ਮਾਨਸਾ,7 ਸਤੰਬਰ (ਅਮਨਦੀਪ) ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਤਿਉਂ-ਤਿਉਂ ਟਿਕਟ ਪ੍ਰਾਪਤ ਕਰਨ ਲਈ ਦਾਅਵੇਦਾਰਾਂ ‘ਚ ਦੌੜ ਤੇਜ਼ ਹੋ ਰਹੀ ਹੈ | ਕੁਝ ਕੁ ਦਾਅਵੇਦਾਰ ਤਾਂ ਪਿਛਲੇ ਸਮੇਂ ਤੋਂ ਲਗਾਤਾਰ ਸਰਗਰਮੀ ਜੁਟਾ ਰਹੇ ਹਨ ਪਰ ਕੁਝ ਚੋਣਾਂ ਦਾ ਮੌਸਮ ਵੇਖ ਕੇ ਖੁੰਬਾਂ ਵਾਂਗ ਉੱਗ ਆਏ ਹਨ | ਕੁਝ ਅਜਿਹੇ ਵੀ ਹਨ, ਜੋ ਲਗਾਤਾਰ 4 ਸਾਲ ਚੁੱਪ ਰਹੇ ਹਨ ਪਰ ਹੁਣ ਉਹ ‘ਜੋਗੀ ਉੱਤਰ ਪਹਾੜੋਂ ਆਏ’ ਹਨ | ਉਹ ਟਿਕਟ ਪ੍ਰਾਪਤੀ ਲਈ ਰਾਜਸੀ ਪ੍ਰਭੂਆਂ ਦੇ ਦਰ ‘ਤੇ ਅਲਖ ਜਗਾ ਰਹੇ ਹਨ | ਮਾਨਸਾ ਜ਼ਿਲ੍ਹੇ ‘ਚ 3 ਵਿਧਾਨ ਸਭਾ ਹਲਕੇ ਹਨ | ਮਾਨਸਾ ਤੇ ਸਰਦੂਲਗੜ੍ਹ ਜਨਰਲ, ਜਦਕਿ ਬੁਢਲਾਡਾ ਅਨੁਸੂਚਿਤ ਜਾਤੀ ਲਈ ਰਾਖਵਾਂ ਹਲਕਾ ਹੈ | ਮਾਨਸਾ ਹਲਕੇ ਦੀ ਗੱਲ ਕਰੀਏ ਤਾਂ ਇਸ ਹਲਕੇ ‘ਚ ਹਰ ਰਾਜਸੀ ਧਿਰ ਦੇ ਆਗੂ ਇਕ ਦੂਜੇ ਤੋਂ ਵਧ ਕੇ ਸਰਗਰਮ ਹਨ | ਪ੍ਰਮੁੱਖ ਰਾਜਸੀ ਪਾਰਟੀਆਂ ‘ਚ ਤਾਂ ‘ਇਕ ਅਨਾਰ ਸੌ ਬਿਮਾਰ’ ਵਾਲੀ ਗੱਲ ਹੋਈ ਪਈ ਹੈ | ਆਮ ਆਦਮੀ ਪਾਰਟੀ ਛੱਡ ਕਾਂਗਰਸ ‘ਚ ਸ਼ਾਮਿਲ ਹੋਏ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਲਗਾਤਾਰ ਸਰਗਰਮੀ ‘ਚ ਹਨ | ਉਹ ਲੋਕਾਂ ਦੇ ਕੰਮ ਧੰਦੇ ਕਰਵਾਉਣ ਤੋਂ ਇਲਾਵਾ ਪਿੰਡਾਂ, ਸ਼ਹਿਰਾਂ ‘ਚ ਗਰਾਂਟਾਂ ਵੀ ਵੰਡ ਰਹੇ ਹਨ ਤੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ/ਉਦਘਾਟਨ ਵੀ ਕਰ ਰਹੇ ਹਨ | ਟਿਕਟ ਪ੍ਰਾਪਤੀ ਦੇ ਦਾਅਵੇਦਾਰਾਂ ਵਿਚ ਉਹ ਸਭ ਤੋਂ ਪ੍ਰਮੁੱਖ ਹਨ | ਕਾਫ਼ੀ ਸਮਾਂ ਚੁੱਪ ਧਾਰਨ ਕਰਨ ਤੋਂ ਪਿੱਛੋਂ ਸਰਗਰਮ ਹੋਏ ਪ੍ਰਦੇਸ਼ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਮਨਜੀਤ ਸਿੰਘ ਝੱਲਬੂਟੀ, ਮਾਨਸ਼ਾਹੀਆ ਤੇ ਹੋਰਨਾਂ ਉਮੀਦਵਾਰਾਂ ਲਈ ਚੁਨੌਤੀ ਬਣ ਰਹੇ ਹਨ | ਪਿਛਲੇ ਦਿਨਾਂ ‘ਚ ਉਨ੍ਹਾਂ ਹਲਕੇ ‘ਚ ਨਹਿਰੀ ਖਾਲ ਪੱਕੇ ਬਣਾਉਣ ਲਈ ਵਿਸ਼ੇਸ਼ ਮਨਜ਼ੂਰੀ ਲਿਆਂਦੀ ਸੀ ਤੇ 21 ਪਿੰਡਾਂ ਲਈ 1 ਕਰੋੜ ਰੁਪਏ ਦੀ ਗਰਾਂਟ ਵੀ ਮਨਜ਼ੂਰ ਕਰਵਾਈ ਹੈ ਤੇ ਹੋਰ ਗਰਾਂਟਾਂ ਲਿਆਉਣ ਦੇ ਦਾਅਵੇ ਕਰ ਰਹੇ ਹਨ | ਜ਼ਿਲ੍ਹਾ ਕਾਂਗਰਸ ਦੀ ਸਾਬਕਾ ਪ੍ਰਧਾਨ ਡਾ: ਮਨੋਜ ਬਾਲਾ ਬਾਂਸਲ, ਜੋ 2017 ਦੀਆਂ ਚੋਣਾਂ ਵੇਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ, ਨੇ ਭਾਵੇਂ ਪਿਛਲੇ ਵਰੇ੍ਹ ਤੋਂ ਮੌੜ ਮੰਡੀ ਹਲਕੇ ਤੋਂ ਸਰਗਰਮੀ ਵਿੱਢੀ ਹੋਈ ਸੀ ਪਰ ਉਸ ਹਲਕੇ ਦੇ ‘ਆਪ’ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਵਲੋਂ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਬਾਅਦ ਡਾ. ਬਾਂਸਲ ਨੇ ਮੌੜ ਹਲਕੇ ਦੇ ਨਾਲ-ਨਾਲ ਮਾਨਸਾ ਹਲਕੇ ‘ਤੇ ਵੀ ਦਾਅਵਾ ਜਤਾਉਣ ਲੱਗੇ ਹਨ | ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚੁਸਪਿੰਦਰਵੀਰ ਸਿੰਘ ਭੁਪਾਲ ਨੌਜਵਾਨ ਕੋਟੇ ‘ਚੋਂ ਦਾਅਵੇਦਾਰ ਹਨ | ਉਨ੍ਹਾਂ ਕੋਰੋਨਾ ਤਾਲਾਬੰਦੀ ਦੌਰਾਨ ਨਿੱਠ ਕੇ ਹਲਕੇ ‘ਚ ਕੰਮ ਕੀਤਾ ਸੀ, ਜਿਸ ਕਰਕੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਆ ਗਿਆ ਸੀ | ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ ਵੀ ਟਿਕਟ ਲਈ ਹੁਣੇ ਤੋਂ ਭੱਜ-ਦੌੜ ‘ਚ ਹਨ | ਉਹ ਸ਼ੁਰੂ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਥੀ ਹਨ | ਇਸ ਤੋਂ ਇਲਾਵਾ ਹਲਕੇ ਤੋਂ ਬਾਹਰਲੇ ਕਈ ਵੱਡੇ ਕਾਂਗਰਸ ਆਗੂ ਵੀ ਗੁਪਤ ਤਰੀਕੇ ਨਾਲ ਹਲਕੇ ਦੇ ਕਾਂਗਰਸੀਆਂ ਨਾਲ ਸੰਪਰਕ ਰੱਖ ਰਹੇ ਹਨ | ਉਨ੍ਹਾਂ ਦੀ ਅੱਖ ਵੀ ਇਸ ਹਲਕੇ ‘ਤੇ ਹੈ | ਸ਼ੋ੍ਰਮਣੀ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ | ਉਹ ਪਾਰਟੀ ਦੇ ਮੁੱਖ ਉਮੀਦਵਾਰ ਹਨ ਤੇ 2017 ‘ਚ ਵੀ ਚੋਣ ਲੜ ਚੁੱਕੇ ਹਨ | ਪਾਰਟੀ ਦੇ ਸ਼ਹਿਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਤੇ ਆੜ੍ਹਤੀਆ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਵੀ ਟਿਕਟ ਦੀ ਦੌੜ ‘ਚ ਹਨ | ਚੱਲ ਰਹੀ ਚਰਚਾ ਮੁਤਾਬਿਕ ਜੇਕਰ ਸੀ.ਪੀ.ਆਈ. ਦਾ ਸ਼ੋ੍ਰਮਣੀ ਅਕਾਲੀ ਦਲ ਨਾਲ ਗੱਠਜੋੜ ਹੋ ਜਾਂਦਾ ਹੈ ਤਾਂ ਇਸ ਹਲਕੇ ਦੇ ਸਮੀਕਰਨ ਬਦਲ ਜਾਣਗੇ ਤੇ ਸੀ.ਪੀ.ਆਈ. ਦੇ ਆਗੂ ਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਇਸ ਹਲਕੇ ਤੋਂ ਗੱਠਜੋੜ ਦੇ ਉਮੀਦਵਾਰ ਹੋਣਗੇ | ਆਮ ਆਦਮੀ ਪਾਰਟੀ ਵਲੋਂ ਡਾ: ਵਿਜੈ ਕੁਮਾਰ ਸਿੰਗਲਾ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ | ਪਾਰਟੀ ਦੀ ਨੀਤੀ ਹੈ ਕਿ ਜਿਸ ਵੀ ਆਗੂ ਨੂੰ ਹਲਕਾ ਇੰਚਾਰਜ ਥਾਪਿਆ ਜਾਂਦਾ ਹੈ, ਉਹ ਹੀ ਚੋਣ ਲੜੇਗਾ | ਉਂਜ ਗੁਰਪ੍ਰੀਤ ਸਿੰਘ ਭੁੱਚਰ, ਰਮੇਸ਼ ਕੁਮਾਰ ਖਿਆਲਾ, ਪਰਮਿੰਦਰ ਕੌਰ ਸਮਾਘ ਵੀ ਚੋਣ ਲੜਨ ਦੇ ਚਾਹਵਾਨ ਹਨ | ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਵਲੋਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਹੀ ਟਿਕਟ ਦੇ ਦਾਅਵੇਦਾਰ ਹਨ | ਜੇਕਰ ਸੰਯੁਕਤ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋ ਜਾਂਦਾ ਹੈ ਤਾਂ ਇਹ ਹਲਕਾ ਸੰਯੁਕਤ ਅਕਾਲੀ ਦਲ ਦੇ ਹਿੱਸੇ ਆ ਸਕਦਾ ਹੈ ਅਤੇ ਔਲਖ ਹੀ ਗੱਠਜੋੜ ਦੇ ਉਮੀਦਵਾਰ ਹੋਣਗੇ |
Author: Gurbhej Singh Anandpuri
ਮੁੱਖ ਸੰਪਾਦਕ