ਸ਼੍ਰੋਮਣੀ ਕਮੇਟੀ ਵੱਲੋਂ ਟਾਸਕ ਫੋਰਸ ਸਿਰਫ਼ ਸਿੱਖਾਂ ਦੇ ਹੱਡ ਕੁੱਟਣ ਲਈ ਰੱਖੀ – ਭਾਈ ਖੋਸਾ
ਕਰਤਾਰਪੁਰ 14 ਸਤੰਬਰ ( ਭੁਪਿੰਦਰ ਸਿੰਘ ਮਾਹੀ ) ਬੀਤੇ ਦਿਨੀਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਵੀਡੀਓ ਜਿਸ ਵਿਚ ਇਕ ਸਾਧ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ ਜਾ ਰਹੀ ਸੀ ।ਇਸ ਵੀਡੀਓ ਨੂੰ ਵੇਖ ਕੇ ਸਤਿਕਾਰ ਕਮੇਟੀ ਦੇ ਤਿੰਨ ਸਿੰਘ ਪੰਜਾਬ ਤੋਂ ਬਿਹਾਰ ਦੇ ਪਟਨਾ ਸਾਹਿਬ ਦੇ ਲਾਗੇ ਪੈਂਦੀ ਰਾਜੌਲੀ ਦੇ ਇਸ ਪਾਖੰਡੀ ਸਾਧ ਨੂੰ ਲੱਭਣ ਵਿੱਚ ਕਾਮਯਾਬ ਹੋਏ ਅਤੇ ਉਸ ਦੇ ਕਬਜ਼ੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ, ਸਾਖੀਆਂ ਪੋਥੀਆਂ ਅਤੇ ਹੋਰ ਧਾਰਮਿਕ ਲਿਟਰੇਚਰ ਬਰਾਮਦ ਕਰਕੇ ਉਸ ਉੱਪਰ 295ਏ ਦਾ ਪਰਚਾ ਦਰਜ ਕਰਵਾ ਕੇ ਗੁਰੂ ਸਾਹਿਬ ਦੇ ਸਰੂਪ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਨੂੰ ਸਪੁਰਦ ਕੀਤੇ ਗਏ । ਇਨ੍ਹਾਂ ਤਿੰਨਾਂ ਸਿੰਘਾਂ ਦੀ ਸੇਵਾ ਨੂੰ ਵੇਖਦਿਆਂ ਅੱਜ ਕਰਤਾਰਪੁਰ ਦੇ ਗੁਰਦੁਆਰਾ ਗੰਗਸਰ ਸਾਹਿਬ ਪਹੁੰਚਣ ਤੇ ਸਤਿਕਾਰ ਕਮੇਟੀ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸਾ , ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਖਾਲਸਾ ਅਤੇ ਮਨਜੀਤ ਸਿੰਘ ਕਰਤਾਰਪੁਰ ਤੇ ਸਿੱਖ ਸੰਗਤਾ ਵਲੋਂ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਜੋ ਕੰਮ ਸ਼੍ਰੋਮਣੀ ਕਮੇਟੀ ਅਤੇ ਤਖ਼ਤ ਸਾਹਿਬ ਦੇ ਜਥੇਦਾਰਾ ਨੂੰ ਕਰਨੇ ਚਾਹੀਦੇ ਹਨ ਉਹ ਕੰਮ ਆਮ ਕਿਰਤੀ ਸਿੱਖ ਕਰ ਰਹੇ ਹਨ ਅਤੇ ਮਰਿਆਦਾ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਟਾਸਕ ਫੋਰਸ ਸਿਰਫ਼ ਸਿੱਖਾਂ ਦੇ ਹੱਡ ਕੁੱਟਣ ਲਈ ਰੱਖੀ ਗਈ ਹੈ ਇਹੋ ਜਿਹੇ ਸਾਧਾਂ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਕੁਝ ਨਹੀਂ ਕਹਿੰਦੀ ।ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਉੱਥੇ ਦੇ ਇਕ ਸਾਧ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਇੱਕ ਬੋਰੇ ਵਿੱਚ ਪਾ ਕੇ ਰੱਖਿਆ ਗਿਆ ਸੀ ਅਤੇ ਪੂਰਨ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਉਸ ਵੱਲੋਂ ਬੇਅਦਬੀ ਕੀਤੀ ਜਾ ਰਹੀ ਸੀ ਜਿਸ ਨੂੰ ਨਾ ਬਰਦਾਸ਼ਤ ਕਰਦਿਆ ਹੋਇਆ ਸਤਿਕਾਰ ਕਮੇਟੀ ਦੇ ਇਨ੍ਹਾਂ ਤਿੰਨਾਂ ਸਿੰਘਾਂ ਭਾਈ ਦਵਿੰਦਰ ਸਿੰਘ ਹੁਸ਼ਿਆਰਪੁਰ , ਮਨਦੀਪ ਸਿੰਘ ਖਾਲਸਾ ਅੰਮ੍ਰਿਤਸਰ , ਤੇ ਹਰਜਿੰਦਰ ਸਿੰਘ ਖਾਲਸਾ ਵੱਲੋਂ ਦੋਸ਼ੀ ਉੱਪਰ ਕਾਰਵਾਈ ਕਰਵਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ ਇਸੇ ਦੋਰਾਨ ਹੀ ਇਨ੍ਹਾਂ ਤਿੰਨਾਂ ਸਿੰਘਾਂ ਉੱਪਰ ਵੀ ਸਥਾਨਕ ਪੁਲੀਸ ਰਜੌਲੀ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ।ਉਨ੍ਹਾਂ ਦੱਸਿਆ ਕਿ ਇਸ ਪੂਰੇ ਮਾਮਲੇ ਵਿਚ ਪਹਿਲਾਂ ਤਾਂ ਤਖ਼ਤ ਸਾਹਿਬ ਪਟਨਾ ਦੀ ਪ੍ਰਬੰਧਕ ਕਮੇਟੀ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਪਰ ਜਦੋਂ ਮਹਾਰਾਜ ਜੀ ਦੇ ਸਰੂਪਾਂ ਨੂੰ ਅਸੀਂ ਉਸ ਦੁਸ਼ਟ ਪਾਪੀ ਸਾਧ ਦੇ ਕਬਜ਼ੇ ਵਿੱਚੋਂ ਗੁਰੂ ਸਾਹਿਬ ਦੇ ਸਰੂਪਾਂ ਨੂੰ ਛੁਡਾਉਣ ਵਿੱਚ ਕਾਮਯਾਬ ਰਹੇ ਤਾਂ ਸਾਡਾ ਸਾਥ ਦੇਣ ਲਈ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਗਏ ।ਉਨ੍ਹਾਂ ਦੱਸਿਆ ਕਿ ਜਿੱਥੇ ਸਾਧ ਨੇ ਡੇਰਾ ਬਣਾਇਆ ਹੋਇਆ ਹੈ ਉਹ ਬਾਈ ਸੌ ਏਕੜ ਜਗ੍ਹਾ ਵਿਚ ਹੈ ਅਤੇ ਇਹ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਉੱਪਰ ਬੋਲਦੀ ਹੈ ਅਤੇ ਉਥੇ ਗੁਰਦੁਆਰਾ ਸੰਗਤ ਸਾਹਿਬ ਸੁਸ਼ੋਭਿਤ ਹੈ । ਉਨਾ ਸੰਗਤਾ ਨੂੰ ਸੁਚੇਤ ਕਰਦਿਆ ਆਖਿਆ ਕਿ ਗੁਰੂ ਸਾਹਿਬ ਦੇ ਸਤਿਕਾਰ ਅਤੇ ਮਰਿਆਦਾ ਨੂੰ ਬਹਾਲ ਰੱਖਣ ਲਈ ਸੰਗਤਾ ਆਪ ਪਹਿਰੇਦਾਰ ਬਣਨ ।ਇਸ ਮੋਕੇ ਭਾਈ ਸੁਖਜੀਤ ਸਿੰਘ ਖੋਸਾ , ਭਾਈ ਦਵਿੰਦਰ ਸਿੰਘ , ਭਾਈ ਹਰਜਿੰਦਰ ਸਿੰਘ , ਭਾਈ ਮਨਦੀਪ ਸਿੰਘ , ਗੁਰਪ੍ਰੀਤ ਸਿੰਘ ਖਾਲਸਾ , ਸੁਖਵਿੰਦਰ ਸਿੰਘ , ਅਮਰੀਕ ਸਿੰਘ , ਕੁਲਦੀਪ ਸਿੰਘ , ਪਾਲ ਸਿੰਘ , ਨੋਬਲਜੀਤ ਸਿੰਘ ਅਵਾਜ਼ ਏ ਕੋਮ , ਮਨਜੀਤ ਸਿੰਘ ਕਰਤਾਰਪੁਰ , ਹਰਜਿੰਦਰ ਸਿੰਘ , ਸਰਨਜੀਤ ਸਿੰਘ ਚੌਲਾਗ, ਰਣਬੀਰ ਸਿੰਘ ਬੈਸਤਾਨੀ , ਤਜਿੰਦਰ ਸਿੰਘ , ਕੁਲਵਿੰਦਰ ਸਿੰਘ , ਗੋਲਡੀ ਪਨੇਸਰ ,ਆਦਿ ਸਿੰਘ ਹਾਜ਼ਰ ਸਨ ।
ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਪਹੁੰਚਣ ਤੇ ਬਿਹਾਰ ਦੇ ਸਾਧ ਤੋਂ ਗੁਰੂ ਸਾਹਿਬ ਦੇ ਸਰੂਪ ਬਰਾਮਦ ਕਰਨ ਵਾਲੇ ਸਿੰਘਾਂ ਨੂੰ ਸਨਮਾਨਿਤ ਕਰਦੇ ਭਾਈ ਸੁਖਜੀਤ ਸਿੰਘ ਖੋਸਾ , ਗੁਰਪ੍ਰੀਤ ਸਿੰਘ ਖਾਲਸਾ , ਮਨਜੀਤ ਸਿੰਘ ਜੋਹਲ ਤੇ ਹੋਰ ਸਿੰਘ ।