
ਮੋਗਾ (ਨਜ਼ਰਾਨਾ ਬਿਊਰੋ) ਸੁਭਾਅ ‘ਚ ਖੁੱਦਾਰੀ ਤੇ ਆਪਣੇ ਉੱਤੇ ਭਰੋਸਾ ਹੋਵੇ ਤਾਂ ਜੀਵਨ ਵਿਚ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ ਪੈਂਦੀ। ਅਜਿਹੀ ਹੀ ਮਿਸਾਲ ਮੋਗਾ ਦੇ 101 ਸਾਲ ਦੇ ਬਜ਼ੁਰਗ ਹਰਬੰਸ ਸਿੰਘ ਨੇ ਕਾਇਮ ਕੀਤੀ ਹੈ। ਉਹ ਇਸ ਉਮਰ ‘ਚ ਵੀ ਹਰ ਰੋਜ਼ ਮੋਗਾ ਦੇ ਅੰਮ੍ਰਿਤਸਰ ਰੋਡ ‘ਤੇ ਆਲੂ-ਪਿਆਜ਼ਾਂ ਦੀ ਰੇਹੜੀ ਲਗਾ ਕੇ ਜੀਵਨ-ਕੱਟੀ ਕਰ ਰਹੇ ਹਨ। ਮਾਮਲਾ ਮੁੱਖ ਮੰਤਰੀ ਦੇ ਨੋਟਿਸ ‘ਚ ਆਉਣ ਤੋਂ ਬਾਅਦ ਉਨ੍ਹਾਂ ਡੀਸੀ ਸੰਦੀਪ ਹੰਸ ਜ਼ਰੀਏ ਬਜ਼ੁਰਗ ਨੂੰ ਬੁਲਾ ਕੇ ਪੁੱਛਿਆ ਕਿ ਕੁਝ ਮਦਦ ਦੀ ਜ਼ਰੂਰਤ ਹੋਵੇ ਤਾਂ ਦੱਸੋ, ਇਹ ਉਮਰ ਆਰਾਮ ਕਰਨ ਦੀ ਹੈ…ਸਰਕਾਰ ਤੁਹਾਡੀ ਮਦਦ ਕਰੇਗੀ ਤਾਂ ਇਸ ਸਵਾਲ ‘ਤੇ ਬਜ਼ੁਰਗ ਹਰਬੰਸ ਸਿੰਘ ਨੇ ਕਿਹਾ ਕਿ ਈਸ਼ਵਰ ਦਾ ਦਿੱਤਾ ਉਨ੍ਹਾਂ ਕੋਲ ਸਭ ਕੁਝ ਹੈ, ਉਨ੍ਹਾਂ ਨੂੰ ਕੁਝ ਨਹੀਂ ਚਾਹੀਦਾ।
ਈਸ਼ਵਰ ਦਾ ਦਿੱਤਾ ਸਭ ਕੁਝ ਹੈ ਮੇਰੇ ਕੋਲ
ਡੀਸੀ ਤੋਂ ਪਹਿਲਾਂ ਹਰਬੰਸ ਸਿੰਘ ਦੇ ਨਾਲ ਪਹਿਲਾਂ ਤਹਿਸੀਲਦਾਰ ਕਰੂਣ ਥਪਰਿਆਨ, ਬਾਅਦ ‘ਚ ਐੱਸਡੀਐੱਮ ਸਤਵੰਤ ਸਿੰਘ ਨੇ ਵੀ ਪੁੱਛਿਆ ਕਿ ਕੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈ। ਹਰਬੰਸ ਸਿੰਘ ਨੇ ਸਭ ਨੂੰ ਨਿਮਰਤਾ ਨਾਲ ਇੱਕੋ ਜਵਾਬ ਦਿੱਤਾ ਕਿ ਈਸ਼ਵਰ ਦਾ ਦਿੱਤਾ ਉਸ ਕੋਲ ਸਭ ਕੁਝ ਹੈ। ਉਸ ਨੂੰ ਕਿਸੇ ਵੀ ਮਦਦ ਦੀ ਜ਼ਰੂਰਤ ਨਹੀਂ। ਬਾਅਦ ਵਿਚ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਬਜ਼ੁਰਗ ਤੋਂ ਕਾਫੀ ਆਤਮੀਅਤਾ ਨਾਲ ਪਰਿਵਾਰ ਦੇ ਹਾਲਾਤ ਪੁੱਛੇ। ਉਨ੍ਹਾਂ ਦੱਸਿਆ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਸਰਕਾਰ ਪੂਰੀ ਮਦਦ ਕਰੇਗੀ। ਪਰਿਵਾਰ ਵਿਚ ਕਿਸੇ ਬੱਚੇ ਦੀ ਪੜ੍ਹਾਈ ‘ਚ ਮਦਦ ਦੀ ਜ਼ਰੂਰਤ ਹੈ ਜਾਂ ਕੁਝ ਵੀ ਉਹ ਬੋਲਣ, ਪਰ ਬਜ਼ੁਰਗ ਦੀ ਰਗ-ਰਗ ‘ਚ ਖੁੱਦਾਰੀ ਸੀ। ਹਰ ਵਾਰ ਹੱਥ ਜੋੜ ਕੇ ਮਦਦ ਦਾ ਆਫਰ ਠੁਕਰਾ ਦਿੱਤਾ।
ਬਜ਼ੁਰਗ ਦੀ ਮਾਸੂਮੀਅਤ ‘ਤੇ ਹੱਸ ਪਏ ਡੀਸੀ
ਕਰੀਬ ਇਕ ਘੰਟੇ ਤਕ ਡੀਸੀ ਨੇ ਪੂਰੀ ਆਓ-ਭਗਤ ਦੇ ਨਾਲ ਕਈ ਵਾਰ ਮਦਦ ਲਈ ਕਿਹਾ ਤਾਂ ਅਖੀਰ ਵਿਚ ਜਾਂਦੇ-ਜਾਂਦੇ ਬਜ਼ੁਰਗ ਨੇ ਏਨੀ ਹੀ ਅਪੀਲ ਕੀਤੀ ਕਿ ਉਨ੍ਹਾਂ ਇਕ ਜ਼ਮੀਨ ਲਈ ਸੀ, ਰਜਿਸਟਰੀ ਕਰਵਾ ਲਈ ਹੈ ਪਰ ਇੰਤਕਾਲ ਨਹੀਂ ਕਰਵਾਇਆ, ਉਹ ਕਰਵਾ ਦੇਣ। ਗੁਲਾਮ ਭਾਰਤ ਦੇ 26 ਸਾਲ ਤੇ ਆਜ਼ਾਦ ਭਾਰਤ ਦੇ 74 ਸਾਲਾਂ ਦੇ ਤਜਰਬੇ ਨੂੰ ਸਮੋਈ ਬੈਠੇ ਬਜ਼ੁਰਗ ਦੀ ਇਸ ਮਾਸੂਮੀਅਤ ‘ਤੇ ਡੀਸੀ ਨੂੰ ਹਾਸਾ ਆ ਗਿਆ। ਬੋਲੇ- ਪੂਰਾ ਜੀਵਨ ਅਜਿਹਾ ਖੁੱਦਾਰ ਨਹੀਂ ਦੇਖਿਆ, ਉਨ੍ਹਾਂ ਨੂੰ ਤਾਂ ਪ੍ਰਸ਼ਾਸਨਿਕ ਖੇਤਰ ‘ਚ ਅਜਿਹੇ ਲੋਕ ਮਿਲੇ ਹਨ ਜਿਨ੍ਹਾਂ ਕੋਲ ਸਭ ਕੁਝ ਹੋ ਕੇ ਵੀ ਸਰਕਾਰ ਦੀ ਮਦਦ ਦੀ ਆਸ ਕਰਦੇ ਹੋਏ ਉਨ੍ਹਾਂ ਕੋਲ ਆਏ ਹਨ। ਪਹਿਲਾ ਬਜ਼ੁਰਗ ਦੇਖਿਆ ਹੈ ਜਿਸ ਦੇ ਲਈ ਖ਼ੁਦ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਮਦਦ ਲਈ ਆਪਣੇ ਦਰਵਾਜ਼ੇ ਖੋਲ੍ਹੇ ਹਨ, ਪਰ ਬਜ਼ੁਰਗ ਕਿਸੇ ਵੀ ਪੱਧਰ ‘ਤੇ ਮਦਦ ਲੈਣ ਲਈ ਤਿਆਰ ਨਹੀਂ। ਜਿੱਥੋਂ ਤਕ ਇੰਤਕਾਲ ਦੀ ਗੱਲ ਹੈ ਤਾਂ ਉਹ ਤਾਂ ਉਂਝ ਹੀ ਪ੍ਰੋਸੈੱਸ ‘ਚ ਹੋ ਜਾਣਾ ਹੈ, ਫਿਰ ਵੀ ਡੀਸੀ ਨੇ ਆਪਣਾ ਸਟਾਫ ਭੇਜ ਕੇ ਹਰਬੰਸ ਸਿੰਘ ਦੇ ਘਰੋਂ ਉਨ੍ਹਾਂ ਦੀ ਰਜਿਸਟਰੀ ਮੰਗਵਾ ਲਈ ਤਾਂ ਜੋ ਇੰਤਕਾਲ ਕਰਵਾਇਆ ਜਾ ਸਕੇ।