Home » ਧਾਰਮਿਕ » ਇਤਿਹਾਸ » ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਾ ਇਤਿਹਾਸ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਾ ਇਤਿਹਾਸ

67

ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ‘ਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸਜਿਆ ਹੋਇਆ ਦਰਬਾਰ। ਗੁਰੂ ਕੇ ਸਿੱਖ ਕੀਰਤਨ ਗਾਇਨ ਕਰ ਰਹੇ ਹਨ। ਸਾਧਸੰਗਤ ਕੀਰਤਨ ਦੀਆਂ ਸੁਰੀਲੀਆਂ ਧੁਨਾਂ ਨਾਲ ਝੂਮ ਰਹੀ ਹੈ। ਇਕ ਸ਼ਬਦ ਸੰਪੂਰਨ ਹੋਇਆ ਤੇ ਫਿਰ ਦੂਜਾ ਸ਼ੁਰੂ ਹੋਇਆ।

ਪਰ ਆਹ ਕੀ ???

ਸਾਰਿਆਂ ਦਾ ਧਿਆਨ ਰਬਾਬੀਆਂ ਵੱਲ ਚਲਾ ਗਿਆ। ਸਤਿਗੁਰੂ ਜੀ ਵੀ ਕੀਰਤਨ ਕਰ ਰਹੇ ਸਿੱਖਾਂ ਵੱਲ ਵੇਖਣ ਲੱਗ ਪਏ। ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਗਿਆ ਤੇ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ ! ਗੁਰੂ ਕੇ ਸਿੱਖ ਸਾਡੇ ਸਰੀਰਕ ਤੌਰ ‘ਤੇ ਜਿਉਂਦਿਆਂ ਹੋਇਆਂ ਵੀ ਸੱਚੀ ਬਾਣੀ ਤੇ ਕੱਚੀ ਬਾਣੀ ਵਿਚ ਪਛਾਣ ਨਹੀਂ ਕਰ ਰਹੇ ਤੇ ਸਾਡੇ ਤੋਂ ਬਾਅਦ ਵਿਚ ਕੀ ਬਣੇਗਾ? ਬੰਸਾਵਲੀ ਨਾਮੇ ਦਾ ਕਥਨ ਹੈ:

ਭਾਈ ਗੁਰਦਾਸ ! ਗੁਰੂ ਦੀ ਬਾਣੀ ਜੁਦਾ ਕਰੀਏ।
ਮੀਣੇ ਪਾਂਦੇ ਨੇ ਰਲਾ, ਸੋ ਵਿਚ ਰਲਾ ਨਾ ਧਰੀਏ।

ਇਸ ਸੰਬੰਧੀ ਇਕ ਹੋਰ ਸਾਖੀ ਆਉਂਦੀ ਹੈ। ਇਕ ਦਿਨ ਪੰਚਮ ਗੁਰਦੇਵ ਨੇ ਅੰਮ੍ਰਿਤ ਵੇਲੇ ਇਕ ਉੱਚੀ ਜਗ੍ਹਾ ‘ਤੇ ਖਲੋਕੇ ਦੂਰ ਤੱਕ ਦੇਖਦਿਆਂ ਤੇ ਬੜੀ ਦੂਰ ਦੀ ਸੋਚਦਿਆਂ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਭਾਈ ਗੁਰਦਾਸ ਜੀ ! ਸਿੱਖ ਸਾਰੀ ਦੁਨੀਆਂ ਵਿਚ ਦੂਰ-ਦੂਰ ਤੱਕ ਫੈਲ ਰਹੇ ਹਨ। ਹੁਣ ਆਉਣ ਵਾਲੇ ਸਮੇਂ ਵਿਚ ਇਕ ਐਸਾ ਗੁਰੂ ਚਾਹੀਦਾ ਹੈ ਜੋ ਦੁਨੀਆਂ ਦੇ ਹਰ ਕੋਨੇ ਵਿਚ ਵੱਸਦੇ ਸਿੱਖ ਦੀ ਅਗਵਾਈ ਕਰ ਸਕੇ। ਆਪ ਜੀ ਗੁਰਬਾਣੀ ਦੀਆਂ ਸਾਰੀਆਂ ਪੋਥੀਆਂ ਇਕੱਠੀਆਂ ਕਰੋ ਤਾਂ ਕਿ ਇੱਕ ਵੱਡਾ ਗ੍ਰੰਥ ਤਿਆਰ ਕੀਤਾ ਜਾ ਸਕੇ।

ਏਕ ਦਿਵਸ ਪ੍ਰਭ ਪ੍ਰਾਤਹ ਕਾਲਾ।
ਦਇਆ ਭਰੇ ਪ੍ਰਭ ਦੀਨ ਦਇਆਲਾ।
ਯਹ ਮਨ ਉਪਜੀ ਪ੍ਰਗਟਿਓ ਜਗ ਪੰਥ।
ਤਿਹ ਕਾਰਨ ਕੀਜੈ ਅਬ ਗ੍ਰੰਥ।
ਭਾਈ ਗੁਰਦਾਸ ਕੋ ਆਗਿਆ ਕਰੀ।
ਸਭ ਕਰੇ ਇਕਤ੍ਰ ਬਾਨੀ ਇਹ ਘਰੀ।
ਅਹੁ ਬਾਨੀ ਭਗਤਨ ਕੀ ਸਭ ਮੇਲੋ।
ਸਾਚੀ ਰਾਖੋ, ਝੂਠੀ ਪੇਲੋ।

ਇੱਥੇ ਇਕ ਗੱਲ ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਸਾਰੇ ਗੁਰੂਆਂ ਤੇ ਭਗਤਾਂ ਦੀ ਬਾਣੀ ਅਗਲੇ ਗੁਰੂ ਸਾਹਿਬਾਨਾਂ ਤੱਕ ਪਹੁੰਚਦੀ ਰਹੀ ਸੀ। ਭਾਈ ਗੁਰਦਾਸ ਜੀ ਨੂੰ ਹਦਾਇਤ ਕੀਤੀ ਗਈ ਕਿ ਸੱਚੀ ਬਾਣੀ ਅਲੱਗ ਕਰ ਲਵੋ ਤੇ ਮੀਣੇ ਮਿਹਰਵਾਨ ਦੀ ਕੱਚੀ ਬਾਣੀ ਅਲੱਗ ਕਰ ਲਵੋ। ਭਾਈ ਸਾਹਿਬ ਜੀ ਨੇ ਸੱਚੀ ਤੇ ਕੱਚੀ ਬਾਣੀ ਅਲੱਗ ਕਰਨੀ ਸ਼ੁਰੂ ਕਰ ਦਿੱਤੀ। ਬੜੀ ਸੌਖ ਨਾਲ ਬਾਣੀ ਅਲੱਗ ਕਰਦਿਆਂ ਦੇਖ ਕੇ ਸਤਿਗੁਰੂ ਜੀ ਪੁੱਛਣ ਲੱਗੇ ਕਿ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਬਾਣੀ ਸੱਚੀ ਹੈ ਤੇ ਕਿਹੜੀ ਕੱਚੀ ਹੈ?

ਭਾਈ ਸਾਹਿਬ ਜੀ ਨੇ ਬੜੀ ਨਿਮਰਤਾ ਵਿਚ ਕਿਹਾ ਕਿ ਜਦੋਂ ਕਿਸੇ ਸੁਹਾਗਣ ਔਰਤ ਦਾ ਪਤੀ ਬਹੁਤ ਸਾਰੇ ਮਰਦਾਂ ਵਿਚ ਬੈਠਾ ਹੋਵੇ ਪਰ ਉਸ ਨੂੰ ਦਿਖਾਈ ਨਾ ਦੇਵੇ ਤਾਂ ਵੀ ਉਹ ਆਪਣੇ ਪਤੀ ਦੀ ਅਵਾਜ਼ ਪਛਾਣ ਲੈਂਦੀ ਹੈ। ਇੱਥੇ ਤਾਂ ਇਕ ਮੀਣਾ ਮਿਹਰਵਾਨ ਬੋਲਦਾ ਹੈ। ਮੈਂ ਤਾਂ ਹਜ਼ਾਰਾਂ ਮੀਣਿਆਂ ਵਿਚੋਂ ਵੀ ਆਪਣੇ ਗੁਰੂ ਖਸਮ ਦੀ ਅਵਾਜ਼ ਪਛਾਣ ਸਕਦਾ ਹਾਂ। ਮਹਿਮਾ ਪ੍ਰਕਾਸ਼ ਦੇ ਬੋਲ ਹਨ:

ਬਹੁਤ ਪੁਰਖ ਮਿਲ ਬਾਕ ਬਖਾਨੇ।
ਨਿਜ ਭਰਤਾ ਬੋਲ ਤਿਰੀਆ ਪਹਿਚਾਨੇ।
ਅਵਰ ਕੋ ਵਾਕ ਤਿਸ ਮਨ ਨਹੀਂ ਆਵੈ।
ਸੁਨ ਭਰਤਾ ਬੋਲ ਹੀਏ ਮੋ ਭਾਵੈ।

ਅੱਜ ਵੀ ਜੇ ਸਿੱਖ ਸੁਹਾਗਣ ਹੈ ਤਾਂ ਆਪਣੇ ਗੁਰੂ ਦੀ ਅਵਾਜ਼ ਜ਼ਰੂਰ ਪਛਾਣ ਲਵੇਗਾ। ਜਿਸ ਨੇ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਹੀ ਨਾ ਕੀਤਾ ਹੋਵੇ ਤਾਂ ਉਹ ਆਪਣੇ ਗੁਰੂ ਦੀ ਅਵਾਜ਼ ਕਿਵੇਂ ਪਛਾਣੇਗਾ? ਗੁਰੂ ਦੀ ਅਵਾਜ਼ ਗੁਰਬਾਣੀ ਰਾਹੀਂ ਹੀ ਪਛਾਣੀ ਜਾ ਸਕਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਦੇ ਮਹਾਨ ਕਾਰਜ ਲਈ ਇਕਾਂਤ ਥਾਂ ਦੀ ਅਤਿ ਜ਼ਰੂਰਤ ਸੀ। ਇਸ ਲਈ ਜੰਡ, ਪਿੱਪਲ, ਅੰਜੀਰ, ਬੋਹੜ ਆਦਿ ਦੇ ਰੁਖਾਂ ਦੀ ਸੰਘਣੀ ਛਾਂ ਵਾਲੀ ਜਗ੍ਹਾ ਚੁਣੀ ਗਈ। ਨਾਲ ਹੀ ਸਰੋਵਰ ਦੀ ਖੁਦਾਈ ਸ਼ੁਰੂ ਕਰਵਾ ਦਿੱਤੀ ਤਾਂ ਕਿ ਹਰਿਆਵਲ ਦੇ ਨਾਲ-ਨਾਲ ਸਰੋਵਰ ਦੇ ਜਲ ਨੂੰ ਛੁਹ ਕੇ ਠੰਢੀ ਹਵਾ ਵੀ ਰੁਮਕਦੀ ਰਵ੍ਹੇ। ਸਰੋਵਰ ਤਿਆਰ ਹੋ ਜਾਣ ਤੋਂ ਬਾਅਦ ਇਸ ਦਾ ਨਾਮ ਰਾਮਸਰ ਰੱਖਿਆ ਗਿਆ। ਸੁਭਾਵਕ ਹੀ ਬੀੜ ਤਿਆਰ ਕਰਨ ਵਿਚ ਬਹੁਤ ਸਮਾਂ ਲੱਗਣਾ ਸੀ ਇਸ ਲਈ ਬਾਬਾ ਬੁੱਢਾ ਜੀ ਦੀ ਡਿਊਟੀ ਦਰਬਾਰ ਸਾਹਿਬ ਵਿਖੇ ਲਗਾਈ ਗਈ। ਆਪ ਸਤਿਗੁਰੂ ਜੀ ਭਾਈ ਗੁਰਦਾਸ ਜੀ ਤੇ ਭਾਈ ਬੰਨੋ ਜੀ ਨੂੰ ਨਾਲ ਲੈ ਕੇ ਰਾਮਸਰ ਸਾਹਿਬ ਵਿਖੇ ਆ ਗਏ।

ਗੁਰਬਾਣੀ ਦੀਆਂ ਪੋਥੀਆਂ ਦਾ ਖ਼ਜ਼ਾਨਾ ਖੋਲ੍ਹਿਆ ਗਿਆ। ਸਤਿਗੁਰੂ ਜੀ ਨੇ ਦੇਖਦਿਆਂ ਬਚਨ ਕੀਤਾ ਕਿ ਐ ਲੋਕੋ! ਤੁਹਾਡੇ ਵੱਡੇ-ਵਡੇਰੇ ਬਹੁਤ ਕਮਾਈਆਂ ਕਰਕੇ ਗਏ ਹੋਣਗੇ ਪਰ ਤੁਹਾਡੇ ਬਜ਼ੁਰਗਾਂ ਦੀ ਕਮਾਈ ਕੁੱਝ ਪੀੜ੍ਹੀਆਂ ਤੱਕ ਖਰਚ ਕੇ ਖਤਮ ਹੋ ਜਾਏਗੀ। ਅਸੀਂ ਵੀ ਆਪਣੇ ਬਜ਼ੁਰਗਾਂ ਦੀ ਕਮਾਈ ਨਾਲ ਬਹੁਤ ਅਮੀਰ ਹੋ ਹਏ ਹਾਂ ਪਰ ਮੇਰੇ ਬਜ਼ੁਰਗਾਂ ਕਮਾਈ ਕਦੇ ਵੀ ਖਤਮ ਨਹੀਂ ਹੋਵੇਗੀ। ਦੁਨੀਆਂ ਭਰ ਦੇ ਸਾਰੇ ਖ਼ਜ਼ਾਨੇ ਮਿਲ ਕੇ ਵੀ ਮੇਰੇ ਬਜ਼ੁਰਗਾਂ ਦੀ ਕਮਾਈ ਦਾ ਅੰਤ ਨਹੀਂ ਪਾ ਸਕਦੇ। ਇਸ ਕਮਾਈ ਦੀ ਖ਼ੂਬੀ ਇਹ ਵੀ ਹੈ ਕਿ ਇਹਖਰਚਣ ਨਾਲ ਇਹ ਘਟੇਗੀ ਨਹੀ ਸਗੋਂ ਹੋਰ ਵੀ ਵੱਧਦੀ ਜਾਵੇਗੀ। ਸ਼ੁੱਭ ਭਾਗਾਂ ਵਾਲਾ ਹੀ ਇਸ ਖ਼ਜ਼ਾਨੇ ਨੂੰ ਪ੍ਰਾਪਤ ਕਰ ਸਕਦਾ ਹੈ। ਇਹ ਕਮਾਈ ਹੈ ਗੁਰਬਾਣੀ ਦੇ ਮਹਾਨ ਗਿਆਨ ਦਾ ਖ਼ਜ਼ਾਨਾ।

ਹਮ ਧਨਵੰਤ ਭਾਗਠ ਸਚ ਨਾਇ ॥
ਹਰਿ ਗੁਣ ਗਾਵਹ ਸਹਜਿ ਸੁਭਾਇ ॥੧॥ ਰਹਾਉ ॥
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥
ਤਾ ਮੇਰੈ ਮਨਿ ਭਇਆ ਨਿਧਾਨਾ ॥੧॥
ਰਤਨ ਲਾਲ ਜਾ ਕਾ ਕਛੂ ਨ ਮੋਲੁ ॥
ਭਰੇ ਭੰਡਾਰ ਅਖੂਟ ਅਤੋਲ ॥੨॥
ਖਾਵਹਿ ਖਰਚਹਿ ਰਲਿ ਮਿਲਿ ਭਾਈ ॥
ਤੋਟਿ ਨ ਆਵੈ ਵਧਦੋ ਜਾਈ ॥੩॥
ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥
ਸੁ ਏਤੁ ਖਜਾਨੈ ਲਇਆ ਰਲਾਇ ॥੪॥੩੧॥੧੦੦॥ (੧੮੬)

ਸਤਿਗੁਰੂ ਜੀ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾਉਣ ਲੱਗ ਪਏ। ਸ਼ੁਰੂਆਤ ਵਿਚ ਅੰਕਾਂ ਵਾਲਾ ਏਕਾ ‘੧’ ਪਾਇਆ। ਇਸ ਇਕ ਨੇ ਤਿੰਨ ਨੂੰ, ਤੇਤੀ ਨੂੰ ਅਤੇ ਤੇਤੀ ਕਰੋੜ ਨੂੰ ਰੱਦ ਕਰ ਕੇ ਰੱਖ ਦਿੱਤਾ। ਇਸ ਗ੍ਰੰਥ ਵਿਚ ਸਿਰਫ਼ ਇਕ ਅਕਾਲ ਪੁਰਖ ਦੀ ਹੀ ਗੱਲ ਹੈ।

ਇਸੇ ਸਮੇਂ ਆਪਣੇ ਆਪ ਨੂੰ ਭਗਤ ਅਖਵਾਉਣ ਵਾਲੇ 4 ਮਨੁੱਖ ਆਏ। ਇਹ ਸਨ ਕਾਹਨਾ, ਪੀਲੋ, ਛੱਜੂ ਤੇ ਸ਼ਾਹ ਹੁਸੈਨ। ਜਿਹਨਾਂ ਨੇ ਹੰਕਾਰ ਭਰੇ ਬੋਲਾਂ ਨਾਲ ਕਿਹਾ ਕਿ ਅਸੀਂ ਵੀ ਭਗਤ ਹਾਂ ਤੇ ਸਾਡੀ ਬਾਣੀ ਵੀ ਦਰਜ ਕਰੋ। ਸਤਿਗੁਰੂ ਜੀ ਨੇ ਕਿਹਾ ਜੇ ਗੁਰਮਤਿ ਸਿਧਾਂਤ ਨਾਲ ਮੇਲ ਖਾਏਗੀ ਤਾਂ ਦਰਜ ਕਰਾਂਗੇ। ਸਭ ਤੋਂ ਪਹਿਲਾਂ ਕਾਹਨੇ ਨੇ ਆਪਣੀ ਰਚਨਾ ਸੁਣਾਈ ਕਿ ਮੈਂ ਉਹ ਹੀ ਰੱਬ ਹਾਂ, ਜਿਸ ਦੀ ਸਾਰੇ ਗ੍ਰੰਥ ਉਪਮਾ ਕਰਦੇ ਹਨ:

ਮੈਂ ਉਹੀ ਰੇ, ਮੈਂ ਉਹੀ ਰੇ।
ਜਾ ਕੋ ਬੇਦ ਪੁਰਾਨ ਜਸ ਗਾਵੈ, ਖੋਜ ਦੇਖੋ ਮਤ ਕੋਈ ਰੇ।

ਸਤਿਗੁਰੂ ਜੀ ਨੇ ਕਿਹਾ ਕਿ ਕਾਹਨਿਆਂ! ਤੇਰੀ ਰਚਨਾ ਵਿਚੋਂ ਅਹੰਕਾਰ ਦੀ ਬੋਅ ਆ ਰਹੀ ਹੈ। ਗੁਰਬਾਣੀ ਤਾਂ ਕਹਿੰਦੀ ਹੈ:

ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ॥
ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ॥੨੦੪॥ (੧੩੭੫)

ਫਿਰ ਪੀਲੋ ਨੇ ਆਪਣੀ ਰਚਨਾ ਸੁਣਾਈ ਕਿ ਉਹ ਬੱਚੇ ਚੰਗੇ ਹਨ, ਜਿਹੜੇ ਸੰਸਾਰ ਦੇ ਚਿੱਕੜ ਵਿਚ ਫਸਣ ਤੋਂ ਪਹਿਲਾਂ ਜੰਮਦਿਆਂ ਹੀ ਮਰ ਗਏ:

ਪੀਲੋ ਅਸਾਂ ਨਾਲੋਂ ਸੇ ਭਲੇ, ਜੰਮਦਿਆਂ ਜੋ ਮੂਏੇ।
ਓਨਾਂ ਚਿਕੜ ਪਾਵ ਨਾ ਡੋਬਿਆ, ਨਾ ਆਲੂਦ ਭਏ।

ਸਤਿਗੁਰੂ ਜੀ ਨੇ ਉਸਦੀ ਰਚਨਾ ਰੱਦ ਕਰਕੇ ਕਿਹਾ ਕਿ ਗੁਰਬਾਣੀ ਨੇ ਤਾਂ ਮਨੁੱਖਾ ਜੀਵਨ ਨੂੰ ਮਹਾਨ ਕਿਹਾ ਹੈ:

ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥੩੦॥ (੧੩੬੬)

ਫਿਰ ਛੱਜੂ ਨੇ ਆਪਣੀ ਰਚਨਾ ਸੁਣਾਈ ਕਿ ਇਸਤਰੀ ਦੀ ਕਾਗਜ਼ ਦੀ ਤਸਵੀਰ ਦੇਖਣ ਨਾਲ ਵੀ ਧਰਮ-ਕਰਮ ਭ੍ਰਿਸ਼ਟ ਹੋ ਜਾਂਦੇ ਹਨ:

ਕਾਗਦ ਸੰਦੀ ਪੂਤਰੀ, ਤਉ ਨਾ ਤ੍ਰਿਆ ਨਿਹਾਰ।
ਇਉਂ ਹੀ ਮਾਰ ਲੈ ਜਾਏਗੀ, ਜਿਉਂ ਬਲੋਚਾਂ ਦੀ ਧਾੜ।

ਸਤਿਗੁਰੂ ਜੀ ਕਹਿਣ ਲੱਗੇ ਕਿ ਹੇ ਛੱਜੂ! ਤੇਰਾ, ਤੇਰੀ ਮਾਂ ਬਾਰੇ ਕੀ ਖਿਆਲ ਹੈ? ਗੁਰਬਾਣੀ ਤਾਂ ਔਰਤ ਜਾਤੀ ਨੂੰ ਮਾਣ ਦਿੰਦੀ ਹੈ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (੪੭੩)

ਅਖੀਰ ਸ਼ਾਹ ਹੁਸੈਨ ਆਪਣੀ ਰਚਨਾ ਵਿਚ ਆਖਦਾ ਹੈ ਕਿ ਚੁੱਪ ਰਹਿਣ ਵਿਚ ਹੀ ਭਲਾ ਹੈ:

ਚੁਪ ਵੇ ਅੜਿਆ, ਚੁਪ ਵੇ ਅੜਿਆ।
ਬੋਲਣ ਦੀ ਨਹੀਂ, ਜਾਇ ਵੇ ਅੜਿਆ।

ਸਤਿਗੁਰੂ ਕਹਿਣ ਲੱਗੇ ਕਿ ਜ਼ੁਬਾਨ ਦੇ ਚੁੱਪ ਹੋ ਜਾਣ ਨਾਲ ਮਨ ਦਾ ਸ਼ੋਰ ਕਦੀ ਵੀ ਖਤਮ ਨਹੀਂ ਹੁੰਦਾ।

ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ (੧)

ਅਖੀਰ ਇਹ ਚਾਰੇ ਗੁੱਸੇ ਹੋ ਕੇ ਬੋਲ-ਕੁਬੋਲ ਬੋਲਦੇ ਤੇ ਬਾਦਸ਼ਾਹ ਪਾਸੋਂ ਸਜ਼ਾ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਚਲੇ ਗਏ।

ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇਕ ਵਿਸ਼ੇਸ਼ ਤਰਤੀਬ ਦਿੱਤੀ। ਰਾਗਾਂ ‘ਤੇ ਆਧਾਰਿਤ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਬਾਣੀ, ਫਿਰ ਦੂਜੇ, ਤੀਜੇ, ਚੌਥੇ ਤੇ ਪੰਚਮ ਗੁਰਦੇਵ ਦੀ ਆਪਣੀ ਬਾਣੀ ਦਰਜ ਕੀਤੀ ਗਈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਸਲੋਕ ਵਾਰਾਂ ਵਿਚ ਦਰਜ ਕਰ ਦਿੱਤੇ ਗਏ। ਕਿਸੇ ਵਿਸ਼ੇਸ਼ ਗੁਰੂ ਦੇ ਨਾਮ ਥੱਲੇ ਬਾਣੀ ਨਹੀਂ ਦਰਜ ਕੀਤੀ, ਸਗੋਂ ‘ਮਹਲਾ’ ਲਫ਼ਜ਼ ਵਰਤ ਲਿਆ ਗਿਆ। ‘ਮਹਲਾ’ ਦਾ ਅਰਥ ਇਸਤਰੀ ਨਹੀਂ, ਜਾਮਾ ਹੈ। ਭਾਵ ਇਹ ਸੀ ਕਿ ਗੁਰੂ ਤਾਂ ਇਕੋ ਹੀ ਹੈ ਪਰ ਜਾਮੇ ਵੱਖ-ਵੱਖ ਹਨ। ਫਿਰ ਗੁਰਸਿੱਖਾਂ ਤੇ ਫਿਰ ਭਗਤਾਂ ਦੀ ਬਾਣੀ ਨੂੰ ਤਰਤੀਬਵਾਰ ਕੀਤਾ ਗਿਆ। ਇਸੇ ਤਰ੍ਹਾਂ ਪਹਿਲਾਂ ਸ਼ਬਦ, ਫਿਰ ਛੰਤ, ਅਸਟਪਦੀਆਂ, ਲੰਮੀਆਂ ਬਾਣੀਆਂ, ਵਾਰਾਂ ਤੇ ਭਗਤਾਂ ਦੀ ਬਾਣੀ ਦਰਜ ਕੀਤੀ। ਰਾਗਾਂ ਤੋਂ ਬਾਹਰ ਬਾਣੀ ਨੂੰ ਵੱਖਰੇ ਸਿਰਲੇਖ ਦੇ ਕੇ ਅਖੀਰ ਵਿਚ ਦਰਜ ਕਰ ਦਿੱਤਾ ਗਿਆ। ਸਾਰੀ ਬਾਣੀ ਨੂੰ ਅੰਕਾਂ ਵਿਚ ਪਰੋ ਦਿੱਤਾ ਤਾਂ ਕਿ ਕੋਈ ਇਸ ਵਿਚ ਮਿਲਾਵਟ ਨਾ ਕਰ ਸਕੇ। ਅਖੀਰ ਵਿਚ ਮੁੰਦਾਵਣੀ ਦਾ ਸ਼ਬਦ ਦਰਜ ਕਰਕੇ ਮੁੰਦ ਦਿੱਤਾ ਭਾਵ ਮੋਹਰ ਲਗਾ ਦਿੱਤੀ। ਅੰਤ ਵਿਚ ਨਿਮਰਤਾ ਭਰਪੂਰ ਸ਼ੁਕਰਾਨੇ ਦਾ ਸ਼ਬਦ ਉਚਾਰ ਕੇ ਦਰਜ ਕਰ ਦਿੱਤਾ ਕਿ ਇਸ ਸਾਰੇ ਕਾਰਜ ਦੀ ਸੇਵਾ ਅਕਾਲ ਪੁਰਖ ਨੇ ਆਪ ਹੀ ਲੈ ਲਈ ਹੈ।

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ॥ (੧੪੨੯)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ਸੰਪਾਦਨ ਕਰਨ ਦਾ ਮਹਾਨ ਕਾਰਜ ਭਾਦਉ ਵਦੀ ਪਹਿਲੀ ਸੰਮਤ 1661, 15 ਅਗਸਤ ਸੰਨ 1604 ਨੂੰ ਸੰਪੂਰਨ ਹੋਇਆ। ਇਸ ਮਹਾਨ ਕਾਰਜ ਦੇ ਨਾਲ-ਨਾਲ ਇਕ ਹੋਰ ਮਹੱਤਵਪੂਰਨ ਕਾਰਜ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਵਿਖੇ ਹੋ ਜਾਣਾ ਸੀ, ਜਿਸ ਕਾਰਨ ਬੀੜ ਸਾਹਿਬ ਦਾ ਉਤਾਰਾ ਸੰਭਵ ਨਹੀਂ ਸੀ। ਇਸ ਲਈ ਸਤਿਗੁਰੂ ਜੀ ਨੇ ਪਹਿਲਾਂ ਹੀ ਭਾਈ ਬੰਨੋ ਜੀ ਦੀ ਉਤਾਰਾ ਕਰਨ ਲਈ ਸੇਵਾ ਲਗਾ ਦਿੱਤੀ ਸੀ। ਸਿੱਖ ਇਤਿਹਾਸ ਦੇ ਮੁਤਾਬਕ ਭਾਈ ਬੰਨੋ ਜੀ ਦੀ ਦੇਖ-ਰੇਖ ਵਿਚ 12 ਲਿਖਾਰੀਆਂ ਨੇ ਡੇਢ ਮਹੀਨੇ ਵਿਚ ਬੀੜ ਸਾਹਿਬ ਦਾ ਉਤਾਰਾ ਕਰ ਦਿੱਤਾ।

ਸਤਿਗੁਰੂ ਜੀ ਨੇ ਚਾਰੋਂ ਤਰਫ਼ ਮੇਵੜਿਆਂ ਨੂੰ ਭੇਜ ਕੇ ਆਲੇ-ਦੁਆਲੇ ਦੀਆਂ ਸੰਗਤਾਂ ਨੂੰ ਰਾਮਸਰ ਵਿਖੇ ਪਹੁੰਚਣ ਦਾ ਹੁਕਮ ਕੀਤਾ। ਸੰਗਤਾਂ ਵਹੀਰਾਂ ਘੱਤ ਕੇ ਪਹੁੰਚੀਆਂ। ਇਸੇ ਦੌਰਾਨ ਸਤਿਗੁਰੂ ਜੀ ਨੇ ਸੰਗਤਾਂ ਨੂੰ ਉਪਦੇਸ਼ ਕੀਤਾ ਕਿ ਗੁਰੂ ਦਾ ਸਰੀਰ ਹਰ ਜਗ੍ਹਾ ‘ਤੇ ਨਹੀਂ ਹੋ ਸਕਦਾ। ਗੁਰਬਾਣੀ ਰੂਪ ਵਿਚ ਗੁਰੂ ਦੁਨੀਆਂ ਦੇ ਹਰ ਕੋਨੇ ਵਿਚ ਸਿੱਖਾਂ ਦੀ ਅਗਵਾਈ ਕਰ ਸਕਦਾ ਹੈ। ਸੰਗਤਾਂ ਨੂੰ ਇਹ ਵੀ ਹੁਕਮ ਹੈ ਕਿ ਹੁਣ ਸਾਡੇ ਸਰੀਰ ਤੋਂ ਜ਼ਿਆਦਾ ਗੁਰਬਾਣੀ ਦਾ ਸਤਿਕਾਰ ਕਰਨ।

ਸ੍ਰੀ ਗੁਰੂ ਕੇਰ ਸਰੀਰ ਜਉ, ਸਭ ਥਾਨ ਸਮੈਂ, ਸਭ ਨ ਦਰਸੈ ਹੈਂ।
ਗ੍ਰੰਥ ਰਿਦਾ ਗੁਰ ਕੋ ਇਹ ਜਾਨਹੁ, ਉਤਮ ਹੈ, ਸਭ ਕਾਲ ਰਹੈ ਹੈਂ।
ਮੇਰੇ ਸਰੂਪ ਤੇ, ਯਾਤੇ ਹੈਂ ਦੀਰਘ, ਸਾਹਿਬ ਜਾਨਿ ਅਦਾਇਬ ਕੈ ਹੈਂ।

ਗੁਰਬਾਣੀ ਦੇ ਸਤਿਕਾਰ ਨੂੰ ਕਾਇਮ ਕਰਨ ਲਈ ਉਸ ਰਾਤ ਸਤਿਗੁਰੂ ਜੀ ਨੇ ਜ਼ਮੀਨ ‘ਤੇ ਹੀ ਅਰਾਮ ਕੀਤਾ। ਸੰਗਤਾਂ ਵੀ ਜ਼ਮੀਨ ‘ਤੇ ਹੀ ਸੁੱਤੀਆਂ। ਸ੍ਰੀ ਦਰਬਾਰ ਸਾਹਿਬ ਆ ਕੇ ਉਸ ਦਿਨ ਤੋਂ ਬਾਅਦ ਸਤਿਗੁਰੂ ਜੀ ਆਪਣਾ ਆਸਣ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਨੀਵਾਂ ਹੀ ਰੱਖਦੇ ਰਹੇ। ਸ੍ਰੀ ਦਰਬਾਰ ਸਾਹਿਬ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਚੇ ਪਲੰਘ ਉੱਤੇ ਹੁੰਦਾ ਅਤੇ ਆਪ ਜੀ ਸੰਗਤਾਂ ਵਿਚ ਹੀ ਬਿਰਾਜਦੇ।

ਭੂਮ ਸੈਨ ਸਭ ਤਹਾਂ ਬਿਰਾਜੇ। ਗੁਰੂ ਗ੍ਰੰਥ ਮੰਜੀ ਪਰ ਸਾਜੇ।

ਉਸ ਰਾਤ ਸੰਗਤਾਂ ਤਾਂ ਸੌਂ ਗਈਆਂ ਪਰ ਸਤਿਗੁਰੂ ਜੀ ਡੂੰਘੀਆਂ ਸੋਚਾਂ ਵਿਚ ਚਲੇ ਗਏ। ਫਿਰ ਉੱਠ ਕੇ ਟਹਿਲਣ ਲੱਗ ਪਏ। ਰਾਮਸਰ ਸਰੋਵਰ ਦੇ ਆਲੇ ਦੁਆਲੇ ਸੰਗਤਾਂ ਅਰਾਮ ਕਰ ਰਹੀਆਂ ਸਨ ਪਰ ਸਤਿਗੁਰੂ ਜੀ ਉਹਨਾਂ ਸੰਗਤਾਂ ਦੇ ਵਿਚਕਾਰ ਵਿਚਰਦੇ ਹੋਏ ਇਹ ਸੋਚ ਰਹੇ ਸਨ ਕਿ ਇਸ ਮਹਾਨ ਗੰ੍ਰਥ ਦੀ ਸੇਵਾ ਕਿਸ ਨੂੰ ਬਖ਼ਸ਼ੀ ਜਾਵੇ। ਇਸ ਦੀ ਸੇਵਾ ਉਸ ਪੁਰਖ ਨੂੰ ਮਿਲਣੀ ਚਾਹੀਦੀ ਹੈ, ਜਿਸ ਦੇ ਹੱਡਾਂ ਵਿਚ ਗੁਰਬਾਣੀ ਰਚੀ ਹੋਵੇ। ਜਿਸ ਦਾ ਰੋਮ-ਰੋਮ ਗੁਰੂ ਪਿਆਰ ਵਿਚ ਭਿੱਜਾ ਹੋਵੇ। ਗੱਲ ਕੀ ਜਿਸ ਨੇ ਗੁਰਬਾਣੀ ਨੂੰ ਜੀਵਿਆ ਹੋਵੇ। ਜਿਸ ਦੀ ਅਵਸਥਾ ਇਹ ਹੋਵੇ:

ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ॥੧॥ (ਬਿਲਾਵਲੁ ਮਹਲਾ ੧ / ੭੯੫)

ਫਿਰ ਇਕ ਚਿਹਰੇ ‘ਤੇ ਨਜ਼ਰ ਟਿਕ ਗਈ। ਸਤਿਗੁਰੂ ਜੀ ਦੇ ਦੋਵੇਂ ਹੱਥ ਅਕਾਲ ਪੁਰਖ ਦੇ ਸ਼ੁਕਰਾਨੇ ਵਿਚ ਜੁੜ ਗਏ। ਮੁਖ ਤੋਂ ਬਚਨ ਉਚਰੇ ਕਿ ਹੇ ਅਕਾਲ ਪੁਰਖ ਜੀਓ! ਜਿੱਥੇ ਆਪ ਜੀ ਨੇ ਗੁਰਬਾਣੀ ਦਾ ਗ੍ਰੰਥ ਤਿਆਰ ਕਰਨ ਦੀ ਇੰਨੀ ਮਹਾਨ ਸੇਵਾ ਲਈ, ਉੱਥੇ ਇਸ ਦੀ ਸੇਵਾ ਲਈ ਸੇਵਾਦਾਰ ਵੀ ਭੇਜ ਦਿੱਤਾ ਹੈ। ਸੇਵਾਦਾਰ ਵੀ ਉਹ, ਜਿਸ ਨੇ ਪਹਿਲੇ ਚਾਰ ਗੁਰੂਆਂ ਦੀ ਰੱਜ ਕੇ ਸੇਵਾ ਕੀਤੀ ਹੈ। ਅੱਜ ਵੀ ਇਹ ਗੁਰੂ ਦੇ ਦਰ ‘ਤੇ ਸਮਰਪਤ ਹੈ। ਇਹ ਗ੍ਰੰਥ ਸਿੱਖ ਲਈ ਹੈ, ਇਸ ਲਈ ਇਸ ਦੀ ਸੇਵਾ-ਸੰਭਾਲ ਵੀ ਸਿੱਖ ਨੂੰ ਹੀ ਸੌਂਪਣੀ ਚਾਹੀਦੀ ਹੈ।

ਚਾਰ ਗੁਰ ਕੀ ਸੇਵਾ ਕਰੀ, ਪਾਇਓ ਪਰਮ ਨਿਧਾਨ।
ਸੇਵਕ ਕੀ ਇਹ ਬਸਤ ਹੈ, ਸ੍ਰੀ ਮੁਖ ਕੀਓ ਬਖਾਨ।

ਇਹ ਸੇਵਾਦਾਰ ਕੌਣ ਸੀ, ਜਿਸ ‘ਤੇ ਸਤਿਗੁਰੂ ਜੀ ਦੀ ਨਜ਼ਰ ਪਈ? ਇਹ ਸਨ ਸਿੱਖ ਕੌਮ ਦੀ ਮਹਾਨ ਸਖ਼ਸ਼ੀਅਤ ਬਾਬਾ ਬੁੱਢਾ ਜੀ। ਜਿਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ, ਉਸ ਦਿਨ ਸਿੱਖ ਕੌਮ ਦੇ ਪਹਿਲੇ ਗ੍ਰੰਥੀ ਦੀ ਵੀ ਨਿਯੁਕਤੀ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੀ ਮਹਾਨ ਸੇਵਾ ਦਾ ਮਾਣ ਮਿਲਣ ਕਰਕੇ ਹੀ ਉਸ ਦਾ ਨਾਮ ਗ੍ਰੰਥੀ ਪ੍ਰਚੱਲਿਤ ਹੋਇਆ। ਅੱਜ ਕਈ ਸੱਜਣਾਂ ਵੱਲੋਂ ਨਖਿੱਧ ਸਮਝਿਆ ਜਾਣ ਵਾਲਾ ਗ੍ਰੰਥੀ ਸਿੰਘ ਦਾ ਰੁਤਬਾ ਬਹੁਤ ਮਾਣ ਵਾਲਾ ਰੁਤਬਾ ਹੈ, ਜਿਸ ਨੂੰ ਅੱਜ ਸਮਝਣ ਦੀ ਲੋੜ ਹੈ।

ਯਾਦ ਰੱਖੋ ਕਿ ਬਾਬਾ ਬੁੱਢਾ ਜੀ ਦੀ ਪਰਖ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਅੱਜ ਜਿਹੜੇ ਪ੍ਰਬੰਧਕ ਸੱਜਣ ਬਾਬਾ ਬੁੱਢਾ ਜੀ ਵਰਗੇ ਗ੍ਰੰਥੀ ਸਿੰਘ ਦੀ ਪਰਖ ਰਹੇ ਹਨ, ਉਹ ਜਪੁ ਜੀ ਸਾਹਿਬ ਦਾ ਸ਼ੁੱਧ ਪਾਠ ਵੀ ਨਹੀਂ ਕਰ ਸਕਦੇ। ਪਰਖ ਕਰਨ ਲੱਗਿਆਂ ਵੀ ਗ੍ਰੰਥੀ ਸਿੰਘ ਤੋਂ ਇਹ ਨਹੀਂ ਪੁੱਛਦੇ ਕਿ ਉਹ ਗੁਰਬਾਣੀ ਦਾ ਸ਼ੁੱਧ ਪਾਠ ਕਰ ਸਕਦਾ ਹੈ? ਗੁਰਬਾਣੀ ਵਿਆਕਰਣ ਦੇ ਅਨੁਸਾਰ ਸਹੀ ਅਰਥ ਕਰ ਸਕਦਾ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤਿ ਅਨੁਸਾਰ ਸਹੀ ਸੇਵਾ ਕਰ ਸਕਦਾ ਹੈ? ਸਗੋਂ ਇਹ ਪੁੱਛਿਆ ਜਾਂਦਾ ਹੈ ਕਿ ਉਹ ਲੰਗਰ ਬਣਾ ਸਕਦਾ ਹੈ? ਸਾਫ਼-ਸਫ਼ਾਈ ਕਰ ਸਕਦਾ ਹੈ? ਬੂਟਿਆਂ ਨੂੰ ਪਾਣੀ ਲਗਾ ਸਕਦਾ ਹੈ? ਰਾਤ ਨੂੰ ਚੌਕੀਦਾਰੀ ਕਰ ਸਕਦਾ ਹੈ?

ਗ੍ਰੰਥੀ ਸਿੰਘ ਨੂੰ ਸੇਵਾ ‘ਤੇ ਰੱਖਣ ਤੋਂ ਪਹਿਲਾਂ ਉਸ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ, ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖੀ ਸਿਧਾਂਤਾਂ ਸੰਬੰਧੀ ਹੀ ਸਵਾਲ ਪੁੱਛਣੇ ਚਾਹੀਦੇ ਹਨ। ਮੈਂ ਸਮਝਦਾ ਹਾਂ ਕਿ ਬਾਕੀ ਹੋਰ ਸੇਵਾਵਾਂ, ਜੇ ਉਹ ਚਾਹੇ ਤਾਂ ਆਪਣੀ ਮਰਜ਼ੀ ਨਾਲ ਕਰ ਸਕਦਾ ਹੈ, ਇਹ ਗ੍ਰੰਥੀ ਸਿੰਘ ਦੀ ਯੋਗਤਾ ਵਿਚ ਸ਼ਾਮਲ ਨਹੀਂ ਹੋਣੀਆਂ ਚਾਹੀਦੀਆਂ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਯੋਗ ਗ੍ਰੰਥੀ ਵਜੋਂ ਬਾਬਾ ਬੁੱਢਾ ਜੀ ਦੀ ਚੋਣ ਕੀਤੀ। ਭਾਦਉ ਸੁਦੀ ਪਹਿਲੀ ਸੰਮਤ 1661, 30 ਅਗਸਤ ਸੰਨ 1604 ਦਾ ਦਿਨ ਚੜ੍ਹਿਆ। ਅੰਮ੍ਰਿਤ ਵੇਲੇ ਗੁਰੂ ਸਾਹਿਬ ਅਤੇ ਸੰਗਤਾਂ ਨੇ ਉੱਠ ਕੇ ਇਸ਼ਨਾਨ ਕੀਤਾ। ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਸੀਸ ਉੱਤੇ ਸੁਸ਼ੋਭਿਤ ਕਰੋ ਤੇ ਅਸੀਂ ਆਪ ਜੀ ਪਿੱਛੇ ਚਉਰ ਕਰਦੇ ਆਵਾਂਗੇ। ਬਾਬਾ ਬੁੱਢਾ ਜੀ ਹੈਰਾਨ ਹੋ ਕੇ ਕਹਿਣ ਲੱਗੇ ਕਿ ਸਤਿਗੁਰੂ ਜੀ! ਆਪ ਜੀ ਵੱਲ ਪਿੱਠ ਹੋ ਜਾਵੇਗੀ ਤੇ ਇਹ ਆਪ ਜੀ ਦੀ ਬੇਅਦਬੀ ਹੋਵੇਗੀ। ਸਤਿਗੁਰੂ ਜੀ ਕਹਿਣ ਲੱਗੇ ਕਿ ਸਿੱਖ ਦਾ ਗੁਰੂ ਸ਼ਬਦ ਹੈ ਜੋ ਆਪ ਜੀ ਨੇ ਆਪਣੇ ਸੀਸ ‘ਤੇ ਸੁਸ਼ੋਭਿਤ ਕਰਨਾ ਹੈ, ਅਸੀਂ ਪਿੱਛੇ ਚਉਰ ਕਰਦੇ ਆਵਾਂਗੇ।

ਬੁੱਢਾ ਨਿਜ ਸਿਰ ਪਰ ਧਰਿ ਗ੍ਰੰਥ।
ਆਗੇ ਚਲਹੁ ਸੁਧਾਸਰ ਪੰਥ।
ਸਾਹਿਬ ਬੁੱਢਾ ਅਗੇ ਕੀਨਾ।
ਤਹਿ ਪਾਛੈ ਸਤਿਗੁਰ ਸੁਖ ਲੀਨਾ।

ਬਾਬਾ ਬੁੱਢਾ ਜੀ ਨੇ ਆਪਣੇ ਸੀਸ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਅਤੇ ਸਤਿਗੁਰੂ ਜੀ ਚਉਰ ਕਰਦੇ ਹੋਏ ਪਿੱਛੇ ਪਿੱਛੇ ਚੱਲ ਪਏ। ਉਸ ਤੋਂ ਪਿੱਛੇ ਸੰਗਤਾਂ ਦਾ ਕਾਫ਼ਲਾ ਗੁਰਬਾਣੀ ਦਾ ਕੀਰਤਨ ਕਰਦਿਆਂ ਚੱਲ ਪਿਆ। ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਬਾਬਾ ਬੁੱਢਾ ਜੀ ਨੇ ਉੱਚੇ ਸਜਾਏ ਹੋਏ ਪਲੰਘ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸਥਾਪਤ ਕਰ ਦਿੱਤਾ ਤੇ ਆਪ ਪਿੱਛੇ ਹੱਟ ਗਏ। ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ ਅਤੇ ਹੁਕਮਨਾਮਾ ਲਵੋ। ਬਾਬਾ ਬੁੱਢਾ ਜੀ ਪੁੱਛਣ ਲੱਗੇ ਕਿ ਜੇ ਮੈਂ ਉੱਚਾ ਬੈਠਾਂਗਾ ਤਾਂ ਆਪ ਜੀ ਕਿੱਥੇ ਬਿਰਾਜੋਗੇ? ਸਤਿਗੁਰੂ ਜੀ ਕਹਿਣ ਲੱਗੇ ਕਿ ਅਸੀਂ ਸੰਗਤ ਵਿਚ ਬੈਠ ਜਾਵਾਂਗੇ। ਸ਼ਬਦ ਗੁਰੂ ਦਾ ਅਸਥਾਨ ਸਭ ਤੋਂ ਉੱਚਾ ਹੈ।

ਬੁੱਢਾ ਸਾਹਿਬ ਖੋਲੋ ਗ੍ਰੰਥ। ਲੇਹੁ ਆਵਾਜ਼ ਸੁਨੈ ਸਭ ਪੰਥ।
ਅਦਬ ਸੰਗਿ ਗ੍ਰੰਥ ਜੀ ਖੋਲਾ। ਲੈ ਆਵਾਜ਼ ਬੁੱਢਾ ਮੁਖ ਬੋਲਾ।

ਸੂਹੀ ਮਹਲਾ ੫॥
ਸੰਤਾ ਕੇ ਕਾਰਜਿ ਆਪਿ ਖਲੋਇਆ
ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ
ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥ (੭੮੩)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਜੀ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਕੀਤਾ। ਸਭ ਸੰਗਤਾਂ ਨੇ ਸਤਿਕਾਰ ਨਾਲ ਮੱਥਾ ਟੇਕ ਕੇ ਬਾਬਾ ਬੁੱਢਾ ਜੀ ਪਾਸੋਂ ਹੁਕਮਨਾਮਾ ਸਰਵਣ ਕੀਤਾ।

ਹੋ ਸਕਦਾ ਹੈ ਕਿ ਕੁੱਝ ਲੋਕ ਇਸ ਨੂੰ ਧਾਰਮਿਕ ਗੀਤ ਜਾਂ ਸਿੱਖਿਆਦਾਇਕ ਕਵਿਤਾਵਾਂ ਵਾਲਾ ਗ੍ਰੰਥ ਸਮਝਣ ਪਰ ਧਾਰਮਿਕ ਗੀਤਾਂ ਵਿਚ ਤੇ ਗੁਰਬਾਣੀ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਗੀਤ ਬੁੱਧੀ ਦੀ ਉਪਜ ਹੁੰਦੇ ਹਨ। ਇਹ ਦਿਮਾਗੀ ਛੰਦਾਬੰਦੀ ਦਾ ਖੇਲ ਹਨ। ਇਹ ਡੂੰਘੀ ਸੋਚ ਵੀਚਾਰ ਵਿਚੋਂ ਪੈਦਾ ਕੀਤੇ ਜਾਂਦੇ ਹਨ। ਗੁਰਬਾਣੀ ਕੋਈ ਬੁੱਧੀ ਦੀ ਉਪਜ ਨਹੀਂ। ਜਦੋਂ ਭਗਤ ਧੁਰ ਹਿਰਦੇ ਦੇ ਪ੍ਰੇਮ ਵਿਚ ਭਿੱਜਾ ਪ੍ਰਭੂ ਵਿਚ ਲੀਨ ਹੁੰਦਾ ਹੈ ਤਾਂ ਉਸਦੇ ਮਿਲਾਪ ਵਿਚੋਂ ਜਿਹੜਾ ਸਹਿਜ ਸੁਭਾਵਿਕ ਹੀ ਅਨੰਦ ਦਾ ਰਸ ਰਿਸਦਾ ਹੈ, ਉਸ ਦਾ ਨਾਮ ਹੈ: ਧੁਰ ਕੀ ਬਾਣੀ।

ਕਵਿਤਾ ਜਾਂ ਗੀਤ ਕੰਨ ਰਸ ਲਈ ਰਚੇ ਜਾਂਦੇ ਹਨ। ਕੋਈ ਮਨੁੱਖ ਇੱਕੋ ਗੀਤ ਬਾਰ-ਬਾਰ ਸੁਣਦਾ ਰਹੇ ਤੇ ਆਖਰ ਇੱਕੋ ਗੀਤ ਨੂੰ ਸੁਣ-ਸੁਣ ਅੱਕ ਜਾਂਦਾ ਹੈ। ਕੰਨ ਰਸ ਅਕਾ ਦੇਣ ਵਾਲਾ ਹੁੰਦਾ ਹੈ। ਕਵਿਤਾ ਦੇ ਨੌਂ ਰਸ ਹਮੇਸ਼ਾਂ ਨਹੀਂ ਸੁਣੇ ਜਾ ਸਕਦੇ । ਲੋਕ ਇੱਕੋ ਕਵਿਤਾ ਜਾਂ ਗੀਤ ਸੁਣ-ਸੁਣ ਕੇ ਬੋਰ ਹੋ ਸਕਦੇ ਹਨ।

ਗੁਰਬਾਣੀ ਕੰਨ ਰਸ ਨਹੀਂ, ਆਤਮ ਰਸ ਹੈ। ਵੇਈਂ ਕਿਨਾਰਿਉਂ ਜਪੁ ਜੀ ਸਾਹਿਬ ਦੀ ਬਾਣੀ ਅਰੰਭ ਹੋਈ। ਅੱਜ ਸਵਾ ਪੰਜ ਸੌ ਸਾਲ ਹੋ ਚੁੱਕੇ ਹਨ। ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਜਪੁ ਜੀ ਸਾਹਿਬ ਸੁਣ ਕੇ ਜਾਂ ਪਾਠ ਕਰਕੇ ਅੱਕ ਗਏ ਹਾਂ। ਨਹੀਂ, ਜਿਹੜਾ ਰਸ ਸਵਾ ਪੰਜ ਸੌ ਸਾਲ ਪਹਿਲਾਂ ਸੀ, ਅੱਜ ਵੀ ਉਹੀ ਰਸ ਹੈ। ਕਰਤਾਰਪੁਰ ਸਾਹਿਬ ਤੋਂ ਆਸਾ ਕੀ ਵਾਰ ਦਾ ਕੀਰਤਨ ਅਰੰਭ ਹੋਇਆ। ਅੱਜ ਪੰਜ ਸੌ ਸਾਲ ਹੋ ਰਹੇ ਨੇ। ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਆਸਾ ਕੀ ਵਾਰ ਸੁਣ ਕੇ ਬੋਰ ਹੋ ਗਏ ਹਾਂ, ਕਿਸੇ ਹੋਰ ਬਾਣੀ ਦਾ ਕੀਰਤਨ ਕਰੋ। ਨਹੀਂ, ਜਿੰਨਾ ਅਨੰਦ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਸੀ, ਅੱਜ ਵੀ ਉੰਨਾ ਹੀ ਅਨੰਦ ਹੈ। ਕੋਈ ਇਸ ਗੁਰਬਾਣੀ ਨੂੰ ਗਾ ਕੇ, ਸੁਣ ਕੇ, ਵੀਚਾਰ ਕੇ ਤੇ ਅਮਲ ਕਰਕੇ ਤਾਂ ਦੇਖੇ, ਉਸ ਨੂੰ ਪਰਮ ਅਵਸਥਾ ਪ੍ਰਾਪਤ ਹੋ ਜਾਵੇਗੀ।

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥
ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ॥੩॥
ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ॥
ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ॥੪॥੧॥੪॥੫੫॥
-ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣੇ ਵਾਲੇ
gianiamritpalsingh@gmail.com

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?