ਕਰਤਾਰਪੁਰ 5 ਅਗਸਤ ( ਭੁਪਿੰਦਰ ਸਿੰਘ ਮਾਹੀ ) ਜੰਗ ਏ ਅਜ਼ਾਦੀ ਯਾਦਗਾਰ ਕਰਤਾਰਪੁਰ ਵਿਖੇ ਮੇਘਾਲਿਆ ਦੇ ਗਵਰਨਰ ਸ਼੍ਰੀ ਸਤਪਾਲ ਮਲਿਕ ਵੱਲੋਂ ਦੋਰਾ ਕੀਤਾ ਗਿਆ। ਜਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਮੇਘਾਲਿਆ ਦੇ ਗਵਰਨਰ ਸ਼੍ਰੀ ਸਤਪਾਲ ਮਲਿਕ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਗਿਆ ਸੀ ਜਿਸ ਦੇ ਚਲਦਿਆਂ ਦੋਆਬਾ ਕਿਸਾਨ ਮਜਦੂਰ ਕਮੇਟੀ ਕਿਸ਼ਨਗੜ੍ਹ ਜਲੰਧਰ ਵੱਲੋਂ 6 ਅਗਸਤ ਦਿਨ ਸ਼ਨੀਵਾਰ ਨੂੰ ਅਵਤਾਰ ਰਿਜੈਂਸੀ ਨੇੜੇ ਬਿਆਸ ਪਿੰਡ ਭੋਗਪੁਰ ਰੋਡ ਤੇ ਸਨਮਾਨ ਸਮਾਰੋਹ ਰੱਖਿਆ ਗਿਆ ਹੈ। ਜਿਸ ਵਿੱਚ ਜਿੱਥੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਯੋਦਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਉੱਥੇ ਹੀ ਮੇਘਾਲਿਆ ਦੇ ਗਵਰਨਰ ਸ਼੍ਰੀ ਸਤਪਾਲ ਮਲਿਕ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਸਨਮਾਨ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਇੱਕ ਦਿਨ ਪਹਿਲਾਂ ਪਹੁੰਚੇ ਸ਼੍ਰੀ ਸਤਪਾਲ ਮਲਿਕ ਨੇ ਜੰਗ ਏ ਅਜ਼ਾਦੀ ਯਾਦਗਾਰ ਦਾ ਦੋਰਾ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਇਸ ਯਾਦਗਾਰ ਨੂੰ ਬਹੁਤ ਹੀ ਸੁੰਦਰ ਬਣਾਇਆ ਗਿਆ ਹੈ। ਇੱਥੇ ਇਸ ਸ਼ਹੀਦਾਂ ਦੀ ਯਾਦਗਾਰ ਵਿੱਚ ਆ ਕੇ ਸ਼ਹੀਦਾਂ ਬਾਰੇ ਜਿਸ ਤਰਾਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਉਸ ਨਾਲ ਹਰ ਕਿਸੇ ਨੂੰ ਸ਼ਹੀਦਾਂ ਦੇ ਜੀਵਨ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ। ਇਸ ਦੌਰਾਨ ਉਹਨਾਂ ਨੇ ਭਾਰਤ ਦੀ ਅਜ਼ਾਦੀ ਤੇ ਬਣਾਈ ਗਈ ਸ਼ਹੀਦ ਭਗਤ ਸਿੰਘ ਤੇ ਆਧਾਰਿਤ ਫਿਲਮ ਵੀ ਵੇਖੀ। ਇਸ ਮੌਕੇ ਉਹਨਾਂ ਨਾਲ ਮੇਘਾਲਿਆ ਤੋਂ ਏ ਡੀ ਸੀ ਸੁਨੀਲ ਕੁਮਾਰ ਰਾਏ, ਏ ਡੀ ਸੀ ਮਨੋਜ ਯਾਦਵ ਤੋਂ ਇਲਾਵਾ ਡੀ ਸੀ ਜਲੰਧਰ ਜਸਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਵਿਜੇ ਕੁਮਾਰ ਅਹੀਰ, ਐਸ ਐਸ ਪੀ ਸਵਰਨਦੀਪ ਸਿੰਘ, ਐਸ ਪੀ ਮਨਜੀਤ ਕੌਰ ਸੈਣੀ, ਡੀ ਐਸ ਪੀ ਸੁਰਿੰਦਰ ਪਾਲ ਧੋਗੜੀ, ਡੀ ਐਸ ਪੀ ਹਰਭਜਨ ਸਿੱਧੂ, ਰਜਤ ਕੁਮਾਰ ਮੈਨੇਜਰ ਜੰਗ ਏ ਅਜ਼ਾਦੀ ਆਦਿ ਮੌਜੂਦ ਸਨ।