Home » ਅੰਤਰਰਾਸ਼ਟਰੀ » ਕੀਨੀਆ ਤੋਂ ਆਈ ਕਣਕ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ

ਕੀਨੀਆ ਤੋਂ ਆਈ ਕਣਕ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ

33

ਕੀਨੀਆ ਤੋਂ ਭਾਰਤ ਲਈ 12 ਟਨ ਕਣਕ ਆਈ ਤਾਂ ਲੋਕ ਏਸਦਾ ਮਜਾਕ ਉੜਾ ਰਹੇ ਹਨ । ਕੀਨੀਆ ਨੂੰ ਮੰਗਤਾ, ਗਰੀਬ ਦੇਸ਼ ਕਿਹਾ ਜਾ ਰਿਹਾ । ਹੁਣ ਜਰਾ ਛੋਟਾ ਜਿਹਾ ਕਿੱਸਾ ਸੁਣੋ ।
ਤੁਸੀਂ ਅਮਰੀਕਾ ਬਾਰੇ ਤਾਂ ਜਾਣਦੇ ਹੋਵੋਗੇ ! ਨਿਊਯਾਰਕ, ਵਰਲਡ ਟਰੇਡ ਸੈਂਟਰ ਤੇ ਓਸਾਮਾ ਬਿਨ ਲਾਦੇਨ ਦਾ ਵੀ ਪਤਾ ਹੋਣਾ । ਪਰ ਜੋ ਤੁਸੀਂ ਜਾਂ ਬਹੁਤਿਆਂ ਲੋਕਾਂ ਨੇ ਨਹੀਂ ਸੁਣਿਆ ਉਹ ਹੈ ਇਨੋਸਾਈਨ ਪਿੰਡ’ ਜੋ ਕੀਨੀਆ ਤੇ ਤਨਜਾਨੀਆ ਦੇ ਬਾਰਡਰ ਤੇ ਵੱਸਿਆ ਹੈ । ਏਥੋਂ ਦੇ ਮੂਲ ਲੋਕ ‘ਮਸਾਈ’ ਕਹਾਉਂਦੇ ਹਨ ।

ਅਮਰੀਕਾ ਤੇ ਹੋਏ 9/11 ਦੇ ਹਮਲੇ ਬਾਰੇ ਮਸਾਈ ਲੋਕਾਂ ਨੂੰ ਕਈ ਮਹੀਨੇ ਬਾਅਦ ਪਤਾ ਲੱਗਿਆ ਜਦੋਂ ਉਹਨਾਂ ਦੇ ਲਾਗਲੇ ਕਸਬੇ ਦੀ ਕੁੜੀ ਕੀਮੇਲੀ ਨਾਓਮਾ ਜੋ ਕਿ ਸਟੇਨਫੋਰਡ ਯੂਨੀਵਰਸਿਟੀ ਦੀ ਮੈਡੀਕਲ ਸਟੂਡੈਂਟ ਸੀ ਨੇ ਆ ਕੇ ਇਹ ਸਾਰਾ ਕਿੱਸਾ ਮਸਾਈ ਲੋਕਾਂ ਨੂੰ ਦੱਸਿਆ ।

‘ਕੋਈ ਬਿਲਡਿੰਗ ਏਨੀ ਉੱਚੀ ਹੋ ਸਕਦੀ ਕਿ ਉਥੋਂ ਡਿੱਗ ਕੇ ਕਿਸੇ ਦੀ ਜਾਨ ਚਲੀ ਜਾਵੇ’ ਇਹ ਗੱਲ ਬਾਹਰਲੀ ਦੁਨੀਆ ਤੋਂ ਅਣਜਾਣ ਮਸਾਈ ਕਬੀਲੇ ਹੈਰਾਨ ਕਰਨ ਵਾਲੀ ਸੀ । ਫੇਰ ਵੀ ਉਹਨਾਂ ਲੋਕਾਂ ਨੇ ਅਮਰੀਕਾ ਦੇ ਦੁਖ ਨੂੰ ਮਹਿਸੂਸ ਕਰਦਿਆਂ ਉਸ ਸਟੂਡੈਂਟ ਬੱਚੀ ਕੋਲੋਂ ਅਮਰੀਕਾ ਦੇ ਰਾਜਦੂਤ ਵਿਲੀਅਮ ਬਰਾਂਗਿਕ ਨੂੰ ਇਕ ਚਿੱਠੀ ਭੇਜੀ । ਉਹ ਚਿੱਠੀ ਪੜ ਕੇ ਰਾਜਦੂਤ ਵਿਲੀਅਮ ਪਹਿਲਾਂ ਜਹਾਜ ਰਾਹੀਂ ਤੇ ਫੇਰ ਟੁੱਟੀ ਫੁੱਟੀ ਸੜਕ ਦਾ ਮੀਲਾਂ ਸਫਰ ਕਰਦੇ ਹੋਏ ਮਸਾਈ ਕਬੀਲੇ ਕੋਲ ਪਹੁੰਚੇ ।

ਪਿੰਡ ਪਹੁੰਚਣ ਤੇ ਮਸਾਈ ਕਬੀਲੇ ਦੇ ਲੋਕ ਇਕੱਠੇ ਹੋਏ ਤੇ 14 ਗਾਵਾਂ ਲਿਆ ਕੇ ਰਾਜਦੂਤ ਵਿਲੀਅਮ ਬਰਾਂਗਿਕ ਦੇ ਸਾਮਣੇ ਖੜੀਆਂ ਕੀਤੀਆਂ । ਕਬੀਲੇ ਦੇ ਬਜੁਰਗ ਨੇ ਗਾਵਾਂ ਦੀ ਰੱਸੀ ਅਮਰੀਕੀ ਰਾਜਦੂਤ ਨੂੰ ਦੇਂਦਿਆਂ ਨਾਲ ਇਕ ਤਖਤੀ ਦਿੱਤੀ ਜਿਸ ਤੇ ਲਿਖਿਆ ਸੀ ” ਏਸ ਦੁਖ ਦੀ ਘੜੀ ਚ ਅਸੀਂ ਅਮਰੀਕਾ ਦੇ ਨਾਲ ਹਾਂ ਤੇ ਆਪਣੇ ਵੱਲੋਂ 14 ਗਾਵਾਂ ਭੇਜ ਰਹੇ ਹਾਂ “
ਹਾਂ ਜੀ , ਤੁਸੀਂ ਸਹੀ ਪੜਿਆ 14 ਗਾਵਾਂ ਦਾ ਦਾਨ ਲੈਣ ਲਈ ਅਮਰੀਕਾ ਦਾ ਰਾਜਦੂਤ ਹਜਾਰਾਂ ਮੀਲ ਸਫਰ ਕਰਕੇ ਛੋਟੇ ਜਿਹੇ ਪਿੰਡ ਅੱਪੜਿਆ ਸੀ ।

ਗਾਵਾਂ ਨੂੰ ਲਿਜਾਣ ਦੀ ਦਿੱਕਤ ਅਤੇ ਕਾਨੂੰਨੀ ਅੜਿੱਕੇ ਦੇ ਚੱਲਦਿਆਂ ਗਾਵਾਂ ਵੇਚ ਕੇ ਗਹਿਣੇ ਲੈ ਕੇ 9/11 ਦੇ ਯਾਦਗਾਰੀ ਅਜਾਇਬ ਘਰ ਚ ਰੱਖਣ ਦੀ ਗੱਲ ਤੋਰੀ ਗਈ। ਜਦ ਅਮਰੀਕਾ ਦੇ ਲੋਕਾਂ ਨੂੰ ਇਹ ਸਾਰਾ ਵਾਕਿਆ ਪਤਾ ਲੱਗਿਆ ਤਾਂ ਉਹਨਾਂ ਗਹਿਣੇ ਲੈਣ ਦੀ ਜਗਾ ਗਾਵਾਂ ਲੈਣ ਲਈ ਆਵਾਜ ਉਠਾਈ । ਓਨਲਾਈਨ ਪਟੀਸ਼ਨਾਂ ਪਾਈਆਂ ਗਈਆਂ , ਅਧਿਕਾਰੀਆਂ ਨੂੰ ਈ-ਮੇਲ ਕੀਤੀਆਂ ਗਈਆਂ ।
ਕਰੋੜਾਂ ਅਮਰੀਕੀ ਲੋਕਾਂ ਨੇ ਪ੍ਰੋਗਰਾਮ ਉਲੀਕ ਕੇ ਮਸਾਈ ਕਬੀਲੇ ਦੇ ਏਸ ਮਹਾਨ ਦਾਨ ਲਈ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ।
ਹੁਣ ਜੇ ਉਸੇ ਦੇਸ਼ ਕੀਨੀਆ ਦੇ ਵੱਲੋਂ 12 ਟਨ ਕਣਕ ਆਈ ਹੈ ਤੇ ਉਸ ਨੂੰ ਕਬੂਲ ਕਰੋ , ਦਿਲੋਂ ਸਿਜਦਾ ਕਰੋ ।
ਹਿੰਦੂ ਮੱਤ ਮੁਤਾਬਕ ਜਦੋਂ ਭਗਵਾਨ ਰਾਮ ਨੇ ਲੰਕਾ ਲਈ ਪੁਲ ਬਣਾਉਣ ਦਾ ਆਦੇਸ਼ ਦਿੱਤਾ ਤਾਂ ਗਾਲੜਾਂ ਵੀ ਨਿੱਕੇ ਨਿੱਕੇ ਵੱਟੇ ਲਿਆ ਕੇ ਉਸ ਪੁਲ ਚ ਲਾਉਣ ਲੱਗੀਆਂ ਸਨ । ਗਾਲੜਾਂ ਦੀ ਸ਼ਰਧਾ ਨੂੰ ਜਿਵੇਂ ਕਬੂਲ ਕੀਤਾ , ਉਵੇਂ ਹੀ ਕੀਨੀਆ ਦੇ ਲੋਕਾਂ ਵੱਲੋਂ ਭੇਜੀ ਇਮਦਾਦ ਨੂੰ ਖਿੜੇ ਮੱਥੇ ਸਵੀਕਾਰ ਕਰੀਏ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?