ਦੇਸ਼ ਪੰਜਾਬ 27 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਪੰਜਾਬੀ ਗਾਇਕ ਗੁਰਦਾਸ ਮਾਨ ਖਿਲਾਫ ਨਕੋਦਰ ਸਿਟੀ ਥਾਣੇ ‘ਚ ਧਾਰਾ 295-A ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੰਜਾਬੀ ਗਾਇਕ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਤਹਿਤ ਪਰਚਾ ਦਰਜ ਕਰਵਾਇਆ ਗਿਆ ਸੀ ਜਿਸ ਦੀ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਸਖ਼ਤ ਨਿੰਦਾ ਕੀਤੀ ਹੈ। ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਹਾ, “ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਲਈ ਬਹੁਤ ਕੰਮ ਕੀਤਾ ਹੈ। ਦੇਸ਼ਾਂ-ਵਿਦੇਸ਼ਾਂ ‘ਚ ਪੰਜਾਬੀ ਨੂੰ ਪਹੁੰਚਾਉਣ ‘ਚ ਗੁਰਦਾਸ ਮਾਨ ਦਾ ਵੱਡਾ ਹੱਥ ਹੈ। ਗੁਰਦਾਸ ਮਾਨ ਨੇ ਮੁਆਫੀ ਵੀ ਮੰਗ ਲਈ ਪਰ ਫੇਰ ਵੀ ਕੁਝ ਲੋਕਾਂ ਨੇ ਪਰਚਾ ਕਰਵਾਇਆ। ਗੁਰੂ ਨੇ ਸਾਨੂੰ ਸਿਖਾਇਆ ਹੈ ਕਿ ਮੁਆਫ਼ ਕਰਨ ਵਾਲਾ ਵੱਡਾ ਹੁੰਦਾ ਹੈ, ਪਰ ਤੁਸੀਂ ਇਸ ਗੱਲ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ।”
ਵੜਿੰਗ ਨੇ ਕਿਹਾ, “ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। ਮੈਂ ਗੁਰਦਾਸ ਮਾਨ ਜੀ ਤੋਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ ਕਿ ਤੁਹਾਡੇ ਤੇ ਇਹ ਪਰਚਾ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀ। ਮੈਂ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਇਸ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਵੇ।”
ਨਕੋਦਰ ਦੇ ਪ੍ਰਸਿੱਧ ਮੇਲੇ ਵਿੱਚ ਇੱਕ ਬਾਬੇ ਨੂੰ ਸਿੱਖ ਧਰਮ ਦੇ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੀ ਪੀੜ੍ਹੀ ਨਾਲ ਜੋੜੇ ਜਾਣ ਕਾਰਨ ਸਿੱਖ ਭਾਈਚਾਰਾ ਗੁਰਦਾਸ ਮਾਨ ਤੋਂ ਬੇਹੱਦ ਖਫਾ ਹੈ। ਗੁਰਦਾਸ ਮਾਨ ਦੇ ਬੋਲਾਂ ਵਾਲੀ ਵੀਡੀਓ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ।
ਸਿੱਖ ਜਥੇਬੰਦੀਆਂ ਗੁਰਦਾਸ ਮਾਨ ਤੇ ਪਰਚਾ ਦਰਜ ਕਰਵਾਉਣ ਤੇ ਅੜ੍ਹੀਆਂ ਹੋਈਆਂ ਸੀ। ਜਥੇਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਗੁਰਦਾਸ ਮਾਨ ਖਿਲਾਫ ਕਾਰਵਾਈ ਨਾ ਹੋਈ ਤਾਂ ਸੂਬੇ ਭਰ ਵਿੱਚ ਵੱਡੇ ਪੱਧਰ ‘ਤੇ ਵਿਰੋਧ ਕੀਤਾ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ