ਮਿਤੀ 15 ਫਰਵਰੀ 2022 ਦੀ ਰਾਤ ਨੂੰ ਜਿਸ ਕਿਸੇ ਨੂੰ ਵੀ ਇਹ ਮਨਹੂਸ ਖ਼ਬਰ ਮਿਲ਼ੀ ਕਿ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਐਕਸੀਡੈਂਟ ਦੌਰਾਨ ਮੌਤ ਹੋ ਗਈ ਹੈ ਤਾਂ ਇੱਕਦਮ ਦਿਮਾਗ ‘ਚ ਇਹ ਗੱਲ ਠਣਕੀ ਕਿ ਇਹ ਕੋਈ ਕੁਦਰਤੀ ਹਾਦਸਾ ਨਹੀਂ ਬਲਕਿ ਇੱਕ ਸੋਚੀ-ਸਮਝੀ, ਡੂੰਘੀ, ਲੁਕਵੀਂ ਤੇ ਘੜੀ ਹੋਈ ਸਾਜਿਸ਼ ਤਹਿਤ ਹਿੰਦ ਸਰਕਾਰ ਵੱਲੋਂ ਐਕਸੀਡੈਂਟ ਦੇ ਬਹਾਨੇ ਦੀਪ ਸਿੱਧੂ ਨੂੰ ਕਤਲ ਕੀਤਾ ਗਿਆ ਹੈ, ਸ਼ਹੀਦ ਕੀਤਾ ਗਿਆ ਹੈ। ਕਿਉਂਕਿ ਦੀਪ ਸਿੱਧੂ ਹਿੰਦ ਸਟੇਟ ਲਈ ਖਤਰਾ ਬਣ ਚੁੱਕਾ ਸੀ, ਭਾਰਤੀ ਸਟੇਟ ਉਸ ਨੂੰ ਵਧਣ-ਫੁੱਲਣ ਨਹੀਂ ਸੀ ਦੇਣਾ ਚਾਹੁੰਦੀ, ਉਸ ਨੂੰ ਹਰ ਹੀਲੇ ਖ਼ਤਮ ਕਰਨਾ ਚਾਹੁੰਦੀ ਸੀ।
ਸਟੇਟ ਨੂੰ ਪਤਾ ਲਗ ਗਿਆ ਸੀ ਕਿ ਸੰਤ ਜਰਨੈਲ ਸਿੰਘ ਵੱਲੋਂ ਅਰੰਭੇ ਸੰਘਰਸ਼ ਦੀ ਵਾਂਗਡੋਰ ਨੂੰ ਸੰਭਾਲਣ ਵਾਲ਼ਾ ਕੋਈ ਸੂਰਮਾ ਨਿੱਤਰ ਪਿਆ ਹੈ, ਹੁਣ ਸੰਘਰਸ਼ ’ਚ ਆਈ ਖੜੋਤ ਦਿਨੋਂ-ਦਿਨ ਟੁੱਟ ਰਹੀ ਹੈ। ਸਰਕਾਰ ਨੂੰ ਦੀਪ ਸਿੱਧੂ ਦੇ ਬੋਲਾਂ ‘ਚੋਂ, ਉਸ ਦੀ ਦ੍ਰਿੜਤਾ ‘ਚੋਂ, ਉਸ ਦੀ ਸਰਗਰਮੀ ‘ਚੋਂ, ਉਸ ਦੇ ਨਾਲ਼ ਜੁੜੀ ਸਿੱਖ ਜਵਾਨੀ ਦੇ ਜਜ਼ਬੇ ’ਚੋਂ ਇਹ ਸੰਕੇਤ ਮਿਲ਼ ਗਏ ਸਨ।
ਦੀਪ ਸਿੱਧੂ ਕਿਸਾਨੀ ਸੰਘਰਸ਼ ਦਾ ਹੀਰੋ ਬਣਨ ਤੋਂ ਬਾਅਦ ਹੁਣ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕਾ ਸੀ। ਉਸ ਨੇ ਪੰਜਾਬ ‘ਚ ਰਾਜਸੀ ਹਲਚਲ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਸੀ, ਪੰਥਕ ਸਿਆਸਤ ਦਾ ਬੋਲਬਾਲਾ ਹੋਣ ਵਾਲ਼ਾ ਸੀ। ਹਿੰਦ ਸਟੇਟ ਘਬਰਾਅ ਚੁੱਕੀ ਸੀ, ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਸੀ, ਉਸ ਨੂੰ ਖ਼ਤਮ ਕਰਨ ਲਈ ਕਈ ਦਿਮਾਗ ਕੰਮ ਕਰ ਰਹੇ ਸਨ, ਵਿਉਂਤਾਂ ਘੜੀਆਂ ਜਾ ਰਹੀਆਂ ਸਨ।
ਦੀਪ ਸਿੱਧੂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਚੋਣ ਪ੍ਰਚਾਰ ਸਮੇਂ ਜੋ ਜਲਵਾ ਵਿਖਾਇਆ, ਸਟੇਟ ਨੂੰ ਵੰਗਾਰਿਆ, ਦਿੱਲੀ ਦੀਆਂ ਚਾਲਾਂ ਨੂੰ ਨੰਗਿਆਂ ਕੀਤਾ। ਇੱਕ ਹੱਥ ‘ਚ ਕਿਰਪਾਨ ਅਤੇ ਦੂਜੇ ‘ਚ ਝਾੜੂ ਫੜ ਕੇ ਜਿਵੇਂ ਸਿੱਖਾਂ ਨੂੰ ਝੰਜੋੜਿਆ, ਉਹਨਾਂ ਨੂੰ ਪਾਤਸ਼ਾਹੀ-ਬਾਦਸ਼ਾਹੀ ਵੱਲ ਵਧਣ ਲਈ ਜਾਗ੍ਰਿਤ ਕੀਤਾ। ਉਸ ਨੇ ਸਟੇਟ ਨੂੰ ਐਨੀ ਤਕਲੀਫ਼ ਦਿੱਤੀ ਕਿ ਏਜੰਸੀਆਂ ਹੁਣ ਉਸ ਨੂੰ ਇੱਕ ਦਿਨ ਲਈ ਵੀ ਜਿਉਂਦਾ ਨਹੀਂ ਸੀ ਛੱਡਣਾ ਚਾਹੁੰਦੀਆਂ।
ਸਰਕਾਰੀ ਏਜੰਸੀਆਂ ਵੱਲੋਂ ਐਨੀ ਸਫ਼ਾਈ, ਬਰੀਕੀ ਤੇ ਦਿਮਾਗ ਨਾਲ਼ ਦੀਪ ਸਿੱਧੂ ਨੂੰ ਐਕਸੀਡੈਂਟ ਦੀ ਆੜ ਹੇਠ ਕਤਲ ਕੀਤਾ ਗਿਆ ਜਿਸ ਦਾ ਰਾਜ ਕਦੇ ਵੀ ਨਹੀਂ ਖੁੱਲ੍ਹੇਗਾ।
ਭਾਰਤ ਸਰਕਾਰ, ਭਾਜਪਾ, ਆਰ.ਐੱਸ.ਐੱਸ, ਕਾਂਗਰਸ, ਕਾਮਰੇਡ ਲਾਣਾ, ਬਾਦਲ ਦਲ, ਕੇਜਰੀਵਾਲ ਪਾਰਟੀ ਅਤੇ ਅਖੌਤੀ ਕਿਸਾਨ ਯੂਨੀਅਨਾਂ ਦੇ ਆਗੂ ਸਭ ਉਸ ਦੇ ਵੈਰੀ ਬਣੇ ਹੋਏ ਸਨ। ਇਹਨਾਂ ਦੇ ਕਰਿੰਦਿਆਂ ਵੱਲੋਂ ਸਮੇਂ-ਸਮੇਂ ‘ਤੇ ਦੀਪ ਸਿੱਧੂ ਦੀ ਕਿਰਦਾਰਕੁਸ਼ੀ ਕੀਤੀ ਗਈ। ਇਥੋਂ ਤਕ ਕਿ 25 ਜਨਵਰੀ ਦੀ ਰਾਤ ਅਤੇ 26 ਜਨਵਰੀ 2021 ਦੀ ਸ਼ਾਮ ਨੂੰ ਉਸ ਉੱਤੇ ਜਾਨੀ ਹਮਲੇ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਫਿਰ ਸਰਕਾਰਾਂ ਨੇ ਉਸ ਨੂੰ ਜੇਲ੍ਹੀਂ ਵੀ ਧੱਕਿਆ, ਏਜੰਸੀਆਂ ਨੇ ਹਰ ਪ੍ਰਕਾਰ ਦੇ ਲਾਲਚ, ਡਰਾਵੇ ਅਤੇ ਮਾਨਸਿਕ ਤਸੀਹੇ ਦਿੱਤੇ ਪਰ ਉਹ ਸੂਰਮਾ ਨਾ ਡੋਲ੍ਹਿਆ।
ਦੀਪ ਸਿੱਧੂ ਪਹਿਲਾ ਮਨੁੱਖ ਸੀ ਜਿਸ ਨੇ ਕਿਸਾਨੀ ਸੰਘਰਸ਼ ਜਾਂ ਕਾਲ਼ੇ ਖੇਤੀ ਕਨੂੰਨਾਂ ਨੂੰ ਪੰਜਾਬ ਦੀ ਹੋਂਦ ਦੀ ਲੜਾਈ ਦੱਸਿਆ। ਉਸ ਨੇ ਇਹ ਗੱਲ ਸਥਾਪਿਤ ਕਰ ਦਿੱਤੀ ਸੀ ਕਿ ਮਸਲਾ ਕੇਵਲ ਕਣਕਾਂ ਨੂੰ ਬਚਾਉਣ ਦਾ ਨਹੀਂ, ਗੱਲ ਸਾਡੀ ਅਣਖ਼ ‘ਤੇ ਆ ਖਲੋਤੀ ਹੈ। ਗੱਲ ਸਿਰਫ਼ ਫ਼ਸਲਾਂ ਦੀ ਨਹੀਂ, ਸਾਡੀਆਂ ਆਉਣ ਵਾਲ਼ੀਆਂ ਨਸਲਾਂ ਦੀ ਰਾਖੀ ਦੀ ਹੈ। ਗੱਲ ਜਮੀਨਾਂ ਦੀ ਨਹੀਂ, ਜ਼ਮੀਰਾਂ ਦੀ ਹੈ।
ਉਸ ਨੇ ਪੰਜਾਬ ਦੀ ਖੁਦਮੁਖਤਿਆਰੀ, ਅਜ਼ਾਦੀ, ਸਿੱਖ ਰਾਜ, ਖ਼ਾਲਿਸਤਾਨ ਅਤੇ ਪਾਤਸ਼ਾਹੀ ਦਾਅਵੇ ਦੀ ਗੱਲ ਕੀਤੀ। ਉਹ ਸਿੱਖਾਂ ਦੇ ਗਲੋਂ ਗ਼ੁਲਾਮੀ ਦਾ ਜੂਲਾ ਲਾਹੁਣਾ ਚਾਹੁੰਦਾ ਸੀ, ਉਹ ਸਿੱਖੀ ਸਿਧਾਂਤਾਂ ਦਾ ਪਹਿਰੇਦਾਰ ਅਤੇ ਪੰਜਾਬ ਦਾ ਰਾਖਾ ਬਣ ਚੁੱਕਾ ਸੀ, ਉਹ ਸਿੱਖੀ ਸਰੂਪ ‘ਚ ਆਉਣਾ ਵੀ ਸ਼ੁਰੂ ਹੋ ਗਿਆ ਸੀ, ਉਸ ਨੇ ਅੰਮ੍ਰਿਤ ਛਕ ਕੇ ਸਿੱਖ ਕੌਮ ਦੀ ਅਗਵਾਈ ਕਰਨੀ ਸੀ। ਦੀਪ ਸਿੱਧੂ ਸੱਚ ਦਾ ਪਰਵਾਨਾ ਅਤੇ ਕੌਮੀ ਆਸ਼ਕ ਸੀ, ਉਸ ਨੇ ਭਾਈ ਸੰਦੀਪ ਸਿੰਘ ਖ਼ਾਲਸਾ ਬਣਨਾ ਸੀ।
ਜ਼ਾਲਮ ਹਿੰਦ ਸਰਕਾਰ ਲਈ ਇਹ ਸਭ ਕੁਝ ਬਰਦਾਸ਼ਤ ਕਰਨਾ ਬੇਹੱਦ ਔਖਾ ਸੀ। ਦੀਪ ਸਿੱਧੂ ਉਹਨਾਂ ਦੇ ਗਲੇ ਦੀ ਹੱਡੀ ਅਤੇ ਹਿੰਦੂ ਰਾਸ਼ਟਰ ਦੇ ਰਾਹ ’ਚ ਰੋੜ ਬਣ ਚੁੱਕਾ ਸੀ। ਉਹਨਾਂ ਨੇ ਦੀਪ ਨੂੰ ਮਾਰ ਕੇ ਆਪਣਾ ਰਾਹ ਸਾਫ਼ ਕਰ ਲਿਆ ਤੇ ਸਾਨੂੰ ਇੱਕ ਵਾਰ ਫੇਰ ਡੂੰਘੀ ਖਾਈ ‘ਚ ਸੁੱਟ ਦਿੱਤਾ, ਨੌਜਵਾਨਾਂ ਨੂੰ ਆਗੂਹੀਣ ਕਰ ਦਿੱਤਾ।
ਅਕਾਲੀ ਪੱਤ੍ਰਕਾ ਅਖ਼ਬਾਰ ਦੇ ਸੰਪਾਦਕ ਸਰਦਾਰ ਭਰਪੂਰ ਸਿੰਘ ਬਲਬੀਰ ਨੇ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਮਗਰੋਂ ਸੱਚ ਹੀ ਕਿਹਾ ਸੀ ਕਿ ਸਰਕਾਰ ਨੂੰ ਜਿਸ ਮਨੁੱਖ ਵਿੱਚੋਂ ਵੀ ਸੰਤ ਜਰਨੈਲ ਸਿੰਘ ਨਜ਼ਰ ਆਵੇਗਾ, ਸਰਕਾਰ ਉਸ ਨੂੰ ਨਹੀਂ ਛੱਡੇਗੀ, ਓਹੀ ਹੋਇਆ ਜਿਸ ਡਰ ਸੀ। ਦੀਪ ਸਿੱਧੂ, ਸੰਤ ਭਿੰਡਰਾਂਵਾਲ਼ਿਆਂ ਵੱਲੋਂ ਅਰੰਭੇ ਸੰਘਰਸ਼ ਦਾ ਇੱਕ ਜਾਂਬਾਜ਼ ਜੁਝਾਰੂ ਸੀ, ਉਹ ਉਹਨਾਂ ਰਾਹਾਂ ’ਤੇ ਚੱਲ ਰਿਹਾ ਸੀ ਜਿਸ ਲਈ ਸਾਡੇ ਹਜ਼ਾਰਾਂ ਸਿੰਘ-ਸਿੰਘਣੀਆਂ ਸ਼ਹਾਦਤਾਂ ਦੇ ਜਾਮ ਪੀ ਗਏ ਸਨ। ਦੀਪ ਸਿੱਧੂ ਪੜ੍ਹਿਆ-ਲਿਿਖਆ, ਸੂਝਵਾਨ ਅਤੇ ਰੌਸ਼ਨ ਦਿਮਾਗ ਨੌਜਵਾਨ ਸੀ।
ਮੇਰਾ ਦਿਲ ਬਹੁਤ ਦਿਨਾਂ ਦਾ ਕਹਿ ਰਿਹਾ ਸੀ ਕਿ ਦੀਪ ਸਿੱਧੂ ਜਿਵੇਂ ਦੀਆਂ ਤਕਰੀਰਾਂ ਕਰ ਰਿਹਾ ਹੈ, ਇਸ ਬਦਲੇ ਹੁਣ ਸਰਕਾਰ ਉਸ ਨੂੰ ਜੇਲ੍ਹ ਦੇਵੇਗੀ ਜਾਂ ਮੌਤ। ਮਹਿਸੂਸ ਹੋ ਰਿਹਾ ਸੀ ਕਿ ਇੱਕ ਦਿਨ ਅੰਤ ਏਹੀ ਹੋਣਾ ਹੈ, ਸਰਕਾਰ ਕਦੇ ਨਹੀਂ ਚਾਹਵੇਗੀ ਕਿ ਦੀਪ ਆਪਣੇ ਗਿਆਨ ਦੀ ਕੌਮ ਨੂੰ ਰੌਸ਼ਨੀ ਵੰਡੇ। ਸਰਕਾਰ ਨੇ ਸਾਡੇ ਕੋਲ਼ੋ ਉਹ ਹੀਰਾ ਖੋਹਿਆ ਵੀ ਇਸ ਕਦਰ ਕਿ ਕੌਮ ਸ਼ਹੀਦ ਕਹਿਣ ਲੱਗੀ ਵੀ ਦੁਬਿਧਾ ਵਿੱਚ ਫਸੀ ਰਹੇ। ਦੀਪ ਨੂੰ ਮਾਰ ਕੇ ਸਾਨੂੰ ਸੰਘਰਸ਼ਸ਼ੀਲ ਨੌਜਵਾਨਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਜੇ ਲਕੀਰ ਟੱਪੋਗੇ ਤਾਂ ਏਹੀ ਹਸ਼ਰ ਹੋਵੇਗਾ।
ਸਰਕਾਰ ਦੀ ਸਿੱਖਾਂ ਪ੍ਰਤੀ ਅੱਜ ਵੀ ਸੋਚ ਓਹੀ ਹੈ, ਹਿੰਦੂ ਹਾਕਮ ਸਾਨੂੰ ਗ਼ੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ। ਸਰਕਾਰ ਨੇ ਮਾਰਨ ਦੇ ਢੰਗ-ਤਰੀਕੇ ਬਦਲ ਲਏ ਹਨ। ਹੁਣ ਸਰਕਾਰ ਸਾਨੂੰ ਗੋਲ਼ੀਆਂ ਨਾਲ਼ ਮਾਰਨ ਦੀ ਬਜਾਏ, ਫਾਂਸੀਆਂ ਦੇਣ ਦੀ ਬਜਾਏ ਸੜਕ ਹਾਦਸਿਆਂ ਵਿੱਚ ਮਾਰਦੀ ਹੈ, ਜੇਲ੍ਹਾਂ ਵਿੱਚ ਬਿਮਾਰ ਸਿੰਘਾਂ ਦੇ ਇਲਾਜ ਨਾ ਕਰਾ ਕੇ ਤੜਫਾ-ਤੜਫਾ ਕੇ ਮਾਰਦੀ ਹੈ, ਭਰਾ-ਮਾਰੂ ਜੰਗ ਰਾਹੀਂ ਜਾਂ ਕਿਰਦਾਰਕੁਸ਼ੀ ਕਰ ਕੇ ਮਾਰਦੀ ਹੈ।
ਪਹਿਲਾਂ ਖ਼ਬਰ ਚਲਾਈ ਗਈ ਕਿ ਖੜ੍ਹੇ ਟਰੱਕ ‘ਚ ਦੀਪ ਸਿੱਧੂ ਦੀ ਤੇਜ ਸਪੀਡ ਗੱਡੀ ਵੱਜੀ। ਫਿਰ ਕਿਹਾ ਗਿਆ ਕਿ ਟਰੱਕ ਡਰਾਇਵਰ ਵੱਲੋਂ ਇਕਦਮ ਜ਼ੋਰ ਨਾਲ ਬ੍ਰੇਕ ਮਾਰਨ ਕਾਰਨ ਹਾਦਸਾ ਵਾਪਰਿਆ।
ਸਵਾਲ ਖੜ੍ਹਾ ਹੁੰਦਾ ਹੈ ਕਿ ਦਿੱਲੀ ਤੋਂ ਪੰਜਾਬ ਜਾਂਦੀ ਮੁੱਖ ਸੜਕ ਦੇ ਸੱਜੇ ਹੱਥ ਇਹ ਟਰੱਕ ਕਿਉਂ ਖਲਾਰਿਆ ਗਿਆ, ਜੇ ਟਰੱਕ ਨੇ ਖਲੋਣਾ ਹੀ ਸੀ ਤਾਂ ਖੱਬੇ ਹੱਥ ਕੱਚੇ ਰਸਤੇ ‘ਚ ਰੋਕਿਆ ਜਾਂਦਾ। ਇਸ ਤਰ੍ਹਾਂ ਸੜਕ ਦੇ ਵਿਚਕਾਰ ਕਦੇ ਕੋਈ ਟਰੱਕ ਨਹੀਂ ਖੜ੍ਹਾ ਕਰਦਾ।
ਦੂਜੀ ਗੱਲ ਜਦੋਂ ਟਰੱਕ ਦੇ ਅੱਗੇ ਕੋਈ ਵਾਹਨ ਆਇਆ ਹੀ ਨਹੀਂ ਸੀ ਤਾਂ ਇਕਦਮ ਐਨੀ ਜ਼ੋਰ ਨਾਲ ਬ੍ਰੇਕ ਕਿਉਂ ਮਾਰੀ ਗਈ ? ਸੜਕ ‘ਤੇ ਟਰੱਕ ਦੇ ਟਾਇਰਾਂ ਦੇ ਰਗੜੇ ਹੋਏ ਨਿਸ਼ਾਨ ਵੀ ਨਜ਼ਰ ਆ ਰਹੇ ਸਨ। ਟਰੱਕ ਡਰਾਇਵਰ ਕਦੇ ਵੀ ਏੱਦਾਂ ਵਿਚਕਾਰ ਸੜਕ ਦੇ ਐਨੀ ਜ਼ੋਰ ਨਾਲ਼ ਬਿਨਾਂ ਕਿਸੇ ਵਜ੍ਹਾ ਬ੍ਰੇਕ ਨਹੀਂ ਮਾਰਦੇ।
ਅਸਲ ਗੱਲ ਤਾਂ ਇਹ ਹੈ ਕਿ ਟਰੱਕ ਵਾਲ਼ੇ ਕੋਲ਼ ਬ੍ਰੇਕ ਮੌਕੇ ‘ਤੇ ਮਰਵਾਈ ਗਈ ਹੈ ਜਦੋਂ ਦੀਪ ਦੀ ਗੱਡੀ ਸਪੀਡ ਨਾਲ਼ ਮਗਰ ਆ ਰਹੀ ਸੀ।
ਹੋਰ ਵੀ ਬਹੁਤ ਸਵਾਲ ਹਨ ਕਿ ਜਿਸ ਤਰੀਕੇ ਨਾਲ਼ ਗੱਡੀ ਦਾ ਨੁਕਸਾਨ ਹੋਇਆ ਉਸ ਹਿਸਾਬ ਨਾਲ਼ ਤਾਂ ਦੀਪ ਸਿੱਧੂ ਦੀਆਂ ਲੱਤਾਂ-ਪੱਟ ਵੀ ਟੁੱਟ ਜਾਣੇ ਸਨ ਅਤੇ ਹੋਰ ਸਰੀਰ ਦਾ ਵੀ ਨੁਕਸਾਨ ਹੋਣਾ ਸੀ। ਪਰ ਇਹ ਸੱਟ ਕੇਵਲ ਸਿਰ ਅਤੇ ਮੱਥੇ ਵਿੱਚ ਵੱਜੀ, ਜੋ ਮਾਰੀ ਗਈ ਜਾਪਦੀ ਹੈ।
ਫਿਰ ਡਰਾਇਵਰ ਦਾ ਮੌਕੇ ਤੋਂ ਗਾਇਬ ਹੋ ਜਾਣਾ, ਫਿਰ ਉਸ ਨੂੰ ਦੋ ਦਿਨਾਂ ਮਗਰੋਂ ਫੜ ਕੇ ਅਗਲੇ ਦਿਨ ਹੀ ਜ਼ਮਾਨਤ ਦੇ ਦੇਣਾ, ਇਹ ਸਭ ਚਾਲ ਹੈ। ਇਹ ਗੱਲ ਜੱਗ ਜਾਹਰ ਹੈ ਕਿ ਕੌਮੀ ਯੋਧੇ ਹਾਦਸੇ ਦੇ ਸ਼ਿਕਾਰ ਨਹੀਂ, ਸਰਕਾਰ ਦੀਆਂ ਸਾਜਿਸ਼ਾਂ ਦੇ ਸ਼ਿਕਾਰ ਹੋ ਜਾਂਦੇ ਹਨ।
ਐਕਸੀਡੈਂਟ ਦੇ ਬਹਾਨੇ ਹੀ 1977 ‘ਚ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ 2016 ‘ਚ ਜੁਝਾਰੂ ਸਿੱਖ ਨੌਜਵਾਨ ਭਾਈ ਜੋਗਾ ਸਿੰਘ ਖ਼ਾਲਿਸਤਾਨੀ ਨੂੰ ਖ਼ਤਮ ਕੀਤਾ ਗਿਆ ਸੀ। ਵਿਦੇਸ਼ ਦੀ ਧਰਤੀ ‘ਤੇ ਭਾਈ ਸਾਬੀ ਸਿੰਘ ਖ਼ਾਲਿਸਤਾਨੀ ਨੂੰ ਟਰੱਕ ‘ਚ ਅੱਗ ਲਾ ਕੇ ਸਾੜਿਆ ਗਿਆ। ਲਖੀਮੀਪੁਰੀ ਖੀਰੀ ’ਚ ਸਿੱਖ ਕਿਸਾਨਾਂ ਨੂੰ ਗੱਡੀ ਹੇਠਾਂ ਦੇ ਕੇ ਦਰੜਿਆ ਗਿਆ।
ਦੀਪ ਸਿੱਧੂ ਤੋਂ ਨੌਜਵਾਨਾਂ ਨੂੰ ਬਹੁਤ ਵੱਡੀਆਂ ਆਸਾਂ ਸਨ, ਉਹ ਇੱਕ ਅਨੌਖੀ ਰੂਹ ਸੀ, ਉਸ ਵਿੱਚ ਇੱਕ ਨਿਧੜਕ ਆਗੂ ਵਾਲੇ ਗੁਣ ਸਨ, ਉਹ ਗੁਣਾਂ ਦਾ ਭਰਪੂਰ ਖਜਾਨਾ ਸੀ। ਉਸ ਦਾ ਬੇਵਕਤੀ ਸੰਸਾਰ ਤੋਂ ਤੁਰ ਜਾਣਾ ਸਿੱਖ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੀਪ ਸਿੱਧੂ ਦੇ ਇਸ ਸੰਸਾਰ ਤੋਂ ਤੁਰ ਜਾਣ ਦੀ ਖ਼ਬਰ ਸੁਣ ਕੇ ਦੁਨੀਆਂ ਭਰ ‘ਚ ਵਸਦੇ ਹਰ ਸਿੱਖ ਦੀ ਅੱਖ ਰੋਈ, ਹਰ ਦਿਲ ‘ਚੋਂ ਹੂਕ ਨਿਕਲੀ, ਸਾਰੀ ਰਾਤ ਕੌਮ ਰੋਂਦੀ ਰਹੀ, ਫਿਰ ਕਈ ਦਿਨਾਂ ਤਕ ਰੋਂਦੀ ਰਹੀ।
ਦੀਪ ਸਿੱਧੂ ਕੌਮ ਦਾ ਦਰਦ ਆਪਣੇ ਪਹਾੜ ਜਿੱਡੇ ਸੀਨੇ ‘ਚ ਲੈ ਕੇ ਅਤੇ ਚਾਹੁਣ ਵਾਲ਼ਿਆਂ ਨੂੰ ਇੱਕ ਡੂੰਘਾ ਦਰਦ ਦੇ ਕੇ ਸਾਨੂੰ ਅਲਵਿਦਾ ਕਹਿ ਗਿਆ ਹੈ ਪਰ ਉਸ ਦੀਆਂ ਪੰਜਾਬ ਦੇ ਨਾਲ਼ ਵਫ਼ਾ ਦੀਆਂ ਗੱਲਾਂ ਅਤੇ ਪੰਥ ਤੇ ਪੰਜਾਬ ਪ੍ਰਤੀ ਕੀਤੀਆਂ ਸੇਵਾਵਾਂ ਸਦਾ ਚੇਤੇ ਆਉਂਦੀਆਂ ਰਹਿਣਗੀਆਂ। ਦੀਪ ਸਿੱਧੂ ਨੂੰ ਪਿਆਰ ਕਰਨ ਵਾਲ਼ੇ ਸਿੱਖ ਨੌਜਵਾਨਾਂ ਨੂੰ ਸੰਘਰਸ਼ਸ਼ੀਲ ਹੋਣ ਦੀ ਲੋੜ ਹੈ, ਅਜ਼ਾਦੀ ਸਾਥੋਂ ਦੂਰ ਨਹੀਂ, ਸਾਨੂੰ ਭਾਰਤ ਦੀ ਗ਼ੁਲਾਮੀ ਮਨਜ਼ੂਰ ਨਹੀਂ। ਗੁਰੂਆਂ, ਸੂਰਬੀਰਾਂ ਤੇ ਸ਼ਹੀਦਾਂ ਦੀ ਇਸ ਧਰਤੀ ’ਤੇ ਖ਼ਾਲਸਾ ਜੀ ਦੇ ਬੋਲਬਾਲੇ ਅਵੱਸ਼ ਹੋਣਗੇ। ਪੰਜਾਬ ਇੱਕ ਦਿਨ ਖ਼ਾਲਿਸਤਾਨ ਬਣ ਕੇ ਰਹੇਗਾ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ: ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.