
ਫਗਵਾੜਾ -30 ਜੂਨ -ਨਜ਼ਰਾਨਾ ਨਿਊਜ਼ ਨੈੱਟਵਰਕ
2015 ਵਿੱਚ ਪੰਥ ਦੋਖੀਆਂ ਵੱਲੋਂ ਥਾਂ ਥਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਗਈ ਜਿਸ ਦੇ ਫਲਸਰੂਪ ਪੰਥ ਵਿੱਚ ਵੱਡਾ ਰੋਸ ਪ੍ਰਗਟ ਹੋਇਆ ।ਥਾਂ ਥਾਂ ਤੇ ਪੂਰੇ ਪੰਜਾਬ ਭਰ ਵਿਚ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਧਰਨੇ ਲਗਾਏ ਗਏ ਪਰ ਸਰਕਾਰਾਂ ਵੱਲੋਂ ਪੰਥ ਨੂੰ ਕੋਈ ਨਿਆਂ ਨਾ ਮਿਲਿਆ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦੋਆਬਾ ਜ਼ੋਨ ਤੋਂ ਇੰਚਾਰਜ ਜਥੇਦਾਰ ਰਜਿੰਦਰ ਸਿੰਘ ਫੌਜੀ ਵੱਲੋਂ ਨਜ਼ਰਾਨਾ ਨਿਊਜ਼ ਦੇ ਨਾਲ ਗੱਲਬਾਤ ਦੌਰਾਨ ਕੀਤਾ ।ਜਥੇਦਾਰ ਰਜਿੰਦਰ ਸਿੰਘ ਨੇ ਅੱਗੇ ਹੋਰ ਗੱਲਬਾਤ ਦੌਰਾਨ ਕਿਹਾ ਪੰਥ ਵਿੱਚ ਪਰਗਟ ਹੋਏ ਰੋਸ ਤੋਂ ਬਾਅਦ ਸਰਬੱਤ ਖ਼ਾਲਸਾ ਚੰਬੇ ਦੀ ਧਰਤੀ ਤੇ ਹੋਇਆ ਜਿਸ ਵਿਚ ਪੰਥ ਨੇ ਵੱਖ ਵੱਖ ਤਖ਼ਤਾਂ ਤੋਂ ਆਪਣੇ ਜਥੇਦਾਰ ਲਗਾਏ । ਪੰਥ ਦੇ ਥਾਪੇ ਜਥੇਦਾਰਾਂ ਵੱਲੋਂ ਬਰਗਾੜੀ ਦੀ ਧਰਤੀ ਤੇ ਮੋਰਚਾ ਆਰੰਭ ਕੀਤਾ ਗਿਆ ।ਇਸ ਮੋਰਚੇ ਨੂੰ ਦੁਨੀਆ ਭਰ ਦੇ ਵਿਚੋਂ ਖ਼ਾਲਸਾ ਪੰਥ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ।ਮੋਰਚੇ ਨੂੰ ਮਿਲ ਰਹੇ ਹੁੰਗਾਰੇ ਤੋਂ ਘਬਰਾਈ ਸਰਕਾਰ ਅਤੇ ਸਰਕਾਰੀ ਤੰਤਰ ਵੱਲੋਂ ਝੂਠੇ ਵਿਸ਼ਵਾਸ ਵਿੱਚ ਲੈ ਕੇ ਮੋਰਚਾ ਖਤਮ ਕਰਵਾ ਦਿੱਤਾ ਗਿਆ ।ਉਨ੍ਹਾਂ ਕਿਹਾ ਪਿਛਲੇ ਦਿਨੀਂ ਇਸ ਸਬੰਧੀ ਕੌਮ ਵੱਲੋਂ ਥਾਪੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਧਿਆਨ ਸਿੰਘ ਮੰਡ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਜਾ ਕੇ ਸਮੁੱਚੀ ਕੌਮ ਕੋਲੋਂ ਮੁਆਫ਼ੀ ਮੰਗਦਿਆਂ ਹੋਇਆ ਸਾਰੀ ਸੱਚਾਈ ਬਿਆਨ ਕੀਤੀ ਸੀ ਅਤੇ ਦੁਬਾਰਾ ਬਰਗਾੜੀ ਦੀ ਧਰਤੀ ਤੋਂ ਇੱਕ ਜੁਲਾਈ ਨੂੰ ਮੋਰਚਾ ਆਰੰਭ ਕਰਨ ਦਾ ਐਲਾਨ ਕੀਤਾ ਸੀ ।ਹੁਣ 1 ਜੁਲਾਈ ਤੋਂ ਬਰਗਾੜੀ ਦੀ ਧਰਤੀ ਤੇ ਮੋਰਚਾ ਫਿਰ ਤੋਂ ਆਰੰਭ ਹੋਵੇਗਾ ਹੋਰ ਮੋਰਚੇ ਦੀ ਆਰੰਭਤਾ ਦੇ ਮੌਕੇ ਦੁਆਬੇ ਦੀ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜੁਝਾਰੂ ਵਰਕਰਾਂ ਦਾ ਵੱਡਾ ਜਥਾ ਫਗਵਾੜਾ ਤੋਂ ਬਰਗਾੜੀ ਦੇ ਲਈ ਰਵਾਨਾ ਹੋਵੇਗਾ |