ਕਿਸਾਨ ਜਥੇਬੰਦੀਆਂ ਨੇ ਚੋਣਾਂ ਦੇ ਐਲਾਨ ਤੋਂ ਪਹਿਲਾ ਸਿਆਸੀ ਪਾਰਟੀਆਂ ਨੂੰ ਕੀਤੀ ਵੱਡੀ ਹਦਾਇਤ

18

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਕੋਈ ਵੀ ਪਾਰਟੀ ਸਿਆਸੀ ਰੈਲੀਆਂ ਨਾ ਕਰੇ ਅਤੇ ਅਜਿਹਾ ਕਰਨ ਵਾਲੀ ਪਾਰਟੀ ਨੂੰ ਕਿਸਾਨ ਵਿਰੋਧੀ ਮੰਨਿਆ ਜਾਵੇਗਾ।

32 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਸਿਆਸੀ ਦਲਾਂ ਨਾਲ ਚੰਡੀਗੜ੍ਹ ਦੇ ਸੈਕਟਰ 36 ਵਿੱਚ ਪੀਪਲਸ ਕਨਵੈਨਸ਼ਨ ਸੈਂਟਰ ਵਿੱਚ ਵਾਰੀ-ਵਾਰੀ ਬੈਠਕਾਂ ਕੀਤੀਆਂ।

ਇਨ੍ਹਾਂ ਬੈਠਕਾਂ ਦਾ ਸੱਦਾ ਕਿਸਾਨ ਮੋਰਚੇ ਵੱਲੋਂ ਸਿਆਸੀ ਪਾਰਟੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਰੈਲੀਆਂ ਵਿੱਚ ਰੁਕਾਵਟ ਨਾ ਪਾਏ ਜਾਣ ਬਾਰੇ ਲਿਖੀ ਚਿੱਠੀ ਤੋਂ ਬਾਅਦ ਦਿੱਤਾ ਗਿਆ ਸੀ।

ਇਨ੍ਹਾਂ ਪਾਰਟੀਆਂ ਵਿੱਚ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਏ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ-

ਚੋਣਾਂ ਫਰਵਰੀ 2022 ਵਿੱਚ ਹੋਣੀਆਂ ਹਨ, ਸਿਆਸੀ ਪਾਰਟੀਆਂ ਨੇ ਪ੍ਰਚਾਰ 10 ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤਾ ਹੈ।
ਇਸ ਬਾਰੇ ਸਿਰਫ਼ ਕਾਂਗਰਸ ਤੇ ਅਕਾਲੀ ਦਲ ਨੇ ਕੋਈ ਸਪਸ਼ਟ ਰਾਇ ਨਹੀਂ ਦਿੱਤੀ ਤੇ ਕਿਹਾ ਕਿ ਅਸੀਂ ਹਾਈ ਕਮਾਂਡ ਨਾਲ ਗੱਲ ਕਰਾਂਗੇ।
ਬਾਕੀ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਚੋਣ ਪ੍ਰਚਾਰ ਚੋਣ ਜਾਬਤੇ ਤੋਂ ਬਾਅਦ ਹੀ ਹੋਣਾ ਚਾਹੀਦਾ ਹੈ।
ਚੋਣ ਘੋਸ਼ਣਾ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਏ ਜਾਣ ਬਾਰੇ ਸਾਰੇ ਸਹਿਮਤ ਹੋਏ।
ਇਹ ਵੀ ਤਜਵੀਜ਼ ਰੱਖੀ ਗਈ ਕਿ ਕੀਤੇ ਵਾਅਦੇ ਪੂਰੇ ਕਰਨ ਲਈ ਇੱਕ ਕਲੈਂਡਰ ਵੀ ਰੱਖਿਆ ਜਾਵੇ।
ਫਰਦਾਂ ਦਿਖਾਉਣ ਲਈ ਕਿਸਾਨਾਂ ਨੂੰ ਮਜਬੂਰ ਨਾ ਕੀਤਾ ਜਾਵੇ। ਇਹ ਮੰਗ ਕਿਸਾਨ ਆਗੂਆਂ ਨੇ ਕਾਂਗਸੀ ਆਗੂਆਂ ਦੇ ਸਾਹਮਣੇ ਰੱਖੀ।
ਕਿਸਾਨਾਂ ਤੇ ਮੋਰਚੇ ਦੌਰਾਨ ਬਣੇ ਕੇਸ ਵਾਪਸ ਲਏ ਜਾਣ।
ਮਹੌਲ ਦਾ ਖ਼ਰਾਬ ਹੋਣਾ ਨਾ ਸਿਰਫ਼ ਪੰਜਾਬ ਲਈ ਖ਼ਤਰਨਾਕ ਹੈ ਮੋਰਚੇ ਲਈ ਵੀ ਖ਼ਤਰਨਾਕ ਹੈ।
ਸਿਆਸੀ ਪਾਰਟੀਆਂ ਨੂੰ ਸਮਾਜਿਕ ਸਮਾਗਮਾਂ ਤੋਂ ਨਾ ਰੋਕਿਆ ਜਾਵੇ ਸਿਰਫ਼ ਸਿਆਸੀ ਸਮਾਗਮ ਨਾ ਕੀਤੇ ਜਾਣ ਅਤੇ ਸਰਕਾਰ ਵੀ ਆਪਣੇ ਸਮਾਗਮ ਸੀਮਤ ਗਿਣਤੀ ਵਿੱਚ ਕਰੇ, ਇਕੱਠ ਨਾ ਕਰੇ।
ਬੈਠਕ ਵਿੱਚ ਪਹੁੰਚੇ ਕਿਸਾਨ ਆਗੂ ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਪੰਜਾਬ ਵਿੱਚ ਰੈਲੀਆਂ ਨਾ ਕਰਨ ਬਾਰੇ ਸਿਆਸੀ ਦਲਾਂ ਨੂੰ ਆਖਿਆ ਗਿਆ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਜਥੇਬੰਦੀਆਂ ਨੂੰ ਇੱਕ ਚਿੱਠੀ ਲਿਖੀ।

ਉਨ੍ਹਾਂ ਨੇ ਅੱਗੇ ਦੱਸਿਆ ਕਿਹਾ, “ਫਿਰ ਅਸੀਂ ਸੋਚਿਆ ਕਿ ਅਸੀਂ ਇੱਕ ਪਾਰਟੀ ਨਾਲ ਗੱਲਬਾਤ ਕਿਉਂ ਕਰੀਏ ਅਸੀਂ ਸਾਰਿਆਂ ਨਾਲ ਕਰਾਂਗੇ। ਅਜੇ ਤਾਂ ਚੋਣਾਂ ਐਲਾਨੀਆਂ ਵੀ ਨਹੀਂ ਗਈਆਂ ਹਨ ਤੇ ਇਨ੍ਹਾਂ ਨੂੰ ਇੰਨੀ ਕਿਹੜੀ ਕਾਹਲੀ ਪਈ ਹੈ।”

“ਅਸੀਂ ਤਾਂ ਇਹੀ ਕਹਿਣਾ ਜਿੰਨਾ ਚਿਰ ਚੋਣਾਂ ਦਾ ਐਲਾਨ ਨਹੀਂ ਹੁੰਦਾ, ਉਦੋਂ ਤੱਕ ਰੈਲੀਆਂ ਨਾ ਕਰੋ ਤੇ ਆਪਣੇ ਕਾਰਕੁੰਨਾਂ ਨੂੰ ਆਖੋ ਕਿ ਦਿੱਲੀ ਮੋਰਚੇ ‘ਤੇ ਕਿਸਾਨੀ ਝੰਡੇ ਹੇਠਾਂ ਆ ਕੇ ਬੈਠਣ।”

ਉਨ੍ਹਾਂ ਨੇ ਕਿਹਾ ਕਿ ਜਿਹੜਾ ਕਿਸਾਨ ਦਿੱਲੀ ਮੋਰਚੇ ‘ਤੇ ਬੈਠਾ ਹੈ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੈ ਪਰ ਉਹ ਕਿਸਾਨ ਵਜੋਂ ਉੱਥੇ ਬੈਠਾ ਹੈ।

ਪਰ ਇਹ ਰੈਲੀਆਂ ਕਰ ਕੇ ਉਨ੍ਹਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, “ਜੇ ਸਿੱਧਾ ਕਿਹਾ ਜਾਵੇ ਤਾਂ ਉਹ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਇੱਕ ਪਰੰਪਰਾ ਹੈ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਸਖ਼ਤੀ ਨਾਲ ਕਿਹਾ ਜਾਵੇਗਾ ਕਿ ਰੈਲੀਆਂ ਬੰਦ ਕਰੋ ਅਤੇ “ਜੇ ਇਹ ਫਿਰ ਵੀ ਨਾ ਮੰਨੇ ਤਾਂ ਇਸ ਦਾ ਖ਼ਾਮਿਆਜ਼ਾ ਇਨ੍ਹਾਂ ਨੂੰ ਭੁਗਤਣਾ ਪਵੇਗਾ।

ਕਿਸਾਨ ਸੰਗਠਨਾਂ ਨਾਲ ਬੈਠਕ ਤੋਂ ਬਾਅਦ ਕਾਂਗਰਸੀ ਆਗੂ ਪਰਗਟ ਸਿੰਘ ਨੇ ਕਿਹਾ ਕਿ,”ਸਾਨੂੰ ਅਜਿਹਾ ਮਾਹੌਲ ਨਹੀਂ ਬਣਾਉਣਾ ਚਾਹੀਦਾ ਜਿਸ ਨਾਲ ਪੰਜਾਬ ਦਾ ਆਰਥਿਕ, ਪ੍ਰਸ਼ਾਸਨਿਕ ਨੁਕਸਾਨ ਹੋਵੇ ਅਤੇ ਪੰਜਾਬ ਨੂੰ ਸਿਆਸੀ ਨੁਕਸਾਨ ਹੋਵੇ।”

“ਮੈਂ ਬਾਕੀ ਪਾਰਟੀਆਂ ਉੱਪਰ ਕਮੈਂਟ ਨਹੀਂ ਕਰ ਸਕਦਾ ਪਰ ਅਸੀਂ ਜੋ ਕਹਿ ਕੇ ਆਏ ਹਾਂ ਕਿ ਪੰਜਾਬ ਦੀ ਤਰੱਕੀ ਲਈ ਅਸੀਂ ਬਿਲੁਕਲ ਸ਼ਾਂਤੀ ਨਾਲ, ਪੰਜਾਬ ਨੂੰ ਨੁਕਸਾਨ ਨਾ ਹੋਵੇ, ਪੰਜਾਬ ਦੀ ਸੰਘਰਸ਼ ਕਰ ਰਹੀ ਕਿਸਾਨੀ ਨੂੰ ਨੁਕਸਾਨ ਨਾ ਹੋਵੇ।”

ਵਿਰੋਧੀ ਪਾਰਟੀਆਂ ਦੇ ਇਲਜ਼ਾਮ ਕਿ ਉਨ੍ਹਾਂ ਦੀਆਂ ਰੈਲੀਆਂ ਦਾ ਤਾਂ ਵਿਰੋਧ ਹੋ ਰਿਹਾ ਹੈ ਪਰ ਕਾਂਗਰਸ ਰੈਲੀਆਂ ਕਰ ਰਹੀ ਹੈ ਇਸ ਬਾਰੇ ਉਨ੍ਹਾਂ ਨੇ ਕਿਹਾ,”ਕਿ ਐਦਾਂ ਦੀ ਕੋਈ ਗੱਲ ਨਹੀਂ ਹੈ, ਉਨ੍ਹਾਂ ਦੀ ਚਰਚਾ ਹੋਈ ਹੈ ਉਹ ਜਵਾਬ ਦੇ ਸਕਦੇ ਹਨ…ਕਾਂਗਰਸ ਕਦੇ ਨਹੀਂ ਚਾਹੁੰਦੀ ਕਿ ਪੰਜਾਬ ਦੀ ਆਰਥਿਕਤਾ ਦਾ ਕੋਈ ਨੁਕਸਾਨ ਹੋਵੇ।”

ਉਨ੍ਹਾਂ ਨੇ ਬੈਠਕ ਵਿੱਚ ਚੋਣ ਘੋਸ਼ਣਾ ਪੱਤਰ ਨੂੰ ਕਨੂੰਨੀ ਦਸਤਵੇਜ਼ ਬਣਾਏ ਜਾਣ ਉੱਪਰ ਚਰਚਾ ਦੀ ਗੱਲ ਵੀ ਮੰਨੀ ਅਤੇ ਕਿਹਾ ਕਿ ਕਾਂਗਰਸ ਪਹਿਲਾਂ ਹੀ ਇਸ ਲਈ ਤਿਆਰ ਹੈ।

ਕਿਸਾਨਾਂ ਵੱਲੋਂ ਸਿਆਸੀ ਪਾਰਟੀਆਂ ਦੀਆਂ ਚੋਣ ਕੈਂਪਨਾਂ ਰੋਕੇ ਜਾਣ ਦੇ ਸੱਦੇ ਬਾਰੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਨ੍ਹਾਂ ਦੀ ਲੜਾਈ ਲਈ ਸਾਨੂੰ ਜੋ ਵੀ ਕੁਰਬਾਨੀ ਕਰਨੀ ਪਵੇਗੀ, ਅਸੀਂ ਕਰਾਂਗੇ।

ਸੁਖਬੀਰ ਬਾਦਲ ਅਤੇ ਬੀਬੀ ਜਗੀਰ ਕੌਰ ਵੱਲੋਂ ਕਰਨਾਲ ਮੋਰਚੇ ਬਾਰੇ ਇਹ ਕਹੇ ਜਾਣ ਤੇ ਕਿ ਉਹੀ ਉੱਥੇ ਲੰਗਰ ਪਹੁੰਚਾਉਂਦੇ ਰਹੇ ਹਨ , ਬਾਰੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਲੋਕਾਂ ਦਾ ਭਰੋਸਾ ਉਨ੍ਹਾਂ ਤੋਂ ਉੱਠ ਚੁੱਕਿਆ ਹੈ। (ਅਤੇ) ਜੇ ਬੀਬੀ ਜੀ ਅਜ਼ਾਦ ਹੁੰਦੇ ਤਾਂ ਅਜਿਹਾ “ਚਾਪਲੂਸੀ ਵਾਲਾ” ਬਿਆਨ ਨਾ ਦਿੰਦੇ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕਾਂ ਦਾ “ਵਿਸ਼ਵਾਸ ਸਿਆਸੀ ਸਿਸਟਮ ਤੋਂ ਉੱਠ ਚੁੱਕਿਆ ਹੈ ਤੇ ਉਹ ਸਾਡੇ ‘ਤੇ ਭਰੋਸਾ ਕਰਨਾ ਛੱਡ ਚੁੱਕੇ ਹਨ ਅਤੇ ਸਾਨੂੰ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਲਈ ਕੰਮ ਕਰਨਾ ਚਾਹੀਦਾ ਹੈ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਕਿਹਾ ਹੈ ਕਿ “ਸਿਆਸੀ ਪਾਰਟੀਆਂ ਦਾ ਹੁਣ ਲੋਕਾਂ ਕੋਲ ਜਾਣਾ ਬਹੁਤ ਜ਼ਰੂਰੀ ਹੈ, ਪਹਿਲਾਂ ਕੋਵਿਡ ਕਰਕੇ ਲੋਕਾਂ ਕੋਲ ਨਹੀਂ ਜਾ ਸਕੇ।”

ਉਨ੍ਹਾਂ ਨੇ ਕਿਹਾ ਕਿ ਤੁਸੀਂ “ਸਹਿਯੋਗ ਕਰੋ, ਜਦੋਂ ਤੁਹਾਡਾ ਕੋਈ ਵੱਡਾ ਪ੍ਰੋਗਰਾਮ ਹੋਵੇ ਤਾਂ ਅਸੀਂ ਉਸ ਦਿਨ ਕੁਝ ਨਹੀਂ ਕਰਾਂਗੇ ਅਤੇ ਜੇ ਦਿੱਲੀ ਜਾਣ ਦਾ ਪ੍ਰੋਗਰਾਮ ਹੋਵੇ ਤਾਂ ਅਸੀਂ ਜੇ ਬੰਦੇ ਹੋਣਗੇ ਉਹ ਵੀ ਤੁਹਾਡੇ ਨਾਲ ਖੜਨਗੇ।। ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ ਸਮੇਤ ਕੁਝ ਹੋਰ ਲੀਡਰ ਵੀ ਪਹੁੰਚੇ ਸਨ।

ਅਕਾਲੀ ਦਲ ਦੇ ਆਗੂ ਪ੍ਰੇਮ ਚੰਦੂਮਾਜਰਾ ਨੇ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਚਿੱਠੀ ਦੇ ਜਵਾਬ ਵਿੱਚ ਗੱਲਬਾਤ ਲਈ ਸੱਦਾ ਦਿੱਤਾ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?