ਜੇਕਰ ਸਰਕਾਰ ਨੇ ਤੈਅ ਸਮੇਂ ਵਿਚ ਮੰਗਾਂ ਹੱਲ ਨਾ ਕੀਤੀਆਂ ਤਾਂ ਦੁਬਾਰਾ ਵੱਡਾ ਅੰਦੋਲਨ ਅਰੰਭਿਆ ਜਾਵੇਗਾ।
ਤਰਨ ਤਾਰਨ 30 ਸਤੰਬਰ (ਇਕਬਾਲ ਸਿੰਘ ਵੜਿੰਗ) ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਅੱਗੇ ਲੱਗਾ ਮੋਰਚਾ ਅੱਜ ਤੀਸਰੇ ਦਿਨ ਵਿਚ ਦਾਖਲ ਹੋ ਗਿਆ। ਜਥੇਬੰਦੀ ਵਲੋਂ ਮੰਗਾਂ ਹੱਲ ਨਾ ਹੋਣ ਦੀ ਸੂਰਤ ਵਿੱਚ 30 ਸਤੰਬਰ ਤੋਂ ਮੋਰਚਾ ਰੇਲਵੇ ਟਰੈਕਾਂ ਉਤੇ ਤਬਦੀਲ ਕਰਨ ਦੇ ਐਲਾਨ ਦੇ ਦਬਾਅ ਹੇਠ ਪੰਜਾਬ ਸਰਕਾਰ ਵੱਲੋਂ ਡਿਪਟੀ ਸੀ ਐਮ ਸੁਖਜਿੰਦਰ ਸਿੰਘ ਰੰਧਾਵਾ ,ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ,ਹਲਕਾ ਖਡੂਰ ਸਾਹਿਬ ਦੇ ਐੱਮ ਪੀ ਜਸਬੀਰ ਸਿੰਘ ਡਿੰਪਾ ਸਮੇਤ ਹੋਰ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕਿਸਾਨ ਆਗੂਆਂ ਵੱਲੋਂ ਦਲੀਲ ਪੂਰਵਕ ਰੱਖੀਆਂ ਮੰਗਾਂ ਨੂੰ ਪੂਰੀ ਤਰਾਂ ਜਾਇਜ ਦੱਸਦਿਆ ਮੰਨਿਆ ਕਿ ਕੇਂਦਰ ਵਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨ ਬਹੁਤ ਘਾਤਕ ਹਨ। ਅਸੀਂ ਆਪਣੇ ਪੱਧਰ ਤੇ ਵਿਧਾਨ ਸਭਾ ਵਿੱਚ ਕਨੂੰਨ ਰੱਦ ਕਰਨ ਸਬੰਧੀ ਮਤਾ ਪਾਸ ਕਰਾਗੇਂ, ਮੌਜੂਦਾ ਸੀਜ਼ਨ ਦੌਰਾਨ ਝੋਨਾ ਪਹਿਲਾਂ ਦੀ ਤਰ੍ਹਾਂ ਖਰੀਦਿਆ ਜਾਵੇਗਾ। ਫਰਦਾਂ ਸਮੇਤ ਨਮੀ,ਬਦਰੰਗ ਦਾਣੇ ਅਤੇ ਹੋਰ ਨਵੀਆਂ ਸ਼ਰਤਾਂ ਲਾਗੂ ਨਹੀਂ ਹੋਣਗੀਆ। ਏ ਪੀ ਐੱਮ ਸੀ ਐਕਟ ਵਿੱਚ ਸੋਧਾਂ ਰੱਦ ਕਰਨ ਲਈ ਕਮੇਟੀ ਬਣਾਈ ਜਾਵੇਗੀ।ਜਿਸ ਵਿੱਚ ਕਿਸਾਨ ਆਗੂਆਂ ਦੇ ਸੁਝਾਅ ਵੀ ਲਾਏ ਜਾਣਗੇ।
ਦਿੱਲੀ ਮੋਰਚੇ ਸਮੇਤ ਵੱਖ-ਵੱਖ ਅੰਦੋਲਨਾਂ ਵਿੱਚ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪ੍ਰੀਵਾਰਾਂ ਨੂੰ 5,5 ਲੱਖ ਦਾ ਮੁਆਵਜ਼ਾ ਤੁਰੰਤ ਅਤੇ ਨੌਕਰੀਆਂ ਜਲਦ ਦਿੱਤੀਆਂ ਜਾਣਗੀਆਂ । ਕਿਸਾਨਾਂ ਮਜ਼ਦੂਰਾਂ ਸਿਰ ਕੀਤੇ ਸਾਰੇ ਪਰਚੇ ਰੱਦ ਹੋਣਗੇ, ਰੇਲਵੇ ਪੁਲੀਸ ਵੱਲੋਂ ਕੀਤੇ ਪਰਚੇ ਰੱਦ ਕਰਵਾਉਣ ਲਈ ਰੇਲਵੇ ਮੰਤਰੀ ਅਤੇ ਰੇਲਵੇ ਅਧਿਕਾਰੀਆਂ ਨੂੰ ਜਲਦ ਮਿਲਿਆ ਜਾਵੇਗਾ। ਮਜ਼ਦੂਰਾਂ ਦੇ ਪਿਛਲੇ ਬਿੱਲ ਬਕਾਏ ਜੁਲਾਈ 2021 ਤੱਕ ਖਤਮ ਕੀਤੇ ਜਾਣਗੇ।ਇਕ ਕਿਲੋ ਵਾਟ ਲੋਡ ਦੀ ਸ਼ਰਤ ਖ਼ਤਮ ਕਰਕੇ ਦੋ ਕਿਲੋਵਾਟ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬਿਜਲੀ ਸਮਝੌਤੇ ਰੱਦ ਕਰਨ ਦਾ ਪ੍ਰਸੈਸ ਸ਼ੁਰੂ ਕਰ ਦਿੱਤਾ ਗਿਆ ਹੈ। ਦਰਿਆਈ ਪਾਣੀਆਂ ਨਾਲ਼ ਜ਼ਮੀਨਾਂ ਵਿਚ ਭਰੀ ਰੇਤਾ ਨੂੰ ਕੱਢਣ ਦਾ ਹੱਕ ਜ਼ਮੀਨ ਮਾਲਕਾਂ ਨੂੰ ਦੇਣ ਦੀ ਮੰਗ ਮੰਨੀ ਗਈ। ਪੈਨਸ਼ਨਰਾਂ ਸ਼ਗਨ ਸਕੀਮਾਂ ਅਤੇ ਹੋਰ ਸਹੂਲਤਾਂ ਬਿਨਾਂ ਵਿਤਕਰੇ ਸਾਰੇ ਲੋੜਵੰਦਾਂ ਨੂੰ ਦਿੱਤੀਆਂ ਜਾਣਗੀਆਂ। ਤਾਰ ਪਾਰਲੀਆ ਜ਼ਮੀਨਾਂ ਦਾ ਪਿਛਲਾ ਤੇ ਨਵਾਂ ਮੁਆਵਜ਼ਾ 10 ਦਿਨਾਂ ਦੇ ਅੰਦਰ- ਫਾਈਨਲ ਕਰ ਦਿੱਤਾ ਜਾਵੇਗਾ। ਬੈਂਕਾਂ ਵਲੋ ਕਰਜ਼ਾ ਦੇਣ ਸਮੇਂ ਦੋਹਰੀ ਸਕਿਓਰਟੀ ਦੇ ਰੂਪ ਵਿਚ ਲਏ ਚੈੱਕ ਵਾਪਸ ਕੀਤੇ ਜਾਣਗੇ। ਗੰਨੇ ਦਾ ਬਕਾਇਆ ਇਕ ਹਫਤੇ ਤੱਕ ਦਿੱਤਾ ਜਾਵੇਗਾ।ਨਸ਼ਾ, ਰੇਤ, ਟਰਾਂਸਪੋਰਟ ਮਾਫੀਆ ਨੂੰ ਜਲਦ ਨੱਥ ਪਾਈ ਜਾਵੇਗੀ ਅਤੇ ਇਕ ਮਹੀਨੇ ਦੇ ਅੰਦਰ ਕਿਸਾਨ ਆਗੂਆਂ ਨਾਲ ਦੁਬਾਰਾ ਰੀਵਿਊ ਮੀਟਿੰਗ ਕੀਤੀ ਜਾਵੇ।ਇਸੇ ਤਰਾਂ ਜ਼ਿਲਾ ਪ੍ਰਸ਼ਾਸਨ ਨਾਲ ਸਬੰਧਿਤ ਮੰਗਾਂ ਸਬੰਧੀ ਕਿਸਾਨ ਆਗੂਆਂ ਨਾਲ 8 ਅਕਤੂਬਰ ਨੂੰ ਮੀਟਿੰਗ ਕਰਕੇ ਮਸਲੇ ਹੱਲ ਕੀਤੇ ਜਾਣਗੇ।
ਸਰਕਾਰ ਵੱਲੋਂ ਮੰਨੀਆਂ ਮੰਗਾਂ ਸਬੰਧੀ ਏ ਡੀ ਸੀ ਰੰਜਿਤ ਓਬਰਾਏਅਤੇ ਐੱਸ ਪੀ ਬਲਜੀਤ ਸਿੰਘ ਢਿੱਲੋਂ ਨੇ ਧਰਨੇ ਵਿੱਚ ਪਹੁੰਚ ਕੇ ਵਿਸ਼ਵਾਸ਼ ਦਿਵਾਉਣ ਤੋਂ ਬਾਅਦ ਰੇਲਾਂ ਜਾਮ ਕਰਨ ਦਾ ਐਲਾਨ ਮੁਲਤਵੀ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਤੈਅ ਸਮੇਂ ਵਿਚ ਮੰਗਾਂ ਹੱਲ ਨਾ ਹੋਈਆਂ ਤਾਂ ਦੁਬਾਰਾ ਤਿੱਖਾ ਸਘੰਰਸ਼ ਵਿਢਿਆ ਜਾਵੇਗਾ ਇਸ ਮੌਕੇ ਹਰਪ੍ਰੀਤ ਸਿੰਘ ਸਿੱਧਵਾਂ,ਸਤਨਾਮ ਸਿੰਘ ਮਾਣੋਚਾਹਲ, ਫਤਿਹ ਸਿੰਘ ਪਿੱਦੀ, ਦਿਆਲ ਸਿੰਘ ਮੀਆਵਿੰਡ,ਸਲਵਿੰਦਰ ਸਿੰਘ ਜੀਓਬਾਲਾ, ਮੁਖਤਿਆਰ ਸਿੰਘ ਬਿਹਾਰੀ ਪੁਰ, ਇਕਬਾਲ ਸਿੰਘ ਵੜਿੰਗ,ਬਚਿੱਤਰ ਸਿੰਘ ਛਾਪੜੀਸਾਹਿਬ, ਅਜੀਤ ਸਿੰਘ ਚੰਬਾ, ਬਲਵਿੰਦਰ ਸਿੰਘ ਚੋ੍ਹਲਾ ਸਾਹਿਬ, ਸੁਖਵਿੰਦਰ ਸਿੰਘ ਦੁੱਗਲ ਵਾਲਾ, ਮਨਜਿੰਦਰ ਸਿੰਘ ਗੋਹਲਵੜ, ਜਰਨੈਲ ਸਿੰਘ ਨੂਰਦੀ,ਦਲਬੀਰ ਸਿੰਘ ਮਾਣਕਪੁਰਾ ਆਦਿ ਆਗੂ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ