#ਸ਼ੇਰਾਂ #ਦਾ #ਬਾਦਸ਼ਾਹ

18

1815 – 16 ਦੇ ਦੁਆਲੇ ਦੀ ਗੱਲ ਐ , ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ । ਮਾਝੇ ਦੇ ਇਲਾਕੇ ਵਿਚ ਇੱਕ ਡਾਕੂ ਮਾਨ ਸਿੰਘ ਉੱਠਿਆ । ਬੜੇ ਡਾਕੇ ਧਾੜਾਂ ਮਾਰੀਆਂ । ਲਹੌਰ ਦੇ ਆਲੇ ਦੁਆਲੇ ਡਾਕਿਆਂ ਦੀ ਅੱਤ ਕਰ ਛੱਡੀ । ਡਾਕੂ ਮਾਨ ਸਿੰਘ ਬੜਾ ਮਸ਼ਹੂਰ ਹੋਇਆ। ਡਾਕੇ ਮਾਰਨੇ , 60 ਕੁ ਸਾਥੀਆਂ ਦਾ ਜਥਾ ਬੜੀ ਦਹਿਸ਼ਤI ਲੋਕੀ ਆਮ ਕਹਿਣ ਲੱਗ ਪਏ,

“ਦਿਨੇ ਰਾਜ ਕਾਣੇ ਦਾ ਰਾਤੀਂ ਰਾਜ ਮਾਹਣੇ ਦਾ”

ਰਣਜੀਤ ਸਿੰਘ ਨੇ ਹੁਕਮ ਕੀਤਾ ਕੇ ਉਸ ਨੂੰ ਜਿਉਂਦਾ ਫੜਨਾ, ਜਿਵੇਂ ਮਰਜੀ ਹੋਵੇ । ਹੁਣ ਕੌਣ ਫੜੇ ਮਾਨ ਸਿੰਘ ਨੂੰ । ਮਾਨ ਸਿੰਘ ਬੜਾ ਚੁਸਤ, ਉਸਦੀ ਜਸੂਸੀ ਬੜੀ ਤਕੜੀ । ਜਿਧਰ ਫੌਜ ਦੀ ਟੁਕੜੀ ਜਾਵੇ ਉਧਰ ਉਹ ਮੂੰਹ ਨਾ ਕਰੇ ਹੋਰ ਪਾਸੇ ਅੱਤ ਕਰਾ ਦੇਵੇ । ਅੱਕ ਕੇ ਰਣਜੀਤ ਸਿੰਘ ਨੇ ਢੰਡੋਰਾ ਫੇਰਿਆ, ਇੱਕ ਇਸ਼ਤਿਹਾਰ ਕੱਢਿਆ- ਕੀਂ ?
ਕਿ ਜਿਹੜਾ ਮਾਨ ਸਿੰਘ ਨੂੰ ਜਿਉਂਦਾ ਫੜ ਲਵੇ ਜਾ ਗ੍ਰਿਫਤਾਰ ਕਰ ਲਵੇ ਉਸ ਨੂੰ ਦੋ ਪਿੰਡ ਇਨਾਮ ਚ ਦਿੱਤੇ ਜਾਣਗੇ । ਥੋੜੇ ਕੁ ਦਿਨਾਂ ਬਾਦ ਇੱਕ ਇਸ਼ਤਿਹਾਰ ਡਾਕੂ ਮਾਨ ਸਿੰਘ ਵਲੋਂ ਲਾਹੌਰ ਦੀਆਂ ਕੰਧਾਂ ਤੇ ਲੱਗਾ, ਲੋਕਾਂ ਨੇ ਦੇਖਿਆ – ਕੀਂ ?
ਕਿ ਜਿਹੜਾ ਮੈਨੂੰ ਜਿਉਂਦਾ ਫੜ ਲਵੇ ਜਾ ਗ੍ਰਿਫਤਾਰ ਕਰ ਲਵੇ ਮੈ ਉਸ ਨੂੰ ਲਾਹੌਰ ਦਾ ਰਾਜ ਦੇ ਦਿਆਂਗਾ ।
ਸਿਰਾ ਕਰ ਦਿੱਤਾ, ਰਣਜੀਤ ਸਿੰਘ ਬੜਾ ਤਪਿਆ, ਗੁੱਸਾ ਲੱਗਾ, ਇੱਕ ਡਾਕੂ ਦੀ ਏਨੀ ਹਿੰਮਤ । ਇੱਕ ਰਾਤ ਚੰਨ ਦੀ ਚਾਨਣੀ, ਖਬਰ ਮਿਲੀ ਕਿ ਮਾਨ ਸਿੰਘ ਲਾਹੌਰ ਦੇ ਆਲੇ ਦੁਆਲੇ ਤਾਕ ਵਿਚ ਫਿਰ ਰਿਹਾ ਕੋਈ ਕਾਰਾ ਕਰੇਗਾ । ਸ਼ੇਰੇ ਪੰਜਾਬ ਨੇ ਆਪਣੇ ਨਾਲ 12 ਕੁ ਘੋੜਸਵਾਰ ਜਵਾਨ ਚੋਟੀ ਦੇ ਲਏ, ਲਾਹੌਰੋਂ ਬਾਹਰ ਜੰਗਲ ਵਲ ਨਿੱਕਲ ਗਿਆ । ਕੁਝ ਦੇਰ ਬਾਦ 60 ਕੁ ਘੋੜਸਵਾਰਾਂ ਦਾ ਜਥਾ ਚੰਨ ਦੀ ਚਾਨਣੀ ਚ ਨਜਰੀ ਪਿਆ , ਇਹ ਮਾਨ ਸਿੰਘ ਹੀ ਸੀ । ਮਾਨ ਸਿੰਘ ਨੇ ਦੇਖ ਕੇ ਦਬਕਾ ਮਾਰਿਆ, ਕਿਹੜਾ ਉਏ ! ਠਹਿਰ ਜਰਾ- ਰਣਜੀਤ ਸਿੰਘ ਹੋਰੀਂ ਰੁਕ ਗਏ । ਮਾਨ ਸਿੰਘ ਆਇਆ ,ਸੋਚਿਆ ਕਿ ਇਹ ਵੀ ਕੋਈ ਛੋਟਾ ਮੋਟਾ ਡਾਕੂਆਂ ਦਾ ਜਥਾ ਈ ਹੈ ।
ਰਣਜੀਤ ਸਿੰਘ ਦੇਖ ਕੇ ਕਹਿਣ ਲੱਗਾ ਕਿਉਂ ! ਬਹੁਤੇ ਸਾਥੀਆਂ ਦਾ ਰੋਹਬ ਦੱਸਦਾਂ ।
ਅੱਗੋਂ ਮਾਨ ਸਿੰਘ ਕਿਹੜਾ ਘੱਟ ਸੀ, ਕਹਿੰਦਾ ਕੋਈ ਗੱਲ ਨੀ, ਬੰਦਿਆਂ ਦਾ ਰੋਹਬ ਕਾਹਦਾ, ਤੂੰ ਆ ਜਾ ਕੱਲੇ ਨਾਲ ਕੱਲਾI ਇਹੀ ਰਣਜੀਤ ਸਿੰਘ ਚਾਹੁੰਦਾ ਸੀ । ਫੈਸਲਾ ਹੋਇਆ ਸਾਥੀ ਬਾਹਰ ਖੜ ਕੇ ਦੇਖਣਗੇ । ਲੱਗੀ ਤਲਵਾਰ ਬਾਜ਼ੀ ਹੋਣ ਚੰਨ ਦੀ ਚਾਨਣੀ ਵਿਚ । ਕਹਿੰਦੇ ਨੇ ਘੰਟਿਆਂ ਤੱਕ ਦਾਅ ਪੇਚ , ਪਲੱਥੇਬਾਜ਼ੀ ਹੁੰਦੀ ਰਹੀ ਕੋਈ ਫੈਸਲਾ ਨਾ ਹੋਇਆ । ਅੰਤ ਜਦ ਮਾਨ ਸਿੰਘ ਵਾਰ ਕਰੇ , ਰਣਜੀਤ ਸਿੰਘ ਹੱਸਿਆ ਕਰੇ, ਮਾਨ ਸਿੰਘ ਤਪ ਗਿਆ ਲੱਗਾ ਗੁੱਸੇ ਚ ਵਾਰ ਤੇ ਵਾਰ ਕਰਨ ਤੇ ਹਫ ਗਿਆ । ਰਣਜੀਤ ਸਿੰਘ ਨੇ ਮੌਕਾ ਦੇਖ ਕਾਂ ਦੀ ਝਪਟ (ਗੱਤਕੇ ਦਾ ਇੱਕ ਦਾਅ ਜੋ ਬਹੁਤ ਘੱਟ ਲੋਕੀ ਜਾਣਦੇ ਨੇ) ਮਾਰੀ । ਮਾਨ ਸਿੰਘ ਹੱਥੋਂ ਤਲਵਾਰ ਛੁਡਾ ਲਈ । ਜੱਫਾ ਮਾਰ ਕੇ ਡੇਗ ਲਿਆ ਤੇ ਛਾਤੀ ਤੇ ਬੈਠ ਗਿਆ ਰਣਜੀਤ ਸਿੰਘ ਤੇ ਕਿਹਾ ਚੱਲ ਦੇਹ ਮੈਨੂੰ ਲਾਹੌਰ ਦੀ ਬਾਦਸ਼ਾਹੀ। ਮਾਨ ਸਿੰਘ ਹੱਕਾਂ ਬੱਕਾ , ਪਰ ਬਹਾਦੁਰ ਸੀ ,ਕਹਿੰਦਾ ਠੀਕ ਹੈ, ਪਰ ਕਾਣੇ ਦਾ ਰਾਜ ਬੜਾ ਪੱਕਾ ਹੈ ਐਵੇਂ ਤਾ ਲਾਹੌਰ ਨਹੀਂ ਮਿਲਦਾ ਪਰ ਆਪਣੇ ਸ਼ਹੀਦ ਹੋਣ ਦਾ ਸਮਾਂ ਆ ਗਿਆ। ਚਲੋ ਲਾਹੌਰ ਕਿਲੇ ਵੱਲ ਨੂੰ ਦੋ ਦੋ ਹੱਥ ਦਿਖਾ ਕੇ ਮਰਨ ਦਾ ਸੁਆਦ ਈ ਹੋਰ ਹੁੰਦਾ । ਦੋਵੇਂ ਜਥੇ ਚੱਲ ਪਏ । ਲਾਹੌਰ ਕਿਲੇ ਲਾਗੇ ਪਹੁੰਚ ਕੇ ਰਣਜੀਤ ਸਿੰਘ ਦੇ ਸਿਪਾਹੀ ਨੇ ਪਹਿਰੇ ਤੇ ਖੜੇ ਡਿਉੜੀ ਬਰਦਾਰ ਨੂੰ ਰਾਤ ਦਾ code word ਦੱਸਿਆ । ਉਸ ਨੇ ਦੌੜ੍ਹ ਕੇ ਕਿਲ੍ਹੇ ਦਾ ਦਰਵਾਜਾ ਖੋਲ ਦਿੱਤਾ । ਮਾਨ ਸਿੰਘ ਨੇ ਸਮਝਿਆ ਕੇ ਇਹ ਕੋਈ ਬਾਹਲਾ ਈ ਚਾਲੂ ਚਾਲਬਾਜ਼ ਆ, ਪਹਿਰੇਦਾਰ ਨਾਲ ਗੰਢ ਤੁੱਪ ਕੀਤੀ ਹੋਣੀ ਆ । ਜਦ ਅੰਦਰ ਦਾਖਲ ਹੋਇਆ, ਕੀ ਦੇਖਦਾ, ਕੋਈ ਸਮਝ ਨਾ ਆਵੇ । ਸਿਪਾਹੀਆਂ ਨੇ ਫੜ ਕੇ ਕੈਦ ਕਰ ਲਿਆ । ਸਵੇਰੇ ਦਰਬਾਰ ਚ ਪੇਸ਼ ਕੀਤਾ ਗਿਆ । ਰਣਜੀਤ ਸਿੰਘ ਕਹਿਣ ਲੱਗਾ , ਦੇਖ ਮਾਨ ਸਿਆਂ ਤੇਰਾ ਐਲਾਨ ਝੂਠਾ ਨਹੀਂ ਹੋਇਆ , ਲਾਹੌਰ ਦਾ ਰਾਜ ਤਾ ਮੈ ਲੈ ਲਿਆ ਆਪੇ । ਤੂੰ ਸ਼ਰਮਿੰਦਾ ਨਹੀਂ ਤੇਰਾ ਬਚਨ ਸੱਚਾ ਹੋਇਆ । ਹੁਣ ਦੱਸ ਤੇਰੀ ਸਲਾਹ ਕੀ ਹੈ ! ਇਹ ਜਿੰਦਗੀ ਭੰਗ ਦੇ ਭਾੜੇ ਗੁਆਉਣੀ ਹੈ ਜਾ ਕੌਮ ਧਰਮ ਦੇ ਕੰਮ ਆਉਣਾ ਹੈ । ਕਹਿੰਦੇ ਨੇ ਕੇ ਮਾਨ ਸਿੰਘ ਫੌਜ ਚ ਭਰਤੀ ਹੋ ਗਿਆ, ਬਹਾਦੁਰ ਬੜਾ ਸੀ ਤੇ ਸਿਰਦਾਰ ਹਰੀ ਸਿੰਘ ਨਲੂਆ ਦੀ ਫੌਜ ਵਿਚ ਰਿਹਾ ਤੇ ਹਜ਼ਾਰੇ ਦੀ ਲੜਾਈ ਵਿਚ ਲੜਦਾ ਹੋਇਆ ਅੰਤ ਸਿੱਖ ਰਾਜ ਦੇ ਸੂਰਜ ਨੂੰ ਬੁਲੰਦ ਕਰਦਾ ਹੋਇਆ ਸ਼ਹੀਦ ਹੋਇਆ ।
ਕਿਸੇ ਨੇ ਕਹਾਣੀ ਸੁਣਾਉਣ ਵਾਲੇ ਫੌਜੀ ਬਾਬੇ ਨੂੰ ਪੁੱਛਿਆ, ਬਾਬਾ, ਰਣਜੀਤ ਸਿੰਘ ਸਚੀ ਹੀ ਇੰਨਾ ਬਹਾਦੁਰ ਸੀ । ਬਾਬਾ ਅੱਖਾਂ ਲਾਲ ਕਰਕੇ ਕਹਿਣ ਲੱਗਾ ਪੁੱਤ, ਰਣਜੀਤ ਸਿੰਘ ਸ਼ੇਰਾਂ ਦਾ ਬਾਦਸ਼ਾਹ ਸੀ ਕੋਈ ਨੰਦਨ ( ਲੰਡਨ) ਦੀ ਰੰਨ ਨਹੀਂ ਸੀ ਤਖਤ ਤੇ ਬਿਠਾਈ ਹੋਈ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights