ਮੋਹਾਲੀ 1 ਅਕਤੂਬਰ(ਨਜ਼ਰਾਨਾ ਨਿਊਜ਼ ਨੈੱਟਵਰਕ)
ਬੀਰ ਦਵਿੰਦਰ ਸਿੰਘ ਨੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ, ਬਲਬੀਰ ਸਿੰਘ ਸਿੱਧੂ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਬਾਰੇ ਬੋਲਦਿਆਂ ਕਿਹਾ ਕਿ ਸਮਾਂ ਬੜਾ ਬਲਵਾਨ ਹੈ, ਇਤਿਹਾਸ ਆਪਣੇ ਆਪ ਨੂੰ ਮੁੜ ਦੁਹਰਾਉਂਦਾ ਹੈ। ਬੀਤੀ ਕੱਲ੍ਹ ਪੰਜਾਬ ਦੇ ਸਾਬਕਾ ਸਿਹਤ ਮੰਤਰੀ, ਬਲਬੀਰ ਸਿੰਘ ਸਿੱਧੂ, ਪੰਜਾਬ ਦੀ ਚੰਨੀ ਵਜ਼ਾਰਤ ਵਿੱਚੋਂ ਮਨਫੀ ਕੀਤੇ ਜਾਣ ਤੇ ਹਟਕੋਰੇ ਭਰ-ਭਰ, ਕਾਂਗਰਸ ਹਾਈ ਕਮਾਂਡ ਤੋਂ ਪੁੱਛ ਰਹੇ ਸਨ, ਕਿ ਮੇਰਾ ਕਸੂਰ ਕੀ ਹੈ ? ਉਨ੍ਹਾਂ ਨੂੰ ਮੀਡ੍ਹੀਆ ਸਾਹਮਣੇ ਕੁਰਲਾਉਂਦਿਆਂ ਵੇਖਕੇ, ਮੈਨੂੰ ਯਾਦ ਆ ਗਿਆ, ਕਿ ਮੈਂ ਵੀ 2007 ਵਿੱਚ, ਖਰੜ ਅਸੈਂਬਲੀ ਹਲਕੇ ਵਿੱਚੋਂ ਕਾਂਗਰਸ ਦਾ ਟਿਕਟ ਕੱਟੇ ਜਾਣ ਤੇ, ਕਾਂਗਰਸ ਹਾਈ ਕਮਾਂਡ ਪਾਸੋਂ ਏਹੋ ਸਵਾਲ ਪੁੱਛ ਰਿਹਾ ਸੀ, ਕਿ ਮੇਰਾ ਕਸੂਰ ਕੀ ਹੈ ?
ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਕਾਂਗਰਸ ਪਾਰਟੀ ਵਿੱਚ ਮੇਰਾ ਜੇਠਾਪਣ ਅਤੇ ਮੇਰੀ ਸੇਵਾ-ਸਾਧਨਾ ਦੀ ਉੱਤਮਤਾ, ਬਲਬੀਰ ਸਿੰਘ ਸਿੱਧੂ ਨਾਲੋਂ ਕਿਤੇ ਉੱਪਰ ਸੀ। ਇਸ ਦੇ ਬਾਵਜੂਦ ਵੀ, ਮੈਂ ਸਾਖ਼ਗੋਈ ਨਾਲ ਇਲਾਕੇ ਦੀ ਪੰਜ ਸਾਲ ਸੇਵਾ ਕਰਨ ਉਪਰੰਤ , ਬਿਨਾਂ ਕਿਸੇ ਇਖਲਾਕੀ ਊਂਝ ਦੇ ਆਪਣਾ ਸਾਖ਼ ਦਾਮਨ ਸਮੇਟ ਕੇ, ਬਿਨਾਂ ਵਿਰਲਾਪ ਕੀਤਿਆਂ, ਆਪਣੇ ਘਰ ਪਰਤ ਗਿਆ ਸਾਂ। ਮੈਂ ਵੀ ਜਾਣ ਵੇਲੇ ਪ੍ਰੈਸ ਕਾਨਫਰੰਸ ਵਿੱਚ ਇਹ ਕਿਹਾ ਸੀ, ਕਿ ਮੈਂ ਜਿਸ ‘ਸੂਟਕੇਸ’ ਨਾਲ ਮੁਹਾਲੀ ਵਿੱਚ ਆਇਆ ਸੀ, ਉਸੇ ‘ਸੂਟਕੇਸ’ ਨਾਲ ਜ਼ਿੰਮੇਵਾਰੀ ਤੋਂ ਸੁਰਖੁਰੂ ਹੋ ਕੇ ਵਾਪਿਸ ਜਾ ਰਿਹਾ ਹਾਂ।
ਮੈਂ ਪੱਤਰਕਾਰਾਂ ਨੂੰ ਇਹ ਸਵਾਲ ਜ਼ਰੂਰ ਪੁੱਛਿਆ ਸੀ, ਕਿ ਮੇਰੀ ਪੰਜਾਂ ਸਾਲਾਂ ਦੀ ਅਵਧੀ ਵਿੱਚ, ਜੇ ਮੇਰੇ ਹਲਕੇ ਦੇ ਲੋਕਾਂ ਵੱਲੋਂ, ਮੇਰੇ ਖਿਲਾਫ ਕੋਈ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਹੋਵੇ ਜਾਂ ਦੌਲਤਾਂ ਇਕੱਠੀਆਂ ਕਰਨ ਦਾ ਇਲਜ਼ਾਮ ਹੋਵੇ ਜਾਂ ਕਿਸੇ ਵਿਰੋਧੀ ਨੂੰ ਰਾਜਨੀਤਕ ਤੌਰ ਤੇ ਜ਼ਲੀਲ ਕਰਨ ਲਈ ਝੂਠੇ ਪੁਲਿਸ ਪਰਚੇ ਕਰਵਾਏ ਹੋਣ ਤਾਂ ਮੈਨੂੰ ਜ਼ਰੂਰ ਦੱਸਣਾਂ ? ਮੈਂ ਇਹ ਗੱਲ ਵੀ ਬੜੀ ਪੁਖਤਗੀ ਨਾਲ ਹਿੱਕ ਠੋਕ ਕੇ ਕਹੀ ਸੀ, ਕਿ ਮੇਰੇ ਵਾਪਿਸ ਜਾਣ ਸਮੇਂ, ਮੇਰੀ ਪਿਤਾ-ਪੁਰਖੀ ਮੌਰੂਸੀ ਜਾਇਦਾਦ ਤੋਂ ਸਿਵਾਏ, ਜੇ ਕਿਸੇ ਵਪਾਰਕ ਫਰਮ ਜਾਂ ਫਾਰਮ ਵਿੱਚ, ਕਿਤੇ ਕੋਈ ਰੰਚਕ-ਮਾਤਰ ਭਾਗੀਦਾਰੀ ਵੀ ਸਾਬਿਤ ਹੋ ਜਾਵੇ, ਤਾਂ ਮੈਂ ਮੁੜ ਕੇ ਕਦੇ ਵੀ, ਇਲਾਕੇ ਦੀ ਖ਼ਲਕਤ ਨੂੰ ਆਪਣਾ ਮੂੰਹ ਨਹੀਂ ਦਿਖਾਵਾਂਗਾ ਤੇ ਮੇਰਾ ਇਹ ਦਾਅਵਾ ਅੱਜ ਵੀ ‘ਬੀਸ ਸਾਲ ਬਾਅਦ’ ਉਸੇ ਤਰ੍ਹਾਂ ਬਰਕਰਾਰ ਹੈ । ਮੇਰਾ ਤਾਂ ਨਾ ਕੋਈ ਸਵਾੜੇ ਪਿੰਡ ਦੀ ਜ਼ਮੀਂਨ ਵਿੱਚ, ‘ਰੋਆਇਲ ਬੈਂਕਿਉਟ’ ਹੈ ਤੇ ਨਾ ਹੀ ਕੋਈ ‘ਲੈਂਡਚੈਸਟਰ ਗਰੁੱਪ’ ਨਾਮ ਦੀ ਬਹੁਕਰੋੜੀ ਕੰਪਨੀ ਹੈ, ਭਾਵੇਂ ਮੈਨੂੰ ਰਾਜਨੀਤੀ ਵਿੱਚ ਪ੍ਰਵੇਸ਼ ਕੀਤਿਆਂ, ਲਗਪਗ ਪੰਜਾਹ ਸਾਲ ਹੋ ਚੁੱਕੇ ਹਨ।
ਮੈਂ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ, ‘ਹਲਕਾ ਖਰੜ’ ਦਾ ਪੁਰਾਣਾ ਸੇਵਾਦਾਰ ਹੋਣ ਦੇ ਨਾਤੇ, ਇਹ ਜ਼ਰੂਰ ਪੁੱਛਣਾ ਚਾਹਾਂਗਾ, ਕਿ ਕੀ ਉਹ ਵੀ ਅੱਜ ਸਾਬਕਾ ਮੰਤਰੀ ਹੋਣ ਸਮੇਂ, ਮੇਰੇ ਵਰਗਾ ਬੇਬਾਕ ਦਾਅਵਾ ਕਰਨ ਦੀ ਹਿੰਮਤ ਦਿਖਾ ਸਕਦੇ ਹਨ ? ਜੇ ਨਹੀਂ ਤਾਂ ਕਿਉਂ ? ਕਾਂਗਰਸ ਹਾਈ ਕਮਾਂਡ ਨੂੰ ਸਵਾਲ ਪੁੱਛਣ ਦੀ ਕੀ ਲੋੜ ਹੈ, ਤੁਸੀਂ ਆਪਣੀਆਂ ਦੌਲਤਾਂ, ਜ਼ਮੀਨਾਂ ਤੇ ਅਵੈਧ ਕਾਰੋਬਾਰਾਂ ਵੱਲ ਨਜ਼ਰਾਂ ਮਾਰਕੇ ਲੋਕਾਂ ਨੂੰ ਦੱਸੋ, ਕਿ ਸਾਲ 2007 ਤੋਂ ਲੈ ਕੇ ਸਤੰਬਰ 2021 ਤੱਕ ਬਣਾਈਆਂ, ਤੁਹਾਡੀਆਂ ਅਵੈਧ ਦੌਲਤਾਂ, ਜ਼ਮੀਨਾਂ, ਸ਼ਰਾਬ ਦੇ ਜਾਇਜ਼ ਤੇ ਅਵੈਧ ਕਾਰੋਬਾਰਾਂ ਦੇ ਖਸਾਰੇ ਕੀ ਹਨ ? ਬੱਸ ਤੁਹਾਨੂੰ, ਤੁਹਾਡੇ ਸਵਾਲ ਦਾ ਜਵਾਬ ਮਿਲ ਜਾਵੇਗਾ।
ਤੁਹਾਡੀ ਬੇਹਤਰੀ ਹਾਲੇ ਵੀ ਇਸੇ ਵਿੱਚ ਹੈ ਕਿ ਗਊਸ਼ਾਲਾ ਦੇ ਨਾਮ ਤੇ ਠੱਗੀ, ਬਲੌਂਗੀ ਗਰਾਮ ਪੰਚਾਇਤ ਦੀ ਕਰੋੜਾਂ ਰੁਪਏ ਦੀ ਜ਼ਮੀਨ ਨੂੰ, ਹਾਲੇ ਵੀ ਵਾਪਿਸ ਕਰ ਦਿਓ, ਨਹੀਂ ਤਾਂ ਹੋਰ ਵੀ ਜਲਾਲਤ ਭਰਿਆ ਮਾੜਾ ਸਮਾਂ ਦੇਖਣਾ ਪੈ ਸਕਦਾ ਹੈ। ਤੁਸੀਂ ਤਾਂ ਰੱਬ ਨੂੰ ਹੀ ਭੁੱਲ ਗਏ ਸੀ, ਹੁਣ ਉਸ ਦਾ ਚੇਤਾ ਕਰੋ, ਜੇ ਅਵਾਰਾ ਗਊਆਂ ਦੀ ਸੇਵਾ-ਸੰਭਾਲ ਦਾ ਏਨਾਂ ਹੀ ਸ਼ੌਕ ਹੈ ਤਾਂ ਆਪਣੇ ‘ਚਤਾਮਲੀ’ ਵਾਲੇ ਵਿਸ਼ਾਲ ਫਾਰਮ ਹਾਊਸ ਵਿੱਚ ਲਿਜਾ ਕੇ ਸੇਵਾ ਕਰੋ, ਤੁਹਾਨੁੰ ਕੌਣ ਰੋਕਦਾ ਹੈ ? ਪਰ ਗ੍ਰਾਮ ਪੰਚਾਇਤ ਬਲੌਂਗੀ ਦੀ ਸ਼ਾਮਲਾਤ ਜ਼ਮੀਨ, ਤੁਹਾਨੂੰ ਨਿਗਲਣ ਨਹੀਂ ਦਿੱਤੀ ਜਾਵੇਗੀ, ਠੀਕ ਉਸੇ ਹੀ ਤਰ੍ਹਾਂ ਜਿਵੇਂ ਦੈੜੀ ਪਿੰਡ ਦੀ ਸ਼ਾਮਲਾਤ ਜ਼ਮੀਂਨ ਨੂੰ, ਤੁਹਾਡੇ ਟੱਬਰ ਦੇ ਜਬਾੜ੍ਹਿਆਂ ਵਿੱਚੋਂ ਬਚਾਇਆ ਗਿਆ ਹੈ ।
ਬੀਤੀ ਕੱਲ੍ਹ ਪਰੈੱਸ ਵਾਰਤਾ ਵਿੱਚ, ਸਾਬਕਾ ਸਿਹਤ ਮੰਤਰੀ, ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਸੀ, ਕਿ ਜੇ ਕੋਵਿਡ ਦੀ ਵੈਕਸੀਨ, ਮਹਾਂਮਾਰੀ ਦੀ ਸਿਖਰ ਸਮੇਂ, ਪ੍ਰਾਈਵੇਟ ਹਸਪਤਾਲਾਂ ਨੂੰ ਵੱਡੀ ਪੱਧਰ ਤੇ ਵੇਚ ਕੇ, ਸਰਕਾਰੀ ਵੈਕਸੀਨ ਦਾ ਅਵੈਧ ਵਪਾਰ ਹੋਇਆ ਹੈ ਅਤੇ ‘ਫਤਿਹ-ਕਿੱਟਾਂ’ ਵਿੱਚ ਵੱਡੀ ਧਾਂਦਲੀ ਹੋਈ ਹੈ, ਇਸ ਲਈ ਮੈਂ ਨਹੀਂ ਸਗੋਂ ਸਾਬਕਾ ਮੁੱਖ ਸਕੱਤਰ ਵਿੰਨੀ ਮਹਾਜਨ ਅਤੇ ਡਾਕਟਰ ਕੇ.ਕੇ ਤਲਵਾਰ ਜ਼ਿੰਮੇਵਾਰ ਹਨ। ਜੇ ਉਨ੍ਹਾਂ ਦਾ ਇਹ ਬਿਆਨ ਸਹੀ ਹੈ, ਤਾਂ ਬਤੌਰ ਸਾਬਕਾ ਮੰਤਰੀ, ਉਹ ਜੁਰੱਅਤ ਕਰਨ ਅਤੇ ਆਪਣਾ ਤਸਦੀਕਸ਼ੁਦਾ ਹਲਫੀਆ ਬਿਆਨ ਸਾਡੇ ਹਵਾਲੇ ਕਰੋ, ਅਸੀਂ ਤੁਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਸੋਂ ਇਸ ਮਾਮਲੇ ਦੀ, ਵਿਜੀਲੈਂਸ ਪਾਸੋਂ ਪੜਤਾਲ ਕਰਵਾਉਣ ਦੀ ਮੰਗ ਕਰਾਂਗੇ।ਬਲਬੀਰ ਸਿੰਘ ਸਿੱਧੂ ਨੂੰ ਇਹ ਵੀ ਤਾਂ ਦੱਸਣਾ ਚਾਹੀਦਾ ਹੈ, ਕਿ ਆਖਿਰ ਕੋਵਿਡ ਮਹਾਂਮਾਰੀ ਦੀ ਭਿਆਨਕਤਾ ਦੇ ਦਰਮਿਆਨ ਜਿਹੜੀ ਅਵੈਧ ਸ਼ਰਾਬ ਦੀ ਢੋਅ-ਢੁਆਈ , ਸਿਹਤ ਵਿਭਾਗ ਦੀਆਂ ‘ਐਂਬੂਲੈਂਸਾਂ’ ਵਿੱਚ ਹੁੰਦੀ ਸੀ, ਉਹ ਸ਼ਰਾਬ ਕਿਸਦੀ ਸੀ ? ਮੁਹਾਲੀ ਵਿੱਚ ਜਿਹੜੇ ਸ਼ਰਾਬ ਦੇ ਠੇਕਿਆਂ ਦੇ, ਮੁਹਰਲੇ ਦਰਵਾਜ਼ੇ ਲੋਕ ਦਿਖਾਵੇ ਲਈ ਬੰਦ ਕਰਕੇ, ਪਿਛਲੀ ਖਿੜਕੀ ਰਾਹੀਂ ਸ਼ਰਾਬ ਵੇਚੀ ਜਾਂਦੀ ਸੀ, ਉਹ ਠੇਕੇ ਕਿਸਦੇ ਸਨ ?
ਹੋਰ ਵੀ ਜੇ ਕਿਸੇ ਵਜ਼ਾਰਤ ਵਿੱਚੋਂ ਛਾਂਟੀ ਕੀਤੇ ਗਏ ਮੰਤਰੀ ਨੂੰ, ਆਪਣੀ ਇਮਾਨਦਾਰੀ ਬਾਰੇ ਕੋਈ ਭਰਮ-ਭੁਲੇਖਾ ਹੋਵੇ ਜਾਂ ਉਸ ‘ਵਿਚਾਰੇ’ ਨੂੰ ਬਲਬੀਰ ਸਿੰਘ ਸਿੱਧੂ ਵਾਂਗ, ਇਹ ਹੀ ਨਾ ਪਤਾ ਹੋਵੇ, ਕਿ ਉਸਦੀ ‘ਛਾਂਟੀ’ ਕਿਉਂ ਹੋਈ ਹੈ ? ਤਾਂ ਉਹ ਵੀ ਬਲਬੀਰ ਸਿੰਘ ਸਿੱਧੂ ਵਾਂਗ, ਪੱਤਰਕਾਰ ਵਾਰਤਾ ਰਾਹੀਂ ਦਾਅਵਾ ਕਰੇ, ਉਸਦੀ ਵੀ ਤਬੀਅਤ ਸਾਫ ਕਰ ਦਿੱਤੀ ਜਾਵੇਗੀ।
Author: Gurbhej Singh Anandpuri
ਮੁੱਖ ਸੰਪਾਦਕ