ਪੰਜਾਬੀਓ ! ਕੁਝ ਸਿੱਖੋਗੇ ਕਿ ਬੱਸ ਤਮਾਸ਼ਬੀਨ ਬਣੇ ਰਹੋਗੇ ?
ਪੰਜਾਬ ਦੀ ਰਾਜਨੀਤੀ ਦੇ ਮੌਜੂਦਾ ਸਮੀਕਰਨ ਦਰਸਾਉਂਦੇ ਹਨ ਕਿ ਪੰਜਾਬ ਦੀ ਬੋਧਿਕ ਕੰਗਾਲੀ ਕਿਸ ਪੱਧਰ ਤੇ ਪੁੱਜ ਗਈ ਹੈ, ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਦੇ ਚੁਰਾਹੇ ਵਿਚ ਦਿੱਲੀ ਦੇ ਮਦਾਰੀਆਂ (ਪੀ ਕੇ ਤੇ ਪਾਠਕ) ਦੀ ਡੁਗਡੁਗੀ ਕੁਰਸੀ ਦੇ ਭੁੱਖੇ ਬਾਂਦਰਾਂ ਨੂੰ ਨਚਾਉਣ ਦਾ ਤਮਾਸ਼ਾ ਕਰ ਰਹੀ ਹੈ . ਰਾਜਨੀਤਕ ਬਾਂਦਰਾਂ ਦੀਆਂ ਟਪੂਸੀਆਂ ਤੇ ਵੱਖੀਆਂ ਫੜ੍ਹਕੇ ਹੱਸਦੇ ਸਾਬਕਾ ਗੈਰਤਮੰਦ ਪੰਜਾਬੀਆਂ ਤੇ ਬੱਸ ਤਰਸ ਆਉਂਦਾ ਹੈ, ਡੈਮੋਕਰੇਸੀ ਦੇ ਚੋਥੇ ਥੰਮ ਮੀਡੀਆ ਨੇ ਇਸ ਤਮਾਸ਼ੇ ਦਾ ਘੇਰਾ ਬਹੁਤ ਵੱਡਾ ਕਰ ਦਿੱਤਾ ਹੈ ਤਾਕਿ ਤੱਪਦੇ ਤੰਦੂਰ ਵਿਚੋਂ ਵਧੇਰੇ ਰੋਟੀਆਂ ਸੇਕੀਆਂ ਜਾ ਸਕਣ, ਇਸ ਤਮਾਸ਼ੇ ਦਾ ਇਕ ਕੌੜਾ ਸਬਕ ਵੀ ਝਲਕ ਰਿਹਾ ਹੈ ਕਿ ਜਿਸ ਦਿੱਲੀ ਦੇ ਫੈਸਲਿਆਂ ਨੇ 70 ਸਾਲਾਂ ਤੋਂ ਪੰਜਾਬ ਨੂੰ ਮਿਟਾਉਣ ਦੀ ਕੋਈ ਕਸਰ ਨਹੀਂ ਰਹਿਣ ਦਿੱਤੀ ਉਸ ਦਿੱਲੀ ਦੇ ਦਰ ਤੋਂ ਸਾਡੇ ਆਗੂ ਬੁਰਕੀਆਂ ਬੋਚਦੇ ਫਿਰਦੇ ਨੇ ,ਪੰਜਾਬ ਦੇ ਭਲੇ ਦੀ ਗੱਲ ਕਰਦੇ ਆਗੂਆਂ ਲਈ ਇਕੋ ਆਖਰੀ ਰਾਹ ਬਚਦਾ ਹੈ ਕਿ ਝੁਕ ਜਾਓ ਜਾਂ ਕਟ ਜਾਓ ,
ਪੰਜਾਬੀਆਂ ਦੇ ਹੰਕਾਰ ,ਆਪਸੀ ਫੁੱਟ, ਤੇ ਕੁਰਸੀ ਦੀ ਕੁੱਤੇ ਝਾਕ ਨੇ ਪੰਜਾਬ ਨੂੰ ਕਿਸੇ ਤਣ ਪੱਤਣ ਨਹੀਂ ਲੱਗਣ ਦੇਣਾ , ਸਾਨੂੰ ਕੰਧ ਤੇ ਲਿਖੀ ਇਕੋ ਗੱਲ ਕਿਓਂ ਨਹੀ ਸਮਝ ਲੱਗਦੀ ਕਿ ਪੰਜਾਬ ਦਾ ਭਲਾ ਸਿਰਫ ਪੰਜਾਬ ਨੇ ਕਰਨਾ ਹੈ ਤੇ ਇਹ ਗੁਰੂ ਦੇ ਨਾਮ ਤੇ ਹੋਣਾ ਹੈ , ਕੇਵਲ ਮਹਾਰਾਜੇ ਰਣਜੀਤ ਸਿੰਘ ਦਾ ਰਾਜਨੀਤਕ ਮਾਡਲ ਹੀ ਪੰਜਾਬ ਨੂੰ ਚਲਾ ਸਕਦਾ ਹੈ , ਉਹ ਮਾਡਲ ਸਿਰਜਣ ਲਈ ਕਰਤਾਰਪੁਰੀ ਸਚਿਆਰ ਮਾਡਲ ਦੀ ਘੋਖ ਕਰਨੀ ਪੈਣੀ ਹੈ ,ਗੁਰਬਾਣੀ ਵਿਰਸੇ ਦੇ ਵਾਰਿਸ ਹੋ ਕੇ ਹੀ ਪੰਜਾਬ ਦੀ ਤੱਰਕੀ ਹੋਣੀ ਹੈ ,
ਝਾੜੂ ਵਾਲੇ ਲਾਲਾ ਜੀ ਪੰਜਾਬ ਦੇ ਦਰਵਾਜੇ ਤੋਂ ਦੇਸ਼ ਦੀ ਕੁਰਸੀ ਭਾਲਦੇ ਨੇ ਇਸ ਗੱਲ ਦੀ ਰਮਜ ਸਮਝੋ ਪੰਜਾਬੀਓ ,ਤੁਹਾਡੇ ਮੋਢੇ ਤੇ ਚੜਕੇ ਜੇ ਲਾਲਾ ਪੀ ਐਮ ਦੀ ਝਾਕ ਰੱਖਦਾ ਹੈ ਤਾਂ ਤੁਸੀਂ ਆਪ ਖੁਦ ਪੰਜਾਬ ਬੱਚਾਉਣ ਜੋਗੇ ਵੀ ਨਹੀਂ ? ਕੋਈ ਸ਼ੱਕ ਨਹੀਂ ਕੇ ਪੰਜਾਬ ਵਿਚ ਘਰੇਲੂ ਪਾਰਟੀ ਹੀ ਆਖਰੀ ਰਾਹ ਹੈ ਪਰ ਅਕਾਲੀ ਦੱਲ ਨੇ ਕਾਲੀ ਦਲ ਦਾ ਭੇਸ ਵਟਾਕੇ ਪਹਿਲੋਂ ਪੰਥ ਵੇਚ ਖਾਧ੍ਹਾ ਤੇ ਮਗਰੋਂ ਗੁਰੂ ਗਰੰਥ ਸਾਹਿਬ ਨੂੰ ਵੀ ਵੋਟਾਂ ਦੀ ਤਕੜੀ ਪਾ ਸੌਦਾ ਸਾਧ ਨਾਲ ਸੌਦਾ ਕਰ ਲਿਆ , ਅਕਾਲੀ ਹੁਣ ਆਖਦੇ ਕਿ ਗੁਰੂ ਦੇ ਨਾਮ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ , ਇਹਨਾਂ ਲੱਜ ਲੱਥਿਆਂ ਨੂੰ ਕੋਈ ਪੁੱਛੇ ਕਿ ਜਦ ਪੰਥ ਦੀ ਨੁਮਾਇੰਦਾ ਜਥੇਬੰਦੀ ਵਲੋਂ ਰਾਜਨੀਤਕ ਚਾਲਾਂ ਤਹਿਤ ਗੁਰੂ ਦੇ ਨਾਮ ਤੇ ਸਾਜਿਸ਼ਾਂ ਹੋਣਗੀਆਂ ਤਾਂ ਲੋਕ ਰਾਜਨੀਤੀਆਂ ਵੀ ਕਰਨਗੇ , ਸੁਖਬੀਰ ਬਾਦਲ ਦੀਆਂ ਕੁਚਾਲਾਂ ਨੇ ਖੇਤਰੀ ਪਾਰਟੀ ਅਕਾਲੀ ਦਲ ਨੂੰ ਇਸ ਮੁਕਾਮ ਤੇ ਲਿਆ ਖੜਾ ਕੀਤਾ ਕਿ ਜਾਂ ਅਕਾਲੀ ਦਲ ਬੱਚਦਾ ਜਾਂ ਬਾਦਲ ਸਲਤਨਤ , ਹੁਣ ਪੰਜਾਬ ਨੇ ਸੋਚਣਾ ਹੈ ਕੇ ਜਿਉਣਾ ਕਿਵੇਂ ਹੈ ? ਆਪਸੀ ਫੁੱਟ ਵੈਰੀ ਦੀ ਲੁੱਟ ਹੈ
ਮੇਰੇ ਵਰਗੇ ਬੁੱਧੁਜੀਵੀ ਟੋਲੇ ਦੀਆਂ ਫੇਸਬੁੱਕੀ ਅਤੇ ਟੀ ਵੀ ਤੇ ਮਾਰੀਆਂ ਟਾਹਰਾਂ ਕਿਸੇ ਕੰਮ ਦੀਆਂ ਨਹੀਂ ਹਨ ,ਧਰਾਤਲ ਤੇ ਉੱਤਰ ਕੇ ਸੋਚਣਾ ,ਸਮਝਣਾ ਤੇ ਹੱਥੀਂ ਕਰਨਾ ਪੈਣਾ , ਤਮਸ਼ਬੀਨੀਆਂ ਛੱਡਕੇ ਇਕ ਥਾਂ ਤੇ ਸਾਂਝਾ ਮੰਚ ਬਣਾਉਣ ਦਾ ਵੇਲਾ ਹੈ ,ਜੇ ਕਿਸੇ ਨੇ ਕਿਸੇ ਦਾ ਪਿਓ ਮਾਰਿਆ ਹੈ ਤਾਂ ਉਹ ਰਹਿਣ ਦਿਓ ਬਾਕੀ ਸਾਰੇ ਵੈਰ, ਵਿਰੋਧ , ਸ਼ਿਕਵੇ , ਸਿਆਪੇ ਛੱਡਕੇ ਇਕ ਮੰਚ ਤੇ ਇਕੱਠੇ ਹੋਵੋ , ਪੰਜਾਬ ਖਾਤਰ ਜਿਉਣ ਮਰਨ ਵਾਲਿਆਂ ਦੀ ਪਾਰਟੀ ਬਾਣੀਏ। .
ਆਟਾ ਦਾਲ ਪੈਦਾ ਕਾਰਨ ਵਾਲੇ ਆਟੇ ਦਾਲ ਖਾਤਰ ਵਿਕ ਨਹੀਂ ਸਕਦੇ ਆਪਣੀਆਂ ਮੰਜਲਾਂ ਤੇ ਰਸਤੇ ਆਪ ਨਿਰਧਾਰਤ ਕਰੋ । ਦਿੱਲੀ ਦੀ ਮਰੀ ਹੋਈ ਡੈਮੋਕਰੇਸੀ ਦਾ ਅੰਤਮ ਸੰਸਕਾਰ ਕਰ ਕੇ , ਅਸਲ ਸੱਚ ਅਧਾਰਿਤ ਡੈਮੋਕਰੇਸੀ ਸਥਾਪਿਤ ਕਰੀਏ ,ਫੇਸਬੁੱਕੀ ਜੋਕਰਾਂ ਦੇ ਤਮਾਸ਼ੇ ਦੇ ਦਰਸ਼ਕ ਨਾ ਬਣੋ ,ਉਹ ਕਿਸੇ ਦੀ ਸਰਕਸ ਦੇ ਕਮਾਊ ਪੁੱਤ ਹਨ,
ਹੱਦ ਆ ਵੈਸੇ ……
ਪੁਲਿਸ ਪੰਜਾਬ ਦੀ ,ਜੱਜ ਪੰਜਾਬ ਦੇ , ਇਨਸਾਫ ਦੁਸ਼ਮਣ ਦੇ ਇਸ਼ਾਰੇ ਤੇ ਕਿਓਂ ?
ਅਧਿਆਪਕ ਪੰਜਾਬ ਦੇ ,ਸਕੂਲ ਪੰਜਾਬ ਦੇ ਪੰਜਾਬ ਵਿਚ ਵਿਦਿਆ ਦਾ ਘਾਣ ਕਿਓਂ ?
ਮੰਤਰੀ ਪੰਜਾਬ ਦੇ ,ਅਫਸਰ ਪੰਜਾਬ ਦੇ , ਚਿੱਟਾ ਵਿਕਦਾ ਪੰਜਾਬ ਵਿਚ ਵਿਕਦਾ ਕਿਓਂ ?
ਰੇਤਾ ਪੰਜਾਬ ਦਾ ,ਕਾਲਾਬਜ਼ਾਰੀ ਪੰਜਾਬ ਵਿਚ ਕਿਓਂ ?
ਹਰ ਪੰਜਾਬੀ ਆਪਣੇ ਪੰਜਾਬ ਖਾਤਰ ਆਪਣੀ ਜਿੰਮੇਵਾਰੀ ਪੂਰੀ ਕਰੇ
ਜਾਗ ਜੋ ਪੰਜਾਬੀਓ ਮੌਤ ਬਰੂਹਾਂ ਤੇ ਹੈ
ਵਰਨਾ ਪੰਜਾਬ ਦੀਆਂ ਬਰਬਾਦੀਆਂ ਵਿਚ ਅਸੀਂ ਬਰਾਬਰ ਦੇ ਦੋਸ਼ੀ ਹੋਵਾਂਗੇ
ਪਰਮਪਾਲ ਸਿੰਘ ਸਭਰਾਅ
Author: Gurbhej Singh Anandpuri
ਮੁੱਖ ਸੰਪਾਦਕ