ਅੰਮ੍ਰਿਤਸਰ,11 ਸਤੰਬਰ-(ਰਜਿੰਦਰ ਸਿੰਘ ਸਭਰਾ)
ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਗੁਰਦੁਆਰਾ ਸ੍ਰੀ ਨਾਨਕਮੱਤਾ ਉੱਤਰਾਖੰਡ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਨੂੰ ਪੱਤਰ ਰਾਹੀਂ ਕਿਹਾ ਹੈ ਕਿ ਉਹ ਗੁਰਦੁਆਰਾ ਨਾਨਕਮੱਤਾ ਵਿਖੇ ਹੋਈ ਮਰਿਯਾਦਾ ਦੀ ਉਲੰਘਣਾ ਦੇ ਦੋਸ਼ੀ ਹਨ। ਸਿੱਖ ਰਹਿਤ ਮਰਿਯਾਦਾ ਦੇ ਅਨੁਸਾਰ ਦਾਹੜਾ ਰੰਗਣ ਦੀ ਮਨਾਹੀ ਹੈ। ਪਰ ਜਸਵਿੰਦਰ ਸਿੰਘ ਨੇ ਗੁਰਦੁਆਰੇ ਦਾ ਪ੍ਰਬੰਧਕ ਹੋਣ ਦੇ ਬਾਵਜੂਦ ਵੀ ਦਾੜਾ ਰੰਗਿਆ ਹੋਇਆ ਹੈ। ਇਸ ਲਈ ਉਹ ਸਿੱਖ ਰਹਿਤ ਮਰਿਯਾਦਾ ਅਨੁਸਾਰ ਤਨਖਾਹੀਏ ਹਨ। ਪੱਤਰ ਵਿੱਚ ਜਸਵਿੰਦਰ ਸਿੰਘ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸੰਗਤ ਦੇ ਸਨਮੁੱਖ ਪੰਜ ਪਿਆਰਿਆਂ ਕੋਲ ਪੇਸ਼ ਹੋ ਕੇ ਹੋਈ ਭੁੱਲ ਦੀ ਖਿਮਾ ਜਾਚਨਾ ਕਰਨ। ਪੰਜ ਪਿਆਰਿਆਂ ਵੱਲੋਂ ਜੋ ਵੀ ਸਜ਼ਾ ਲਗਾਈ ਜਾਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਹੈ। ਸਜਾ ਪੂਰੀ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਮਸਕਾਰ ਕੀਤੀ ਜਾਵੇ। ਗੁਰੂ ਸਾਹਿਬ ਬਖਸ਼ਣਹਾਰ ਹਨ। ਜਸਵਿੰਦਰ ਸਿੰਘ ਨੂੰ ਸੁਚੇਤ ਕਰਦਿਆਂ ਕਿਹਾ ਕਿ ਹੰਕਾਰੀ ਬਿਰਤੀ ਗੁਰੂ-ਘਰ ਵਿਚ ਪ੍ਰਵਾਨ ਨਹੀਂ ਹੈ।
ਗੁਰਦੁਆਰੇ ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਕੇਂਦਰ ਹਨ ਜਿੱਥੇ ਸਿੱਖ ਸੰਗਤਾਂ ਇਕੱਤਰ ਹੋ ਕੇ ਗੁਰੂ ਜੱਸ ਗਾਉਂਦੀਆਂ ਹਨ ਅਤੇ ਪੰਥਕ ਮਸਲੇ ਵਿਚਾਰੇ ਜਾਂਦੇ ਹਨ। ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਗੁਰਮਤਿ ਮਰਿਯਾਦਾ ਦੀ ਉਲੰਘਣਾ ਬਹੁਤ ਵੱਡੀ ਗਲਤੀ ਹੈ ਪਰ ਗੁਰੂ ਪੰਥ ਬਖਸ਼ਨਹਾਰ ਹੈ। ਪੱਤਰ ਵਿਚ ਲਿਖਿਆ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਅਨੁਸਾਰ ਤਨਖ਼ਾਹੀਏ ਸਿੱਖਾਂ ਨੂੰ ਸਥਾਨਕ ਸਿੱਖ ਸੰਗਤ ਵਿਚੋਂ ਪੰਜ ਪਿਆਰੇ ਚੁਣ ਕੇ ਤਨਖਾਹ ਲਗਾਈ ਜਾ ਸਕਦੀ ਹੈ। ਅਜਿਹਾ ਪ੍ਰਬੰਧ ਨਾ ਹੋਣ ਕਰਕੇ ਅੰਮ੍ਰਿਤ ਸੰਚਾਰ ਕਰ ਰਹੇ ਪੰਜ ਪਿਆਰਿਆਂ ਦੇ ਸਨਮੁੱਖ ਪੇਸ਼ ਹੋ ਕੇ ਭੁੱਲ ਬਖਸ਼ਾਈ ਜਾ ਸਕਦੀ ਹੈ।
ਇਸ ਮੌਕੇ ਤੇ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਬਲਬੀਰ ਸਿੰਘ ਹਿਸਾਰ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ, ਭੁਪਿੰਦਰ ਸਿੰਘ ਭਲਵਾਨ ਜਰਮਨੀ, ਮਹਾਬੀਰ ਸਿੰਘ ਸੁਲਤਾਨਵਿੰਡ, ਸੁਖਰਾਜ ਸਿੰਘ ਵੇਰਕਾ, ਦਲਜੀਤ ਸਿੰਘ ਗਿੱਲ, ਰਘਬੀਰ ਸਿੰਘ ਭੁੱਚਰ, ਦਰਸ਼ਨ ਸਿੰਘ ਬਟਾਲਾ, ਇੰਦਰਵੀਰ ਸਿੰਘ, ਬਲਵਿੰਦਰ ਸਿੰਘ, ਚਮਕੌਰ ਸਿੰਘ ਆਦਿ ਹਾਜਿਰ ਸਨ।
Author: Gurbhej Singh Anandpuri
ਮੁੱਖ ਸੰਪਾਦਕ