ਪੋਲੈਂਡ: ਟੋਕੀਓ ਓਲੰਪਿਕਸ ‘ਚ ਸਿਲਵਰ ਮੈਡਲ ਜਿੱਤਣ ਵਾਲੀ ਮਹਿਲਾ ਅਥਲੀਟ ਮਾਰੀਆ ਆਂਦ੍ਰੇਜਕ ਨੇ ਕੁਝ ਦਿਨ ਬਾਅਦ ਹੀ ਆਪਣਾ ਮੈਡਲ ਨੀਲਾਮ ਕਰ ਦਿੱਤਾ। ਮਾਰੀਆ ਨੇ ਜੈਵਲਿਨ ਥ੍ਰੋਅ ‘ਚ ਮੈਡਲ ਜਿੱਤਿਆ ਸੀ। ਹਾਲਾਂਕਿ ਉਨ੍ਹਾਂ ਦਾ ਮੈਡਲ ਨੀਲਾਮ ਕਰਨ ਦਾ ਫੈਸਲਾ ਹੈਰਾਨ ਕਰਨ ਵਾਲਾ ਜ਼ਰੂਰ ਹੈ ਪਰ ਇਸ ਦੇ ਪਿੱਛੇ ਦੀ ਵਜ੍ਹਾ ਦਿਲ ਜਿੱਤਣ ਵਾਲੀ ਹੈ। ਓਲੰਪਿਕ ‘ਚ ਮੈਡਲ ਜਿੱਤਣਾ ਹਰ ਖਿਡਾਰੀ ਦੀ ਸੁਪਨਾ ਹੁੰਦਾ ਹੈ, ਪਰ ਕੁਝ ਹੀ ਲੋਕਾਂ ਦਾ ਇਹ ਸੁਪਨਾ ਸੱਚ ਹੁੰਦਾ ਹੈ। ਟੋਕੀਓ ਓਲੰਪਿਕ 2020 ਵਿੱਚ ਵੀ ਕਈ ਐਥਲੀਟਾਂ ਨੇ ਆਪਣੇ ਇਸ ਸੁਪਨੇ ਨੂੰ ਸਾਕਾਰ ਕੀਤਾ। ਪੋਲੈਂਡ ਦੀ ਜੈਲਵਿਨ ਥ੍ਰੋਅਰ ਮਾਰੀਆ ਆਂਦ੍ਰੇਜਕ ਵੀ ਉਨ੍ਹਾਂ ਵਿਚੋਂ ਇਕ ਹੈ।
ਕੈਂਸਰ ਤੋਂ ਉਭਰ ਕੇ 25 ਸਾਲਾ ਮਾਰੀਆ ਨੇ ਟੋਕੀਓ ਓਲੰਪਿਕ ਦੇ ਜੈਵਲਿਨ ਥ੍ਰੋਅ ਇਵੈਂਟ ਦਾ ਸਿਲਵਰ ਮੈਡਲ ਆਪਣੇ ਨਾਂਅ ਕੀਤਾ ਪਰ ਕੁਝ ਹੀ ਦਿਨਾਂ ਦੇ ਅੰਦਰ ਉਨ੍ਹਾਂ ਨੇ ਆਪਣੇ ਇਸ ਪਹਿਲੇ ਓਲੰਪਿਕ ਮੈਡਲ ਨੂੰ ਨੀਲਾਮ ਕਰ ਦਿੱਤਾ। ਮਾਰੀਆ ਨੇ ਇਕ ਬੱਚੇ ਦੇ ਇਲਾਜ ਖਾਤਰ ਫੰਡ ਇਕੱਠਾ ਕਰਨ ਲਈ ਆਪਣੇ ਓਲੰਪਿਕ ਮੈਡਲ ਨੂੰ ਆਨਲਾਈਨ ਨੀਲਾਮ ਕੀਤਾ ਹੈ। ਇਸ ਨਾਲ ਉਨ੍ਹਾਂ ਨੇ ਵੱਡੀ ਨਕਦੀ ਇਕੱਠੀ ਕੀਤੀ, ਜੋ ਪੋਲੈਂਡ ਦੇ 8 ਮਹੀਨੇ ਦੇ ਬੱਚੇ ਮਿਲੋਸ਼ਕ ਮਲੀਸਾ ਦੇ ਇਲਾਜ ਵਿਚ ਖਰਚ ਹੋਵੇਗੀ। ਮਿਲੋਸ਼ਕ ਨੂੰ ਦਿਲ ਦੀ ਗੰਭੀਰ ਬੀਮਾਰੀ ਹੈ ਅਤੇ ਉਸ ਦਾ ਇਲਾਜ ਅਮਰੀਕਾ ਦੇ ਇਕ ਹਸਪਤਾਲ ਵਿੱਚ ਹੋ ਸਕਦਾ ਹੈ।
ਦੱਸਿਆ ਗਿਆ ਹੈ ਕਿ ਬੱਚੇ ਦੇ ਇਲਾਜ ਲਈ ਤਕਰੀਬਨ 2 ਕਰੋੜ 86 ਲੱਖ ਰੁਪਏ ਦੀ ਲੋੜ ਹੈ। ਅਜਿਹੇ ਵਿੱਚ ਇਸ ਦੇ ਲਈ ਫੰਡ ਰੇਜ ਮੁਹਿੰਮ ਚਲਾਈ ਜਾ ਰਹੀ ਹੈ। ਜਦੋਂ ਇਸ ਬਾਰੇ ਮਾਰੀਆ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਬਿਨਾਂ ਦੇਰੀ ਕੀਤੇ ਇਸ ਮੁਹਿੰਮ ਨੂੰ ਮਦਦ ਕਰਨ ਦਾ ਫ਼ੈਸਲਾ ਲਿਆ। ਉਨ੍ਹਾਂ ਦੇ ਮੈਡਲ ਦੀ ਆਨਲਾਈਨ ਤਕਰੀਬਨ 92 ਲੱਖ 85 ਹਜ਼ਾਰ ਰੁਪਏ ਦੀ ਬੋਲੀ ਲਗਾਈ ਗਈ। ਮਾਰੀਆ ਨੇ ਬੋਲੀ ਦੇ ਨਾਲ ਹੀ ਆਪਣੇ ਵਲੋਂ ਮੈਡਲ ਨੂੰ ਦਾਨ ਕਰ ਦਿੱਤਾ, ਜਿਸ ਨਾਲ ਤਕਰੀਬਨ ਡੇਢ ਕਰੋੜ ਰੁਪਏ ਇਕੱਠੇ ਕੀਤੇ ਜਾ ਸਕਣ। ਮਾਰੀਆ ਦਾ ਕਹਿਣਾ ਹੈ ਕਿ ਮੈਡਲ ਸਿਰਫ ਇਕ ਚੀਜ਼ ਹੈ, ਪਰ ਇਹ ਦੂਜਿਆਂ ਲਈ ਬਹੁਤ ਮਹੱਤਵਪੂਰਨ ਸਾਬਿਤ ਹੋ ਸਕਦੀ ਹੈ।
ਇਸ ਚਾਂਦੀ ਨੂੰ ਇਕ ਕੋਠਰੀ ‘ਚ ਇਕੱਠਾ ਕਰਨ ਦੀ ਬਜਾਏ ਇਸ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਲਈ ਬੀਮਾਰ ਬੱਚੇ ਦੀ ਮਦਦ ਲਈ ਇਸ ਨੂੰ ਨੀਲਾਮ ਕਰਨ ਦਾ ਫੈਸਲਾ ਲਿਆ। ਮੈਡਲ ਦੀ ਬੋਲੀ ਪੋਲੈਂਡ ਦੀ ਸੁਪਰਮਾਰਕੀਟ ਚੇਨ ਜਬਕਾ ਪੋਲਸਕਾ ਨੇ ਜਿੱਤੀ ਪਰ ਇਸ ਤੋਂ ਬਾਅਦ ਜੋ ਹੋਇਆ ਉਹ ਹੋਰ ਖੂਬਸੂਰਤ ਸੀ। ਕੰਪਨੀ ਨੇ ਮਾਰੀਆ ਨੂੰ ਉਨ੍ਹਾਂ ਦਾ ਚਾਂਦੀ ਦਾ ਤਗਮਾ ਵਾਪਸ ਕਰ ਦਿੱਤਾ। ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ, “ਅਸੀਂ ਮਾਰੀਆ ਦੇ ਖੂਬਸੂਰਤ ਅਤੇ ਬੇਹੱਦ ਪਵਿੱਤਰ ਕੰਮ ਤੋਂ ਬਹੁਤ ਪ੍ਰਭਾਵਿਤ ਹਾਂ… ਅਸੀਂ ਫੈਸਲਾ ਕੀਤਾ ਹੈ ਕਿ ਇਹ ਚਾਂਦੀ ਦਾ ਤਮਗਾ, ਜੋ ਉਸ ਨੇ ਟੋਕੀਓ ਓਲੰਪਿਕਸ ‘ਚ ਜਿੱਤਿਆ ਸੀ, ਉਸ ਦੇ ਕੋਲ ਹੀ ਰਹੇਗਾ… ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ‘ਚ ਸਹਿਯੋਗ ਕਰਨ ਦੇ ਕਾਬਲ ਹਾਂ…”
ਸੋਸ਼ਲ ਮੀਡੀਆ ‘ਤੇ ਮਾਰੀਆ ਦੀ ਇਹ ਕਹਾਣੀ ਅਤੇ ਟੋਕੀਓ ‘ਚ ਚਾਂਦੀ ਦਾ ਮੈਡਲ ਜਿੱਤਣ ਵਾਲੀ ਇਹ ਅਥਲੀਟ ਪੂਰੀ ਦੁਨੀਆਂ ਦੇ ਲੋਕਾਂ ਦਾ ਦਿਲ ਜਿੱਤ ਰਹੀ ਹੈ। ਇਸ ਦੇ ਨਾਲ ਹੀ ਲੋਕ ਉਸ ਕੰਪਨੀ ਦੀ ਤਾਰੀਫ਼ ਵੀ ਕਰ ਰਹੇ ਹਨ ਜਿਸ ਨੇ ਮਾਰੀਆ ਦਾ ਮੈਡਲ ਵਾਪਸ ਕੀਤਾ। ਮਾਰੀਆ ਨੇ ਟੋਕੀਓ ਓਲੰਪਿਕਸ ‘ਚ ਮਹਿਲਾ ਜੈਵਲਿਨ ਥ੍ਰੋਅ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਸ ਨੇ ਫਾਈਨਲ ‘ਚ 64.61 ਮੀਟਰ ਦੂਰ ਜੈਵਲਿਨ ਸੁੱਟ ਕੇ ਇਹ ਮੈਡਲ ਜਿੱਤਿਆ। ਸਾਲ 2018 ‘ਚ ਮਾਰੀਆ ਵਿੱਚ ਓਸਟੇਓਮਾ ਦੇ ਲੱਛਣ ਪਾਏ ਗਏ ਸਨ। ਇਹ ਇਕ ਬੋਨ ਟਿਊਮਰ ਹੈ ਹਾਲਾਂਕਿ ਸਾਲ 2019 ‘ਚ ਸਰਜਰੀ ਹੋਈ ਅਤੇ ਉਹ ਠੀਕ ਹੋ ਗਈ। ਠੀਕ ਹੋਣ ਤੋਂ ਬਾਅਦ ਓਲੰਪਿਕ ‘ਚ ਹਿੱਸਾ ਲਿਆ ਅਤੇ ਸਿਲਵਰ ਮੈਡਲ ਜਿੱਤਿਆ।
Author: Gurbhej Singh Anandpuri
ਮੁੱਖ ਸੰਪਾਦਕ