ਦੋਰਾਹਾ/ਖੰਨਾ, 3 ਸਤੰਬਰ (ਲਾਲ ਸਿੰਘ ਮਾਂਗਟ)-ਕਿਸਾਨ ਵਿਰੋਧੀ ਤਿੰਨ ਕਾਲੇ ਬਿਲਾ ਨੂੰ ਲੈ ਕੇ ਜਿੱਥੇ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਬਾਰਡਰਾ ਨੂੰ ਘੇਰਾ ਪਾਇਆ ਹੋਇਆ ਹੈ ਉੱਥੇ ਹੀ ਮੋਦੀ ਸਰਕਾਰ ਨੂੰ ਘੇਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਸਖ਼ਤ ਐਕਸ਼ਨ ਲੈਂਦਿਆਂ ਯੂ ਪੀ ਅੰਦਰ ਇੱਕ ਮਹਾ ਪੰਚਾਇਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਉਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਹੋ ਰਹੀ ਮਹਾਂ ਪੰਚਾਇਤ ਦੁਨੀਆਂ ਦੇ ਇਤਿਹਾਸ ਵਿੱਚ ਮੋਦੀ ਸਰਕਾਰ ਦੇ ਸਿਆਸੀ ਪੱਤਨ ਦਾ ਮੁੱਖ ਕਾਰਨ ਬਣਕੇ ਫ਼ੈਸਲਾਕੁਨ ਹੋ ਨਿਬਡ਼ੇਗੀ। ਇਨਾ ਸ਼ਬਦਾ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਰਜਿੰਦਰ ਸਿੰਘ ਅਤੇ ਪ੍ਰਗਟ ਸਿੰਘ ਕੋਟ ਪਨੈਚ ਨੇ ਸਾਂਝੇ ਤੌਰ ਤੇ ਜ਼ਾਰੀ ਕੀਤੇ ਪ੍ਰੈਸ ਬਿਆਨ ਰਾਹੀਂ ਕਰਦਿਆ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕੀ ਕਿਸਾਨੀ ਬਿਲ ਰੱਦ ਕੀਤੇ ਬਿਨਾਂ ਭਾਜਪਾ ਨੇ ਦੇਸ਼ ਦੇ ਅੰਦਰ ਪੈਰ ਪਸਾਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅੱਜ ਭਾਰਤ ਦਾ ਬੱਚਾ ਬੱਚਾ, ਖ਼ੇਤੀ ਕਾਨੂੰਨਾਂ ਦੀ ਜਾਣਕਾਰੀ ਰੱਖਦੈ ਲੇਕਿਨ ਵਪਾਰ ਬਣੀ ਰਾਜਨੀਤੀ ਚ ਸਤਾਹ ਦੇ ਲੁਤਫ਼ ਵਿਚ ਡੁੱਬੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਅਕਲ ਤੇ ਪਰਦਾ ਪੈ ਗਿਆ ਜਾਪਦਾ ਹੈ।
ਉਨ੍ਹਾਂ ਕਿਹਾ ਕਿ, ਇਨ੍ਹਾਂ ਮੰਤਰੀਆਂ ਸੰਤਰੀਆਂ ਦਾ ਇਹ ਕਹਿਣਾ ਕਿ ਕਾਨੂੰਨਾਂ ਚ ਕੀ ਕਾਲ਼ਾ, ਇਨ੍ਹਾਂ ਦੀ ਬੌਧਿਕ ਕੰਗਾਲੀ ਦੀ ਗਵਾਹੀ ਭਰਦੇ ਹਨ।
ਆਗੂਆਂ ਨੇ ਸਮੁੱਚੇ ਭਾਈਚਾਰਿਆਂ ਨੂੰ ਆਪੋ-ਆਪਣੇ ਰੁਝੇਵਿਆਂ ਤੋਂ ਨਿਕਲਕੇ ਮੁਜ਼ੱਫਰਨਗਰ ਦੀ ਮਹਾਂ ਪੰਚਾਇਤ ਵਿੱਚ ਮਨੁੱਖਤਾ ਦਾ ਹਡ਼ ਲਿਆਉਣ ਲਈ ਇਕੱਠਿਆਂ ਹੋਕੇ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਹੈ, ਤਾਂ ਕਿ ਕੇਂਦਰ ਸਰਕਾਰ ਨੂੰ ਉਸਦੀ ਕਰਨੀ ਦਾ ਮੂੰਹ ਤੋਡ਼ ਜਵਾਬ ਦਿੱਤਾ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਲੋਚਨ ਸਿੰਘ ਰਾਜੇਵਾਲ, ਕੁਲਦੀਪ ਸਿੰਘ ਬਿੱਲੂ, ਹਰਪਾਲ ਸਿੰਘ ਰੂਪਾ, ਸੈਕਟਰੀ ਸੁਖਦੇਵ ਸਿੰਘ ਮਾਂਗਟ ਵੀ ਮੌਜੂਦ ਸਨ।