ਮੂਰਖ ਸਿਉ ਬੋਲੇ ਝਖ ਮਾਰੀ ॥
ਕਿਰਪਾਲ ਸਿੰਘ ਬਠਿੰਡਾ-88378-13661
ਮਿਤੀ 3-10-2021 ਨੂੰ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਹੋਈ ਸਿੱਖ ਇਤਿਹਾਸ ਵਿਸ਼ਵ ਕਾਨਰੰਸ ਸਮੇਂ ਆਪਣੇ ਆਪ ਨੂੰ ਡਾ: ਸਮਝਣ ਵਾਲੇ ਡਾ. ਅਨੁਰਾਗ ਸਿੰਘ ਜੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੇ ਫੇਸਬੁੱਕ ਪੇਜ਼ ’ਤੇ ਸ: ਪਾਲ ਸਿੰਘ ਪੁਰੇਵਾਲ ਦੀ 500 ਸਾਲਾ ਜੰਤਰੀ ’ਚੋਂ ਸਤੰਬਰ 1752 ਦਾ ਪੰਨਾ ਪਾ ਕੇ ਸਵਾਲ ਕੀਤੈ ਕਿ ਉਸ ਨੇ 14 ਸਤੰਬਰ 1752 ਨੂੰ ਦਿਨ ਵੀਰਵਾਰ ਲਿਖਿਆ ਹੈ ਜਦੋਂ ਕਿ ਸੋਮਵਾਰ ਹੋਣਾ ਚਾਹੀਦਾ ਸੀ ? ਜਵਾਬ ’ਚ ਸ: ਪੁਰੇਵਾਲ ਜੀ ਨੇ ਦਸਵੀਂ ਕਲਾਸ ’ਚ ਅੰਕ ਗਣਿਤ ਦੇ ਸਿਲੇਬਸ ਵਿੱਚ ਦਿੱਤੇ ਗਏ ਤਰੀਕੇ ਨਾਲ ਕੈਲਕੂਲੇਟ ਕਰ ਵਿਖਾ ਦਿੱਤਾ ਕਿ 14 ਸਤੰਬਰ 1752 ਗ੍ਰੈਗੋਰੀਅਨ ਨੂੰ ਦਿਨ ਵੀਰਵਾਰ ਆਉਂਦੈ, ਨਾ ਕਿ ਸੋਮਵਾਰ। ਉਨ੍ਹਾਂ ਨੇ ਕੰਨੂਪਿੱਲੇ ਦੀ ਜੰਤਰੀ ਦਾ ਭੀ ਸਤੰਬਰ 1752 ਦਾ ਪੰਨਾ, ਇੰਨਟਰਨੈੱਟ ਤੋਂ ਤਿਆਰ ਕੀਤੇ ਸਤੰਬਰ 1752 ਦੇ ਕੈਲੰਡਰ ਦੀ ਫ਼ੋਟੋ, Dershowiz ਅਤੇ Reingold ਦੇ ਸੌਫ਼ਟਵੇਅਰ ਰਾਹੀਂ 14 ਸਤੰਬਰ 1752 ਦੇ ਕੱਢੇ ਗਏ ਦਿਨ ਦੇ ਸਕਰੀਨ ਸ਼ਾਟ ਸਮੇਤ ਚਾਰ ਸਬੂਤਾਂ ਰਾਹੀਂ ਆਪਣੇ ਵੱਲੋਂ ਦਰਸਾਇਆ ਦਿਨ ਵੀਰਵਾਰ ਸਹੀ ਸਿੱਧ ਕੀਤਾ ਹੈ। ਹੁਣ ਤੁਸੀਂ ਇਸ ਨੂੰ ਠੀਕ ਮੰਨਦੇ ਹੋ ਜਾਂ ਗ਼ਲਤ ?, ਪਰ ਉਹ ਫਿਰ ਭੀ 14 ਸਤੰਬਰ ਨੂੰ ਸੋਮਵਾਰ ਕਹਿਣ ’ਤੇ ਅੜੇ ਰਹੇ। ਇਸ ਉਪਰੰਤ ਜੋ ਉਸ ਨਾਲ਼ ਸਵਾਲ ਜਵਾਬ ਹੋਏ ਉਹ ਸੰਖੇਪ ਰੂਪ ’ਚ ਹੇਠਾਂ ਦਿੱਤੇ ਜਾ ਰਹੇ ਹਨ। ਵੈਸੇ ‘ਇੱਲ ਦਾ ਜਵਾਬ ਕੁਕੜ’ ਦੇਣ ਵਾਲੇ ਡਾ. ਅਨੁਰਾਗ ਸਿੰਘ ਨੇ ਸ: ਪੁਰੇਵਾਲ ਜੀ ਨੂੰ ਚੈਲੰਜ ਭੀ ਕਰ ਦਿੱਤੈ ਕਿ ਉਹ 5 ਲੱਖ ਡਾਲਰ ਜਮ੍ਹਾਂ ਕਰਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਵੀਚਾਰ ਚਰਚਾ ਲਈ ਆਉਣ ਅਤੇ ਫ਼ੈਸਲਾ ਅਕਾਲ ਤਖ਼ਤ ਦਾ ਜਥੇਦਾਰ ਕਰੇਗਾ, ਜੋ ਖ਼ੁਦ ਕੈਲੰਡਰ ਗਿਆਨ ਤੋਂ ਵਾਕਫ਼ ਨਹੀਂ ਹੈ।
ਅਨੁਰਾਗ ਸਿੰਘ : ਪਾਲ ਸਿੰਘ ਪੁਰੇਵਾਲ ਨੂੰ ਇੱਥੇ ਆ ਕੇ ਕੀ ਤਕਲੀਫ ਹੁੰਦੀ ਹੈ ? ਬੁਲਾ ਲਵੋ ਇੱਥੇ। ਹੁਣ 5,00,000/ ਜਮ੍ਹਾ ਕਰਵਾਏ; ਘੋਸ਼ਿਤ ਇਨਾਮ ਲਈ ਅਕਾਲ ਤਖ਼ਤ ਸਾਹਿਬ ’ਤੇ ਖੁੱਲ੍ਹੀ ਬਹਿਸ ਹੋਵੇਗੀ।
ਜਵਾਬ: ਜਦ ਉਹ ਦਸਵੀਂ ਦੇ ਸਿਲੇਬਸ ਰਾਹੀਂ ਸਪਸ਼ਟ ਕਰ ਗਏ ਅਤੇ ਤਿੰਨ ਹੋਰ ਸਬੂਤ ਭੀ ਦੇ ਦਿੱਤੇ ਤਾਂ ਫਿਰ ਪੰਜਾਬ ਬੁਲਾ ਕੇ ਉਨ੍ਹਾਂ ਪਾਸੋਂ ਹੋਰ ਕੀ ਸਬੂਤ ਚਾਹੀਦੈ। ਜਾਂ ਤਾਂ ਤੁਸੀਂ, ਉਨ੍ਹਾਂ ਵੱਲੋਂ ਵਰਤਿਆ ਗਣਿਤ ਅਤੇ ਦਿੱਤੀਆਂ ਮਿਸਾਲਾਂ ਗ਼ਲਤ ਸਾਬਤ ਕਰੋ ਜਾਂ ਸਵੀਕਾਰ ਕਰ ਲਓ ਕਿ 14 ਸਤੰਬਰ 1752 ਨੂੰ ਵੀਰਵਾਰ ਹੈ, ਨਾ ਕਿ ਸੋਮਵਾਰ।
ਅਨੁਰਾਗ ਸਿੰਘ : ਕੰਨੂਪਿੱਲੇ ਨੇ 1699 ਦੀ ਵੈਸਾਖੀ ਨੂੰ 30 ਮਾਰਚ ਲਿਖਿਐ। ਉਸ ਦੀ ਮਿਸਾਲ ਦੇਣ ਵਾਲੇ ਪੁਰੇਵਾਲ ਨੇ 29 ਮਾਰਚ ਕਿਉਂ ਲਿਖੀ ਹੈ ?
ਜਵਾਬ: ਕੰਨੂਪਿੱਲੇ ਤਾਮਿਲਨਾਡੂ ਦਾ ਵਸਨੀਕ ਹੈ। ਓਥੋਂ ਦੇ ਨਿਯਮਾਂ ਮੁਤਾਬਕ ਜੰਤਰੀ ਬਣਾਈ ਹੈ, ਇਸ ਲਈ 30 ਮਾਰਚ ਗ਼ਲਤ ਨਹੀਂ, ਪਰ ਪੰਜਾਬ ਦੇ ਕੈਲੰਡਰ ਨਿਯਮਾਂ ਮਤਾਬਕ 29 ਮਾਰਚ ਸਹੀ ਹੈ।
ਅਨੁਰਾਗ ਸਿੰਘ : ਨਹੀ ਸਾਰੇ ਭਾਰਤ ’ਚ ਬਿਕ੍ਰਮੀ ਕੈਲੰਡਰ ਹੀ ਲਾਗੂ ਹੋਣ ਕਰਕੇ ਇੱਕੋ ਤਾਰੀਖ਼ ਹੁੰਦੀ ਹੈ।
ਜਵਾਬ : ਐੱਨ. ਸੀ. ਲਹਿਰੀ ਵੱਲੋਂ ਤਿਆਰ ਕੀਤੀ Lahiri’s Indian Ephemeris 2021 ਦੇ ਪੰਨਾ ਨੰ: 11 ਦੀ ਫੋਟੋ
ਦਿੱਤੀ ਜਾ ਰਹੀ ਹੈ, ਜਿਸ ਦੇ ਇੱਕੋ ਚਾਰਟ ’ਚ ਭਰਤ ਦੇ ਵੱਖ ਵੱਖ ਸੂਬਿਆਂ ਦੇ ਪ੍ਰਚਲਿਤ ਕੈਲੰਡਰ ਨਿਯਮਾਂ ਮੁਤਾਬਕ ਬਿਕ੍ਰਮੀ ਮਹੀਨਿਆਂ ਦੀ ਅਰੰਭਤਾ (ਸੰਗਰਾਂਦ) ਭੀ ਵੱਖ ਵੱਖ ਦਰਜ ਹੈ। ਇਸ ਮੁਤਾਬਕ ਤਾਮਿਲਨਾਡੂ ਅਤੇ ਪੰਜਾਬ ਦੀਆਂ ਕੁੱਝ ਸੰਗਰਾਂਦਾਂ ਮਿਲਦੀਆਂ ਹਨ, ਪਰ ਕਈਆਂ ’ਚ ਇੱਕ ਦਿਨ ਦਾ ਫ਼ਰਕ ਭੀ ਹੈ। ਪੱਛਮੀ ਬੰਗਾਲ ’ਚ ਇੱਕ ਜਾਂ ਦੋ ਦਿਨਾਂ ਦਾ ਫ਼ਰਕ ਹੈ। ਕੇਰਲਾ ਦੀਆਂ ਸੰਗਰਾਂਦਾਂ ਇਨ੍ਹਾਂ ਤਿੰਨੇ ਸੂਬਿਆਂ ਨਾਲੋਂ ਕੁੱਝ ਭਿੰਨ ਅਤੇ ਕੁਝ ਇੱਕ ਸਮਾਨ ਹਨ। ਇਸ ਸਾਲ 2021 ’ਚ ਵਾਰਾਨਸੀ ਤੋਂ ਛਪੀ ਚਿੰਤਾਹਰਣ ਪੰਚਾਂਗ ’ਚ ੧ ਵੈਸਾਖ; 14 ਜਨਵਰੀ ਨੂੰ ਹੈ
ਪਰ ਪੰਜਾਬ ’ਚ ਛਪੀ ਪਿੰਗਲਵਾੜਾ ਜੰਤਰੀ
’ਚ ੧ ਵੈਸਾਖ; 13 ਜਨਵਰੀ ਨੂੰ ਹੈ ਕਿਉਂਕਿ ਵਾਰਾਨਸੀ ’ਚ ਛਪਣ ਵਾਲੀ ਪੰਚਾਂਗ ਸੂਰਜੀ ਸਿਧਾਂਤ ਆਧਾਰਿਤ ਹੈ, ਜੋ ਕਿ ਗੁਰੂ ਕਾਲ ਸਮੇਂ ਪ੍ਰਚਲਿਤ ਸੀ, ਪਰ ਪੰਜਾਬ ’ਚ ਯੰਤਰੀ ਦ੍ਰਿਕ ਗਣਿਤ ਆਧਾਰਿਤ ਹੈ, ਜੋ 1964 ਵਿੱਚ ਹਿੰਦੂਆਂ ਵੱਲੋਂ ਸੋਧਿਆ ਗਿਆ ਹੈ। ਗੁਰੂ ਸਾਹਿਬਾਨ ਸਮੇਂ ਪ੍ਰਚਲਿਤ ਕੈਲੰਡਰ ਕਿਉਂ ਛੱਡੀਏ ? ਦੀ ਰੱਟ ਲਾਉਣ ਵਾਲਿਆਂ ਨੇ ਆਪ ਹੀ 1964 ’ਚ ਸੋਧਿਆ ਕੈਲੰਡਰ ਅਪਣਾਅ ਲਿਆ ਤੇ ਸੂਰਜ ਆਧਾਰਿਤ ਗੁਰੂ ਕਾਲ ਵਾਲ਼ਾ ਬਿਕ੍ਰਮੀ ਕੈਲੰਡਰ ਤਿਆਗ ਦਿੱਤਾ। ਦੂਜੇ ਪਾਸੇ ਸਿੱਖਾਂ ਵੱਲੋਂ ਸੰਨ 1999 ’ਚ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਮੰਨਣ ਤੋਂ ਇਨਕਾਰੀ ਭੀ ਹਨ।
ਅਨੁਰਾਗ ਸਿੰਘ : ਪੁਰੇਵਾਲ ਦਾ ਨਾਨਕਸ਼ਾਹੀ ਕੈਲੰਡਰ; ਸਾਕਾ ਕੈਲੰਡਰ ਦੀ ਨਕਲ ਹੈ।
ਜਵਾਬ : ਸਾਕਾ ਕੈਲੰਡਰ ਮੁਤਾਬਕ ਚੇਤ ਮਹੀਨਾ ਕਿਸੇ ਸਾਲ 22 ਮਾਰਚ ਨੂੰ ਆਰੰਭ ਹੁੰਦੈ ਅਤੇ ਕਿਸੇ ਸਾਲ 21 ਮਾਰਚ ਨੂੰ। ਚੇਤ ਮਹੀਨਾ ਕਿਸੇ ਸਾਲ 30 ਦਿਨਾਂ ਦਾ ਹੁੰਦੈ ਅਤੇ ਕਿਸੇ ਸਾਲ 31 ਦਿਨ ਦਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਹਰ ਸਾਲ 14 ਮਾਰਚ ਨੂੰ ਆਰੰਭ ਹੁੰਦਾ ਹੈ ਅਤੇ ਚੇਤ ਮਹੀਨਾ ਹਰ ਸਾਲ 31 ਦਿਨਾਂ ਦਾ ਹੈ, ਇਸ ਲਈ ਨਾਨਕਸ਼ਾਹੀ ਕੈਲੰਡਰ; ਸਾਕਾ ਕੈਲੰਡਰ ਦੀ ਨਕਲ ਕਿਵੇਂ ਹੋਇਆ ?
ਅਨੁਰਾਗ ਸਿੰਘ : ਸਾਕਾ ਕੈਲੰਡਰ ਤਾਂ ਭਾਰਤ ਸਰਕਾਰ ਨੇ 2012 ’ਚ ਬੰਦ ਕਰ ਦਿੱਤਾ।
ਜਵਾਬ : ਉਕਤ ਸਵਾਲ ਅਨੁਰਾਗ ਸਿੰਘ ਨੂੰ ਕੈਲੰਡਰ ਗਿਆਨ ਤੋਂ ਨਾਸਮਝ ਸਾਬਤ ਕਰਦਾ ਹੈ; ਇੱਥੇ ਕਲਕੱਤਾ (ਪੱਛਮੀ ਬੰਗਾਲ) ’ਚ ਛਪੀ ਪੰਚਾਂਗ Lahiri’s Indian Ephemeris 2021
ਪੰਜਾਬ ’ਚ ਛਪੀਆਂ ਦੋ ਪੰਚਾਂਗਾਂ- ਪੰਡਿਤ ਦੇਵੀ ਦਿਆਲ ਜੋਤਸ਼ੀ ਲਾਹੌਰ ਦੀ ਅਸਲੀ ਤਿੱਥ ਪਤਿਰਕਾ (ਛਾਪਕ ਭਾਈ ਚਤਰ ਸਿੰਘ, ਜੀਵਨ ਸਿੰਘ ਅੰਮ੍ਰਿਤਸਰ)
ਸ਼੍ਰੀ ਮਾਰਤੰਡ ਪੰਚਾਂਗ (ਕੁਰਾਲੀ)
ਅਤੇ ਵਾਰਾਨਸੀ (ਉਤਰ ਪ੍ਰਦੇਸ਼) ਤੋਂ ਛਪੀ ਚਿੰਤਾਹਰਣ ਪੰਚਾਂਗ
ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਸਾਰੀਆਂ ਹੀ ਪੰਚਾਂਗਾਂ ਵਿੱਚ ਸਾਕਾ ਸੰਮਤ ਮੁਤਾਬਕ ਤਾਰੀਖ਼ਾਂ ਵੀ ਦਰਜ ਹਨ।
ਅਨੁਰਾਗ ਸਿੰਘ : ਸ਼ਤਾਬਦੀ ਮਨਾਉਣ ਦੀ ਕਾਹਲ ’ਚ ਪੁਰੇਵਾਲ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਨ 1704 ’ਚ ਵਿਖਾ ਦਿੱਤੀ ਜਦੋਂ ਕਿ ਅਸਲ ਵਿੱਚ ਸ਼ਹੀਦੀ 1705 ’ਚ ਹੋਈ ਸੀ।
ਜਵਾਬ : ਇਤਿਹਾਸ ਦੀਆਂ ਕੁਝ ਪੁਸਤਕਾਂ ’ਚ ਸ਼ਹੀਦੀ 1704 ਅਤੇ ਕੁਝ ’ਚ 1705 ਲਿਖੀ ਹੋਈ ਹੈ। ਇੱਕ ਨੂੰ ਗ਼ਲਤ ਕਹਿ ਦੂਜੇ ਨੂੰ ਠੀਕ ਮੰਨਣਾ; ਵਿਅਕਤੀਗਤ ਨਿਰਣਾ ਹੁੰਦਾ ਹੈ। ਪੁਰੇਵਾਲ ਨੇ ਜ਼ਫ਼ਰਨਾਮੇ ਦੀ ਇੱਕ ਆਇਤ ਦਾ ਹਵਾਲਾ ਦੇ ਕੇ ਸਿੱਧ ਕਰਨ ਦਾ ਯਤਨ ਕੀਤੈ ਕਿ ਸ਼ਹੀਦੀ 1704 ਨੂੰ ਹੋਈ ਹੋਵੇਗੀ। ਵੈਸੇ ਸ਼ਹੀਦੀ ਸੰਨ ਬਾਰੇ ਨਿਰਣਾ ਕਰਨਾ; ਕੈਲੰਡਰ ਵਿੱਦਿਆ ਤੋਂ ਭਿੰਨ ਹੁੰਦੈ। ਕੈਲੰਡਰ ’ਚ ਪ੍ਰਚਲਿਤ ਇਤਿਹਾਸਕ ਤਿੱਥਾਂ ਹੀ ਲਈਆਂ ਗਈਆਂ।
ਅਨੁਰਾਗ ਸਿੰਘ : ਹੋਰ ਕੋਈ ਜਵਾਬ ਸੁਝਦਾ ਨਾ ਵੇਖ ਕਹਿਣ ਲੱਗੇ ਸ਼੍ਰੀ ਦਮਦਮਾ ਸਾਹਿਬ ਨੂੰ ਚੌਥਾ ਤਖ਼ਤ ਇਤਿਹਾਸ ’ਚ ਲਿਖਿਆ ਕਿਧਰੇ ਨਹੀਂ ਮਿਲਦਾ ਪਰ ਇਹ ਸਾਰੇ ਚੌਥਾ ਤਖ਼ਤ, ਚੌਥਾ ਤਖ਼ਤ ਅਲਾਪ ਰਹੇ ਹਨ।
ਕੋਲ ਖੜ੍ਹਾ ਅਨੁਰਾਗ ਸਿੰਘ ਦਾ ਇੱਕ ਸਮਰਥਕ ਮੁੱਦੇ ਤੋਂ ਭੜਕਾਉਣ ਲਈ ਬੋਲਿਆ : ਇਹ ਕੈਨੇਡਾ, ਅਮਰੀਕਾ ਵਾਲੇ ਪਹਿਲਾਂ ਗੁੱਡ ਫ਼ਰਾਈਡੇ ਤਾਂ ਪੱਕਾ ਨਿਸ਼ਚਿਤ ਕਰਵਾ ਲੈਣ ਫਿਰ ਅਸੀਂ ਵੀ ਗੁਰ ਪੁਰਬ ਨਿਸ਼ਚਿਤ ਕਰਵਾ ਲਵਾਂਗੇ।
ਜਵਾਬ : ਯਿਸੂ ਮਸੀਹ ਨੂੰ ਸਲੀਬ ਉੱਤੇ ਚਾੜ੍ਹੇ ਜਾਣ ਅਤੇ ਕਲਵਰੀ ਵਿਖੇ ਉਸ ਦੀ ਮੌਤ ਬਾਰੇ ਈਸਾਈਆਂ ਪਾਸ ਨਿਸ਼ਚਿਤ ਤਾਰੀਖ਼/ਸਾਲ ਦਾ ਕੋਈ ਰਿਕਾਰਡ ਹੀ ਨਹੀਂ। ਉਨ੍ਹਾਂ ਨੂੰ ਸਿਰਫ ਇਹ ਪਤਾ ਹੈ ਕਿ ਉਹ, ਬਸੰਤੀ ਸਮਰਾਤ (Spring Equinox) ਵਾਲੇ ਦਿਨ ਜਾਂ ਇਸ ਤੋਂ ਪਿੱਛੋਂ ਆਈ ਪਹਿਲੀ ਪੂਰਨਮਾਸ਼ੀ ਤੋਂ ਬਾਅਦ ਆਏ ਪਹਿਲੇ ਐਤਵਾਰ (ਈਸਟਰ ਸੰਡੇ) ਨੂੰ ਪਹਿਲਾ ਸ਼ੁੱਕਰਵਾਰ ਹੈ, ਬਾਰੇ ਹੀ ਜਾਣਦੇ ਸਨ ਤਾਹੀਓਂ ਸ਼ੁੱਕਰਵਰ ਨੂੰ ਗੁੱਡ ਫ਼ਰਾਈਡੇ ਅਤੇ ਐਤਵਾਰ ਨੂੰ ਈਸਟਰ ਸੰਡੇ ਨਿਸ਼ਚਿਤ ਕਰ ਲਿਆ। ਯਿਸੂ ਮਸੀਹ ਦੇ ਜਨਮ ਦਿਨ ਬਾਰੇ ਨਾ ਜਾਣਕਾਰੀ ਹੋਣ ਕਾਰਨ ਉਨ੍ਹਾਂ ਨੇ ਕ੍ਰਿਸਮਿਸ ਡੇ ਪੱਕੇ ਤੌਰ ’ਤੇ 25 ਦਸੰਬਰ ਨਿਸ਼ਚਿਤ ਕਰ ਲਿਆ।
ਅਨੁਰਾਗ ਸਿੰਘ : ਸਾਡੇ ਪਾਸ ਪੋਹ ਸੁਦੀ ੭ ਹੈ; ਅਸੀਂ ਇਹ ਨਿਸ਼ਚਿਤ ਕਰ ਲਈ।
ਜਵਾਬ : ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਇਤਿਹਾਸ ’ਚ ੨੩ ਪੋਹ, ਪੋਹ ਸੁਦੀ ੭ ਬਿਕ੍ਰਮੀ ਸੰਮਤ ੧੭੨੩ ਮੁਤਾਬਕ 22 ਦਸੰਬਰ 1666 ਸੀ. ਈ. ਲਿਖਿਆ ਹੈ, ਨਾ ਕਿ ਇਕੱਲਾ ਪੋਹ ਸੁਦੀ ੭, ਅਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਪੱਧਤੀ ਦੀ ਤਾਰੀਖ਼ ਨਿਸ਼ਚਿਤ ਕਰ ਸਕਦੇ ਹਾਂ। ਪੋਹ ਸੁਦੀ ੭ ਹਰ ਸਾਲ ਬਦਲਵੀਆਂ ਤਾਰੀਖ਼ਾਂ ਨੂੰ ਆਉਂਦੀ ਹੈ, ਇਸ ਲਈ ੨੩ ਪੋਹ ਨਿਸ਼ਚਿਤ ਕਰ ਲਿਆ ਤਾਂ ਇਸ ਵਿੱਚ ਕੀ ਗ਼ਲਤ ਹੈ ?
ਅਨੁਰਾਗ ਸਿੰਘ : ਅਸੀਂ ਤਾਂ ਉਹ ਤਾਰੀਖ਼ ਰੱਖਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਹੈ।
ਜਵਾਬ : ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਪੋਹ ਸੁਦੀ ੭ ਜਾਂ ਕੋਈ ਹੋਰ; ਦਰਜ ਹੀ ਨਹੀਂ।
ਅਨੁਰਾਗ ਸਿੰਘ : ਜੋਤੀ ਜੋਤ ਸਮਾਉਣ ਦੀਆਂ ਤਿੱਥਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ, ਉਹ ਕਿਹੜੀਆਂ ਪੁਰੇਵਾਲ ਨੇ ਮੰਨ ਲਈਆਂ ?
ਜਵਾਬ : (ਗੁਰੂ ਗ੍ਰੰਥ ਸਾਹਿਬ ਜੀ ’ਚ ਨਹੀਂ ਹਨ ਬਲਕਿ) ਕਰਤਾਰਪੁਰੀ ਬੀੜ ਵਿੱਚ ਜਿਹੜੀਆਂ ਚੰਦਰ ਤਿੱਥਾਂ ਦਰਜ ਹਨ ਉਨ੍ਹਾਂ ਨੂੰ ਹੀ ਸੂਰਜੀ ਪ੍ਰਵਿਸ਼ਟਿਆਂ ’ਚ ਤਬਦੀਲ ਕਰਕੇ ਲਿਖਿਆ ਹੈ, ਪਰ ਤੁਸੀਂ ਉਨ੍ਹਾਂ ਨੂੰ ਗ਼ਲਤ ਕਹਿ ਰਹੇ ਹੋ। ਚੰਦਰ ਤਿੱਥਾਂ ਮੁਤਾਬਕ ਮਨਾਉਣ ’ਚ ਇਹ ਘਾਟ ਹੈ ਕਿ ਕਦੀ ਗੁਰ ਪੁਰਬ 354/55 ਦਿਨਾਂ ਪਿੱਛੋਂ ਅਤੇ ਕਦੀ 383/84 ਦਿਨਾਂ ਪਿੱਛੋਂ ਆਉਂਦੇ ਹਨ, ਜਿਸ ਨਾਲ਼ ਦੁਨੀਆਂ ਭਰ ’ਚ ਸਰਕਾਰੀ ਤੇ ਗੈਰ ਸਾਰਕਾਰੀ ਕੰਮਾਂ-ਕਾਜਾਂ ਲਈ ਵਰਤੇ ਜਾਂਦੇ ਸਾਂਝੇ ਕੈਲੰਡਰ ’ਚ ਇੱਕ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਾਲ ’ਚ ਦੋ ਵਾਰ ਆ ਜਾਂਦਾ ਹੈ ਅਤੇ ਇੱਕ ਸਾਲ ਆਉਂਦਾ ਹੀ ਨਹੀਂ।
ਅਨੁਰਾਗ ਸਿੰਘ : ਪੁਰੇਵਾਲ ਦੇ ਕੈਲੰਡਰ ’ਚ ਭੀ ਹੋਲਾ ਮਹੱਲਾ ਕਿਸੇ ਸਾਲ ਦੋ ਵਾਰ ਆ ਜਾਂਦਾ ਹੈ ਅਤੇ ਕਿਸੇ ਸਾਲ ਆਉਂਦਾ ਨਹੀਂ।
ਜਵਾਬ : ਪੁਰੇਵਾਲ ਨੇ ਤਾਂ ਹੋਲੇ ਮਹੱਲੇ ਲਈ ਸੂਰਜੀ ਪ੍ਰਵਿਸ਼ਟਾ ੧ ਚੇਤ ਨਿਸ਼ਚਿਤ ਕੀਤੈ, ਜੋ ਹਰ ਸਾਲ ਇੱਕ ਵਾਰ ਆਵੇਗਾ, ਨਾ ਕਿ ਦੋ ਵਾਰ। ਤੁਹਾਡੇ ਵਰਗਿਆਂ ਦੀ ਜ਼ਿਦ ਕਾਰਨ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਪਹਿਲਾਂ ਆਪਣਾ ਫ਼ੈਸਲਾ ਸੁਣਾਇਆ ਕਿ ਚਲਦੀ ਰਵਾਇਤ ਮੁਤਾਬਕ ਤਿੰਨ ਦਿਹਾੜੇ; ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ, ਬੰਦੀ ਛੋੜ ਦਿਵਸ ਹਿੰਦੂਆਂ ਦੀ ਦੀਵਾਲੀ ਵਾਲੇ ਦਿਨ ਅਤੇ ਹੋਲਾ ਮਹੱਲਾ ਚੇਤ ਵਦੀ ੧ ਨੂੰ ਹੀ ਰਹਿਣ ਦਿੱਤੇ ਜਾਣ, ਜਿਸ ’ਤੇ 20 ਸਾਲਾਂ ਤੱਕ ਮੁੜ ਵੀਚਾਰ ਕਰ ਲਈ ਜਾਵੇਗੀ। ਇਸ ਲਈ ਦੋ ਵਾਰ ਹੋਲਾ ਮਹੱਲਾ ਆਉਣ ਦਾ ਜ਼ਿੰਮੇਵਾਰ ਬਿਕ੍ਰਮੀ ਕੈਲੰਡਰ ਹੈ, ਨਾ ਕਿ ਨਾਨਕਸ਼ਾਹੀ ਕੈਲੰਡਰ।
ਅਨੁਰਾਗ ਸਿੰਘ : ਵੇਦਾਂਤੀ ਦਾ ਅੰਤ ਤੁਸੀਂ ਵੇਖ ਹੀ ਲਿਆ।
ਜਵਾਬ : ਤੁਹਾਡੇ ਮੁਤਾਬਕ ਵੇਦਾਂਤੀ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ’ਚ ਯੋਗਦਾਨ ਪਾਇਆ ਇਸ ਕਾਰਨ ਉਸ ਨੂੰ ਅਹੁਦੇ ਤੋਂ ਹਟਾਇਆ ਗਿਆ ਤਾਂ ਫਿਰ ਗਿਆਨੀ ਗੁਰਬਚਨ ਸਿੰਘ ਨੇ ਤਾਂ ਤੁਹਾਡੀ ਇੱਛਾ ਪੂਰਤੀ ਲਈ ਨਾਨਕਸ਼ਾਹੀ ਕੈਲੰਡਰ ਵੀ ਰੱਦ ਕੀਤਾ ਸੀ। ਅੰਤ ਵੇਲੇ ਜਿਹੜੀ ਇੱਜ਼ਤ ਉਸ ਨੂੰ ਮਿਲੀ ਉਸ ਸੰਬੰਧ ’ਚ ਤੁਹਾਡਾ ਕੀ ਕਹਿਣਾ ਹੈ ?
ਅਨੁਰਾਗ ਸਿੰਘ ਅਤੇ ਉਸ ਦਾ ਸਮਰਥਕ : ਚੇਤ ਵਦੀ ੧ ਵੀ ਬਿਕ੍ਰਮੀ ਕੈਲੰਡਰ ’ਚ ਸਾਲ ਵਿੱਚ ਇੱਕ ਵਾਰ ਹੀ ਆਉਂਦੀ ਹੈ।
ਜਵਾਬ : ਭਲਾ ਦੱਸੋ ਖਾਂ ਬਿਕ੍ਰਮੀ ਸਾਲ ੧ ਚੇਤ ਤੋਂ ਅਰੰਭ ਹੁੰਦਾ ਹੈ ਜਾਂ ਚੇਤ ਵਦੀ ੧ ਤੋਂ ਜਾਂ ਚੇਤ ਸੁਦੀ ੧ ਤੋਂ ?
ਸਮਰਥਕ; ਅਨੁਰਾਗ ਸਿੰਘ ਦੇ ਮੂੰਹ ਵੱਲ ਵੇਖਣ ਲੱਗਾ ਅਤੇ ਅਨੁਰਾਗ ਸਿੰਘ ਕਹਿਣ ਲੱਗੇ ਤੁਸੀਂ ਸਾਡਾ ਇਮਤਿਹਾਨ ਲੈ ਰਹੇ ਹੋ ?
ਜਵਾਬ : ਇਮਤਿਹਾਨ ਨਹੀਂ; ਮੇਰਾ ਮਤਲਬ ਹੈ ਕਿ ਜਦ ਸਾਨੂੰ ਬਿਕ੍ਰਮੀ ਚੰਦਰ ਤਿੱਥਾਂ ਦੀ ਪੂਰੀ ਸਮਝ ਹੀ ਨਹੀਂ ਤਾਂ ਇਨ੍ਹਾਂ ਨਾਲ ਚਿਪਕ ਕੇ ਰਹਿਣ ਦਾ ਕੀ ਲਾਭ ? ਜੰਤਰੀਆਂ/ਪੰਚਾਂਗਾਂ ਵਿੱਚ ਕਦੀ ਪੋਹ ਸੁਦੀ ੭ ਦੋ ਵਾਰ ਆ ਜਾਂਦੀ ਹੈ ਅਤੇ ਕਦੀ ਇੱਕ ਵਾਰ ਭੀ ਨਹੀਂ ਆਉਂਦੀ ਤਾਂ ਉਸ ਸਾਲ ਗੁਰ ਪੁਰਬ ਕਿਹੜੀ ਤਾਰੀਖ਼ ਨੂੰ ਮਨਾਇਆ ਜਾਵੇ ?
ਅਨੁਰਾਗ ਸਿੰਘ : ਐਸਾ ਕਦੀ ਹੋ ਹੀ ਨਹੀਂ ਸਕਦਾ, ਪੋਹ ਸੁਦੀ ਹਰ ਸਾਲ ਇੱਕ ਵਾਰ ਹੀ ਆਉਂਦੀ ਹੈ।
ਜਵਾਬ : ਪੰਜਾਬ ਵਿੱਚ ਛਪੀਆਂ ਸਮੂਹ ਪੰਚਾਂਗਾਂ/ਜੰਤਰੀਆਂ ਵਿੱਚ ਇਸ ਸਾਲ (2021 ’ਚ) ਚੇਤਰ ਮਹੀਨੇ ਦੀ ਮੱਸਿਆ ਲਗਾਤਰ ਦੋ ਦਿਨ 11 ਅਤੇ 12 ਅਪ੍ਰੈਲ ਨੂੰ ਹੈ। 2 ਅਪ੍ਰੈਲ, ੨੦ ਚੇਤ ਸ਼ੁੱਕਰਵਾਰ ਨੂੰ ਚੇਤਰ ਵਦੀ ੫ ਹੈ ਅਤੇ ਅਗਲੇ ਦਿਨ ਸ਼ਨੀਵਾਰ 3 ਅਪ੍ਰੈਲ, ੨੧ ਚੇਤ ਨੂੰ ਚੇਤਰ ਵਦੀ ੭ ਹੈ; ਇਸੇ ਤਰ੍ਹਾਂ ਦਿਨ ਮੰਗਲਵਾਰ 27 ਅਪ੍ਰੈਲ, ੧੫ ਵੈਸਾਖ ਨੂੰ ਚੇਤਰ ਸੁਦੀ ਪੂਰਨਮਾਸ਼ੀ ਅਤੇ ਅਗਲੇ ਦਿਨ ਬੁੱਧਵਾਰ 28 ਅਪ੍ਰੈਲ, ੧੬ ਵੈਸਾਖ ਨੂੰ ਵੈਸਾਖ ਵਦੀ ੨ ਹੈ; ਭਾਵ ਚੇਤ ਵਦੀ ੬ ਅਤੇ ਵੈਸਾਖ ਵਦੀ ੧; ਦੋਵੇਂ ਤਿਥਾਂ ਖ਼ੈਯ ਹੋ ਗਈਆਂ। ਇਨ੍ਹਾਂ ਤਿੱਥਾਂ ਦੀ ਤਰ੍ਹਾਂ ਇਹ ਵੀ ਹੋ ਸਕਦਾ ਹੈ ਕਿ ਕਦੀ ਪੋਹ ਸੁਦੀ ੭ ਸਾਲ ਵਿੱਚ ਦੋ ਵਾਰ ਆਵੇ ਤੇ ਕਦੀ ਆਵੇ ਹੀ ਨਾ; ਜਿਵੇਂ ਕਿ ਜਨਵਰੀ 1713, ਜਨਵਰੀ 1970, ਦਸੰਬਰ 1975 ਸੀ. ਈ. ਵਿੱਚ ਪੋਹ ਸੁਦੀ ੭ ਖ਼ੈਯ (ਖਤਮ) ਹੋ ਗਈ। ਜਨਵਰੀ 2051 ’ਚ ਵੀ ਪੋਹ ਸੁਦੀ ੭ ਨਹੀਂ ਆਵੇਗੀ। ਵੇਖੋ ਸਬੰਧਿਤ ਸਾਲਾਂ ਦੇ ਕੈਲੰਡਰ
ਇਹ ਸਿਰਫ ਮਿਸਾਲ ਦੇ ਤੌਰ ’ਤੇ ਹੈ, ਜੰਤਰੀਆਂ ਦੇ ਹੋਰ ਪੰਨੇ ਫਰੋਲੇ ਜਾਣ ਤਾਂ ਅਜਿਹੀਆਂ ਹੋਰ ਬਹੁਤ ਸਾਰੀਆਂ ਤਾਰੀਖ਼ਾਂ ਮਿਲ ਜਾਣਗੀਆਂ
ਅਜਿਹੀ ਦੁਬਿਧਾ ਕਾਰਨ ਸ਼੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਿਕ੍ਰਮੀ ਕੈਲੰਡਰ ਅਨੁਸਾਰ ਸਾਰੇ ਦਿਹਾੜੇ ਮਨਾਉਣ ਦੇ ਬਾਵਜੂਦ ਸੰਨ 2019 ’ਚ ਸ਼੍ਰੋਮਣੀ ਕਮੇਟੀ ਨੇ ਹੋਲਾ ਮਹੱਲਾ ਦਿਨ ਵੀਰਵਾਰ ੮ ਚੇਤ ਮੁਤਾਬਕ 21 ਮਾਰਚ ਨੂੰ ਮਨਾਇਆ ਅਤੇ ਨਿਹੰਗ ਸਿੰਘਾਂ ਨੇ ਅਗਲੇ ਦਿਨ ਸ਼ੁੱਕਰਵਾਰ ੯ ਚੇਤ ਮੁਤਾਬਕ 22 ਮਾਰਚ ਨੂੰ। ਅਜਿਹਾ 10-15 ਸਾਲ ਪਿੱਛੋਂ ਮੁੜ ਜ਼ਰੂਰ ਵਾਪਰਨਾ ਹੈ।
ਸੰਨ 2000 ’ਚ ਤਖ਼ਤ ਪਟਨਾ ਸਾਹਿਬ ਵਾਲਿਆਂ ਨੇ ਉੱਥੇ ਪ੍ਰਚਲਿਤ ਨਿਯਮਾਂ ਵਾਲੀ ਪੰਚਾਂਗ ਅਨੁਸਾਰ ਦਿਨ ਵੀਰਵਾਰ ੧ ਮਾਘ, 13 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਮਨਾਇਆ ਅਤੇ ਪੰਜਾਬ ’ਚ ਅਗਲੇ ਦਿਨ ਸ਼ੁੱਕਰਵਾਰ ੨ ਮਾਘ ਮੁਤਾਬਕ 14 ਜਨਵਰੀ ਨੂੰ ਮਨਾਇਆ।
ਸ਼੍ਰੋਮਣੀ ਕਮੇਟੀ ਦੇ ਕੈਲੰਡਰ ’ਚ ਆਮ ਤੌਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ 10/11 ਦਿਨ ਪਿੱਛੋਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਿਖਾਈ ਜਾਂਦੀ ਹੈ। ਸੰਨ 2018 ’ਚ ਚੰਦਰ ਜੇਠ ਮਹੀਨੇ ਦੋ ਮਹੀਨੇ ਆ ਜਾਣ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਤਾਂ ੨੫ ਵੈਸਾਖ ਵਿਖਾਇਆ ਗਿਆ ਪਰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ੩ ਹਾੜ ਵਿਖਾਏ ਜਾਣ ਕਰਕੇ ਦੋਵਾਂ ਪੁਰਬਾਂ ’ਚ ਅੰਤਰ 40 ਦਿਨ ਪੈ ਗਿਆ। ਸਵਾ;ਖੜ੍ਹੇ ਹੋਣ ’ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਇੱਕ ਮਹੀਨਾ ਲੇਟ ਕਰ ਦਿੱਤਾ ਜਦੋਂ ਕਿ ਕਰਨਲ ਨਿਸ਼ਾਨ ਦੇ ਗੁਰਪੁਰਬ ਦਰਪਣ ’ਚ ਦੋਂਵੇ ਪੁਰਬ ਇੱਕ ਮਹੀਨਾ ਪਹਿਲਾਂ ਵਿਖਾ ਦਿੱਤੇ।
21 ਸਾਲਾਂ ’ਚ ਵੀ ਅਨੁਰਾਗ ਸਿੰਘ ਜੀ ਸ਼੍ਰੋਮਣੀ ਕਮੇਟੀ, ਨਿਹੰਗਾਂ ਸਿੰਘਾਂ ਅਤੇ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕਾਂ ਵਿੱਚੋਂ ਕਿਸੇ ਨੂੰ ਵੀ ਇਹ ਸਮਝਾ ਨਾ ਸਕੇ ਕਿ ਇਨ੍ਹਾਂ ਵਿੱਚੋਂ ਕਿਹੜੀਆਂ ਤਿੱਥਾਂ/ਤਾਰੀਖ਼ਾਂ ਠੀਕ ਹਨ ਤੇ ਕਿਹੜੀਆਂ ਗ਼ਲਤ।
ਕੋਈ ਜਵਾਬ ਨਾ ਸੁਝਦਾ ਵੇਖ ਮੁੱਦੇ ਤੋਂ ਭੜਕਾਉਣ ਲਈ ਅਨੁਰਾਗ ਸਿੰਘ ਦਾ ਸਮਰਥਕ ਕਹਿਣ ਲੱਗਾ; ਹਰਦੇਵ ਸਿੰਘ ਜੰਮੂ ਕਹਿ ਰਿਹਾ ਹੈ ਕਿ ਪੁਰੇਵਾਲ 5 ਕੇ ਚੈੱਨਲ ’ਤੇ ਆਪਣੀ ਵਾਰੀ ਲੈਣ ਪਿੱਛੋਂ ਮੇਰੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਗਿਆ। ਪੁਰੇਵਾਲ ਨੂੰ ਕਹੋ ਉਸ ਦੇ ਸਵਾਲਾਂ ਦੇ ਜਵਾਬ ਦੇਣ।
ਜਵਾਬ: ਪਹਿਲਾਂ ਹਰਦੇਵ ਸਿੰਘ ਜੰਮੂ ਦੀ ਸੁਣ ਲਵੋ, ਜੋ ਕਹਿ ਰਿਹੈ ‘‘ਕਲੈਂਡਰ ਸਬੰਧੀ ਵਾਰਾਂ ਦੀਆਂ ਗਿਣਤੀਆਂ ਅਤੇ ੫,੦੦੦,੦੦ ਡਾਲਰ ਦੀ ਜੂਆਨੂਮਾਂ ‘ਸ਼ਰਤ’ ਬਹੁਤ ਹੀ ਸ਼ਰਮਸਾਰ ਕਰ ਦੇਣ ਵਾਲੀ ਗੱਲ ਹੈ ਕਿ ਕੈਲੰਡਰ ਵਰਗੇ ਸੰਜੀਦਾ ਵਿਸ਼ੇ ਨੂੰ, ‘ਕਿਸੇ ਦਿਨ ਕੀ ਵਾਰ ਸੀ ?’ ਵਰਗੇ ਸਵਾਲ ਤੱਕ ਸੀਮਤ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ! ਭਾਸ਼ਾ ਕਿਸੇ ਦੀ ਵੀ ਹੋਵੇ ਚੰਗੀ ਹੋਣੀ ਚਾਹੀਦੀ ਹੈ। ਇਸ ਸਬੰਧ ਵਿਚ ਜੇ ਕਰ ਡਾ. ਅਨੁਰਾਗ ਸਿੰਘ ਜੀ ਨੇ ਪੁਰੇਵਾਲ ਜੀ ਲਈ ਮਾੜੀ ਭਾਸ਼ਾ ਵਰਤੀ ਹੈ ਤਾਂ ਠੀਕ ਨਹੀਂ ਅਤੇ ਪਾਲ ਸਿੰਘ ਪੁਰੇਵਾਲ ਜੀ ਵਲੋਂ ਕਿਸੇ ਨੂੰ ਵਾਰ ਵਾਰ ਮੂਰਖ ਲਿਖਣਾ ਵੀ ਸ਼ਰਮਨਾਕ ਹੈ’’।
ਜਵਾਬ : ਭਾਰਤ ਦੇ ਗੋਦੀ ਮੀਡੀਏ ਦੀਆਂ ਅੱਖਾਂ ’ਚ ਪਏ ਟੀਰ ਵਾਙ ਹਰਦੇਵ ਸਿੰਘ ਜੰਮੂ ਦੀ ਨਿਗ੍ਹਾ ਅਤੇ ਸੋਚ ਵਿੱਚ ਵੀ ਟੀਰ ਪਿਆ ਹੈ, ਇਸ ਲਈ ਉਸ ਨੂੰ ਤਸ਼ਵੀਰ ਦਾ ਕੇਵਲ ਇੱਕ ਪਾਸਾ ਦਿੱਸ ਰਿਹਾ ਹੈ। ਹਰਦੇਵ ਸਿੰਘ ਦੁਨੀਆਂ ਭਰ ਦਾ ਕੋਈ ਵੀ ਐਸਾ ਕੈਲੰਡਰ ਜਾਂ ਐਸੀ ਪੰਚਾਂਗ/ਜੰਤਰੀ ਤਾਂ ਵਿਖਾ ਦੇਣ ਜਿਸ ਵਿੱਚ ਤਾਰੀਖ਼ਾਂ ਨਾਲ ਹਫ਼ਤੇ ਦੇ ਦਿਨ ਨਾ ਦਿੱਤੇ ਹੋਣ। ਜੇ ਕਿਸੇ ਖ਼ਾਸ ਇੱਕ ਵੀ ਤਾਰੀਖ਼ ਨੂੰ ਹਫ਼ਤੇ ਦਾ ਦਿਨ ਗ਼ਲਤ ਲਿਖਿਆ ਗਿਆ ਤਾਂ ਉਸ ਪਿਛੋਂ ਆਉਣ ਵਾਲੀਆਂ ਸਾਰੀਆਂ ਤਾਰੀਖ਼ਾਂ ਗ਼ਲਤ ਹੋ ਜਾਣਗੀਆਂ; ਜਿਸ ਦਾ ਭਾਵ ਹੈ ਕਿ ਤਾਰੀਖ਼ਾਂ ਦਾ ਹਫ਼ਤੇ ਦੇ ਦਿਨਾਂ ਨਾਲ ਗੂੜਾ ਸਬੰਧ ਹੈ। ‘ਕਿਸੇ ਦਿਨ ਕੀ ਵਾਰ ਸੀ ?’ ਨੂੰ ਮਾਮੂਲੀ ਗੱਲ ਸਮਝਣ ਵਾਲੇ ਹਰਦੇਵ ਸਿੰਘ ਦੀ ਕੈਲੰਡਰ ਵਿਗਿਆਨ ਬਾਰੇ ਅਗਿਆਨਤਾ ਦਾ ਅੰਦਾਜ਼ ਇਸੇ ਗੱਲੋਂ ਲਾਇਆ ਜਾ ਸਕਦਾ ਹੈ।
ਅਨੁਰਾਗ ਸਿੰਘ ਅਤੇ ਡਾ: ਹਰਜਿੰਦਰ ਸਿੰਘ; ਪਿਛਲੇ ਕਈ ਸਾਲਾਂ ਤੋਂ ਸ: ਪੁਰੇਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਲਈ ਜਿਹੜੀ ਭਾਸ਼ਾ ਵਰਤ ਰਹੇ ਹਨ ਉਨ੍ਹਾਂ ਦੀ ਭਾਸ਼ਾ ਤੋਂ ਹਰਦੇਵ ਸਿੰਘ ਕਦੀ ਵੀ ਸ਼ਰਮਸ਼ਾਰ ਨਹੀਂ ਹੋਏ; ਪਰ ਜੇ ਸ: ਪੁਰੇਵਾਲ ਨੇ ਪਹਿਲੀ ਵਾਰ ਅਨੁਰਾਗ ਸਿੰਘ ਦੀ ਭਾਸ਼ਾ ’ਚ ਜਵਾਬ ਦਿੱਤਾ ਤਾਂ ਹਰਦੇਵ ਸਿੰਘ ਨੂੰ ਬਹੁਤ ਹੀ ਸ਼ਰਮਨਾਕ ਲੱਗਾ ਜਦੋਂ ਕਿ ਅਨੁਰਾਗ ਸਿੰਘ ਪ੍ਰਤੀ ਸ਼ਬਦ ‘ਜੇ’ ਵਰਤ ਕੇ ਦਰਸਾ ਰਹੇ ਹਨ; ਜਿਵੇਂ ਕਿ ਉਸ ਨੇ ਸੁਣੇ ਨਹੀਂ ਯਾਨੀ ਸ਼ਾਇਦ ਨਾ ਕਹੇ ਹੋਣ।
ਕਰਨਲ ਸੁਰਜੀਤ ਸਿੰਘ ਨਿਸ਼ਾਨ ਸੀ ਨੇ ਭੀ ਦਸੰਬਰ 2016 ’ਚ ਲਿਖੀ ਆਪਣੀ ਪੁਸਤਕ ਗੁਰ ਪੁਰਬ ਦਰਪਣ ਦੇ ਪੰਨਾ 95 ’ਤੇ 18 ਨਵੰਬਰ ਦੇ ਅਜੀਤ ਅਖ਼ਬਾਰ ’ਚ ਆਪਣੇ ਵੱਲੋਂ ਛਪਵਾਈ ਖ਼ਬਰ ਦੀ ਨਕਲ ਛਾਪੀ ਹੈ, ਜਿਸ ’ਚ ਉਸ ਨੇ ਨਾਨਕਸ਼ਾਹੀ ਕੈਲੰਡਰ ਨੂੰ ਚੁਣੌਤੀ ਦਿੰਦਿਆ ਲਿਖਿਆ ਹੈ ਕਿ ਜੇ ਪੁਰੇਵਾਲ ਅਤੇ ਉਨ੍ਹਾਂ ਦੀ 11 ਮੈਂਬਰੀ ਕਮੇਟੀ ਨਾਨਕਸ਼ਾਹੀ ਕੈਲੰਡਰ ਦੀ ਇੱਕ ਵੀ ਸੂਰਜੀ ਤਾਰੀਖ਼ ਇਤਿਹਾਸ ਮੁਤਾਬਕ ਸਹੀ ਸਾਬਤ ਕਰ ਦੇਣ ਤਾਂ ਉਹ (ਕਰਨਲ ਨਿਸ਼ਾਨ) ਇੱਕ ਲੱਖ ਰੁਪਏ ਇਨਾਮ ਦੇਣਗੇ। ਕਰਨਲ ਨਿਸ਼ਾਨ ਦਾ ਇਹ ਐਲਾਨ ਹਰਦੇਵ ਸਿੰਘ ਨੂੰ ਕਦੀ ਜੂਆ ਨੁਮਾ ਨਹੀਂ ਲੱਗਿਆ।
ਸਿਆਟਲ (ਅਮਰੀਕਾ) ’ਚ ਹੋਈ ਕਾਨਫਰੰਸ ’ਚ ਸ: ਪੁਰੇਵਾਲ ਨੇ ਕਰਨਲ ਨਿਸ਼ਾਨ ਨੂੰ ਚੁਣੌਤੀ ਦਿੱਤੀ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਕਮੇਟੀ ਵੱਲੋਂ ਦਿੱਤੀਆਂ ਸਾਰੀਆਂ ਤਾਰੀਖ਼ਾਂ ਉਹ ਅੰਤਰਰਾਸ਼ਟਰੀ ਯੂਨੀਵਰਸਟੀਆਂ ਦੇ ਕੈਲੰਡਰ ਦੇ ਮਾਹਰ ਵਿਗਿਆਨੀਆਂ ਅਤੇ ਪੰਚਾਂਗਕਾਰਾਂ ਦੀ ਕਿਸੇ ਵੀ ਕਮੇਟੀ ਕੋਲੋਂ ਚੈੱਕ ਕਰਵਾ ਸਕਦੇ ਹਨ। ਉਹ 100% ਠੀਕ ਹਨ ਪਰ ਉਸ ਦੀ ਪੁਸਤਕ ਦੇ ਪੰਨਾ ਨੰਬਰ 79 ’ਤੇ ਬੰਦੀ ਛੋੜ ਪੁਰਬ (ਦੀਵਾਲੀ) ਦੀਆਂ ਦਿੱਤੀਆਂ ਤਾਰੀਖ਼ਾਂ ’ਚੋ ਜੇ ਉਹ 100% ਸਹੀ ਸਾਬਤ ਕਰ ਦੇਣ ਤਾਂ ਉਸ ਨੂੰ 5 ਲੱਖ ਰੁਪਏ ਇਨਾਮ ਵਜੋਂ ਦੇਣਗੇ। ਜੇ 90% ਸਹੀ ਸਾਬਤ ਕਰ ਦੇਣ ਤਾਂ 4 ਲੱਖ; ਜੇ 80% ਠੀਕ ਹੋਣ ਤਾਂ 3 ਲੱਖ, 70% ਸਹੀ ਹੋਣ ਤਾਂ 2 ਲੱਖ ਰੁਪਏ ਇਨਾਮ ਵਜੋਂ ਦੇਣਗੇ। ਪ੍ਰਬੰਧਕਾਂ ਨੇ ਪੁਰੇਵਾਲ ਸਾਹਿਬ ਦੇ ਇਸ ਐਲਾਨ ਤੋਂ ਉਤਸ਼ਾਹਿਤ ਹੋ ਕੇ ਰਾਸ਼ੀ 5 ਲੱਖ ਰੁਪਏ ਤੋਂ ਵਧਾ ਕੇ 5 ਲੱਖ ਡਾਲਰ ਕਰ ਦਿੱਤੀ ਤੇ ਇਨਾਮ ਪ੍ਰਾਪਤ ਕਰਨ ਲਈ 90 ਦਿਨਾਂ ਦੀ ਡੈੱਡ ਲਾਈਨ ਨਿਸ਼ਚਿਤ ਕਰ ਦਿੱਤੀ। ਇਸ ਘੋਸ਼ਿਤ ਇਨਾਮ ਦਾ ਸਾਰਾ ਵੇਰਵਾ ਸ: ਸਰਬਜੀਤ ਸਿੰਘ ਸੈਕਰਾਮੈਂਟੋਂ ਕਈ ਵਾਰ ਦੇ ਚੁੱਕੇ ਹਨ। ਇਹ ਚੁਣੌਤੀ ਤਾਂ ਕਰਨਲ ਨਿਸ਼ਾਨ ਦੀ ਚੁਣੌਤੀ ਦੇ ਮੋੜਵੇਂ ਉੱਤਰ ਵਜੋਂ ਸੀ, ਜੋ ਚੁੱਪ ਹੈ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਾ ਹੈ ਕਿ 2015 ਤੋਂ 2100 ਈਸਵੀ ਤੱਕ ਦੇ 86 ਸਾਲਾਂ ਲਈ ਉਸ ਵੱਲੋਂ ਬੰਦੀਛੋੜ ਦਿਵਸ ਦੀਆਂ ਦਿੱਤੀਆਂ ਤਾਰੀਖ਼ਾਂ ’ਚੋਂ 50% ਤੋਂ ਵੱਧ ਤਾਰੀਖ਼ਾਂ ਗ਼ਲਤ ਹਨ, ਪਰ ਹਰਦੇਵ ਸਿੰਘ ਜੰਮੂ ਅਤੇ ਅਨੁਰਾਗ ਸਿੰਘ ਜਿਨ੍ਹਾਂ ਦਾ ਕੈਲੰਡਰ ਵਿਗਿਆਨ ਸੰਬੰਧੀ ਗਿਆਨ ਦਾ ਅੰਦਾਜ਼ਾ ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਊਟ ਪਟਾਂਗ ਸਵਾਲਾਂ ਤੋਂ ਹੀ ਲਾਇਆ ਜਾ ਸਕਦਾ ਹੈ; ਉਹ ਐਵੇਂ ਹੀ 5 ਲੱਖ ਡਾਲਰ ਦਾ ਨਾਮ ਸੁਣ ਕੇ ਡੱਡੂ ਟਪੂਸੀਆਂ ਮਾਰ ਰਹੇ ਹਨ। ਸੰਨ 2019 ਅਤੇ 2020 ਸੀ.ਈ. ਦੀਆਂ ਤਾਰੀਖ਼ਾਂ, ਹੁਣ ਤੱਕ ਛਪ ਚੁੱਕੀਆਂ ਜੰਤਰੀਆਂ ਵਿੱਚੋਂ ਚੈੱਕ ਕੀਤੀਆਂ ਜਾ ਸਕਦੀਆਂ ਜੋ ਗ਼ਲਤ ਹਨ।
ਹਰਦੇਵ ਸਿੰਘ ਜੰਮੂ ਨੇ ਇੱਕ ਵਾਰ ਫੋਨ ’ਤੇ ਗੱਲ ਕਰਦਿਆਂ ਮੈਨੂੰ ਕਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰ ਪੁਰਬ ਦੀ ਸਹੀ ਤਾਰੀਖ਼ ੧੯ ਪੋਹ/1 ਜਨਵਰੀ ਹੋਣੀ ਚਾਹੀਦੀ ਹੈ। ਮੈ ਸਵਾਲ ਕੀਤਾ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ? ਇਸ ਦੇ ਜਵਾਬ ’ਚ ਉਨ੍ਹਾਂ ਕਰਨਲ ਨਿਸ਼ਾਨ ਦਾ ਹਵਾਲਾ ਦਿੱਤਾ। ਮੇਰੇ ਵੱਲੋਂ ੧੯ ਪੋਹ ਦੀ ਤਾਰੀਖ਼ ਨੂੰ ਚੁਣੌਤੀ ਦੇਣ ’ਤੇ ਉਨ੍ਹਾਂ ਦਾ ਜਵਾਬ ਸੀ; ਸ਼ਾਇਦ ਨਿਸ਼ਾਨ ਸਾਹਿਬ ਨੇ ੨੭ ਪੋਹ ਕਿਹਾ ਹੋਵੇ। ਮੈ ਕਿਹਾ ਕਿ ੧੯ ਪੋਹ ਅਤੇ ੨੭ ਪੋਹ; ਦੋਵੇਂ ਗਲਤ ਹਨ; ਤੁਸੀਂ ਕਰਨਲ ਨਿਸ਼ਾਨ ਤੋਂ ਦੁਬਾਰਾ ਪੁੱਛ ਲਓ। ਹੁਣ ਜਦੋਂ ਹਰਦੇਵ ਸਿੰਘ ਜੰਮੂ ਦੇ ਸਾਮ੍ਹਣੇ 5 ਕੇ ਚੈੱਨਲ ’ਤੇ ਕਰਨਲ ਨਿਸ਼ਾਨ ਕਬੂਲ ਕਰ ਲਿਆ ਕਿ ੨੩ ਪੋਹ/5 ਜਨਵਰੀ ਦੀ ਤਾਰੀਖ਼ ਠੀਕ ਹੈ ਤਾਂ ਉਸੇ ਵੇਲੇ ਜੰਮੂ ਵੱਲੋਂ ਮੈਂ ਨਾ ਮੰਨੂ ਦੀ ਰੱਟ ਲਾਈ ਜਾਣੀ; ਡੱਡੂ ਟਪੂਸੀਆਂ ਹੀ ਹਨ।
ਹਰਦੇਵ ਸਿੰਘ ਜੰਮੂ ਹੁਣ ਤੱਕ ਕਰਨਲ ਨਿਸ਼ਾਨ ਨੂੰ ਕੈਲੰਡਰ ਸਬੰਧੀ ਆਪਣਾ ਗਿਆਨ ਦਾਤਾ ਸਮਝਦਾ ਰਿਹਾ ਹੈ ਉਸੇ ਨਿਸ਼ਾਨ ਵੱਲੋਂ ੨੩ ਪੋਹ 5 ਜਨਵਰੀ ਨਾਲ ਸਹਿਮਤੀ ਜਤਾਏ ਜਾਣ ਤੋਂ ਬਾਅਦ ਹਰਦੇਵ ਸਿੰਘ, ਜਿਸ ਨੂੰ ਪੰਚਾਂਗਾਂ ਸਬੰਧੀ ਮੁੱਢਲਾ ਗਿਆਨ ਵੀ ਨਹੀਂ, ਨਾਲ ਭਲਾਂ 80 ਸਾਲਾ ਬਜ਼ੁਰਗ ਵਿਦਵਾਨ ਸ: ਪੁਰੇਵਾਲ; ਨਾਨਕਸ਼ਾਹੀ ੨੩ ਪੋਹ/5 ਜਨਵਰੀ ਦੀ ਤਾਰੀਖ਼ ਸਹੀ ਸਿੱਧ ਕਰਨ ਲਈ ਕਿਉਂ ਸਿਰ ਖਪਾਈ ਕਰੇ ?
Author: Gurbhej Singh Anandpuri
ਮੁੱਖ ਸੰਪਾਦਕ