ਦੋਰਾਹਾ/ਖੰਨਾ, 2 ਸਤੰਬਰ (ਲਾਲ ਸਿੰਘ ਮਾਂਗਟ)-ਮਾਖਿਓਂ ਮਿੱਠੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਅਗਰ ਪੰਜਾਬ ਅੰਦਰ ਨਹੀਂ ਹੋ ਰਿਹਾ ਤਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਅਖਵਾਉਣ ਵਾਲੇ ਸਿਆਸੀ, ਸਮਾਜਿਕ ਅਤੇ ਸਾਹਿਤਕਾਰ ਲੋਕ, ਪਿਆਰ ਦੇ ਮੁਜਸ਼ਮੇ ਪੰਜਾਬੀਆ ਦੇ ਦਿਲ ਅਜੀਜ ਨਹੀ ਅਖਵਾ ਸਕਦੇ। ਪਿੰਡਾਂ ਅਤੇ ਸ਼ਹਿਰਾਂ ਅੰਦਰ ਬਣੀਆਂ ਸਾਹਿਤਕਾਰਾ ਨਾਲ ਜੁੜੀਆ ਲਿਖਾਰੀ ਸਭਾਵਾਂ ਦਾ ਵੀ ਸਿਆਸੀਕਰਨ ਹੋ ਜਾਣ ਕਾਰਨ, ਸਾਹਿਤਕਾਰ ਆਪਣੀ ਮਾਖਿਓਂ ਮਿੱਠੀ ਪੰਜਾਬੀ ਬੋਲੀ ਪ੍ਰਤੀ ਸੰਜੀਦਾ ਨਹੀਂ ਜਾਪਦੇ। ਕਿਉਂਕਿ ਰਾਸ਼ਟਰੀ ਅਤੇ ਰਾਜ ਮਾਰਗਾਂ ਉੱਪਰ ਲੱਗੇ ਸਾਈਨ ਬੋਰਡ ਜੋ ਰਾਹਗੀਰਾਂ ਦਾ ਰਾਹ ਦਸੇਰਾ ਬਣਦੇ ਹਨ, ਉਨ੍ਹਾਂ ਉਪਰ ਲਿਖੀ ਪੰਜਾਬੀ ਭਾਸ਼ਾ ਦਾ ਇਸ ਕਦਰ ਨਿਰਾਦਰ ਹੋ ਰਿਹਾ ਹੈ ਕਿ ਪੜ੍ਹਨ ਵਾਲੇ ਵਿਅਕਤੀ ਦਾ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ 44 ਉੱਪਰ ਦੋਰਾਹਾ ਨੇੜੇ ਪਿੰਡ ਮਲੀਪੁਰ ਨੂੰ ਪੰਜਾਬੀ ਵਿੱਚ ਮਾਲੀਪੁਰ ਲਿਖਿਆ ਗਿਆ ਹੈ ਅਤੇ ਲੁਧਿਆਣਾ ਨੂੰ ਮੋਦੀਆਣਾ ਲਿਖ ਕੇ ਪੰਜਾਬੀ ਭਾਸ਼ਾ ਦਾ ਨਿਰਾਦਰ ਕੀਤਾ ਗਿਆ ਹੈ। ਇਨ੍ਹਾਂ ਪਿੰਡਾਂ ਅੰਦਰ ਰਹਿੰਦੇ ਅਕਾਲੀ, ਕਾਂਗਰਸ ਅਤੇ ਆਪ ਦੇ ਆਗੂ ਵੀ ਪੰਜਾਬੀ ਭਾਸ਼ਾ ਪ੍ਰਤੀ ਇੰਨੇ ਅਵੇਸਲੇ ਹਨ ਕਿ ਕਿਸੇ ਨੇ ਇਹ ਆਵਾਜ਼ ਹਾਲੇ ਤੱਕ ਨਹੀ ਉਠਾਈ।
ਇਨ੍ਹਾਂ ਸਾਈਨ ਬੋਰਡਾਂ ਉਪਰ ਲਿਖੀ ਗ਼ਲਤ ਪੰਜਾਬੀ ਦੇ ਅਨਰਥ ਕਰਨ ਵਾਲੇ ਲੋਕਾ ਦਾ ਕਹਿਣਾ ਹੈ ਕਿ ਕਿ ਨੈਸ਼ਨਲ ਹਾਈਵੇ ਅਥਾਰਿਟੀ ਕੇਂਦਰ ਦੇ ਅਧੀਨ ਹੋਣ ਕਰਕੇ ਲੁਧਿਆਣਾ ਨੂੰ ਮੋਦੀ ਆਣਾ ਦਰਸਾ ਰਹੀ ਹੈ। ਗਲਤੀ ਲਈ ਜ਼ਿੰਮੇਵਾਰੀ ਨੈਸ਼ਨਲ ਹਾਈਵੇਅ ਅਥਾਰਟੀ ਬਣਦੀ ਹੋਣ ਦੇ ਨਾਲ ਪ੍ਰਸ਼ਾਸਨਿਕ ਤੌਰ ਤੇ ਸਬ ਡਿਵੀਜ਼ਨ ਪੱਧਰ ਦੇ ਅਧਿਕਾਰੀ ਵੀ ਉਨੇ ਹੀ ਜਿੰਮੇਵਾਰ ਹਨ। ਸੰਯੁਕਤ ਅਕਾਲੀ ਦਲ ਦੇ ਸੀਨੀਅਰ ਆਗੂ ਕਮਲਦੀਪ ਸਿੰਘ ਲਾਡੀ ਮਡਿਆਲਾ ਕਲਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਲੱਗੇ ਇਹ ਸਾਈਨ ਬੋਰਡ ਮਾੜੇ ਪ੍ਰਸ਼ਾਸਨਿਕ ਸਿਸਟਮ ਦਾ ਮੂੰਹ ਚਿੜਾ ਰਹੇ ਹਨ। ਕਿਉਂਕਿ ਪੰਜਾਬ ਅਤੇ ਕੇਂਦਰ ਦੇ ਸੰਤਰੀ ਅਤੇ ਮੰਤਰੀ ਰੋਜਾਨਾ ਇਸ ਮਾਰਗ ਤੇ ਵਿਚਰਦੇ ਹਨ, ਪਰ ਕਿਸੇ ਵੀ ਅਧਿਕਾਰੀ ਦਾ ਇਸ ਪਾਸੇ ਧਿਆਨ ਨਹੀਂ ਜਾਂਦਾ। ਕੁਝ ਲੋਕਾ ਦਾ ਇਹ ਵੀ ਕਹਿਣਾ ਹੈ ਕਿ ਸਿਆਸੀ ਲੋਕਾਂ ਤੋਂ ਪੰਜਾਬੀ ਭਾਸ਼ਾ ਪ੍ਰਤੀ ਉਸਾਰੂ ਆਸ ਰੱਖਣੀ ਕਦਾਚਿਤ ਉਮੀਦ ਨਹੀ ਰੱਖੀ ਜਾ ਸਕਦੀ। ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਅੰਦਰ ਲੱਗੇ ਸਾਈਨ ਬੋਰਡਾਂ ਨੂੰ ਦਰੁਸਤ ਕੀਤਾ ਜਾਵੇ। ਤਾਂ ਜੋ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਾਇਮ ਰਹਿ ਸਕੇ ਅਗਰ ਪੰਜਾਬ ਅੰਦਰ ਹੀ ਪੰਜਾਬੀ ਭਾਸ਼ਾ ਤਸਕਰੀ ਗਈ ਤਾਂ ਪੰਜਾਬ ਤੇ ਪੰਜਾਬੀਅਤ ਦੇ ਅਰਥ ਖਤਮ ਹੋ ਜਾਣਗੇ। ਹੁਣ ਵੇਖਣਾ ਹੋਵੇਗਾ ਕੇ ਅਧਿਕਾਰੀ ਇਸ ਗਲਤੀ ਨੂੰ ਸੁਧਾਰਨ ਲਈ ਕੀ ਯੋਗ ਕਦਮ ਚੁੱਕਦੇ ਹਨ।
Author: Gurbhej Singh Anandpuri
ਮੁੱਖ ਸੰਪਾਦਕ