਡਾ ਅਧਿਕਾਰ ਖੇਤਰ ਹੈ। ਤੁਹਾਨੂੰ ਕਿਸਾਨ ਜੱਥੇਬੰਦੀਆਂ ਨੇ ਆਪਣਾਂ ਆਗੂ ਹੋਣ ਦਾ ਮਾਣ ਦਿੱਤਾ ਇਹ ਤੁਹਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ। ਇਤਿਹਾਸ ਵਿੱਚ ਝਾਤੀ ਮਾਰੀਏ ਤਾਂ ਮਿਸਲਾਂ ਦਾ ਵੇਲਾ ਯਾਦ ਆਉਂਦਾ ਹੈ।ਕਿਹੋ ਜਿਹੇ ਉਨ੍ਹਾਂ ਦੇ ਜਿਗਰੇ ਸਨ ਅੱਜ ਵੀ ਉਹ ਇਤਿਹਾਸ ਪੜਕੇ ਮਾਣ ਮਹਿਸੂਸ ਹੁੰਦਾ ਹੈ ਕਿ ਮਿਸਲਾਂ ਦੇ ਆਪਸੀ ਵਿਚਾਰਧਾਰਕ ਵਖਰੇਵੇਂ ਬਹੁਤ ਸਨ ,ਇਸ ਕਾਰਨ ਉਨ੍ਹਾਂ ਵਿੱਚ ਆਪਸੀ ਲੜਾਈਆਂ ਵੀ ਹੁੰਦੀਆਂ ਸਨ ਪਰ ਉਨ੍ਹਾਂ ਵਿੱਚ ਇੱਕ ਵਿਸ਼ੇਸ਼ਤਾ ਇਹ ਵੀ ਸੀ ਕਿ ਜਦੋਂ ਕੋਈ ਬਾਹਰੀ ਦੁਸ਼ਮਣ ਹਮਲਾ ਕਰਦਾ ਸੀ ਤਾਂ ਉਹ ਸਾਰੇ ਇਕੱਠੇ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਜਿੱਤਾਂ ਪ੍ਰਾਪਤ ਕਰਦੇ ਰਹੇ ਸਨ। ਉਨ੍ਹਾਂ ਦਾ ਨਾਮ ਇਤਿਹਾਸ ਵਿੱਚ ਸੁਨਹਿਰੇ ਸ਼ਬਦਾਂ ਵਿੱਚ ਲਿਖਿਆ ਮਿਲਦਾ ਹੈ।ਉਸ ਵਕਤ ਜੰਗ ਹਥਿਆਰਾਂ ਦੀ ਸੀ ਪਰ ਅੱਜ ਸਿਰਫ ਵਿਚਾਰਾਂ ਦੀ ਹੈ। ਮੈਂ ਅਜੋਕੇ ਕਿਸਾਨ ਅੰਦੋਲਨ ਦੀ ਗੱਲ ਕਰਨੀਂ ਚਾਹੁੰਦਾ ਹਾਂ।ਸਾਡੇ ਵਾਸਤੇ ਸਾਰੀਆਂ ਜਥੇਬੰਦੀਆਂ ਅਤੇ ਉਨ੍ਹਾਂ ਦੇ ਸਾਰੇ ਆਗੂ , ਵਰਕਰ ਸਾਹਿਬਾਨ ਸਭ ਸਤਿਕਾਰ ਯੋਗ ਹਨ।ਇੱਕ ਘਰ ਦੇ ਚਾਰ ਜਾਂ ਪੰਜ ਮੈਂਬਰ ਹੁੰਦੇ ਹਨ ਪਰ ਸਾਰਿਆਂ ਦੇ ਸੁਭਾਅ ਆਪਸ ਵਿੱਚ ਨਹੀਂ ਮਿਲਦੇ ।ਕੀ ਅਸੀਂ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਾਂ ? ਨਹੀਂ ਹਾਲਾਤਾਂ ਨਾਲ ਸਮਝੌਤਾ ਕਰਨਾਂ ਪੈਂਦਾ ਹੈ। ਇਹ ਘਰ ਦੇ ਮੁਖੀ ਦੀ ਜ਼ਿੰਮੇਵਾਰੀ ਹੈ ਕਿ ਉਸਨੇ ਘਰ ਨੂੰ ਕਿਸ ਤਰ੍ਹਾਂ ਚਲਾਉਂਣਾ ਹੈ ਅਤੇ ਉਹ ਜਿਵੇਂ ਕਿਵੇਂ ਕਰਕੇ ਚਲਾਉਂਦਾ ਵੀ ਹੈ ਪਰ ਕਿਸਾਨ ਅੰਦੋਲਨ ਦੇ ਹਾਲਾਤ ਵੱਖਰੇ ਹਨ ਇੱਥੇ ਇਉਂ ਕਹਿ ਲਵੋ ਕਿ ਰਾਜਨੀਤੀ ਸੰਘਰਸ਼ ਤੇ ਭਾਰੂ ਹੋਈ ਪਈ ਹੈ।
ਕੇਂਦਰ ਸਰਕਾਰ ਨੇ ਅੱਜ ਤੱਕ ਜਿੰਨੇ ਵੀ ਕਨੂੰਨ ਬਣਾਏ ਕਿਸੇ ਨੇ ਵਿਰੋਧ ਨਹੀਂ ਕੀਤਾ।ਸਾਰਾ ਦੇਸ਼ ਵੇਚ ਦਿੱਤਾ ਲੋਕ ਸੁੱਤੇ ਰਹੇ। ਮੋਦੀ ਸਰਕਾਰ ਨੇ ਕਿਸਾਨੀ ਤੇ ਵੀ ਹਮਲਾ ਕਰ ਦਿੱਤਾ ਜਿਸਦਾ ਪੰਜਾਬ ਤੋਂ ਵਿਰੋਧ ਹੋਣਾ ਸ਼ੁਰੂ ਹੋਇਆ। ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਆਪਣੀ ਯੋਗਤਾ ਅਨੁਸਾਰ ਯੋਗਦਾਨ ਪਾਇਆ।
ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਆਰਡੀਨੈਂਸ ਜਾਰੀ ਹੋਣ ਤੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ। ਪੰਜਾਬ ਦੇ ਸਾਰੇ ਜ਼ਿਲਿਆਂ ਵਿਚ 08 ਜੂਨ ਨੂੰ DC ਦਫ਼ਤਰਾਂ ਦਾ ਘਿਰਾਓ ਕੀਤਾ ਗਿਆ।ਕੋਵਿਡ 19 ਦੀਆਂ ਸਖ਼ਤ ਹਦਾਇਤਾਂ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਤੇ ਪਰਚੇ ਕੀਤੇ ਗਏ। ਕਿਸਾਨੀ ਸੰਘਰਸ਼ ਨੂੰ ਲਾਮਬੰਦ ਕਰਨ ਲਈ ਕਾਨਫਰੰਸਾਂ ਕੀਤੀਆਂ ਗਈਆਂ ਅਤੇ ਹਰ ਰੋਜ਼ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। 21ਜੁਲਾਈ 2020 ਨੂੰ ਪੰਜਾਬ ਦੇਸਾਰੇ MPs ਦੀਆਂ ਰਿਹਾਇਸ਼ਾਂ ਦਾ ਘਿਰਾਓ ਕੀਤਾ ਗਿਆ ਜਿਸ ਦੌਰਾਨ ਬਾਦਲ ਪਰਿਵਾਰ ਦੀ ਰਿਹਾਇਸ਼ ਦੇ ਘਿਰਾਓ ਦੌਰਾਨ ਜਥੇਬੰਦੀ ਵਰਕਰਾਂ ਤੇ ਲਾਠੀਚਾਰਜ ਹੋਇਆ, ਸਾਡੇ ਇੱਕ ਜ਼ਿਲਾ ਆਗੂ ਦੇ ਸਿਰ ਵਿੱਚ ਅਤੇ ਹੋਰ ਵੀ ਸੈਂਕੜੇ ਕਿਸਾਨਾਂ ਦੇ ਸੱਟਾਂ ਲੱਗੀਆਂ। ਉਸ ਦਿਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਘਰ ਵਿੱਚ ਮੌਜੂਦ ਸਨ। ਉਨ੍ਹਾਂ ਨਾਲ ਮੀਟਿੰਗ ਦੌਰਾਨ ਹਰਸਿਮਰਤ ਬਾਦਲ ਨੂੰ ਕੇਂਦਰ ਸਰਕਾਰ ਵਿੱਚੋਂ ਅਸਤੀਫਾ ਦੇ ਕੇ ਬਾਹਰ ਆਉਣ ਲਈ ਮਜਬੂਰ ਕੀਤਾ ਗਿਆ। ਧਰਨੇ ਵਿੱਚ ਆ ਕੇ ਸੁਖਬੀਰ ਬਾਦਲ ਵੱਲੋਂ ਹਰਸਿਮਰਤ ਬਾਦਲ ਦਾ ਅਸਤੀਫ਼ਾ ਦੇਣ ਦਾ ਵਿਸ਼ਵਾਸ਼ ਦਿਵਾਇਆ ਗਿਆ। 07ਸਤੰਬਰ ਨੂੰ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਗਿਆ।ਇਸ ਸਮੇਂ ਦੌਰਾਨ ਜਥੇਬੰਦੀ ਵੱਲੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਜਥੇ ਗਿ੍ਰਫ਼ਤਾਰੀ ਵਾਸਤੇ ਪੇਸ਼ ਹੁੰਦੇ ਰਹੇ ਪਰ ਸਰਕਾਰ ਨੇ ਗ੍ਰਿਫਤਾਰੀਆਂ ਕਰਨ ਤੋਂ ਪਾਸਾ ਵੱਟ ਲਿਆ।12 ਸਤੰਬਰ 2020 ਨੂੰ ਜੇਲਾਂ ਦੇ ਦਰਵਾਜੇ ਖੜਕਾਏ ਗਏ ਪਰ ਸਰਕਾਰ ਗ੍ਰਿਫਤਾਰ ਕਰਨ ਤੋਂ ਪਾਸਾ ਵੱਟ ਗਈ।ਉਸ ਤੋਂ ਬਾਅਦ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੇ 14, 15ਅਤੇ 16 ਸਤੰਬਰ ਨੂੰ ਤਿੰਨ ਦਰਿਆਈ ਪੁਲ ਹਰੀਕੇ, ਸ੍ਰੀ ਹਰਗੋਬਿੰਦਪੁਰ ਅਤੇ ਬਿਆਸ ਤਿੰਨ ਦਿਨ ਜਾਮ ਕੀਤੇ। ਸਾਡੀ ਜਥੇਬੰਦੀ ਨੇ ਸਭ ਤੋਂ ਪਹਿਲਾਂ 24ਸਤੰਬਰ ਨੂੰ ਰੇਲਵੇ ਟਰੈਕ ਜਾਮ ਕਰ ਦਿੱਤੇ ਬਾਕੀ ਜਥੇਬੰਦੀਆਂ 01 ਅਕਤੂਬਰ ਤੋਂ ਰੇਲਵੇ ਟਰੈਕਾਂ ਤੇ ਆਈਆਂ।ਇਸਤੋਂ ਬਾਅਦ ਸਾਰੀਆਂ ਜਥੇਬੰਦੀਆਂ ਰੇਲਵੇ ਟਰੈਕਾਂ ਤੇ ਆ ਗਈਆਂ ਅਤੇ ਨਾਲ ਦੀ ਨਾਲ ਟੋਲ ਪਲਾਜੇ ਫਰੀ ਕਰ ਦਿੱਤੇ।ਬਾਦ ਵਿੱਚ ਪੰਜਾਬ ਸਰਕਾਰ ਨੇ ਜਥੇਬੰਦੀਆਂ ਨੂੰ ਰੇਲਵੇ ਟਰੈਕ ਖਾਲੀ ਕਰਨ ਦੀ ਬੇਨਤੀ ਕੀਤੀ, ਜਥੇਬੰਦੀਆਂ ਨੇ ਪਸੰਜਰ ਗੱਡੀਆਂ ਤੋਂ ਬਿਨਾਂ ਮਾਲ ਗੱਡੀਆਂ ਲੰਘਾਉਣ ਤੇ ਸਹਿਮਤੀ ਦਿੱਤੀ ਪਰ ਸਰਕਾਰ ਦੋਵੇਂ ਗੱਡੀਆਂ ਇੱਕੇ ਵਕਤ ਲੰਘਾਉਂਣ ਤੇ ਅੜ ਗਈ। ਪੰਜਾਬ ਦੀਆਂ ਬਾਕੀ ਜਥੇਬੰਦੀਆਂ ਨੇ ਸਹਿਮਤੀ ਦੇ ਕੇ ਪਲੇਟਫਾਰਮਾਂ ਤੇ ਧਰਨਾ ਚਾਲੂ ਕਰ ਦਿੱਤਾ ਅਤੇ ਉਸ ਤੋਂ ਬਾਅਦ ਪਲੇਟਫਾਰਮਾਂ ਤੋਂ ਧਰਨਾ ਚੁੱਕ ਕੇ ਰੇਲਵੇ ਪਾਰਕਾਂ ਵਿੱਚ ਲੈ ਆਂਦਾ ਜਿਸ ਨਾਲ ਸਰਕਾਰ ਤੇ ਬਣਿਆ ਦਬਾ ਖਤਮ ਹੋ ਗਿਆ ਬਾਅਦ ਵਿੱਚ ਬਾਕੀ ਜਥੇਬੰਦੀਆਂ ਨੇ ਧਰਨੇ ਚੁੱਕ ਲਏ ਪਰ ਸਾਡੀ ਜਥੇਬੰਦੀ ਨੇ ਮਾਲ ਗੱਡੀ ਲੰਘਣ ਦੀ ਸਹਿਮਤੀ ਦਿੱਤੀ ਪਰ ਟਰੈਕ ਨਾ ਛੱਡੇ। ਉਧਰੋਂ 26ਨਵੰਬਰ ਨੂੰ “ਦਿੱਲੀ ਚੱਲੋ” ਦਾ ਐਲਾਨ ਹੋ ਚੁੱਕਾ ਸੀ। ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਹ ਐਲਾਨ ਕਰ ਚੁੱਕੀਆਂ ਸਨ ਕਿ ਸਰਕਾਰ ਨੇ ਜਿਥੇ ਵੀ ਸਾਨੂੰ ਰੋਕ ਦਿੱਤਾ ਅਸੀਂ ਉਥੇ ਹੀ ਮੋਰਚਾ ਲਾ ਦੇਣਾਂ ਹੈ। ਸਾਡੀ ਜਥੇਬੰਦੀ ਇਸ ਐਲਾਨ ਤੋਂ ਬਾਹਰ ਸੀ। ਹਰਿਆਣੇ ਵਾਲਿਆਂ ਨੇ ਮੋਰਚੇ ਦੀ ਅਗਵਾਈ ਕੀਤੀ,ਬੈਰੀਕੇਡ ਤੋੜੇ ਪੁੱਟੀਆਂ ਹੋਈਆਂ ਸੜਕਾਂ ਪੂਰਕੇ ਰਸਤੇ ਖੁਲ੍ਹਵਾਏ। ਜਿਹੜੇ ਸਾਡੇ ਆਗੂ ਹਰਿਆਣਾ ਬਾਰਡਰ ਪਾਰ ਨਹੀਂ ਕਰਨਾਂ ਚਾਹੁੰਦੇ ਸਨ ਉਨ੍ਹਾਂ ਨੂੰ ਬਗੈਰ ਜਥੇਬੰਦਕ ਨੌਜਵਾਨੀ ਨੇ ਐਸਾ ਧੱਕਾ ਲਾਇਆ ਕਿ ਉਨ੍ਹਾਂ ਨੂੰ ਦਿੱਲੀ ਬਾਰਡਰ ਤੇ ਪਹੁੰਚਾ ਦਿੱਤਾ। ਸਾਡੀ ਜਥੇਬੰਦੀ ਦੀ 26ਨਵੰਬਰ ਦੀ ਫੁੱਲ ਤਿਆਰੀ ਸੀ ਪਰ ਪੰਜਾਬ ਸਰਕਾਰ ਨੇ ਦਿੱਲੀ ਤਿਆਰੀ ਕਾਰਨ ਮੌਕੇ ਦਾ ਫਾਇਦਾ ਉਠਾ ਕੇ ਰੇਲ ਟ੍ਰੈਕ ਖਾਲੀ ਕਰਵਾਉਣਾਂ ਚਾਹਿਆ। ਸਰਕਾਰ ਨੇ ਆਪਣੀ ਪੂਰੀ ਵਾਹ ਲਾ ਦਿੱਤੀ ਪਰ ਸਾਡੇ ਕੋਲੋਂ ਜੰਡਿਆਲਾ ਗਹਿਰੀ ਮੰਡੀ ਵਾਲਾ ਰੇਲ ਟ੍ਰੈਕ ਖਾਲੀ ਕਰਵਾਉਣ ਵਿਚ ਸਫਲ ਨਹੀਂ ਹੋ ਸਕੀ।ਇਹ ਧਰਨਾਂ ਅਪ੍ਰੈਲ 2021ਤੱਕ ਚਲਦਾ ਰਿਹਾ।ਇਸੇ ਕਸ਼ਮਕਸ਼ ਵਿੱਚ 26 ਨਵੰਬਰ ਦਾ ਦਿਨ ਬਰਬਾਦ ਹੋ ਗਿਆ। ਅਸੀਂ 27 ਨਵੰਬਰ ਨੂੰ ਦਿੱਲੀ ਵੱਲ ਚਾਲੇ ਪਾ ਦਿੱਤੇ।28 ਨਵੰਬਰ ਨੂੰ ਰਾਤ ਅਸੀਂ ਦਿੱਲੀ ਤੋਂ ਪਿੱਛੇ ਸੁਖਦੇਵ ਅਮਰੀਕ ਢਾਬੇ ਤੇ ਰੁਕੇ।ਰਾਤ ਦਾ ਲੰਗਰ ਦਿੱਲੀ ਕਮੇਟੀ ਨੇ ਛਕਾਇਆ।ਉਕਤ ਢਾਬੇ ਵਾਲਿਆਂ ਨੇ 29ਨਵੰਬਰ ਨੂੰ ਸਵੇਰ ਦਾ ਨਾਸ਼ਤਾ ਲੰਗਰ ਰੂਪ ਵਿਚ ਫ੍ਰੀ ਦਿੱਤਾ।ਇਸ ਸਮੇਂ ਦੌਰਾਨ ਸਥਾਨਕ ਵਾਸੀਆਂ ਤੋਂ ਸਿੰਘੂ ਬਾਰਡਰ ਜਾਣ ਲਈ ਜਾਣਕਾਰੀ ਇਕੱਠੀ ਕਰ ਲਈ ਅਸੀਂ ਸਿੰਘੂ ਬਾਰਡਰ ਤੱਕ ਸਾਰੇ ਰਸਤੇ ਪਹਿਲਾਂ ਜਾ ਕੇ ਵੇਖ ਲਏ ਸਨ। ਅਸੀਂ ਦੇਖਿਆ ਕਿ ਜੇਕਰ ਅਸੀਂ ਵੀ ਉਸੇ ਰਸਤੇ ਗਏ ਤਾਂ ਅਸੀਂ ਲਗਭਗ 10-12 ਕਿਲੋਮੀਟਰ ਪਿੱਛੇ ਰਹਿ ਜਾਵਾਂਗੇ।ਇਸ ਕਰਕੇ ਅਸੀਂ ਪਿੰਡਾਂ ਰਾਹੀਂ ਦੋ ਥਾਵਾਂ ਤੇ ਬੈਰੀਕੇਡ ਤੋੜਦੇ ਹੋਏ ਨਰੇਲਾ ਕਸਬੇ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਮੈਮੋਰੀਅਲ ਚੌਕ ਵਿੱਚ ਪਹੁੰਚ ਕੇ ਸੜਕ ਵਿੱਚ ਧਰਨਾ ਲਾ ਕੇ ਜਿਹੜੀ ਪੁਲੀਸ ਤੁਹਾਨੂੰ ਰੋਕਕੇ ਬੈਠੀ ਸੀ ਅਸੀਂ ਉਸਨੂੰ ਘੇਰਾ ਪਾ ਲਿਆ। ਦੋ ਦਿਨ ਪੁਲਿਸ ਨਾਲ ਵਿਵਾਦ ਚੱਲਦਾ ਰਿਹਾ। ਆਖਿਰ ਪੁਲਿਸ ਨੂੰ ਇੱਕ ਦੀਵਾਰ ਤੋੜ ਕੇ ਨਿਕਲਣਾਂ ਪਿਆ। 29 ਨਵੰਬਰ ਨੂੰ ਸਾਡੇ ਜਥੇ ਦੇ ਆਗੂ ਸੂਬਾ ਮੀਤ ਪ੍ਰਧਾਨ ਸ੍ਰ ਜਸਬੀਰ ਸਿੰਘ ਜੀ ਪਿੱਦੀ, ਸੰਗਠਨ ਸਕੱਤਰ ਸ੍ਰ ਸੁਖਵਿੰਦਰ ਸਿੰਘ ਜੀ ਸਭਰਾ ਨੂੰ ਸੰਯੁਕਤ ਮੋਰਚੇ ਵੱਲੋਂ ਸ੍ਰ ਜੋਗਿੰਦਰ ਸਿੰਘ ਜੀ ਉਗਰਾਹਾਂ, ਡਾਕਟਰ ਦਰਸ਼ਨ ਪਾਲ ਜੀ, ਬੂਟਾ ਸਿੰਘ ਜੀ ਬੁਰਜ ਗਿੱਲ ਅਤੇ ਮਨਜੀਤ ਸਿੰਘ ਧਨੇਰ ਜੀ ਮਿਲਕੇ ਗਏ।ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ 20 ਦਸੰਬਰ ਨੂੰ ਆਈ ਹੈ ? 08 ਜਨਵਰੀ ਨੂੰ ਸਾਡੇ ਆਗੂਆਂ ਨੇ ਸੰਯੁਕਤ ਮੋਰਚੇ ਨਾਲ ਕੇਂਦਰ ਸਰਕਾਰ ਨਾਲ ਪਹਿਲੀ ਮੀਟਿੰਗ ਅਟੈਂਡ ਕੀਤੀ। ਉਸਤੋਂ ਬਾਅਦ ਤਿੰਨ ਮੀਟਿੰਗਾਂ ਹੋਰ ਅਟੈਂਡ ਕੀਤੀਆਂ।
ਰਾਜੇਵਾਲ ਜੀ ਤੁਸੀਂ ਲੇਖ ਵਿੱਚ ਲਿਖਿਆ ਕਿ 20ਦਿਨ ਬਾਅਦ 15ਦਸੰਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਸਾਡੇ ਅੱਗੇ ਲਿਆ ਕੇ ਬਿਠਾ ਦਿੱਤਾ। ਸਾਡੀ ਜਥੇਬੰਦੀ ਆਪਣੀ ਸੂਝ ਬੂਝ ਨਾਲ ਤੁਹਾਡੇ ਅੱਗੇ ਲੰਘ ਕੇ ਬੈਠੀ ਹੈ।ਜੇ ਤੁਸੀਂ ਚਾਹੁੰਦੇ ਤਾਂ ਬੈਰੀਕੇਡ ਤੋੜਕੇ ਦਿੱਲੀ ਜਾ ਸਕਦੇ ਸੀ ਪਰ ਨਹੀਂ ਕਿਉਂਕਿ ਅੱਗੇ ਡਾਂਗ ਫਿਰਨ ਦਾ ਖ਼ਤਰਾ ਸੀ। ਤੁਸੀਂ ਤਾਂ ਵੱਧ ਤੋਂ ਵੱਧ ਪਟਵਾਰੀ ਜਾਂ ਜੇ ਈ ਦਾ ਘਿਰਾਓ ਕਰਨ ਵਾਲੇ ਸੀ ਪਰ ਨੌਜ਼ਵਾਨੀ ਨੇ ਤੁਹਾਨੂੰ ਕੇਂਦਰ ਸਰਕਾਰ ਮੂਹਰੇ ਬਿਠਾ ਦਿੱਤਾ। 17 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ 26 ਜਨਵਰੀ ਨੂੰ ਦਿੱਲੀ ਦੇ ਰਿੰਗ ਰੋਡ ਤੇ ਕਿਸਾਨ ਟਰੈਕਟਰ ਪਰੇਡ ਕਰਨ ਦਾ ਫੈਸਲਾ ਲਿਆ ਗਿਆ।ਲੋਕਾਂ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ। ਲੋਕ ਆਪ ਮੁਹਾਰੇ ਦਿੱਲੀ ਟਰੈਕਟਰ ਲੈਕੇ ਪਹੁੰਚ ਗਏ। ਸੰਯੁਕਤ ਮੋਰਚੇ ਨੇ ਸਰਕਾਰ ਦੇ ਦਬਕੇ ਤੋਂ ਡਰਦਿਆਂ ਸ਼ਰਤਾਂ ਸਹਿਤ ਟਰੈਕਟਰ ਮਾਰਚ ਕਰਨਾਂ ਮੰਨ ਲਿਆ। 25 ਜਨਵਰੀ ਸ਼ਾਮ ਨੂੰ ਨੌਜਵਾਨਾਂ ਦੇ ਰੋਹ ਤੋਂ ਡਰਦਿਆਂ ਸੰਯੁਕਤ ਮੋਰਚੇ ਦੇ ਆਗੂ ਸਟੇਜ ਛੱਡਕੇ ਭੱਜ ਗਏ।ਜੇ ਸਾਡੇ ਆਗੂ ਨੌਜਵਾਨਾਂ ਨੂੰ ਠੰਡਿਆਂ ਕਰਕੇ ਰਿੰਗ ਰੋਡ ਤੇ ਜਾਣਾਂ ਨਾ ਮੰਨਦੇ ਤਾਂ ਹੋ ਸਕਦਾ ਸੀ ਕਿ ਉਹ ਤੁਹਾਨੂੰ ਲੱਭਕੇ ਤੁਹਾਡਾ ਨੁਕਸਾਨ ਵੀ ਕਰ ਦਿੰਦੇ।26ਜਨਵਰੀ ਨੂੰ ਆਮ ਲੋਕ ਜੋ ਪਹਿਲੀ ਵਾਰ ਦਿੱਲੀ ਗਏ ਸਨ ਉਹਨਾਂ ਨੂੰ ਰਸਤਿਆਂ ਦੀ ਜਾਣਕਾਰੀ ਨਾਂ ਹੋਣ ਕਾਰਨ ਲਾਲ ਕਿਲ੍ਹੇ ਤੇ ਪਹੁੰਚ ਗਏ।ਯੂ ਪੀ ਬਾਰਡਰ ਵੱਲ਼ੋਂ ਵੀ ਜਨਤਾ ਲਾਲ ਕਿਲ੍ਹੇ ਪਹੁੰਚ ਗਈ। ਅੱਗੇ ਜੋ ਹੋਇਆ ਸਭ ਨੂੰ ਪਤਾ ਹੈ।ਤੁਹਾਡੇ ਕਈ ਆਗੂ ਵੀ ਲਾਲ ਕਿਲ੍ਹੇ ਤੇ ਗਏ ਸੀ। ਤੁਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਨੌਜਵਾਨਾਂ ਤੇ ਇਲਜਾਮ ਲਾਕੇ ਮਰੀ ਪਈ ਸਰਕਾਰ ਨੂੰ ਜਿਊਂਦਾ ਕਰ ਦਿੱਤਾ। ਤੁਸੀਂ ਸਟੇਜ ਤੋਂ ਕਿਹਾ ਕਿ ਮਾਝੇ ਵਾਲੇ ਸਾਡੇ ਕੁਝ ਨਹੀਂ ਲਗਦੇ ,ਇਹ ਗਦਾਰ ਹਨ । ਤੁਸੀਂ ਸਰਕਾਰ ਨੂੰ ਗੁਪਤ ਸਹਿਮਤੀ ਦੇ ਕੇ ਸਾਡੇ ਧਰਨੇ ਤੇ BJP ਅਤੇ RSS ਤੋਂ ਹਮਲੇ ਕਰਵਾਏ। ਹੈਲੀਕਾਪਟਰ ਨਾਲ ਸਾਡੇ ਉੱਪਰ ਹੰਝੂ ਗੈਸ ਦੇ ਗੋਲੇ ਸੁਟਵਾਏ।ਸਾਡਾ ਪਾਣੀ ਬੰਦ ਕਰਵਾਇਆ। ਧਰਨੇ ਦੀ ਮਜਬੂਤ ਬੈਰੀਕੇਡਿੰਗ ਕਰਵਾ ਦਿੱਤੀ।ਤੁਹਾਡੇ ਵੱਲੋਂ ਸਾਡਾ ਧਰਨਾਂ ਉਠਾਉਣ ਲਈ ਸਾਡੇ ਵਿਰੁੱਧ ਜੋ ਵੀ ਹੋ ਸਕਦਾ ਸੀ ਤੁਸੀਂ ਕੀਤਾ।ਉਸ ਵਕਤ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਨੇ ਗੁੰਡਿਆਂ ਨੂੰ ਲਲਕਾਰਿਆ ਅਤੇ ਉਨ੍ਹਾਂ ਨੂੰ ਭੱਜਣ ਵਾਸਤੇ ਮਜਬੂਰ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਸ੍ਰ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਆਪਣੇ ਵਰਕਰਾਂ ਦੀਆਂ ਟਰਾਲੀਆਂ ਭਰ ਕੇ ਭੇਜੀਆਂ। ਉਨ੍ਹਾਂ ਵੀ ਸੰਕਟ ਦੀ ਘੜੀ ਵਿੱਚ ਸਾਥ ਦਿੱਤਾ ਪਰ ਸਾਡੇ ਧਰਨੇ ਦੇ ਬਿਲਕੁਲ ਨਜ਼ਦੀਕ ਮਰੀਆਂ ਜਮੀਰਾਂ ਵਾਲੇ ਖੁਸ਼ ਹੋ ਰਹੇ ਸਨ। ਅਸੀਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ
ਤੁਸੀਂ ਸਾਨੂੰ ਸਰਕਾਰੀ ਦੱਸਦੇ ਹੋ ਆਪਣੇ ਅੰਦਰ ਝਾਤੀ ਮਾਰੋ ਕਿ ਸਰਕਾਰੀ ਕੌਣ ਹੈ? 84 ਵੇਲੇ ਅਕਾਲੀ ਦਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਰਕਾਰੀ ਦੱਸਦਾ ਸੀ ਪਰ ਸਮੇਂ ਨੇ ਅਕਾਲੀ ਦਲ ਨੂੰ ਨੰਗਿਆਂ ਕਰ ਦਿੱਤਾ। ਜਿਨ੍ਹਾਂ ਨੂੰ ਸਰਕਾਰੀ ਦੱਸਿਆ ਜਾਂਦਾ ਸੀ ਉਹ ਸ਼ਹੀਦ ਹੋ ਗਏ ਪਰ ਜਿਹੜੇ ਆਪਣੇ ਆਪ ਨੂੰ ਪੰਥਕ ਦੱਸਦੇ ਸਨ ਉਹ ਹੱਥ ਖੜ੍ਹੇ ਕਰਕੇ ਨਿਕਲੇ। ਤੁਸੀਂ ਵੀ ਦੇਖ ਲਵੋ ਕਿ ਜਿਨ੍ਹਾਂ ਨੂੰ ਤੁਸੀਂ ਸਰਕਾਰੀ ਦੱਸਦੇ ਹੋ ਉਨ੍ਹਾਂ ਦਾ ਸਾਰੇ ਪਾਸਿਓਂ ਰਸਤਾ ਬੰਦ ਹੈ ਸਿਰਫ ਇੱਕ ਰਸਤਾ ਚੱਲਦਾ ਹੈ ਉਹ ਵੀ ਗਲੀਆਂ ਵਿਚੋਂ ਦੀ ਚਿੱਕੜ ਭਰੇ ਰਸਤੇ ਥਾਂਣੀ ਲੰਘਣਾ ਪੈਂਦਾ ਹੈ ਪਰ ਤੁਹਾਡੇ ਅੱਗੇ ਤਾਂ ਕੋਈ ਰੁਕਾਵਟ ਵੀ ਨਹੀਂ ਸਗੋਂ ਪੰਜਾਬ ਕਾਂਗਰਸ ਸਰਕਾਰ ਵੱਲੋਂ ਤੁਹਾਨੂੰ ਸੁਰੱਖਿਆ ਮਿਲੀ ਹੋਈ ਹੈ। “ਇਹ ਪਬਲਿਕ ਹੈ ਸਭ ਜਾਨਤੀ ਹੈ” ਕਿ ਕੌਣ ਸਰਕਾਰੀ ਹੈ ਅਤੇ ਕੌਣ ਨਹੀਂ।ਇਸ ਤਰ੍ਹਾਂ ਲੇਖ ਲਿਖਿਆਂ ਸੱਚ ਨੇ ਝੂਠ ਨਹੀਂ ਹੋ ਜਾਣਾਂ।
26 ਜਨਵਰੀ ਤੋਂ ਬਾਅਦ ਸਾਡੀ ਜਥੇਬੰਦੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਨੂੰ ਹਰ ਜਗ੍ਹਾ ਲਾਗੂ ਕੀਤਾ।ਤੁਹਾਡੇ ਵੱਲੋਂ ਇਨ੍ਹਾਂ ਕੁਝ ਕੂੜ ਪਰਚਾਰ ਕਰਨ ਦੇ ਬਾਵਜੂਦ ਵੀ ਸੰਘਰਸ਼ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਕਿਸੇ ਆਗੂ ਨੇ ਮੋਰਚੇ ਵਿਰੁੱਧ ਇੱਕ ਵੀ ਸ਼ਬਦ ਨਹੀਂ ਬੋਲਿਆ ਪਰ ਹੁਣ ਹੱਦ ਹੋ ਗਈ ਕਿ ਲੇਖ ਵਿੱਚ ਇੰਨਾਂ ਝੂਠ ਉਹ ਵੀ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਧ ਸਮਝਦਾਰ ਸਮਝਣ ਵਾਲੇ ਆਗੂ ਵੱਲੋਂ ਲਿਖਿਆ ਗਿਆ ਹੋਵੇ।
ਰਾਜੇਵਾਲ ਜੀ “ਪੰਥ ਵੱਸੇ ਮੈਂ ਉਜੜਾਂ ਮਨ ਚਾਉ ਘਨੇਰਾ” ਅਨੁਸਾਰ ਕੰਮ ਕਰੋ। ਤੁਹਾਡੀਆਂ ਇੰਨਾ ਕਾਰਵਾਈਆਂ ਕਾਰਨ ਹੀ ਸਰਕਾਰ ਗਲਬਾਤ ਕਰਨ ਤੋਂ ਪਿੱਛੇ ਹਟੀ ਹੈ। ਤੁਹਾਡਾ ਹੀਰੋ “ਸ਼ਹੀਦ ਨਵਰੀਤ ਸਿੰਘ ਡਿਬਡਿਬਾ” ਨਹੀਂ ਸਗੋਂ ਬਲਦੇਵ ਮਾਨ ਹੈ ਜਿਸਦੀ ਤੁਸੀਂ ਪੰਜਾਬ ਆਕੇ ਬਰਸੀ ਮਨਾਈ। ਸਾਡੀ ਜਥੇਬੰਦੀ ਅੱਜ ਵੀ ਤੁਹਾਡੇ ਨਾਲ ਹੈ । ਸਾਡੀ ਜਥੇਬੰਦੀ ਨਾਂ ਪਿੱਛੇ ਹਟੇਗੀ ਅਤੇ ਨਾਂ ਹੀ ਕਿਸੇ ਨੂੰ ਪਿੱਛੇ ਹਟਣ ਦੇਵੇਗੀ।
ਰਾਜੇਵਾਲ ਜੀ ਗੁਰਬਾਣੀ ਅਨੁਸਾਰ ਇਨਸਾਨ ਭੁੱਲਣਹਾਰ ਹੈ ਸਿਰਫ ਇੱਕ ਪਰਮਾਤਮਾ ਹੀ ਹੈ ਜੋ ਕੋਈ ਗਲਤੀ ਨਹੀਂ ਕਰਦਾ।ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਗਲਤੀਆਂ ਹੋਈਆਂ ਹਨ। ਤੁਸੀਂ ਵੀ ਬਹੁਤ ਗਲਤੀਆਂ ਕੀਤੀਆਂ ਹਨ ਪਰ “ਕੌਣ ਆਖੇ ਰਾਣੀ ਨੂੰ ਕਿ ਅੱਗਾ ਢੱਕ”। ਪਹਿਲਾਂ ਤੁਸੀਂ ਨਿਹੰਗ ਸਿੰਘਾਂ ਨੂੰ ਆਪਣੀਆਂ ਛਾਉਣੀਆਂ ਪਿੱਛੇ ਲੈ ਜਾਂਣ ਵਾਸਤੇ ਕਿਹਾ ਇਸ ਤੇ ਤੁਹਾਡਾ ਜ਼ਬਰਦਸਤ ਵਿਰੋਧ ਹੋਇਆ ਅਖੀਰ ਤੁਹਾਨੂੰ ਮਾਫੀ ਮੰਗਣੀ ਪਈ।ਫਿਰ ਤੁਸੀਂ ਜਿਸ ਹਰਿਆਣੇ ਵਾਲਿਆਂ ਨੇ ਰਸਤੇ ਸਾਫ਼ ਕਰਕੇ ਦਿੱਤੇ ਤੁਸੀਂ ਜਾਟ ਅੰਦੋਲਨ ਵੇਲੇ ਹੋਈਆਂ ਘਟਨਾਵਾਂ ਦਾ ਇਲਜਾਮ ਉਨ੍ਹਾਂ ਸਿਰ ਲਾਕੇ ਉਨ੍ਹਾਂ ਨੂੰ ਨਰਾਜ਼ ਕੀਤਾ ਫਿਰ ਉਨ੍ਹਾਂ ਕੋਲ ਗਲਤੀ ਮੰਨੀ। ਉਸ ਤੋਂ ਬਾਅਦ ਤੁਸੀਂ ਟਰੈਕਟਰਾਂ ਅਤੇ ਹੋਰ ਵਹੀਕਲਜ਼ ਤੋਂਖਾਲਸਾਈ ਨਿਸ਼ਾਨ ਸਾਹਿਬ ਉਤਾਰਨ ਲਈ ਫੁਰਮਾਨ ਜਾਰੀ ਕਰ ਦਿੱਤਾ ਉਸ ਦਾ ਵੀ ਜ਼ਬਰਦਸਤ ਵਿਰੋਧ ਹੋਣ ਤੇ ਤੁਹਾਨੂੰ ਮਾਫੀ ਮੰਗਣੀ ਪਈ। ਸਰਕਾਰ ਨਾਲ ਮੀਟਿੰਗ ਤੇ ਜਾਣ ਵੇਲੇ ਤੁਹਾਡੇ ਸੀਨੀਅਰ ਆਗੂ ਰੁਲਦੂ ਸਿੰਘ ਮਾਨਸਾ ਨੇ ਆਪਣੀ ਕਾਰ ਦਾ ਸ਼ੀਸ਼ਾ ਆਪ ਭੰਨਕੇ ਸਰਕਾਰੀ ਫੋਰਸਾਂ ਸਿਰ ਇਲਜਾਮ ਲਗਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਵੀਡੀਓ ਵਿਚ ਅੰਨਿਆਂ ਨੂੰ ਵੀ ਨਜ਼ਰ ਆ ਰਿਹਾ ਹੈ।ਇੱਕ ਇੰਟਰਵਿਊ ਵਿਚ ਸੁਰਜੀਤ ਸਿੰਘ ਜੀ ਫੂਲ ਦੱਸ ਰਹੇ ਹਨ ਕਿ ਅਸੀਂ ਪੁਲਿਸ ਵੱਲੋਂ ਰੁਲਦੂ ਸਿੰਘ ਮਾਨਸਾ ਦੀ ਕਾਰ ਦਾ ਸ਼ੀਸ਼ਾ ਤੋੜਨ ਦੀ ਘਟਨਾ ਨੂੰ ਪੂਰੇ ਗੁੱਸੇ ਨਾਲ ਪੇਸ਼ ਕੀਤਾ ਪਰ ਅੱਗਿਓਂ ਤੋਮਰ ਹੁਰਾਂ ਨੇ ਸਾਨੂੰ ਇੱਕ ਵੀਡੀਓ ਦਿਖਾਈ ਗਈ ਜਿਸ ਵਿੱਚ ਰੁਲਦੂ ਸਿੰਘ ਜੀ ਆਪ ਕਾਰ ਦੇ ਸ਼ੀਸ਼ੇ ਤੇ ਖੂੰਡਾ ਮਾਰ ਰਹੇ ਹਨ।ਫੂਲ ਜੀ ਕਹਿੰਦੇ ਹਨ ਕਿ ਵੀਡੀਓ ਦੇਖ ਕੇ ਸ਼ਰਮ ਨਾਲ ਸਾਡੇ ਸਿਰ ਝੁਕ ਗਏ।ਇਸ ਤੋਂ ਅੱਗੇ ਮੀਟਿੰਗ ਤੇ ਜਾਣ ਵੇਲੇ ਤੁਹਾਡੇ ਵੱਲੋਂ ਸਰਕਾਰ ਦਾ ਪਰੋਸਿਆ ਹੋਇਆ ਖਾਣਾਂ ਖਾਣ ਤੇ ਫੇਰ ਲੋਕਾਂ ਵੱਲੋਂ ਤੁਹਾਡਾ ਜ਼ਬਰਦਸਤ ਵਿਰੋਧ ਹੋਇਆ ਤਾਂ ਤੁਸੀਂ ਸਰਕਾਰੀ ਖਾਂਣੇ ਦਾ ਬਾਈਕਾਟ ਕੀਤਾ। ਤੁਹਾਨੂੰ ਇਹ ਭਲੀ ਭਾਂਤ ਪਤਾ ਹੋਣ ਦੇ ਬਾਵਜੂਦ ਵੀ ਕਿ ਅਜਮੇਰ ਸਿੰਘ ਲੱਖੋਵਾਲ ਨੂੰ ਲੋਕਾਂ ਨੇ ਸਟੇਜ ਤੇ ਬੋਲਣ ਨਹੀਂ ਦੇਣਾਂ ਪਰ ਤੁਸੀਂ ਜਾਣਬੁੱਝ ਕੇ ਸਟੇਜ ਤੇ ਬੁਲਵਾਉਣ ਦੀ ਕੋਸ਼ਿਸ਼ ਕੀਤੀ ਉਸਦਾ ਵੀ ਲੋਕਾਂ ਨੇ ਵਿਰੋਧ ਕੀਤਾ।
ਰਾਜੇਵਾਲ ਜੀ ਤੁਸੀਂ ਗਲਤੀਆਂ ਕਰੋ ਤਾਂ ਸਭ ਕੁਝ ਮੁਆਫ ਅਤੇ ਜਿਨ੍ਹਾਂ ਨੂੰ ਤੁਸੀਂ ਵਿਰੋਧੀ ਮੰਨਦੇ ਹੋ ਉਨ੍ਹਾਂ ਕੋਲੋਂ ਜਾਣੇ ਅਨਜਾਣੇ ਗਲਤੀ ਹੋ ਜਾਵੇ ਤਾਂ ਤੁਸੀਂ ਉਨ੍ਹਾਂ ਨੂੰ ਸਰਕਾਰੀ ਟਾਊਟ, ਏਜੰਸੀਆਂ ਦੇ ਯਾਰ ਗੁਰਪਤਵੰਤ ਪੰਨੂੰ ਕੋਲੋਂ ਢਾਈ ਲੱਖ ਡਾਲਰ ਲੈਣ ਵਾਲੇ ਪਤਾ ਨਹੀਂ ਕਿ ਹੋਰ ਕੀ ਕੀ ਸਰਟੀਫਿਕੇਟ ਵੰਡੇ ਦਿੱਤੇ।
ਰਾਜੇਵਾਲ ਜੀ ਇਹ ਕੋਈ ਸਿਆਣਪ ਦੀਆਂ ਨਿਸ਼ਾਨੀਆਂ ਨਹੀਂ ਹਨ ਸਗੋਂ ਇਹ ਤਾਂ ਅੰਦੋਲਨ ਦਾ ਬੇੜਾ ਗਰਕ ਕਰਨ ਦੀਆਂ ਨੀਤੀਆਂ ਹਨ। ਸਰਕਾਰ ਨੇ ਲਾਲ ਕਿਲ੍ਹੇ ਵੱਲ ਜਾਣ ਲਈ ਰਸਤਾ ਆਪ ਦਿਖਾਇਆ।ਧੋਖੇ ਨਾਲ ਜਾਲ ਵਿੱਚ ਫਸਾਇਆ। ਤੁਸੀਂ ਜਿਹੜੀਆਂ ਤੋਪਾਂ ਦੇ ਮੂੰਹ ਮੋਦੀ ਵੱਲ ਹੋਣੇ ਚਾਹੀਦੇ ਸਨ ਜਦੋਂ ਉਹ ਤੋਪਾਂ ਆਪਣਿਆਂ ਵੱਲ ਕਰ ਲਈਆਂ ਤਾਂ ਦੁਸ਼ਮਣ ਖੁਸ਼ ਹੋ ਗਿਆ ਕਿ ਇਨ੍ਹਾਂ ਦੀ ਗੱਲ ਮੰਨਣ ਦੀ ਕੋਈ ਲੋੜ ਨਹੀਂ ਇਹ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਹਨ।
ਰਾਜੇਵਾਲ ਜੀ ਸੰਯੁਕਤ ਕਿਸਾਨ ਮੋਰਚੇ ਦੀਆਂ ਕੁਝ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਪਿੰਡਾਂ ਵਿਚ ਸਾਡੀ ਜਥੇਬੰਦੀ ਦੇ ਖਿਲਾਫ ਕੂੜ ਪ੍ਰਚਾਰ ਕਰ ਰਹੇ ਹਨ ਪਰ ਅਸੀਂ ਕਹਿੰਦੇ ਹਾਂ ਕਿ ਲੋਕ ਸੇਵਾ ਕਰਕੇ ਅੱਗੇ ਵਧੋ ਨਾਂ ਕਿ ਕਿਸੇ ਆਪਣੇ ਦੇ ਰਸਤੇ ਵਿਚ ਟੋਏ ਪੁੱਟ ਕੇ।ਸੰਯੁਕਤ ਮੋਰਚੇ ਵਿੱਚ ਕਈ ਸਿਆਣੇ ਆਗੂ ਵੀ ਹਨ ਜੋ ਏਕਤਾ ਚਾਹੁੰਦੇ ਹਨ ਪਰ ਕਈ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਦਾ ਕੰਮ ਸਿਰਫ ਸਾਡੀ ਜਥੇਬੰਦੀ ਨੂੰ ਭੰਡਣਾ ਹੈ।
ਪਰਮਾਤਮਾ ਤੁਹਾਨੂੰ ਸੁਮੱਤ ਬਖਸ਼ੇ ਅਤੇ ਇਹੋ ਜਿਹੇ ਝੂਠੇ ਲੇਖ ਲਿਖਣੇਂ ਬੰਦ ਕਰਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਨਾਲ ਲੈਕੇ ਕਿਸਾਨੀ ਦੀ ਸੇਵਾ ਕਰੋ।
ਤੁਹਾਡਾ ਅਤੇ ਕਿਸਾਨੀ ਸੰਘਰਸ਼ ਦਾ ਸ਼ੁਭਚਿੰਤਕ ।
ਮੁਸੀਬਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ
ਜੋਨ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ