ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ – ਫ਼ਕੀਰ ਸ਼ਾਹ ਦੌਲੇ ਦੇ ਪ੍ਰਸ਼ਨ ਤੇ ਉੱਤਰ
ਕੁਝ ਸਮਾਂ ਕਸ਼ਮੀਰ ਬਿਤਾ ਕੇ ਗੁਰੂ ਜੀ ਪੰਜਾਬ ਨੂੰ ਵਾਪਸ ਪਰਤੇ। ਰਸਤੇ ਵਿਚ ਆਪ ਗੁਜਰਾਤ ਠਹਿਰੇ।
ਇਥੇ ਆਪ ਦੇ ਉਪਦੇਸ਼ ਸੁਣ ਕੇ ਅਨੇਕਾਂ ਹਿੰਦੂਆਂ ਤੇ ਮੁਸਲਮਾਨਾਂ ਨੇ ਸਿੱਖੀ ਧਾਰਨ ਕੀਤੀ। ਗੁਜਰਾਤ ਵਿਖੇ ਉੱਘਾ ਫ਼ਕੀਰ ਸ਼ਾਹ ਦੌਲਾ ਰਹਿੰਦਾ ਸੀ।
ਉਹ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ। ਸਾਹਿਬਾਂ ਦੇ ਮੀਰੀ ਤੇ ਪੀਰੀ ਵਾਲੇ ਠਾਠ ਤੱਕ ਕੇ ਉਸ ਨੇ ਉਨ੍ਹਾਂ ਤੇ ਚਾਰ ਪ੍ਰਸ਼ਨ ਕੀਤੇ:-
ਹਿੰਦੂ ਕੀ ਤੇ ਫ਼ਕੀਰੀ ਕੀ?
ਔਰਤ ਕੀ ਤੇ ਪੀਰੀ ਕੀ?
ਪੁੱਤਰ ਕੀ ਤੇ ਵੈਰਾਗ ਕੀ?
ਦੌਲਤ ਕੀ ਤੇ ਤਿਆਗ ਕੀ?
ਸ਼ਾਹ ਦੌਲਾ ਦਾ ਭਾਵ ਇਹ ਸੀ ਕਿ ਆਪ ਨੂੰ ਫ਼ਕੀਰੀ, ਪੀਰੀ, ਵੈਰਾਗ ਅਤੇ ਤਿਆਗ ਦਾ ਅਵਤਾਰ ਕਿਹਾ ਜਾਂਦਾ ਹੈ। ਪਰ ਇਹ ਸਹੀ ਨਹੀਂ।
ਫ਼ਕੀਰ ਤਾਂ ਸਿਰਫ਼ ਮੁਸਲਮਾਨ ਹੀ ਹੋ ਸਕਦੇ ਹਨ। ਤੁਸੀਂ ਹਿੰਦੂ ਹੋ, ਇਸ ਕਰਕੇ ਤੁਸੀਂ ਫ਼ਕੀਰ ਨਹੀਂ ਹੋ ਸਕਦੇ।
ਤੁਸੀਂ ਵਿਆਹ ਕੀਤਾ ਹੋਇਆ ਹੈ, ਤੁਹਾਡੀ ਇਸਤ੍ਰੀ ਹੈ, ਇਸ ਲਈ ਤੁਸੀਂ ਪੀਰੀ ਦਾ ਦਾਅਵਾ ਨਹੀਂ ਕਰ ਸਕਦੇ।
ਤੁਹਾਡਾ ਪਰਿਵਾਰ ਹੈ, ਪੁੱਤਰ ਹਨ, ਇਸ ਕਰਕੇ ਤੁਹਾਨੂੰ ਵੈਰਾਗੀ ਨਹੀਂ ਮੰਨਿਆ ਜਾ ਸਕਦਾ।
ਤੁਹਾਡੇ ਪਾਸ ਧਨ ਦੌਲਤ ਹੈ, ਫਿਰ ਤੁਹਾਨੂੰ ਤਿਆਗੀ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ?
ਗੁਰੂ ਜੀ ਨੇ ਉੱਤਰ ਦਿੱਤਾ-
ਔਰਤ ਇਮਾਨ। ਪੁੱਤਰ ਨਿਸ਼ਾਨ। ਦੌਲਤ ਗੁਜ਼ਰਾਨ। ਫ਼ਕੀਰ ਨਾ ਹਿੰਦੂ, ਨਾ ਮੁਸਲਮਾਨ।
ਗੁਰੂ ਸਾਹਿਬ ਦਾ ਮਤਲਬ ਇਹ ਸੀ ਕਿ ਇਸਤ੍ਰੀ ਮਨੁੱਖ ਦਾ ਆਚਰਨ ਸਥਿਰ ਰੱਖਣ ਵਿਚ ਸਹਾਈ ਹੁੰਦੀ ਹੈ।
ਪੁੱਤਰ ਉਸ ਦੀ ਯਾਦਗਾਰ ਕਾਇਮ ਰੱਖਦੇ ਹਨ। ਦੌਲਤ ਆਦਮੀ ਦੇ ਗੁਜ਼ਾਰੇ ਲਈ ਜ਼ਰੂਰੀ ਹੁੰਦੀ ਹੈ ਅਤੇ ਫ਼ਕੀਰ ਤਾਂ ਰੱਬ ਦਾ ਪਿਆਰਾ ਹੁੰਦਾ ਹੈ। ਉਹ ਨਾ ਹਿੰਦੂ ਹੁੰਦਾ ਹੈ, ਨਾ ਮੁਸਲਮਾਨ। ਉਹ ਸਭਨਾਂ ਧਰਮਾਂ ਨੂੰ ਇਕੋ ਜਿਹਾ ਜਾਣਦਾ ਹੈ।
ਗੁਰੂ ਸਾਹਿਬ ਦੇ ਉੱਤਰ ਸੁਣ ਕੇ ਸ਼ਾਹ ਦੌਲੇ ਦੀ ਤਸੱਲੀ ਹੋ ਗਈ। ਉਸ ਨੇ ਆਪ ਜੀ ਨੂੰ ਝੁਕ ਕੇ ਸਿਜਦਾ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ