ਬਟਾਲਾ 30 ਸਤੰਬਰ (ਤਾਜੀਮਨੂਰ ਕੋਰ) 28 ਸਤੰਬਰ, 2021 ਨੂੰ ਸਿਟੀਜ਼ਨਜ਼ ਸੋਸ਼ਲ ਵੈਲਫੇਅਰ ਫੋਰਮ (ਰਜਿ) ਬਟਾਲਾ ਵੱਲੋਂ ਸਥਾਨਕ ਅਰਬਨ ਅਸਟੇਟ ਵਿੱਚ ਸ਼ਹੀਦ ਭਗਤ ਸਿੰਘ ਜੀ ਦਾ 114ਵੇਂ ਜਨਮ ਦਿਨ ਸਬੰਧੀ ਇਕ ਸਮਾਗਮ ਹੋਇਆ । ਇਸ ਸਮਾਗਮ ਦੀ ਪ੍ਰਧਾਨਗੀ ਫੋਰਮ ਦੇ ਪ੍ਰਧਾਨ ਪ੍ਰੋ ਸੁਖਵੰਤ ਸਿੰਘ ਗਿੱਲ, ਉੱਘੇ ਸਮਾਜ ਸੇਵਕ ਸ਼੍ਰੀ ਵਿਜੇ ਤ੍ਰੇਹਨ ਅਤੇ ਗਰੀਨ ਸਿਟੀ, ਕਾਦੀਆਂ ਰੋਡ, ਬਟਾਲਾ ਵਾਸੀ ਸ੍ਰ ਕੁਲਜੀਤ ਸਿੰਘ ਘੁੰਮਣ ਨੇ ਕੀਤੀ। ਸਮਾਗਮ ਦਾ ਆਰੰਭ ਕਰਦਿਆਂ ਪ੍ਰੋ ਸੁਖਵੰਤ ਸਿੰਘ ਗਿੱਲ ਨੇ ਕਿਹਾ ਕਿ ਸ਼ਹੀਦ ਜਿਊਂਦੀ ਜਾਗਦੀ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਕੌਮਾਂ ਦੇ ਸਿਰ ਉੱਤੇ ਹਰ ਵੇਲੇ ਇਹਨਾਂ ਸ਼ਹੀਦਾਂ ਦਾ ਅਹਿਸਾਨ ਹੁੰਦਾ ਹੈ। ਇਸ ਲੜੀ ਵਿੱਚ ਹੀ ਅੱਜ ਸ਼ਹੀਦ ਭਗਤ ਸਿੰਘ ਸਬੰਧੀ ਇਹ ਸਮਾਗਮ ਆਯੋਜਿਤ ਕੀਤਾ ਗਿਆ ਹੈ। ਇਸ ਸਮਾਗਮ ਦੇ ਆਯੋਜਨ ਕਰਨ ਉਹਨਾਂ ਨੇ ਫੋਰਮ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਸਿੰਘ ਗੁਰਾਇਆ ਦੀ ਭੂਮਿਕਾ ਦੀ ਵਿਸ਼ੇਸ਼ ਪ੍ਰਸੰਸਾ ਕੀਤੀ। ਸ੍ਰੀਮਤੀ ਨੀਲਮ ਮਹਾਜਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਇੱਕ ਵਿਅਕਤੀ ਦਾ ਨਾਂ ਨਹੀਂ ਹੈ, ਸਗੋਂ ਹੁਣ ਇਹ ਇੱਕ ਸੋਚ ਦਾ ਨਾਂ ਬਣ ਚੁੱਕਾ ਹੈ। ਇਹ ਉਹ ਸੋਚ ਹੈ, ਜਿਸ ਸੋਚ ਦਾ ਮੁੱਖ ਉਦੇਸ਼ ਸਮਾਜ ਵਿੱਚੋਂ ਇਨਸਾਨ ਹੱਥੋਂ ਇਨਸਾਨ ਦੀ ਅਤੇ ਇਕ ਕੌਮ ਹੱਥੋਂ ਦੂਸਰੀ ਕੌਮ ਦੀ ਹੋ ਰਹੀ ਲੁੱਟ ਨੂੰ ਖਤਮ ਕਰਨਾ ਹੈ। ਸ਼੍ਰੀ ਵਿਜੇ ਅਗਨੀਹੋਤਰੀ ਜੀ ਨੇ ਸ਼ਹੀਦ ਭਗਤ ਸਿੰਘ ਜੀ ਦੇ ਪੁਸਤਕ-ਪ੍ਰੇਮ ਉੱਪਰ ਵਿਸ਼ੇਸ਼ ਰੌਸ਼ਨੀ ਪਾਈ ਅਤੇ ਦੱਸਿਆ ਕਿ ਲਾਹੌਰ ਵਿਖੇ ਦਵਾਰਕਾ ਦਾਸ ਲਾਇਬ੍ਰੇਰੀ ਅਤੇ ਇਸ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਸ੍ਰੀ ਰਾਜਾ ਰਾਮ ਜੀ ਨੇ ਪੁਸਤਕਾਂ ਰਾਹੀਂ ਸ਼ਹੀਦ ਭਗਤ ਸਿੰਘ ਦੀ ਸੋਚ ਨਿਖ਼ਾਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਹਨਾਂ ਕਿਹਾ ਕਿ ਸਮਾਜ ਵਿੱਚ ਆਪਣੀ ਵਧੀਆ ਭੂਮਿਕਾ ਨਿਭਾਉਣ ਲਈ ਗਿਆਨ ਨਾਲ ਲੈਸ ਹੋਣਾ ਅਤੀ ਜ਼ਰੂਰੀ ਹੈ ਅਤੇ ਇਸ ਗਿਆਨ ਪ੍ਰਾਪਤ ਕਰਨ ਦਾ ਮੂਲ ਸੋਮਾਂ ਪੁਸਤਕਾਂ ਹੀ ਹੁੰਦੀਆਂ ਹਨ। ਸ਼੍ਰੀ ਭੁਪਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸ਼ਹੀਦ ਕਰ ਕੌਮ ਦੇ ਅਸਲੀ ਹੀਰੇ ਹੁੰਦੇ ਹਨ ਅਤੇ ਇਹਨਾਂ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਣਾ ਹਰ ਦੇਸ਼ ਵਾਸੀ ਦਾ ਬੁਨਿਆਦੀ ਫ਼ਰਜ਼ ਹੁੰਦਾ ਹੈ। ਸ਼੍ਰੀ
ਵਿਜੇ ਤ੍ਰੇਹਨ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ, ਇਹ ਸਮਾਗਮ ਆਯੋਜਿਤ ਕਰਨ ਲਈ ਸਿਟੀਜ਼ਨਜ਼ ਸੋਸ਼ਲ ਵੈਲਫੇਅਰ ਫੋਰਮ ਅਤੇ ਵਿਸ਼ੇਸ਼ ਕਰਕੇ ਸ੍ਰੀ ਰਣਜੀਤ ਸਿੰਘ ਗੁਰਾਇਆ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸੰਸਥਾ ਹਮੇਸ਼ਾਂ ਹੀ ਨਰੋਈ ਅਤੇ ਉਸਾਰੂ ਸੋਚ ਵਾਲੇ ਸਮਾਗਮ ਆਯੋਜਿਤ ਕਰਦੀ ਹੈ। ਇਸ ਕੰਮ ਲਈ ਇਹ ਸੰਸਥਾ ਵਧਾਈ ਦੀ ਪਾਤਰ ਹੈ। ਨੌਜਵਾਨ ਆਗੂ ਸ਼੍ਰੀ ਰਛਪਾਲ ਸਿੰਘ ਬਾਜਵਾ ਨੇ ਕਿਹਾ ਕਿ ਮੈਨੂੰ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਇਹਨਾਂ ਸਮਾਗਮਾਂ ਵਿੱਚ ਹੋਰ ਨੌਜਵਾਨਾਂ ਨੂੰ ਵੀ ਸ਼ਾਮਲ ਕਰਵਾਉਣ ਲਈ ਯਤਨ ਕਰਾਂਗਾ, ਤਾਂ ਜੋ ਨੌਜਵਾਨ ਨਰੋਈ ਅਤੇ ਵਿਗਿਆਨਕ ਸੋਚ ਦੇ ਧਾਰਨੀ ਬਣਨ। ਇਸ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ੍ਰੀ ਓ ਪੀ ਸੋਨੀ, ਸ੍ਰੀ ਕੁਲਜੀਤ ਸਿੰਘ ਘੁੰਮਣ ਅਤੇ ਸ੍ਰੀ ਬਲਦੇਵ ਸਿੰਘ ਚਾਹਲ ਵੀ ਸ਼ਾਮਲ ਸਨ। ਸਮਾਗਮ ਵਿੱਚ ਪੰਜਾਬ ਸਰਕਾਰ ਨੂੰ ਵੱਖ-ਵੱਖ ਅਪੀਲਾਂ ਦੇ ਆਧਾਰ ਉੱਤੇ ਚਾਰ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਟਾਲੇ ਵਿੱਚ ਸੀਵਰੇਜ ਦੇ ਠੇਕੇਦਾਰ, (ਨਵਾਂ ਝਾੜੀਆਂਵਾਲ, ਕਾਹਨੂੰਵਾਨ ਰੋਡ) ਨੂੰ ਲੋੜੀਂਦਾ ਸੀਵਰੇਜ ਮੁਕੰਮਲ ਕਰਨ ਲਈ ਆਦੇਸ਼ ਜਾਰੀ ਕੀਤੇ ਜਾਣ, ਕਿਉਂਕਿ ਪਿਛਲੇ 45 ਦਿਨ ਤੋਂ ਇਸ ਗਲੀ ਦੀ ਮਾੜੀ ਦਸ਼ਾ ਕਾਰਨ ਲੋਕ ਨਰਕ ਦੀ ਜਿੰਦਗੀ ਭੋਗਣ ਲਈ ਮਜਬੂਰ ਹਨ। ਦੂਸਰੇ ਮਤੇ ਰਾਹੀਂ ਬਟਾਲੇ ਨੂੰ ਕਾਰਪੋਰੇਸ਼ਨ ਦਾ ਦਰਜਾ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਅਤੇ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਗਈ। ਤੀਸਰੇ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਟਾਲੇ ਅੰਦਰ 2012 ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵੱਲੋਂ ਬਣਾਏ ਗਏ ਰੀਜਨਲ ਸੈਂਟਰ ਨੂੰ, ਸੋ 2018 ਤੋਂ ਬੰਦ ਕੀਤਾ ਹੋਇਆ ਹੈ, ਉਸ ਬੰਦ ਪਏ ਹੋਏ ਸੈਂਟਰ ਨੂੰ ਮੁੜ ਚਾਲੂ ਕੀਤਾ ਜਾਵੇ। ਚੌਥੇ ਮਤੇ ਰਾਹੀਂ ਬਟਾਲੇ ਅੰਦਰ ਸਰਕਾਰੀ ਕਾਲਜ ਖੋਲ੍ਹਿਆ ਜਾਵੇ ਕਿਉਂਕਿ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਲਈ ਪ੍ਰਾਈਵੇਟ ਕਾਲਜਾਂ ਤੋਂ ਵਿਦਿਆ ਪ੍ਰਾਪਤ ਕਰਨੀ ਅਸਭੰਵ ਹੁੰਦੀ ਜਾ ਰਹੀ ਹੈ। ਪੰਜਵੇਂ ਮਤੇ ਰਾਹੀਂ ਕਾਲਾ ਅਫਗਾਨਾ ਵਿੱਚ ਸਥਿਤ ਸਰਕਾਰੀ ਗੁਰੂ ਨਾਨਕ ਕਾਲਜ, ਜੋ 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਲੋਕਾਂ ਨੇ ਮਿਹਨਤ ਸ਼ੁਰੂ ਕੀਤਾ ਸੀ, ਉਹ 50 ਸਾਲ ਬਾਅਦ ਬੰਦ ਕਰ ਦਿੱਤਾ ਗਿਆ ਹੈ, ਉਸ ਨੂੰ ਮੁੜ ਚਾਲੂ ਕੀਤਾ ਜਾਵੇ ਅਤੇ ਕਾਲਾ ਅਫ਼ਗਾਨਾ ਵਿੱਚ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੇ ਕਾਂਸਟੀਚੂਐਂਟ ਕਾਲਜ ਬਣਾਉਣ ਲਈ 20 ਏਕੜ ਵੱਖਰੀ ਜ਼ਮੀਨ ਖਰੀਦ ਕੇ ਉਸੇ ਤਰ੍ਹਾਂ ਉਸਾਰੀ ਕੀਤੀ ਜਾਏ, ਜਿਵੇਂ ਪਟਿਆਲੇ ਵਿੱਚ ਪੰਜਾਬ ਸਰਕਾਰ ਵੱਲੋਂ 400 ਏਕੜ ਜ਼ਮੀਨ ਖਰੀਦ ਕੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਉਸਾਰੀ ਕੀਤੀ ਜਾਣੀ ਹੈ।
ਸਮਾਗਮ ਦੇ ਅੰਤ ਵਿੱਚ ਚਾਹ ਪਾਣੀ ਦੀ ਸੇਵਾ ਸ੍ਰ ਰਣਜੀਤ ਸਿੰਘ ਗੁਰਾਇਆ ਵੱਲੋਂ ਕੀਤੀ ਗਈ। ਸਮੁੱਚੇ ਤੌਰ ਤੇ ਇਹ ਇਕ ਯਾਦਗਾਰੀ ਸਮਾਗਮ ਹੋ ਨਿਬੜਿਆ।
Author: Gurbhej Singh Anandpuri
ਮੁੱਖ ਸੰਪਾਦਕ