
ਕਰਤਾਰਪੁਰ 1 ਅਗਸਤ (ਭੁਪਿੰਦਰ ਸਿੰਘ ਮਾਹੀ) ਪਿਛਲੇ ਕੁੱਝ ਦਿਨਾਂ ਵਿੱਚ ਪਈ ਬਰਸਾਤ ਨੇ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਹੈ, ਪਰ ਉੱਥੇ ਹੀ ਇਹ ਬਰਸਾਤ ਆਫ਼ਤ ਦੇ ਰੂਪ ਵਿੱਚ ਵੀ ਨਜ਼ਰ ਆਈ। ਪਿੰਡ ਫ਼ਤਿਹ ਜਲਾਲ ਵਿਚ ਇਸ ਆਫ਼ਤੀ ਬਰਸਾਤ ਦੇ ਪਾਣੀ ਕਾਰਨ ਕਈ ਏਕੜ ਖੜ੍ਹੀ ਝੋਨੇ ਦੀ ਫ਼ਸਲ ਬਰਬਾਦ ਹੋਣ ਕੰਢੇ ਹੈ। ਇਸ ਬਰਸਾਤੀ ਪਾਣੀ ਤੋਂ ਪ੍ਰਭਾਵਿਤ ਹੋਏ ਕਿਸਾਨ ਜਿਨ੍ਹਾਂ ਵਿੱਚ ਅਜੇਪਾਲ ਪਿੰਡ ਫਤਹਿ ਜਲਾਲ, ਇੰਦਰਜੀਤ ਸਿੰਘ ਪਿੰਡ ਸਰਾਏ ਖਾਸ ਨੇ ਦੱਸਿਆ ਕਿ ਇਹ ਬਰਸਾਤੀ ਪਾਣੀ ਪਿੱਛੋਂ ਖੇਤਾਂ ਵਿੱਚੋਂ ਇਕੱਠਾ ਹੋ ਕੇ ਉਚਾਈ ਤੋਂ ਨਿਵਾਣ ਵੱਲ ਚੱਲਿਆ ਆਉਂਦਾ ਹੈ। ਸਾਡੇ ਖੇਤ ਬਹੁਤ ਨੀਵੇਂ ਹਨ। ਪਰ ਅੱਗੇ ਬਣੀ ਹੋਈ ਪੱਕੀ ਨਹਿਰ ਉੱਚੀ ਹੋਣ ਦੇ ਕਾਰਨ ਇਸ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਕਰੀਬ 55 ਤੋਂ 60 ਏਕੜ ਖੜ੍ਹੀ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ।

ਉਹਨਾਂ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਪਾਣੀ ਹਾਲੇ ਵੀ ਖੜ੍ਹਾ ਹੈ ਉੱਥੇ ਇਹ ਪਾਣੀ ਬਦਬੂ ਮਾਰਨ ਲੱਗ ਪਿਆ ਹੈ ਜਿਸ ਕਾਰਨ ਬਿਮਾਰੀ ਫੈਲਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਇਹ ਬਰਸਾਤੀ ਪਾਣੀ ਨਿੱਤਰ ਚੁੱਕਾ ਹੈ ਉੱਥੇ ਸਾਨੂੰ ਦੁਬਾਰਾ ਝੋਨਾ ਲਗਾਉਣਾ ਪਵੇਗਾ। ਜਿਸ ਉੱਪਰ ਸਾਡਾ ਫਿਰ ਦੁਬਾਰਾ ਕਾਫੀ ਖਰਚਾ ਆਵੇਗਾ ਅਤੇ ਇਹ ਝੋਨਾ ਪਛੇਤਾ ਹੋਵੇਗਾ। ਜਿਸ ਕਾਰਨ ਕਿਸਾਨਾਂ ਨੂੰ ਬਾਅਦ ਵਿੱਚ ਮੰਡੀਕਰਨ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਨੇ ਕਿਹਾ ਕਿ ਅਗਰ ਆਲੂਆਂ ਦੀ ਫ਼ਸਲ ਸਮੇਂ ਵੀ ਅਜਿਹੇ ਹਾਲਾਤ ਪੈਦਾ ਹੁੰਦੇ ਹਨ ਤਾਂ ਉਨ੍ਹਾਂ ਦਾ ਕਾਫੀ ਨੁਕਸਾਨ ਹੋਵੇਗਾ। ਇਸ ਮੌਕੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਥੱਲੇ ਦੱਬੇ ਪਏ ਹਾਂ, ਉੱਪਰੋਂ ਅਜਿਹੇ ਹਾਲਾਤਾਂ ਕਾਰਨ ਸਾਡੀ ਕਰਜ਼ੇ ਦੀ ਪੰਡ ਹੋਰ ਵੀ ਭਾਰੀ ਹੋ ਜਾਂਦੀ ਹੈ। ਇਸ ਮੌਕੇ ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਡੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਥਾਈ ਹੱਲ ਲੱਭਿਆ ਜਾਵੇ ਤਾਂ ਜੋ ਅਜਿਹਾ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਮੌਕੇ ਮੌਜੂਦ ਕਿਸਾਨਾਂ ਵਿੱਚ
ਇੰਦਰਜੀਤ ਸਿੰਘ, ਧਨਰਾਜ ਸਿੰਘ ਢਿੱਲੋਂ, ਸੰਧੂ ਸਿੰਘ, ਸੁਰਿੰਦਰ ਸਿੰਘ, ਸਾਧੂ ਸਿੰਘ, ਅਮਰੀਕ ਸਿੰਘ, ਰਘਬੀਰ ਸਿੰਘ, ਸੁਰਜੀਤ ਸਿੰਘ, ਸੰਤੋਖ ਸਿੰਘ ਆਦਿ ਹਾਜ਼ਰ ਸਨ।