ਜਲੰਧਰ : ਸੰਯੁਕਤ ਕਿਸਾਨ ਮੋਰਚਾ ਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਗੰਨੇ ਦੀਆਂ ਉਚਿਤ ਕੀਮਤਾਂ ਤੇ ਬਕਾਇਆ ਰਾਸ਼ੀ ਨੂੰ ਲੈ ਕੇ ਜਲੰਧਰ-ਫਗਵਾੜਾ ਹਾਈਵੇ ‘ਤੇ ਪੈਂਦੇ ਧੰਨੋਵਾਲੀ ਰੇਲਵੇ ਫਾਟਕ ਸਾਹਮਣੇ ਜੀਟੀ ਰੋਡ ‘ਤੇ ਧਰਨਾ ਲਗਾਇਆ ਹੈ। ਕਿਸਾਨਾਂ ਨੇ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ਬਲਾਕ ਕਰ ਦਿੱਤਾ ਹੈ। ਇੱਧਰ, ਪੁਲਿਸ ਨੇ ਬੀਐੱਸਐੱਫ ਚੌਕ ‘ਚ ਬੈਰੀਕੇਡਿੰਗ ਕਰ ਦਿੱਤੀ ਹੈ ਜਿਸ ਕਾਰਨ ਕੋਈ ਵੀ ਬੱਸ ਅੱਗੇ ਨਹੀਂ ਜਾ ਪਾ ਰਹੀ। ਬੱਸ ਸਟੈਂਡ ਦੇ ਅੰਦਰ ਹੀ ਬੱਸਾਂ ਦਾ ਜਮਾਵੜਾ ਲੱਗ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਦਿੱਤੇ ਅਲਟੀਮੇਟਮ ਤਹਿਤ ਚਾਰ ਵਜੇ ਧੰਨੋਵਾਲੀ ਵਿਖੇ ਦਿੱਲੀ- ਜੰਮੂ-ਅੰਮ੍ਰਿਤਸਰ ਰੇਲਵੇ ਟਰੈਕ ਵੀ ਬੰਦ ਕਰ ਦਿੱਤਾ ਹੈ। ਕਿਸਾਨਾਂ ਨੇ ਹਾਈਵੇ ਦੇ ਨਾਲ ਹੀ ਰੇਲਵੇ ਟਰੈਕ ‘ਤੇ ਵੀ ਧਰਨਾ ਲਾ ਦਿੱਤਾ ਹੈ।
ਜਲੰਧਰ ਤੋਂ ਲੁਧਿਆਣਾ, ਅੰਬਾਲਾ, ਦਿੱਲੀ ਤੇ ਜਲਧਰ ਤੋਂ ਪਠਾਨਕੋਟ, ਜਲੰਧਰ ਤੋਂ ਅੰਮ੍ਰਿਤਸਰ ਬਟਾਲਾ, ਤਰਨਤਾਰਨ, ਨਵਾਂਸ਼ਹਿਰ, ਚੰਡੀਗੜ੍ਹ ਵੱਲ ਜਾਣ ਵਾਲੀ ਬੱਸ ਸਰਵਿਸ ਪੂਰੀ ਤਰ੍ਹਾਂ ਠੱਪ ਹੈ। ਧਰਨੇ ਕਾਰਨ ਸ਼ਹਿਰ ਅੰਦਰ ਜਗ੍ਹਾ-ਜਗ੍ਹਾ ਟ੍ਰੈਫਿਕ ਜਾਮ ਲੱਗ ਗਿਆ ਹੈ। ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ। ਸਿਰਫ਼ ਜਲੰਧਰ ਸ਼ਹਿਰ ਦੇ ਅੰਦਰੋਂ ਹੁੰਦੇ ਹੋਏ ਨਕੋਦਰ, ਮੋਗਾ, ਕਪੂਰਥਲਾ ਆਦਿ ਲਈ ਬੱਸਾਂ ਦਾ ਸੰਚਾਲਨ ਫਿਲਹਾਲ ਜਾਰੀ ਹੈ।
ਧਰਨੇ ਦੀ ਸ਼ੁਰੂਆਤ ਗੁਰੂ ਨਾਨਕ ਕਾਲਜ, ਲੋਹਾਰਾਂ (ਚਾੜ੍ਹਕੇ) ਦੀਆਂ ਲੜਕੀਆਂ ਵਲੋਂ ਸ਼ਬਦ ਗਾਇਨ ਰਾਹੀਂ ਕੀਤੀ ਗਈ ਹੈ। ਕਿਸਾਨਾਂ ਦੇ ਜਥੇ ਅਲੱਗ-ਅਲਗ ਜ਼ਿਲ੍ਹਿਆਂ, ਕਸਬਿਆਂ ਤੋਂ ਧਰਨੇ ‘ਚ ਸ਼ਾਮਲ ਹੋ ਰਹੇ ਹਨ। ਜਾਣਕਾਰੀ ਮੁਤਾਬਕ ਧਰਨਾ 9 ਵਜੇ ਸ਼ੁਰੂ ਹੋਇਆ। ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਹਰਿਆਣਾ ਦੇ ਕਿਸਾਨਾਂ ਦੇ ਬਰਾਬਰ ਗੰਨੇ ਦਾ ਸਟੇਟ ਐਗਰੀਡ ਪ੍ਰਾਈਸ (State Agreed Price) ਮਿਲੇ।
ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਤੇ ਗੰਨੇ ਦਾ ਮੁੱਲ ਵਧਾਉਣ ਦੀ ਮੰਗ ਲੈ ਕੇ ਸ਼ੁੱਕਰਵਾਰ ਤੋਂ ਪੰਜਾਬ ਭਰ ਦੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜਲੰਧਰ-ਫਗਵਾਡ਼ਾ ਹਾਈਵੇ ’ਤੇ ਪੈਂਦੇ ਧੰਨੋਵਾਲੀ ਦੇ ਬਾਹਰ ਕੌਮੀ ਮਾਰਗ ਬੰਦ ਕਰਕੇ ਧਰਨਾ ਮੁਜ਼ਾਹਰਾ ਕਰਨਗੇ। ਕਿਸਾਨਾਂ ਦੇ ਇਸ ਧਰਨੇ ਤੇ ਹਾਈਵੇ ਜਾਮ ਕਰਨ ਦੇ ਪ੍ਰੋਗਰਾਮ ਨੂੰ ਦੇਖਦੇ ਹੋਏ ਟ੍ਰੈਫਿਕ ਜਾਮ ਨਾਲ ਪੈਦਾ ਹੋਣ ਵਾਲੀਆ ਸਮੱਸਿਆਵਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਕਾਫੀ ਪ੍ਰਬੰਧ ਕੀਤੇ ਗਏ ਹਨ।
ਇਨ੍ਹਾਂ ਜਥੇਬੰਦੀਆਂ ਨੇ ਦਿੱਤੀ ਹਮਾਇਤ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ‘ਦੋਆਬਾ ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਦੋਆਬਾ, ਮਾਝਾ ਕਿਸਾਨ ਸੰਘਰਸ਼ ਕਮੇਟੀ, ਜਮਹੂਰੀ ਕਿਸਾਨ ਸਭਾ. ਦੋਆਬਾ ਕਿਸਾਨ ਸੰਘਰਸ਼ ਕਮੇਟੀ, ਦੁਆਬਾ ਕਿਸਾਨ ਯੂਨੀਅਨ, ਗੰਨਾ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਸਿਰਸਾ, ਬੀਕੇਯੂ ਰਾਜੇਵਾਲ, ਬੀਕੇਯੂ ਕਾਦੀਆ, ਦਿਹਾਤੀ ਕਿਸਾਨ ਯੂਨੀਅਨ ਅਤੇ ਬੀਕੇਯੂ ਸਿੱਧੂਪੁਰ ਸਮੇਤ 32 ਕਿਸਾਨ ਜਥੇਬੰਦੀਆ ਨੇ ਧਰਨੇ ਨੂੰ ਹਮਾਇਤ ਦਿੱਤੀ ਹੈ।
Author: Gurbhej Singh Anandpuri
ਮੁੱਖ ਸੰਪਾਦਕ