ਆਦਮਪੁਰ 29 ਮਈ ( ਤਰਨਜੋਤ ਸਿੰਘ ) ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਹਲਕਾ ਆਦਮਪੁਰ ਦੇ ਬਲਾਕ ਭੋਗਪੁਰ ਅਤੇ ਆਦਮਪੁਰ ਵਿੱਚ ਪੈਂਦੇ 11 ਪਿੰਡਾਂ ਵਿੱਚ 71.79 ਲੱਖ ਰੁਪਏ ਨਾਲ ਹੋਣ ਵਾਲੇ ਵਿਕਾਸ ਕਾਰਜਾਂਦੇ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਨੂੰ ਸ਼ਹਿਰਾਂ ਦੇ ਬਰਾਬਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਇਸ ਦੌਰਾਨ ਉਹਨਾਂ ਕਿਹਾ ਕਿ ਉਹਨਾਂ ਵਲੋਂ ਬੀਤੇ ਦਿਨੀਂ ਕੀਤੇ ਵਾਅਦੇ ਅਨੁਸਾਰ ਅੱਜ ਪਹਿਲੇ ਪੜਾਅ ਤਹਿਤ ਬਲਾਕ ਭੋਗਪੁਰ ਦੇ ਪੰਜ ਅਤੇ ਬਲਾਕ ਆਦਮਪੁਰ ਦੇ ਛੇ ਪਿੰਡਾਂ ਵਿੱਚ ਕ੍ਰਮਵਾਰ 29.82 ਲੱਖ ਅਤੇ 41.97 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਹਨ।
ਜਿਸ ਵਿੱਚ ਬਲਾਕ ਭੋਗਪੁਰ ਦੇ ਪਿੰਡ ਨੰਗਲ ਫੀਦਾਂ ਵਿਖੇ 10 ਲੱਖ ਰੁਪਏ, ਪਿੰਡ ਖੋਜਕੀਪੁਰ ਵਿੱਚ 5.04 ਲੱਖ, ਪਿੰਡ ਭੂੰਦੀਆਂ ਵਿਖੇ 6.41 ਲੱਖ,ਪਿੰਡ ਮਾਧੋਪੁਰ ਤੇ ਪਿੰਡ ਲੋਹਾਰਾ ਵਿਖੇ ਕ੍ਰਮਵਾਰ 6.07 ਅਤੇ 2.30 ਲੱਖ ਰੁਪਏ ਦੀ ਲਾਗਤ ਨਾਲ ਪੂਰੇ ਹੋਣ ਵਾਲੇ ਵਿਕਾਸ ਕਾਰਜ ਸ਼ਾਮਿਲ ਹਨ।ਇਸੇ ਤਰ੍ਹਾਂ ਬਲਾਕ ਆਦਮਪੁਰ ਦੇ ਪਿੰਡ ਪੰਡੋਰੀ ਨਿੱਝਰਾਂ ਅਤੇ ਹਰੀਪੁਰ ਵਿਖੇ ਕ੍ਰਮਵਾਰ 4.10 ਅਤੇ 4.44 ਲੱਖ ਰੁਪਏ, ਪਿੰਡ ਅਰਜਨਵਾਲ ਤੇ ਬਿਆਸ ਪਿੰਡ ਵਿਖੇ ਕ੍ਰਮਵਾਰ 8.43 ਲੱਖ ਅਤੇ 7 ਲੱਖ, ਕਪੂਰ ਪਿੰਡ ਵਿੱਚ 6.76 ਲੱਖ,ਮਾਣਕੋ ਪਿੰਡ ਵਿੱਚ 11.24 ਲੱਖ ਰੁਪਏ ਦੀ ਲਾਗਤ ਨਾਲ ਡਾ. ਬੀ.ਆਰ.ਅੰਬੇਡਕਰ ਭਵਨ ਦੀ ਉਸਾਰੀ ਸ਼ਾਮਲ ਹੈ। ਕੈਬਨਿਟ ਮੰਤਰੀ ਨੇ ਪਿੰਡ ਮਾਣਕੋ ਵਿਖੇ ਦੋ ਆਂਗਣਵਾੜੀ ਕੇਂਦਰਾਂ ਦੀ ਮੁਰੰਮਤ ਤੋਂ ਇਲਾਵਾ ਪਿੰਡ ਭੂੰਦੀਆਂ ਦੇ ਛੱਪੜ ਦੇ ਨਵੀਨੀਕਰਨ ਤੇ ਪਿੰਡ ਲੋਹਾਰਾ ਵਿਖੇ ਜਿੰਮ ਲਈ 5-5 ਲੱਖ ਰੁਪਏ ਦੇ ਫੰਡ ਦੇਣ ਦਾ ਐਲਾਨ ਵੀ ਕੀਤਾ। ਇਸ ਦੌਰਾਨ ਉਨ੍ਹਾਂ ਕਪੂਰ ਪਿੰਡ ਵਿਖੇ ਪੰਚਾਇਤੀ ਜ਼ਮੀਨ ’ਤੇ ਚਲਾਈ ਜਾ ਰਹੀ ਨਰਸਰੀ ਦਾ ਦੌਰਾ ਵੀ ਕੀਤਾ, ਜਿਥੇ ਮਗਨਰੇਗਾ ਤਹਿਤ ਮਜ਼ਦੂਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਦੌਰਾਨ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਦੇ ਨੇਪਰੇ ਚੜ੍ਹਨ ਨਾਲ ਪਿੰਡਾਂ ਦੇ ਲੋਕਾਂ ਨੂੰ ਲਾਭ ਹੋਵੇਗਾ।
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਕਰਤਾਰਪੁਰ,ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਉੜਮੁੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ,ਜੀਤ ਲਾਲ ਭੱਟੀ ਆਪ ਆਗੂ ਵੀ ਮੌਜੂਦ ਸਨ।