ਇੱਕ ਵਾਰ ਨਾਵਲਕਾਰ ਨਾਨਕ ਸਿੰਘ ਕਿਤੇ ਬੋਲ ਰਿਹਾ ਸੀ..ਇਕ ਔਰਤ ਨੇ ਨਾਨਕ ਸਿੰਘ ਨੂੰ ਸਵਾਲ ਕੀਤਾ “ਨਾਨਕ ਸਿੰਘ ਤੂੰ ਇੰਨੇ ਸਮਾਜਿਕ ਨਾਵਲ ਲਿਖੇ,ਇਨ੍ਹਾਂ ਕਾਗਜ਼ ਖ਼ਰਾਬ ਕਰ ਦਿੱਤਾ, ਸਾਰੀ ਜ਼ਿੰਦਗੀ ਲਾ ਦਿੱਤੀ ਸਮਾਜ ਸੁਧਾਰਕ ਨਾਵਲ ਲਿਖਣ ਤੇ.. ਪਰ ਕੀ ਤੇਰੇ ਕਹਿਣ ਨਾਲ ਸਮਾਜ ਸੁਧਰ ਗਿਆ” ??
ਨਾਨਕ ਸਿੰਘ ਜੀ ਨੇ ਬੜੀ ਸਹਿਜਤਾ ਨਾਲ ਪੁੱਛਿਆ “ਬੀਬਾ ਤੁਹਾਡੇ ਘਰ ਦੀ ਸਫ਼ਾਈ ਕੌਣ ਕਰਦਾ ਹੈ”??
“ਜੀ ਮੈਂ ਕਰਦੀ ਹਾਂ”
“ਕਿੰਨੇ ਸਾਲ ਤੋਂ” ?
“ਵੀਹ ਸਾਲ ਤੋਂ”
ਉਸ ਤੋਂ ਪਹਿਲਾਂ ਕੌਣ ਕਰਦਾ ਸੀ ?
“ਜੀ ਮੇਰੀ ਸੱਸ ਕਰਦੀ ਸੀ”
ਤੇਰੀ ਸੱਸ ਤੋਂ ਪਹਿਲਾਂ ਕੌਣ ਕਰਦਾ ਸੀ..?
“ਜੀ ਮੇਰੀ ਸੱਸ ਦੀ ਸੱਸ ਕਰਦੀ ਹੋਣੀ ਏ”
“ਤਾਂ ਫਿਰ ਤੂੰ ਹੀ ਦੱਸ ਤੇਰੇ ਘਰ ਦੀ ਸਫ਼ਾਈ ਹੁੰਦੀ ਨੂੰ ਕਿੰਨਾ ਚਿਰ ਹੋ ਗਿਆ ?
“ਸੱਤਰ ਕੁ ਸਾਲ ਤਾਂ ਹੋ ਈ ਗਏ ਹੋਣਗੇ”
“ਤਾਂ ਦੱਸ ਕੀ ਤੇਰੇ ਘਰੇ ਕੂੜਾ ਆਉਣੋਂ ਹਟ ਗਿਆ” ??
ਔਰਤ ਬੋਲੀ “ਇਹ ਕਿਵੇਂ ਹੋ ਸਕਦੈ, ਕੂੜਾ ਤਾਂ ਰੋਜ ਈ ਹੁੰਦੈ,ਨਿੱਤ ਸਾਫ ਕਰਨਾ ਹੀ ਪੈਂਦਾ ਹੈ”
“ਤਾਂ ਬੀਬਾ ਇਹੀ ਗੱਲ ਹੈ, ਤੇਰੇ ਘਰ ਦੀ ਸਫ਼ਾਈ ਸੱਤਰ ਸਾਲ ਤੋਂ ਹੋ ਰਹੀ ਹੈ, ਪਰ ਕੂੜਾ ਆਉਣਾ ਨ੍ਹੀਂ ਹਟਿਆ” ਬੀਬਾ ਫਿਰ ਤੁਸੀ ਸਫਾਈ ਕਰਨੀ ਬੰਦ ਕਿਉਂ ਨਹੀ ਕਰ ਦਿੰਦੇ ਕਿਉਂਕਿ ਕੂੜਾ ਤਾਂ ਹਟਣਾ ਈ ਨੀਂ..
ਬੀਬਾ ਇਹੀ ਗੱਲ ਸਮਾਜ ਤੇ ਢੁੱਕਦੀ ਹੈ,ਸਮਾਜ ਡਸਟਬਿਨ ਦੀ ਤਰ੍ਹਾਂ ਹੈ,ਇਸ ਵਿੱਚ ਨਿੱਤ ਕੂੜਾ ਆਉਂਦਾ ਰਹੇਗਾ.. ਤੁਸੀਂ ਸਾਫ ਕਰਨ ਦੀ ਡਿਊਟੀ ਨਿਭਾਉਂਦੇ ਰਹੋ, ਆਪਣੀ ਹੈਸੀਅਤ ਅਨੁਸਾਰ ਆਪਣਾ ਕੰਮ ਕਰਦੇ ਰਹੋ, ਜੇ ਤੁਸੀਂ ਰੁਕ ਗਏ ਤਾਂ ਸਮਾਜ ਇੱਕ ਦਿਨ ਉਸ ਕੂੜੇ ਦੇ ਢੇਰ ਥੱਲੇ ਦੱਬਿਆ ਜਾਵੇਗਾ । ਇਸੇ ਲਈ ਮੈਂ ਆਪਣੀ ਡਿਊਟੀ ਕਰ ਰਿਹਾ ਹਾਂ । ਮੈਂ ਕਿੰਨਾ ਸਫਲ ਹੋ ਰਿਹਾ ਹਾਂ ਜਾਂ ਅਸਫਲ ,ਮੈਂ ਇਸ ਬਾਰੇ ਨਹੀਂ ਸੋਚਦਾ ।”ਬੱਸ ਜਿਨੀ ਸਫਾਈ ਕਰ ਸਕਦਾ ਹਾਂ ਕਰ ਰਿਹੈੰ ।”
ਸੋ ਮਨੁੱਖ ਹੋਣ ਦਾ ਫਰਜ਼ ਅਦਾ ਕਰਦੇ ਰਹੋ ..
ਰੁਕੋ ਨਾ, ਚਲਦੇ ਰਹੋ !!
ਆਪਣੀ ਹੈਸੀਅਤ ਅਨੁਸਾਰ,ਆਪਣੀ ਤਾਕਤ ਅਨੁਸਾਰ !!
ਇਹ ਵੱਖਰੀ ਗੱਲ ਹੈ ਕਿ ਭਾਵੇਂ ਕੋਈ ਦੁੱਕੀ ਤਿੱਕੀ ਹੀ ਸਮਝੇ
ਮਾਮੂਲੀ ਜਿਹੇ ਯਤਨ ਜਾਰੀ ਨੇ !
Author: Gurbhej Singh Anandpuri
ਮੁੱਖ ਸੰਪਾਦਕ