ਸੰਤ ਭਿੰਡਰਾਵਾਲਿਆਂ ਦੇ ਕਾਮਰੇਡ ਸਲਾਹਕਾਰ

52


ਰਾਜਵਿੰਦਰ ਸਿੰਘ ਰਾਹੀ
ਫੂਨ ਨੰ: 98157-51332

ਕਿਸਾਨ ਮੋਰਚੇ ਦੀ ਰਸਾਕਸੀ ਦੌਰਾਨ ਬਹੁਤ ਹੀ ਨੀਵੇਂ ਦਰਜੇ ਦੀ ਸਿੱਖ ਬਨਾਮ ਕਾਮਰੇਡ ਸ਼ਬਦੀ ਜੰਗ ਚੱਲੀ ਹੈ। ਕਾਮਰੇਡਾਂ ਦੇ ਕਈ ਗਰੁਪ ਤੇ ਪਾਰਟੀਆਂ ਹੋਣ ਕਾਰਨ ਨਿੰਦਣ ਭੰਡਣ ਵਾਲਿਆਂ ਨੂੰ ਬਹੁਤ ਘੱਟ ਜਾਣਕਾਰੀ ਹੈ, ਉਹ ਸਾਰੇ ਕਾਮਰੇਡਾਂ ਨੂੰ ਇੱਕੇ ਰੱਸੇ ਬੰਨ੍ਹ ਲੈਂਦੇ ਹਨ।ਪਿਛਲੇ ਦਿਨੀਂ ਉਘੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਉਹਨਾਂ ਦੋ ਕਾਮਰੇਡਾਂ ਦਾ ਜਿਕਰ ਕੀਤਾ ਹੈ ,ਜੋ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਬਹੁਤ ਨੇੜੇ ਸਨ।ਇਹ ਸਨ ਭਾਈ ਨਛੱਤਰ ਸਿੰਘ ਰੋਡੇ ਤੇ ਪੱਤਰਕਾਰ ਦਲਵੀਰ ਸਿੰਘ!ਇਸ ਨਾਲ ਮੈਨੂੰ ਹੋਰ ਕਾਮਰੇਡਾਂ ਦੀ ਵੀ ਯਾਦ ਆ ਗਈ ਜੋ ਸੰਤਾਂ ਦੇ ਨੇੜੇ ਸਨ।ਉਹਨਾਂ ’ਚੋਂ ਇੱਕ ਸਨ ਕਾਮਰੇਡ ਪਾਲ ਸਿੰਘ ਭੁੱਲਰ ਪਿੰਡ ਜੇਠੂ ਨੰਗਲ ਜ਼ਿਲਾ ਸ੍ਰੀ ਅੰਮ੍ਰਿਤਸਰ।ਉਹਨਾਂ ਦਾ ਜਨਮ ਸੰਨ 1914 ਦਾ ਸੀ ,ਉਹਨਾਂ ਨੇ ਲਹੌਰ ਤੋਂ ਐਫ.ਐਸ.ਸੀ ਕੀਤੀ ਹੋਈ ਸੀ।ਉਹਨਾਂ ਬਾਰੇ ਅਗਲੀ ਜਾਣਕਾਰੀ ਪ੍ਰਸਿੱਧ ਕਹਾਣੀਕਾਰ ਸਵ:ਰਘੁਬੀਰ ਢੰਡ ਦੀ ਸਵੈ ਜੀਵਨੀ ‘ਉਮਰੋਂ ਲੰਮੀ ਬਾਤ’ ਦੇ ਹਵਾਲੇ ਨਾਲ ਦੇਵਾਂਗੇ। 1954 ਵਿਚ ਰਘੁਬੀਰ ਦੀ ਪੋਸਟਿੰਗ ਵੇਰਕੇ ਦੇ ਸਕੂਲ ਵਿੱਚ ਹੋਈ।ਉਸੇ ਸਕੂਲ ਵਿੱਚ ਪਾਲ ਸਿੰਘ ਭੁੱਲਰ ਆ ਗਏ।ਰਘੁਬੀਰ ਉਹਨਾਂ ਨੂੰ ਆਪਣਾ ਸਿਆਸੀ ਤੇ ਸਾਹਿਤਕ ਗੁਰੁ ਮੰਨਦਾ ਹੈ।ਪਾਲ ਸਿੰਘ ਭੁੱਲਰ ਦੀ ਸੰਗਤ ਨਾਲ ਉਸ ’ਤੇ ਕਮਿਉਨਿਸਟ ਵਿਚਾਰਧਾਰਾ ਦਾ ਗੂਹੜਾ ਰੰਗ ਚੜਿਆ,ਉਹ ਤਾਅ ਉਮਰ ਕਮਿੳੇੁਨਿਸਟ ਰਹੇ।ਪਾਲ ਸਿੰਘ ਭੁੱਲਰ ਦੇ ਸ਼ਖਸ਼ੀ ਗੁਣਾਂ ਦਾ ਜਿਕਰ ਢੰਡ ਦੋ ਪੰਨਿਆਂ ’ਚ ਕਰਦੇ ਹਨ।ਪਾਲ ਸਿੰਘ ਭੁੱਲਰ ਸਿਰੇ ਦਾ ਨਿਮਰ, ਮਿਠ ਬੋਲੜਾ,ਸ਼ਰਾਫਤ ਤੇ ਸਲੀਕੇ ਦੀ ਮੂਰਤ ਸੀ। ਢੰਡ ਲਿਖਦਾ ਹੈ , “ਜਦੋਂ ਉਹ ਬਹਿਸ ਕਰਦੇ ਹਨ ਤਾਂ ਇੰਨੀ ਸ਼ਾਤੀ ਤੇ ਠਰੰਮੇ ਨਾਲ ਕਰਦੇ ਹਨ ਕਿ ਜੇ ਵਿਰੋਧੀ ਗਾਲ੍ਹਾਂ ਵੀ ਕੱਢੇ ਤਾਂ ਉਹ ਆਪਣੀ ਸ਼ਾਂਤੀ ਤੇ ਠਰੰਮੇ ਨੂੰ ਕਦੇ ਨਹੀਂ ਤਿਆਗਦੇ।…ਉਹਨਾਂ ਦੀ ਮਿਸਾਲੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਮੈਂ ਮਾਰਕਸਵਾਦੀ ਬਣਿਆ।… ਆਪਣੇ ਮਤਲਬ ਲਈ ਤਾਂ ਉਹਨਾਂ ਨੇ ਜ਼ਿੰਦਗੀ ਭਰ ਇੱਕ ਵੀ ਕੰਮ ਨਹੀਂ ਕੀਤਾ ਹੋਵੇਗਾ।ਮੈਂ ਅੱਜ ਵੀ ਬਹੁਤ ਵਿਸ਼ਵਾਸ ਨਾਲ ਆਖਾਂਗਾ ਕਿ ਮੈਂ ਆਪਣੀ ਜ਼ਿੰਦਗੀ ’ਚ ਉਹਨਾਂ ਵਰਗਾ ਨਫੀਸ ਇਨਸਾਨ ਘੱਟ ਹੀ ਵੇਖਿਆ” ਜਦ ਪਾਲ ਸਿੰਘ ਭੁੱਲਰ ਤੇ ਢੰਡ ਪਹਿਲੀ ਵਾਰ ਮਿਲੇ ਸਨ ਤਾਂ ਪਾਲ ਸਿੰਘ ਭੁੱਲਰ ਦੇ ਝੋਲੇ ਵਿਚ ਤਾਲਸਤਾਏ ਦਾ ਨਾਵਲ ‘War and Peace’ ਸੀ।
ਹੁਣ ਮੈਂ ਆਪਣੀ ਜਾਣਕਾਰੀ ਸਾਂਝੀ ਕਰ ਰਿਹਾ ਹਾਂ।1981-82 ਵਿੱਚ ਜਦ ਧਰਮ ਯੁੱਧ ਮੋਰਚਾ ਲੱਗਿਆ ਤਾਂ ਖੱਬੇ ਪਰਚਿਆਂ ਦੇ ਨਾਲ ਹੀ ‘ਪੰਜਾਬੀ ਕੌਮ’ ਨਾਂ ਦਾ ਇੱਕ ਹੋਰ ਪੇਪਰ ਆਉਣ ਲੱਗਿਆ।ਉਸ ਦੀ ਜਿਹੜੀ ਗੱਲ ਨੇ ਧਿਆਨ ਖਿੱਚਿਆ ,ਉਹ ਸੀ ਟਾਈਟਲ ਪੰਨੇ ’ਤੇ ਦਾਤੀ ਹਥੌੜੇ ਦੇ ਨਿਸ਼ਾਨ ਨਾਲ ਖੰਡੇ ਦਾ ਨਿਸ਼ਾਨ ਛਪਿਆ ਹੋਣਾ!ਪਰਚੇ ਦੇ ਸੰਪਾਦਕ ਸਨ ਪਾਲ ਸਿੰਘ ਭੁੱਲਰ ਤੇ ਪ੍ਰਕਾਸ਼ਕ ਸਨ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਤੇ ਉਹਨਾਂ ਦੇ ਘਰ ਗੁਰੂੁ ਖਾਲਸਾ ਨਿਵਾਸ ਦਾ ਹੀ ਪਤਾ ਛਪਿਆ ਹੁੰਦਾ ਸੀ।ਕਮਿਉਨਿਸਟ ਹਲਕਿਆਂ ’ਚ ਇਸ ਪਰਚੇ ਨੂੰ ਅਚੰਭੇ ਤੇ ਹਿਕਾਰਤ ਦੀ ਨਜ਼ਰ ਨਾਲ ਦੇਖਿਆ ਗਿਆ, ਕਿੳਂੁ ਕਿ ਅੱਜ ਦੇ ਸਿੱਖ ਚਿੰਤਕ ਅਜਮੇਰ ਸਿੰਘ ਸਮੇਤ ਨਕਸਲੀ ਗਰੁਪ ਤੇ ਕਮਿਉਨਿਸਟ ਪਾਰਟੀਆਂ ਅਕਾਲੀ ਮੋਰਚੇ ਨੂੰ ਫਿਰਕਾਪ੍ਰਸਤੀ ਕਹਿ ਕੇ ਭੰਡ ਰਹੀਆਂ ਸਨ।ਜਦ ਸਿਆਸੀ ਮੰਜ਼ਰ ’ਤੇ ਸੰਤ ਜਰਨੈਲ ਸਿੰਘ ਵਾਰਦ ਹੋਏ ਤਾਂ ਪਾਲ ਸਿੰਘ ਭੁੱਲਰ ਸੰਤਾਂ ਕੋਲ ਜਾਣ ਲੱਗ ਪਿਆ।ਮਈ 1984 ਦੇ ਅਖੀਰ ’ਚ ਪਾਲ ਸਿੰਘ ਭੁੱਲਰ ਨੇ ਸ੍ਰੀ ਦਰਬਾਰ ਸਾਹਿਬ ਵੱਲ ਚੜੀ ਆਉਂਦੀ ਕਾਲ਼ੀ ਬੋਲ਼ੀ ਹਨੇਰੀ ਨੂੰ ਭਾਂਪ ਲਿਆ ਸੀ।ਉਸ ਨੇ ਸੰਤਾਂ ਨੂੰ ਸਲਾਹ ਦਿੱਤੀ ਕਿ ਇੱਥੇ ਹਥਿਆਰ ਜਮ੍ਹਾਂ ਕਰਨ ਦੀ ਵਜਾਏ ਪਿੰਡਾਂ ਵਿੱਚ ਗੁਰੀਲਾ ਦਸਤੇ ਕਾਇਮ ਕੀਤੇ ਜਾਣ,ਜਦ ਫੌਜ ਚੜ੍ਹ ਕੇ ਆਵੇ ਤਾਂ ਉਹ ਦਸਤੇ ਥਾਂਓ ਥਾਂਈ ਹਮਲੇ ਕਰ ਦੇਣ ਤੇ ਇਸ ਤਰਾਂ ਫੌਜ ਦੀ ਸਪਲਾਈ ਲਾਈਨ ਕੱਟੀ ਜਾਵੇਗੀ।ਪਾਲ ਸਿੰਘ ਭੁੱਲਰ ਨੇ ਮਾਓ ਜੇ ਤੁੰਗ ਦੀ ਗੁਰੀਲਾ ਯੁੱਧ ਨੀਤੀ ਪੜ੍ਹੀ ਹੋਈ ਸੀ।ਪਰ ਇਹ ਯੋਜਨਾ ਸਿਰੇ ਚੜਾਉਣ ਦਾ ਵਕਤ ਹੀ ਨਹੀਂ ਰਿਹਾ ਸੀ।ਕਲਪਣਾ ਕਰ ਸਕਦੇ ਹਾਂ ਕਿ ਜੇ ਪਾਲ ਸਿੰਘ ਭੁੱਲਰ ਵਾਲੀ ਯੁੱਧ ਨੀਤੀ ਲਾਗੂ ਹੋ ਜਾਂਦੀ ਤਾਂ ਇਸ ਜੰਗ ਤੇ ਇਤਿਹਾਸ ਦਾ ਰੰਗ ਢੰਗ ਹੋਰ ਹੀ ਹੋਣਾ ਸੀ।ਪਰ ਇਹ ਕੁਲੈਹਣੀ ‘ਜੇ’ ਕਿਸੇ ਦੇ ਹੱਥ ਨਹੀਂ ਆਉਂਦੀ।
ਜੂਨ 84 ਤੋਂ ਬਾਦ ਜਦ ਕੁਛ ਕੁ ਕਮਿਉਨਿਸਟ ਧਿਰਾਂ ਨੂੰ ਛੱਡ ਕੇ ਬਾਕੀ ਸਭ ਸਰਕਾਰ ਦੀ ਬੋਲੀ ਬੋਲਣ ਲੱਗ ਪਏ ਤਾਂ ਪਾਲ ਸਿੰਘ ਭੁੱਲਰ ਨੇ ਗੁਰਸ਼ਰਨ ਸਿੰਘ ਵਲੋਂ ਛਾਪੇ ਜਾਂਦੇ ਮਾਸਕ ਪਰਚੇ ‘ਸਮਤਾ’ ਵਿਚ ਕਮਿਉਨਿਸਟ ਧਿਰਾਂ ਨੂੰ ਵੰਗਾਰਿਆ ਕਿ ਉਹਨਾਂ ਨੇ ਮਾਰਕਸਵਾਦ- ਲੈਨਿਨਵਾਦ ਪਾੜ ਸੁੱਟਿਆ ਹੈ।ਮਾਰਕਸਵਾਦ-ਲੈਨਿਨਵਾਦ ਬਾਰੇ ਉਨਾਂ ਨੂੰ ਕਿੰਨਾਂ ਕੁ ਗਿਆਨ ਸੀ ,ਇਸਦਾ ਅੰਦਾਜਾ ਮੈਨੂੰ ਸਾਡੀ ਪਹਿਲੀ ਮੁਲਾਕਾਤ ਸਮੇਂ ਬਰਨਾਲੇ 1988 ’ਚ ਲੱਗਿਆ।ਉਥੇ ਨਕਸਲੀਆਂ ਦੇ ਹਾਰਡਕੋਰ ਗਰੱੁਪ ਵਜੋਂ ਜਾਣੇ ਜਾਂਦੇ ਚਾਰੂ ਮਾਜ਼ੂਮਦਾਰ ਦੇ ਗਰੱੁਪ ਨੇ ਤਿੰਨ ਰੋਜਾ ਕਾਨਫਰੰਸ ਰੱਖੀ ਹੋਈ ਸੀ । ਉਦੋਂ ਇਸ ਗਰੁਪ ਦਾ ਆਗੂ ਜੰੰਮੂ-ਕਸ਼ਮੀਰ ਦਾ ਬਜੁਰਗ ਨਕਸਲੀ ਆਰ.ਪੀ ਸ਼ਰਾਫ ਸੀ ।ਉਸ ਕਾਨਫਰੰਸ ਵਿਚ ਇਸ ਗਰੁਪ ਨੇ ਖੁੱਲਮ-ਖੁੱਲਾ ਕਾਨੂੰਨੀ ਕੰਮ ਕਰਨ ਦਾ ਐਲਾਨ ਕਰਨਾ ਸੀ।ਕਾਨਫਰੰਸ ਵਿੱਚ ਸ਼ਰਾਫ ਸਾਹਿਬ(ਜਿੰਨਾਂ ਨੂੰ ਪੰਡਤ ਜੀ ਆਖਿਆ ਜਾਂਦਾ ਸੀ) ਸਮੇਤ ਤਿੰਨ ਨਕਸਲੀ ਲੰਬੀ ਰੂਪੋਸ਼ੀ ’ਚੋਂ ਬਾਹਰ ਆਏ ਸਨ,ਬਾਬਾ ਠਾਕਰ ਦਾਸ ਕੁਤਬੇਵਾਲ (ਨੇੜੇ ਗੁਰਾਇਆਂ) ਰੂਪ ਸਿੰਘ ਮਾਹਮਦ ਪੁਰ (ਨੇੜੇ ਮਲੇਰਕੋਟਲਾ )।ਇਸ ਕਾਨਫਰੰਸ ਵਿੱਚ ਜਸਵੰਤ ਸਿੰਘ ਖਾਲੜਾ ਪਾਲ ਸਿੰਘ ਭੁੱਲਰ ਨੂੰ ਲੈ ਕੇ ਆਇਆ ਸੀ। ਪਹਿਲੀ ਨਜ਼ਰੇ ਮੈਨੂੰ ਜਸਵੰਤ ਸਿੰਘ ਕੰਵਲ ਦਾ ਭੁਲੇਖਾ ਲੱਗਿਆ।ਦੁੱਧ ਚਿੱਟੀ ਦਾਹੜੀ,ਤੂਤ ਦੀ ਛਟੀ ਵਰਗਾ ਛਾਂਟਵਾ ਸਰੀਰ,ਲੰਬਾ ਕੱਦ ਤੇ ਤਿੱਖੀ ਚੁੰਝ ਵਾਲੀ ਸੁਰਮਈ ਪੱਗ!ਕਾਨਫਰੰਸ ਵਿਚ ਸ਼ਰਾਫ ਸਾਹਿਬ ਨੇ ਆਪਣੇ ਤਿੰਨ ਘੰਟੇ ਦੇ ਲੰਬੇ ਭਾਸ਼ਣ ਵਿਚ ਕਿਹਾ ਅਸੀਂ ਕਿ ਹੁਣ ਕਮਿਉਨਿਸਟ ਨਹੀਂ ਰਹੇ,ਮਾਰਕਸਵਾਦ-ਲੈਨਿਨਵਾਦ-ਮਾਓਵਾਦ ਵੇਲਾ ਵਿਹਾ ਚੁਕਿਆ ਹੈ,ਸਾਡੀ ਪਾਰਟੀ ਖੁੱਲਾ ਕੰਮ ਕਰੇਗੀ ਤੇ ਚੋਣਾਂ ’ਚ ਭਾਗ ਲਵੇਗੀ।ਉਸ ਤੋਂ ਬਾਦ ਬੋਲਣ ਦੀ ਵਾਰੀ ਪਾਲ ਸਿੰਘ ਭੁੱਲਰ ਦੀ ਸੀ,ਉਸ ਨੇ ਆਪਣੀ ਗੱਲ ਅੰਗਰੇਜੀ ’ਚ ਪੂਰੀ ਰਵਾਨਗੀ ਨਾਲ ਰੱਖੀ ।ਉਸ ਦੀ ਆਵਾਜ਼ ਮੁਲਾਇਮ,ਮਧੁਰ ਅਤੇ ਡਾਢੀ ਸ਼ਾਤਮਈ ਸੀ।ਉਹ ਮਾਰਕਸਵਾਦ-ਲੈਨਿਨਵਾਦ ਦੇ ਹੱਕ ’ਚ ਹਿੱਕ ਡਾਹ ਕੇ ਖੜ ਗਿਆ ਸੀ।ਉਹ ਮਾਰਕਸਵਾਦ-ਲੈਨਿਨਵਾਦ ਦੇ ਗਰੰਥਾਂ ਦਾ ਵੱਡਾ ਝੋਲਾ ਭਰ ਕੇ ਲਿਆਇਆ ਸੀ।ਉਹ ਜਿਲਦਾਂ ਖੋਲ੍ਹ ਖੋਲ੍ਹ ਸ਼ਰਾਫ ਸਾਹਿਬ ਅੱਗੇ ਕਰ ਰਿਹਾ ਸੀ,ਜਿਵੇਂ ਚੰਗਾਂ ਬਜਾਜ ਥਾਨ ਖੋਹਲ ਖੋਹਲ ਗਾਹਕ ਨੂੰ ਘੁੰਮਣ ਘੇਰੀਆਂ ਵਿੱਚ ਪਾ ਦਿੰਦਾ ਹੈ ।ਕਾਨਫਰੰਸ ਦੇ ਤਿੰਨੇ ਦਿਨ ਪਾਲ ਸਿੰਘ ਭੁੱਲਰ ਨੇ ਪੈਰ ਪੈਰ ’ਤੇ ਸ਼ਰਾਫ ਸਾਹਿਬ ਨਾਲ ਆਢਾ ਲਿਆ ਸੀ।ਸ਼ਰਾਫ ਸਾਹਿਬ ਤਾਂ ਕਈ ਵਾਰ ਤਲਖ ਹੋਏ ਸਨ,ਮਜ਼ਾਲ ਐ ਪਾਲ ਸਿੰਘ ਭੁੱਲਰ ਨੇ ਕਦੇ ਦਲੀਲ ਤੇ ਸਹਿਜ ਦਾ ਪੱਲਾ ਛੱਡਿਆ ਹੋਵੇ। ਮੇਰੀ ਉਸ ਵਿੱਚ ਪਹਿਲੇ ਦਿਨ ਹੀ ਦਿਲਚਸਪੀ ਜਾਗ ਪਈ ਸੀ।ਕਾਨਫਰੰਸ ਤੋਂ ਵੇਹਲੇ ਹੋ ਕੇ ਅਸੀਂ ਕੁਛ ਨੌਜੁਆਨਾਂ ਨੇ ਪਾਲ ਸਿੰਘ ਭੁੱਲਰ ਦੇ ਨੇੜੇ ਹੋ ਜਾਣਾ ਤੇ ਉਸ ਨੂੰ ਸੁਆਲ ਪੁੱਛਣੇ। ਉਹ ਖਾੜਕੂ ਸਿੱਖ ਸੰਘਰਸ਼ ਨੂੰ ਵੀ ਮਾਰਕਸਵਾਦ- ਲੈਨਿਨਵਾਦ ਦੇ ਹਵਾਲੇ ਦੇ ਦੇ ਕੇ ਲੋਕ ਯੁੱਧ ਸਾਬਤ ਕਰ ਰਿਹਾ ਸੀ।
ਪਾਲ ਸਿੰਘ ਭੁੱਲਰ ਨਾਲ ਮੇਰੀ ਦੂਜੀ ਮੁਲਾਕਾਤ ਸ੍ਰੀ ਅੰਮ੍ਰਿਤਸਰ ਵਿੱਚ 1992-93 ਦੌਰਾਨ ਹੋਈ ,ਜਦ ਪੰਜਾਬ ਖੂਨ ਨਾਲ ਭਰੀ ਥਾਲੀ ਵਾਂਗ ਛਲਕ ਰਿਹਾ ਸੀ;ਸਟੇਟ ਜਬਰ ਜੋਰਾਂ ’ਤੇ ਸੀ।ਮੈਂ ਤੇ ਮੇਰਾ ਮਿੱਤਰ ਅਮਰਜੀਤ ਕੰਵਰ ਕਵੀ ਪ੍ਰਮਿੰਦਰਜੀਤ ਕੋਲ ਕੋਈ ਮੈਟਰ ਛਪਵਾਉਣ ਲਈ ਗਏ ਹੋਏ ਸਾਂ। ਪ੍ਰਮਿੰਦਰਜੀਤ ਬੱਸ ਸਟੈਂਡ ਦੇ ਸਾਹਮਣੇ ਪੁਰਾਣੀ ਜਿਹੀ ਇਮਾਰਤ ’ਚੋਂ ਅੱਖਰ ਨਾਂ ਦਾ ਮੈਗਜ਼ੀਨ ਕੱਢਦਾ ਸੀ ਤੇ ਲੋਅ ਪ੍ਰਿੰਟਰਜ ਨਾਂ ਦਾ ਛਾਪਾਖਾਨਾ ਚਲਾਉਂਦਾ ਸੀ।ਸਾਡੇ ਬੈਠਿਆਂ ਤੋਂ ਜਸਵੰਤ ਸਿੰਘ ਖਾਲੜਾ ਤੇ ਪਾਲ ਸਿੰਘ ਭੁੱਲਰ ਵੀ ਆ ਗਏ।ਪ੍ਰਮਿੰਦਰਜੀਤ ਨੇ ਉਠ ਕੇ ਜਿਸ ਤਰਾਂ ਪਾਲ ਸਿੰਘ ਭੁੱਲਰ ਦੇ ਗੋਡੀਂ ਹੱਥ ਲਾਏ, ਸਪੱਸ਼ਟ ਸੀ ਕਿ ਉਹਨਾਂ ਦੇ ਮਨ ਵਿੱਚ ਇਸ ਸ਼ਖਸ਼ੀਅਤ ਪ੍ਰਤੀ ਡਾਢਾ ਸਤਿਕਾਰ ਸੀ।ਪਾਲ ਸਿੰਘ ਭੁੱਲਰ ਨੇ ਕਿਹਾ ਕਿ ਉਹ ਕੋਈ ਪੈਂਫਲਿਟ ਛਪਵਾਉਣਾ ਚਾਹੁੰਦੇ ਹਨ,ਜੋ ਸ਼ਾਇਦ ਮਾਝੇ ’ਚ ਪੁਲਸ ਜਬਰ ਦੇ ਖਿਲਾਫ ਸੀ।ਉਹਨਾਂ ਮੁਤਾਬਕ ਅੰਮ੍ਰਿਤਸਰ ਦੀਆਂ ਪਰੈਸਾਂ ਨੇ ਛਾਪਣ ਤੋਂ ਇਨਕਾਰ ਕਰ ਦਿਤਾ ਸੀ।ਪ੍ਰਮਿੰਦਰਜੀਤ ਨੇ ਕਿਹਾ ਲਿਆਓ ਮੈਟਰ ਕਿਥੇ ਹੈ? ਪਾਲ ਸਿੰਘ ਨੇ ਹੌਲੀ ਹੌਲੀ ਪੱਗ ਦੇ ਪੇਚ ਖੋਹਲਣੇ ਸੁਰੂ ਕਰ ਦਿੱਤੇ। ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਵਰਕੇ ਉਹਨਾਂ ਨੇ ਪੱੱਗ ਦੀ ਪੂਣੀ ’ਚ ਲੁਕੋਏ ਹੋਏ ਸਨ।ਇਹ ਰੂਪੋਸ਼ ਕਾਮਰੇਡਾਂ ਵਾਲੀ ਚੌਕਸੀ ਸੀ।ਮੇਰਾ ਖਿਆਲ ਹੈ ਕਿ ਜਸਵੰਤ ਸਿੰਘ ਖਾਲੜਾ ਨੂੰ ਖਾੜਕੂ ਵਿਚਾਰਧਾਰਾ ਵਾਲੇ ਪਾਸੇ ਲਿਆਉਣ ਵਾਲੇ ਵੀ ਪਾਲ ਸਿੰਘ ਭੁੱਲਰ ਹੀ ਸਨ।

ਪਾਲ ਸਿੰਘ ਭੁੱਲਰ ਨਾਲ ਤੀਜੀ ਤੇ ਆਖਰੀ ਮੁਲਾਕਾਤ 1999 ’ਚ ਸਰਸੇ ਤੋਂ ਪਰਲੇ ਪਾਸੇ ਜਗ ਮਲੇਰਾ ਪਿੰਡ ਵਿੱਚ ਹੋਈ ਸੀ।ਲੋਕ ਕਵੀ ਸੰਤ ਰਾਮ ਉਦਾਸੀ ਦੇ ਦੋ ਵੱਡੇ ਭਰਾ ਗੁਰਦਾਸ ਸਿੰਘ ਘਾਰੂ ਤੇ ਪ੍ਰਕਾਸ਼ ਸਿੰਘ ਘਾਰੂ ਇਸ ਪਿੰਡ ਵਿੱਚ ਰਹਿੰਦੇ ਸਨ।ਗੁਰਦਾਸ ਸਿੰਘ ਘਾਰੂ ਨਾਲ ਮੇਰਾ ਪਿਉ ਪੁੱਤ ਵਾਲਾ ਰਿਸ਼ਤਾ ਸੀ, ਉਹ ਮੇਰੇ ਪਿਤਾ ਜੀ ਦੇ ਦੋਸਤ ਸਨ; ਬਰਨਾਲੇ ਇਲਾਕੇ ’ਚ ਛੂਤ-ਛਾਤ ਵਿਰੁੱਧ ਉਹ ਇਕੱਠੇ ਸੰਘਰਸ਼ ਕਰਦੇ ਰਹੇ ਸਨ, ਬਾਦ ’ਚ ਨਕਸਲੀਆਂ ਦੀ ਸਾਹਿਤਕ ਜਥੇਬੰਦੀ ਕਰਾਂਤੀਕਾਰੀ ਸਾਹਿਤ ਸਭਾ ਵਿੱਚ ਅਸੀਂ ਇਕੱਠੇ ਹੋ ਗਏ ਸਾਂ।ਜਦ ਸ਼ਾਮ ਨੂੰ ਮੈਂ ਤੇ ਗੁਰਦਾਸ ਸਿੰਘ ਘਾਰੂ ਸੈਰ ਕਰਨ ਲਈ ਨਿਕਲੇ ਤਾਂ ਸਾਹਮਣਿਓ ਪਾਲ ਸਿੰਘ ਭੁੱਲਰ ਨਜ਼ਰ ਆਏ।ਉਹਨਾਂ ਨੂੰ ਅਚਨਚੇਤ ਦੇਖ ਕੇ ਖੁਸ਼ੀ ਭਰੀ ਹੈਰਾਨੀ ਹੋਈ!ਉਹ ਬਹੁਤ ਹੀ ਪਿਆਰ ਤੇ ਨਿੱਘ ਨਾਲ ਮਿਲੇ।ਉਹਨਾਂ ਨੇ ਦੱਸਿਆ ਕਿ ਇਸ ਪਿੰਡ ਵਿੱਚ ਉਸ ਦੀਆਂ ਦੋ ਭੈਣਾਂ ਹਨ, ਜੋ ਚੰਗੀ ਜਾਇਦਾਦ ਵਾਲੇ ਨਾਮਧਾਰੀ ਪ੍ਰਵਾਰ ਹਨ।ਉਦੋਂ ਕੇ.ਪੀ.ਐਸ ਗਿੱਲ ਦੀ ਕਿਤਾਬ Knights of Falsehood ਛਪ ਕੇ ਆਈ ਸੀ ,ਪਾਲ ਸਿੰਘ ਭੁੱਲਰ ਨੇ ‘ ਸਿੱਖ ਕੌਮ ਦੇ ਸੱਚੇ ਸੂਰਮੇ’ ਪੁਸਤਕ ਲਿਖ ਕੇ ਉਸ ਦਾ ਬਾਦਲੀਲ ਉਤਰ ਦਿੱਤਾ ਸੀ।ਉਸ ਨੇ ਆਪਣੇ ਹੱਥੀਂ ਦਸਖਤ ਕਰਕੇ ਦੋ ਕਾਪੀਆਂ ਮੈਨੂੰ ਦਿੱਤੀਆਂ।ਇਸ ਤੋਂ ਬਾਦ ਮੈਂ ਜ਼ਿੰਦਗੀ ਦੇ ਥਪੇੜਿਆਂ ਵਿੱਚ ਰੁਲ਼ ਗਿਆ ਤੇ ਭੁੱਲਰ ਸਾਹਿਬ ਨਾਲ ਚਾਹੁੰਦੇ ਹੋਏ ਵੀ ਤਾਲਮੇਲ ਨਾ ਰੱਖ ਸਕਿਆ।
ਪਾਲ ਸਿੰਘ ਭੁੱਲਰ ਦੀ ਪਤਨੀ ਗੁਰਦਿਆਲ ਕੌਰ ਵੀ ਜਬ੍ਹੇਦਾਰ ਔਰਤ ਸੀ।ਜਦ 1998 ਦੇ ਕਰੀਬ ਭਾਅ ਜੀ ਕਰਮਜੀਤ ਸਿੰਘ ਨੇ ਚੰਡੀਗੜ ਤੋਂ ‘ਸ਼ਹਾਦਤ’ ਨਾਂ ਦਾ ਮੈਗਜ਼ੀਨ ਕੱਢਿਆ ਤਾਂ ਉਹਨਾਂ ਨੇ ਮਾਤਾ ਗੁਰਦਿਆਲ ਕੌਰ ਦਾ ਰੇਖਾ ਚਿਤਰ ਲਿਿਖਆ ਸੀ,ਜਿਸ ਤੋਂ ਮਾਤਾ ਸਿੱਖ ਕੌਮ ਦੀ ਸ਼ੀਹਣੀ ਤੇ ਪੰਜਾਬਣ ਔਰਤ ਦਾ ਰੋਲ ਮਾਡਲ ਪ੍ਰਤੀਤ ਹੁੰਦੀ ਸੀ।ਭਾਅ ਜੀ ਕਰਮਜੀਤ ਮੁਤਾਬਕ ਪਾਲ ਸਿੰਘ ਭੁੱਲਰ ਨੇ ਥੋੜਾ ਸਮਾਂ ਮਾਸਟਰੀ ਕੀਤੀ ਸੀ ਤੇ ਬਾਦ ’ਚ ਕਮਿਉਨਿਸਟ ਪਾਰਟੀ ਦੇ ਕੁਲਵਕਤੀ ਕਾਰਕੁੰਨ ਬਣ ਗਏ ਸਨ।ਜਦ 1964 ਵਿਚ ਪਾਰਟੀ ਦੁਫਾੜ ਹੋ ਕੇ ਸੀ.ਪੀ.ਐਮ ਬਣੀ ਤਾਂ ਭੱੁਲਰ ਸਾਹਿਬ ਇਸ ਪਾਰਟੀ ਵਿੱਚ ਸਾਮਲ ਹੋ ਗਏ।ਜਦ 1969-70 ਵਿੱਚ ਨਕਸਲਬਾੜੀ ਪਾਰਟੀ ਹੋਂਦ ਵਿੱਚ ਆਈ ਤਾਂ ਭੁੱਲਰ ਸਾਹਿਬ ਇਸ ਵਿਚ ਸਰਗਰਮ ਹੋ ਗਏ।ਪਰ ਜਦ ਪਾਰਟੀ ਦੁਫਾੜ ਹੋ ਕੇ ਕਈ ਗਰੁੱਪਾਂ ’ਚ ਵੰਡੀ ਗਈ ਤਾਂ ਭੁੱਲਰ ਸਾਹਿਬ ਇਹਨਾਂ ਤੋਂ ਵੀ ਨਿਰਾਸ ਹੋ ਗਏ ਕਿ ਇਹ ਹੁਣ ਇਨਕਲਾਬ ਦੀ ਬੇੜੀ ਪਾਰ ਨਹੀਂ ਲਾਉਂਦੇ!ਜਦ ਅਕਾਲੀ ਮੋਰਚਾ ਲੱਗਿਆ ਤਾਂ ਪਾਲ ਸਿੰਘ ਭੁੱਲਰ ਇਸ ਦੇ ਹੱਕ ਵਿੱਚ ਡਟ ਕੇ ਖਲੋ ਗਏ।84 ਤੋਂ ਬਾਦ ਉਹਨਾਂ ਨੇ ਸਟੇਟ ਦੇ ਪੁਲਸ ਜ਼ਬਰ ਖਿਲਾਫ ਨਿਧੱੜਕ ਹੋ ਕੇ ਲਿਿਖਆ ਸੀ।ਜਦ ਉਹ ਕਮਿਉਨਿਸਟ ਪਾਰਟੀ ਦੇ ਕਾਰਕੁੰਨ ਹੁੰਦੇ ਸਨ ਤਾਂ ਮਾਤਾ ਗੁਰਦਿਆਲ ਕੌਰ ਨੇ ਲੱਕ ਬੰਨ ਕੇ ਘਰ ਚਲਾਇਆ ਸੀ। ਉਹ ਰਾਤਾਂ ਨੂੰ ਖੇਤਾਂ ਵਿੱਚ ਨੱਕੇ ਮੋੜਦੀ ਸੀ, ਗੱਡਾ ਜੋੜ ਕੇ ਪੱਠੇ ਦੱਥੇ ਲਿਆਉਂਦੀ ਤੇ ਫਸਲ ਬਾੜੀ ਸਾਂਭਦੀ ਸੀ । ਉਸ ਨੇ ਔਲਾਦ ਨੂੰ ਵਧੀਆ ਢੰਗ ਨਾਲ ਪਾਲ਼ਿਆ ਸੀ।ਨਕਸਲੀ ਲਹਿਰ ਮੌਕੇ ਉਸ ਨੇ ਤਸ਼ੱਦਦ ਝੱਲਿਆ ਸੀ ਤੇ ਫਿਰ ਖਾੜਕੂ ਲਹਿਰ ਵੇਲੇ ਉਸ ਨੇ ਦਸੌਂਟੇ ਕੱਟੇ ਸਨ।ਭਾਅ ਜੀ ਕਰਮਜੀਤ ਸਿੰਘ ਅਨੁਸਾਰ ਉਹ ਅੱਧੀ ਅੱਧੀ ਰਾਤੀਂ ਉਠ ਕੇ ਖਾੜਕੂ ਸਿੰਘਾਂ ਲਈ ਖੁਸ਼ੀ ਖੁਸ਼ੀ ਪ੍ਰਸ਼ਾਦੇ ਬਣਾਉਂਦੀ ਹੁੰਦੀ ਸੀ।ਮਾਤਾ ਗੁਰਦਿਆਲ ਕੌਰ ਦੀ ਰੂਹ ਕਿਸੇ ਨਾਵਲ ਦੀ ਨਾਇਕਾ ਬਣਨ ਦੀ ਉਡੀਕ ਕਰ ਰਹੀ ਹੈ।
ਪਾਲ ਸਿੰਘ ਭੁੱਲਰ ਨੇ ਜੋ ਖਾੜਕੂ ਲਹਿਰ ਦੇ ਹੱਕ ਅਤੇ ਸਟੇਟ ਜ਼ਬਰ ਦੇ ਵਿਰੁੱਧ ਲੇਖ ਲਿਖੇ ਸਨ ਉਹਨਾਂ ਦੀ ਕਣਸ਼ੋਅ ਇੰਗਲੈਂਡ ਤੱਕ ਵੀ ਪਹੁੰਚ ਗਈ ਸੀ ।ਉਥੇ ਬੈਠਾ ਰਘੁਬੀਰ ਢੰਡ ਬੇਚੈਨ ਹੋ ਉਠਿਆ!ਉਸ ਨੇ ਹੰਮੇ ਨਾਲ ਪਾਲ ਸਿੰਘ ਭੱੁਲਰ ਨੂੰ ਚਿੱਠੀ ਲਿਖੀ ਕਿ ਇੱਕ ਕਮਿਉਨਿਸਟ ਹੋ ਕੇ ਤੁਸੀਂ ਕਿੱਧਰ ਨੂੰ ਤੁਰ ਪਏ ਹੋਂ?ਢੰਡ ਆਪ ਹਰਕਿਸ਼ਨ ਸਿੰਘ ਸੁਰਜੀਤ ਵਾਲੀ ਸੀ.ਪੀ.ਐਮ ਨਾਲ ਜੁੜਿਆ ਹੋਇਆ ਸੀ।ਭੁੱਲਰ ਸਾਹਿਬ ਨੇ ਜੁਆਬ ਦਿੱਤਾ ਕਿ ਮੈਂ ਜੋ ਲਿਖ ਰਿਹਾਂ ਹਾਂ ਤੇ ਕਰ ਰਿਹਾਂ ਹਾਂ ਉਹ ਮਾਰਕਸਵਾਦ- ਲੈਨਿਨਵਾਦ ਅਨੁਸਾਰ ਹੀ ਹੈ।ਢੰਡ ਨੇ ਫਿਰ ਆਖਰੀ ਤਰਲਾ ਮਾਰਿਆ ਕਿ ਤੁਸੀਂ ਕਮਿਉਨਿਸਟ ਹੋਂ, ਮੇਰੀ ਦਿਲੀ ਇੱਛਾ ਹੈ ਕਿ ਤੁਸੀਂ ਆਖਰੀ ਸਮੇਂ ਕਾਇਆ ਦਾ ਚੋਲ਼ਾ ਇੱਕ ਕਮਿਉਨਿਸਟ ਵਜੋਂ ਹੀ ਤਿਆਗੋ!ਭੁੱਲਰ ਸਾਹਿਬ ਨੇ ਲਿਿਖਆ ਕਿ ਮੈਂ ਇੱਕ ਕਮਿਉਨਿਸਟ ਹਾਂ, ਰਹਾਂਗਾ ਤੇ ਆਖਰੀ ਸਮੇਂ ਇੱਕ ਕਮਿਉਨਿਸਟ ਵਜੋਂ ਹੀ ਮਰਾਂਗਾ!ਕੱਟੜ ਸਿਆਸੀ ਵਿਰੋਧੀ ਹੋਣ ਅਤੇ ਬਿਲਕੁਲ ਆਪੋਜਿਟ ਪੋਲਾਂ ’ਤੇ ਖੜੇ ਹੋਣ ਦੇ ਬਾਵਜੂਦ ਵੀ ਢੰਡ ਸਾਹਿਬ ਦੇ ਮਨ ਵਿੱਚ ਇਸ ਸ਼ਖਸ਼ੀਅਤ ਦਾ ਕਿਹੋ ਜਿਹਾ ਸਨਮਾਨ ਸੀ , ਉਹ ਢੰਡ ਸਾਹਿਬ ਦੇ ਇਹਨਾਂ ਸ਼ਬਦਾਂ ਤੋਂ ਪਤਾ ਲਗਦਾ ਹੈ, “ਮੈਂ ਉਹਨਾਂ ਨੂੰ ਏਨੇ ਗਲਤ ਹੋਣ ਦੇ ਬਾਵਜੂਦ ਇੱਕ ਵੀ ਸ਼ਬਦ ਉਹਨਾਂ ਦੀ ਸ਼ਾਨ ਦੇ ਵਿਰੁੱਧ ਬੋਲ ਨਹੀਂ ਸਕਦਾ ਤੇ ਨਾ ਹੀ ਚਿਤਵ ਸਕਦਾ ਹਾਂ।” ਢੰਡ ਸਾਹਿਬ ਨੂੰ ਪਤਾ ਸੀ ਉਸ ਦਾ ਸਾਹਿਤਕ ਤੇ ਸਿਆਸੀ ਗੁਰੁ ਜੋ ਲਿਖ ਬੋਲ ਰਿਹਾ ਹੈ, ਉਹ ਬਗੈਰ ਕਿਸੇ ਲਾਲਚ ਦੇ ਆਪਣੀ ਜ਼ਮੀਰ ਅਨੁਸਾਰ ਤੇ ਵਿਚਾਰਧਾਰਾ ਅਨੁਸਾਰ ਲਿਖ ਬੋਲ ਰਿਹਾ ਹੈ।ਢੰਡ ਸਾਹਿਬ ਕਹਿੰਦੇ ਨੇ ਕਿ ਇਸ ਸ਼ਖਸ਼ ਦੀ ਸ਼ੋਹਬਤ ਵਿਚ ਮੈਂ ਜਾਤ-ਪਾਤ ਦੇ ਭੇਦ ਭਾਵ ਤੋਂ ਮੁਕਤ ਹੋਇਆਂ ਹਾਂ ਤੇ ਮੇਰੀਆਂ ਰੂਹਾਨੀ ਸ਼ਕਤੀਆਂ ਪ੍ਰਫੁਲਤ ਹੋਈਆਂ ਹਨ।
ਖਾੜਕੂ ਲਹਿਰ ਦੇ ਪਤਨ ਤੋਂ ਬਾਦ ਅਜੇ ਤੱਕ ਕਿਸੇ ਵੀ ਸਿੱਖ ਚਿੰਤਕ ਨੇ ਖਾੜਕੂ ਲਹਿਰ ਦਾ ਮੁਲੰਕਣ ਕਰਨ ਵੱਲ ਰਜੂਅ ਨਹੀਂ ਕੀਤਾ, ਸਿਰਫ ਪਾਲ ਸਿੰਘ ਭੁੱਲਰ ਨੇ ਇਹ ਯਤਨ ਕੀਤਾ ਸੀ।ਉਹਨਾਂ ਦੀ ਪੁਸਤਕ ‘ਖਾੜਕੂ ਸੰਘਰਸ਼ ਫੇਲ੍ਹ ਕਿਉਂ ਹੋਇਆ ’ ਲਹਿਰ ਦੀਆਂ ਘਾਟਾਂ ਕਮਜੋਰੀਆਂ ’ਤੇ ਬੇਬਾਕੀ ਨਾਲ ਉਂਗਲ ਰੱਖਦੀ ਹੈ।ਇਹ ਚੇਤੰਨ ਬੁੱਧ, ਨਿਸ਼ਠਾਵਾਨ ,ਪਿਆਰੀ ਤੇ ਨਿਰਮਾਣ ਸ਼ਖਸ਼ੀਅਤ ਪਹਿਲੀ ਜੁਲਾਈ ਸੰਨ 2000 ਨੂੰ ਸਦੀਵੀ ਵਿਛੋੜਾ ਦੇ ਗਈ ਹੈ। ਜਦ ਕਦੇ ਉਹਨਾਂ ਦੀ ਯਾਦ ਆਉਂਦੀ ਹੈ ਤਾਂ ਹੌਲ ਜਿਹਾ ਪੈਂਦਾ ਹੈ ਕਿ ਉਹਨਾਂ ਦੀਆਂ ਅਣਛਪੀਆਂ ਲਿਖਤਾਂ ਤੇ ਕਿਤਾਬਾਂ ਦਾ ਕੀ ਬਣਿਆ ਹੋਵੇਗਾ!

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights